ਪੱਤਰ ਪ੍ਰੇਰਕ
ਸ਼ਹਿਣਾ, 19 ਜੁਲਾਈ
ਪਿੰਡ ਜੰਗੀਆਣਾ ਵਿਚ ਗੈਸ ਪਾਈਪ ਪਾਉਣ ਵਾਲੀ ਕੰਪਨੀ ਵੱਲੋਂ ਬਿਜਲੀ ਚੋਰੀ ਕਰਨ ਦਾ ਮਾਮਲਾ ਫੜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਬੋਰਡ ਦੇ ਐਸ.ਡੀ.ਓ. ਮੁਨੀਸ਼ ਕੁਮਾਰ ਜਿੰਦਲ ਦੀ ਅਗਵਾਈ ’ਚ ਟੀਮ ਨੇ ਜਦੋਂ ਪਿੰਡ ਜੰਗੀਆਣਾ ’ਚ ਸਵੇਰੇ ਛਾਪਾ ਮਾਰਿਆ ਤਾਂ ਗੈੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਦੇ ਮੁਲਾਜ਼ਮਾਂ ’ਚ ਅਫਰਾਤਫ਼ਰੀ ਫੈਲ ਗਈ। ਗੈਸ ਪਾਈਪ ਲਾਈਨ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦੋ ਨੰਬਰ ’ਚ ਕੇਸ ਰਫਾ-ਦਫਾ ਕਰਨ ਦੀ ਅਪੀਲ ਕੀਤੀ। ਪਤਾ ਲੱਗਾ ਹੈ ਕਿ ਗੈਸ ਪਾਈਪ ਕੰਪਨੀ ਨੇ ਮੇਨ ਤਾਰ ’ਚੋਂ ਹੀ ਸਿੱਧੀ ਕੁੰਡੀ ਲਾਈ ਹੋਈ ਸੀ। ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਬਿਜਲੀ ਦੇ ਖੰਭੇ ਤੋਂ ਕੁੰਡੀ ਲਾਉਣ ਉਪਰੰਤ ਤਾਰ ਨੂੰ ਧਰਤੀ ਹੇਠ ਬੜੀ ਹੀ ਸਫਾਈ ਨਾਲ ਦੱਬਿਆ ਹੋਇਆ ਸੀ। ਇਸ ਕੁੰਡੀ ਰਾਹੀਂ ਚੋਰੀ ਕੀਤੀ ਜਾ ਰਹੀ ਬਿਜਲੀ ਰਾਹੀਂ ਕਈ ਸਰਚ ਬੱਲਬ ਅਤੇ ਹੋਰ ਛੋਟੇ-ਮੋਟੇ ਕੰਮ ਚੱਲ ਰਹੇ ਸਨ।
ਬਿਜਲੀ ਚੋਰੀ ਫੜਨ ਗਈ ਟੀਮ ਵਿਚ ਐਸ.ਡੀ.ਓ. ਮੁਨੀਸ਼ ਕੁਮਾਰ, ਜੇ.ਈ. ਪਰਮਜੀਤ ਸਿੰਘ, ਜੇ.ਈ. ਅਮਰਜੀਤ ਸਿੰਘ, ਜੇ.ਈ. ਸਤਵਿੰਦਰ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਲ ਸਨ। ਬਿਜਲੀ ਵਿਭਾਗ ਦੀ ਟੀਮ ਨੇ ਲਾਈ ਕੁੰਡੀ ਅਤੇ ਜ਼ਮੀਨ ’ਚ ਦੱਬੀ ਤਾਰ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ। ਅੱਜ ਬਿਜਲੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕੰਪਨੀ ਨੂੰ 5 ਲੱਖ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਗਿਆ ਹੈ। ਬਿਜਲੀ ਚੋਰੀ ਸਬੰਧੀ ਕੇਸ ਵੀ ਦਰਜ ਕਰਾਇਆ ਜਾ ਰਿਹਾ ਹੈ।