ਪ੍ਰਾਈਵੇਟ ਸਕੂਲਾਂ ਵੱਲੋਂ ਯੂਟੀ ਦੇ ਸਿੱਖਿਆ ਵਿਭਾਗ ਦੀ ਫੀਸ ਪਾਲਿਸੀ ਨੂੰ ਚੁਣੌਤੀ !    ਐਸਸੀ ਕਮਿਸ਼ਨ ਵੱਲੋਂ ਜੇਲ੍ਹ ਸੁਪਰਡੈਂਟ ਤੇ ਜੀ.ਐਮ. ਇੰਡਸਟਰੀ ਦੀ ਖਿਚਾਈ !    ਹਾਥੀ ਤੋਂ ਉਤਰਿਆ ਮਾਇਆਵਤੀ ਦਾ ਭਰੋਸੇਯੋਗ ਚੌਧਰੀ !    ਟਰੱਕ ਖੱਡ ’ਚ ਡਿੱਗਣ ਕਰ ਕੇ 3 ਵਿਅਕਤੀ ਹਲਾਕ !    ਭਾਰਤ ਵੱਲੋਂ ਮਿਜ਼ਾਈਲ ਦਾ ਸਫ਼ਲ ਤਜਰਬਾ !    ਬੀਸੀਸੀਆਈ ’ਚ ਸੁਧਾਰ ਬਾਰੇ ਫ਼ੈਸਲਾ ਰਾਖਵਾਂ !    ਮੁਹਾਲੀ ਨੇ ਕ੍ਰਿਕਟ ਕੱਪ ਜਿੱਤਿਆ !    ਭਾਜਪਾ ਸਰਕਾਰਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਪੱਲਾ ਝਾੜਿਆ !    ਯੂ-ਟਿਊਬ ਆਦੇਸ਼ਕਾਰੀ !    ਟੈਕਸਟਾਈਲ ਖੇਤਰ ’ਚ ਸਿੱਖਿਆ ਤੇ ਰੁਜ਼ਗਾਰ ਸੰਭਾਵਨਾਵਾਂ !    

