ਨਿੱਜੀ ਪੱਤਰ ਪ੍ਰੇਰਕ
ਮੁਕਤਸਰ, 8 ਜੁਲਾਈ
ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੀ ਪੁਲੀਸ ਖੁਦ ਇਨ੍ਹਾਂ ਨਿਯਮਾਂ ਦਾ ਕਿੰਨਾ ਕੁ ਪਾਲਣ ਕਰਦੀ ਹੈ ਇਸਦਾ ਪਤਾ ਪੰਜਾਬ ਪੁਲੀਸ ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਜਾਣ ਵਾਲੀ ਇਕ ਕਾਰ ਨੂੰ ਅਦਾਲਤ ਵਿਚ ਲਿਆਉਣ ਲਈ ਵਰਤੇ ਗਏ ‘ਪੀਟਰ ਰੇਹੜੇ’ ਤੋਂ ਲੱਗਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੇਸ ਦੇ ਸਬੰਧ ਵਿਚ ਮਰੂਤੀ ਕਾਰ ਨੂੰ ਪੇਸ਼ ਕਰਨ ਲਈ ਅਦਾਲਤ ਵਿਚ ਲਿਆਉਣਾ ਸੀ। ਇਹ ਕਾਰ ਦੁਰਘਟਨਾ ਗ੍ਰਸਤ ਹੋਣ ਕਰਕੇ ਚੱਲਣ ਦੇ ਕਾਬਲ ਨਹੀਂ ਸੀ। ਇਸ ਲਈ ਪੁਲੀਸ ਨੇ ਇਸ ਕਾਰ ਨੂੰ ਇਕ ਪੀਟਰ ਰੇਹੜੇ ਜੋ ਕਾਨੂੰਨੀ ਤੌਰ ’ਤੇ ਨਹੀਂ ਚੱਲ ਸਕਦੇ ਵਿਚ ਕਾਰ ਲੱਦ ਕੇ ਲਿਆਂਦੀ। ਇਹ ਪੀਟਰ ਰੇਹੜਾ ਕਈ ਪਿੰਡਾਂ ਤੇ ਸ਼ਹਿਰ ਦੇ ਚੌਕਾਂ ਵਿਚੋਂ ਦੀ ਹੁੰਦਾ ਹੋਇਆ ਅਦਾਲਤ ਵਿਚ ਪਹੁੰਚਿਆ ਪਰ ਇਸ ਦੌਰਾਨ ਥਾਂ ਥਾਂ ਲੱਗੇ ਪੁਲੀਸ ਨਾਕਿਆਂ ਉਤੇ ਇਸਨੂੰ ਕਿਸੇ ਨੇ ਨਹੀਂ ਰੋਕਿਆ। ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਵੀ ਇਹ ਪੀਟਰ ਰੇਹੜਾ ਅਰਾਮ ਨਾਲ ਵਾਪਸ ਗਿਆ। ਲੋਕ ਚੇਤਨਾ ਮੰਚ ਦੇ ਬੁਲਾਰੇ ਡਾਕਟਰ ਕੁਲਦੀਪ ਸਿੰਘ ਮੱਲਣ ਨੇ ਪੁਲੀਸ ਦੀ ਇਸ ਢਿੱਲ ਨੂੰ ਆਮ ਲੋਕਾਂ ਨੂੰ ਕਾਨੂੰਨ ਪ੍ਰਤੀ ਜ਼ਿੰਮੇਵਾਰੀ ਬਣਾਉਣ ’ਚ ਅੜਿਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਨਿਯਮ ਸਖਤੀ ਨਾਲ ਲਾਗੂ ਨਹੀਂ ਹੁੰਦੇ ਉਨ੍ਹਾਂ ਦਾ ਪੂਰਾ ਫਾਇਦਾ ਨਹੀਂ ਹੁੰਦਾ।