ਰਵਾਇਤੀ ਗਾਇਕੀ ਨੂੰ ਸੰਭਾਲਣ ਦੀ ਲੋੜ

Posted On December - 25 - 2010

ਗੁਰਮੀਤ ਬਾਵਾ

ਸੁਰਜੀਤ ਮਜਾਰੀ

ਬਚਪਨ ਦੀ ‘ਮੀਤੋ’ ਜੋ ਗੁਰਮੀਤ ਬਾਵਾ ਦੇ ਨਾਂ ਨਾਲ ਸਫਲ ਗਾਇਕਾ ਬਣੀ, ਦਾ ਜਨਮ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੋਠਾ ਵਿਖੇ ਹੋਇਆ। ਉਸ ਸਮੇਂ ਲੜਕੀਆਂ ਦਾ ਕਿਸੇ ਕੰਮ ਲਈ ਘਰਦਿਆਂ ਦੀ ਨਿਗਰਾਨੀ ਤੋਂ ਬਿਨਾਂ ਘਰੋਂ ਬਾਹਰ ਜਾਣਾ ਸਖ਼ਤ ਮਨ੍ਹਾ ਸੀ। ਲੜਕੀਆਂ ਦਾ ਪੜ੍ਹਣਾ ਜਾਂ ਗਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ। ਅਜਿਹੀਆਂ ਘਰੇਲੂ ਅਤੇ ਸਮਾਜਿਕ ਪਾਬੰਦੀਆਂ ਦੇ ਬਾਵਜੂਦ ਗੁਰਮੀਤ ਬਾਵਾ ਨੇ ਆਪਣੇ ਅੰਦਰਲੀ ਸੰਗੀਤਕ ਸਮਰੱਥਾ ਦੀਆਂ ਕਿਰਨਾਂ ਰੁਸ਼ਨਾਉਣ ਵਿਚ ਕਾਮਯਾਬੀ ਹਾਸਲ ਕਰ ਲਈ। ਪੈਂਤੀ ਸੈਕਿੰਡ ਲੰਬੀ ਹੇਕ ਦਾ ਰਿਕਾਰਡ ਉਸ ਦੇ ਹਿੱਸੇ ਆਇਆ ਹੈ। ਇੱਕ ਤਾਰਾ, ਅਲਗੋਜ਼ਾ, ਚਿਮਟਾ, ਢੋਲਕ, ਢੋਲ ਵਰਗੇ ਵਿਰਾਸਤੀ ਸਾਜ਼ਾਂ ਨੂੰ ਉਸ ਨੇ ਹਮੇਸ਼ਾ ਉਤਸ਼ਾਹਿਤ ਕੀਤਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਮਾਣ-ਸਨਮਾਨ ਵੀ ਉਸ ਦੀਆਂ ਅਹਿਮ ਪ੍ਰਾਪਤੀਆਂ ਬਣੇ।
ਗੁਰਮੀਤ ਬਾਵਾ ਦੇ ਵਿਅਕਤੀਤਵ ਦਾ ਉਹ ਸਤਿਕਾਰਤ ਇਤਿਹਾਸ ਰਿਹਾ ਹੈ ਕਿ ਜਦ ਵੀ ਕਦੇ ਰੁਕਾਵਟ ਖੜ੍ਹੀ ਹੋਈ ਗੁਰਮੀਤ ਬਾਵਾ ਨੇ ਆਪਣੇ ਅਤੁੱਟ ਮਨ ਵਿਚ ਦ੍ਰਿੜ ਇਰਾਦਿਆਂ ਨੂੰ ਤਰੇੜ ਨਾ ਆਉਣ ਦਿੱਤੀ, ਸਗੋਂ ਉਨ੍ਹਾਂ ਨੂੰ ਸਥਾਪਤ ਕੀਤਾ। ਇੰਜ ਘਰ ਵਿਚ ਗੁਣਗਣਾਉਣ ਤੋਂ ਲੈ ਕੋੇ ਕਦੇ ਮਧਾਣੀ ਦੀ ਆਵਾਜ਼, ਕਦੀ ਚੱਕੀ ਦੇ ਪੁੜਾਂ ਦੀ ਆਵਾਜ਼ ਨਾਲ ਸੁਰ ਮਿਲਾਉਂਦਿਆਂ ਅਤੇ ਕਦੀ ਭਾਂਡੇ ਮਾਂਜਣ ਸਮੇਂ ਆਪਣੀਆਂ ਉਂਗਲਾਂ ਦੀਆਂ ਹਰਕਤਾਂ ਦੁਆਰਾ ਸੰਗੀਤਕ ਰੂਪ ਦਿੰਦਿਆਂ ਸਭ ਸੁਪਨੇ ਸਫਲ ਹੋ ਗਏ। ਆਪਣਿਆਂ ਨੂੰ ਜਦੋਂ ਉਸ ਅੰਦਰ ਛੁਪੇ ਸੰਗੀਤ ਦੇ ਅਨਮੋਲ ਖਜ਼ਾਨੇ ਦਾ ਪਤਾ ਚੱਲਿਆ ਤਾਂ ਉਨ੍ਹਾਂ ਇਸ ਖਜ਼ਾਨੇ ਨੂੰ ਚੌਗੁਣਾ ਕਰਨ ਲਈ ਪੂਰਨ ਸਹਿਯੋਗ ਦਿੱਤਾ। ਅੱਗੋਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਉਸ ਦੇ ਜੀਵਨ ਸਾਥੀ ਕਿਰਪਾਲ ਬਾਵਾ ਦੀ ਖੁੱਲ੍ਹੀ-ਡੁੱਲ੍ਹੀ ਸੋਚ ਉਸ ਲਈ ਵਰਦਾਨ ਸਾਬਤ ਹੋਈ, ਜਿਸ ਨੇ ਇਕ ਉਸਾਰੂ ਜੀਵਨ ਸਾਥੀ ਦੀ ਭੂਮਿਕਾ ਨਿਭਾਉਂਦਿਆਂ ਗੁਰਮੀਤ ਬਾਵਾ ਨੂੰ ਹਰ ਸੰਭਵ ਹੁੰਗਾਰਾ ਦਿੱਤਾ। ਜੀਵਨ ਸਾਥੀ ਦਾ ਅਥਾਹ ਪਿਆਰ, ਉਸ ਦੀ ਆਪਣੀ ਤਪੱਸਿਆ ਅਤੇ ਲੋਕਾਂ ਵੱਲੋਂ ਉਸ ਦੀ ਗਾਇਕੀ ਨੂੰ ਮਿਲੀ ਪ੍ਰਵਾਨਗੀ ਦਾ ਸੁਮੇਲ ਹੀ ਹੈ ਕਿ ਅੱਜ ਗੁਰਮੀਤ ਬਾਵਾ ਪੰਜਾਬੀ ਸੰਗੀਤ ਦੇ ਵਿਹੜੇ ’ਚ ਪੂਜੀ ਜਾ ਰਹੀ ਹੈ।
ਗੁਰਮੀਤ ਕੌਰ ਬਾਵਾ ਦੀ ਗਾਈ ਜੁਗਨੀ-‘ਦੁਸ਼ਮਣ ਮਰੇ ’ਤੇ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ’, ‘ਮਿਰਜ਼ਾ-ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਬੰਨ੍ਹ’, ‘ਲੋਕ ਗੀਤ-ਲਿਆ ਦੇ ਚੰਬਾ ਲਾਵਾਂ ਘੜੇ ਦੇ ਕੋਲ’, ‘ਡਿਗ ਪਈ ਨੀ ਗੋਰੀ ਨੂੰ ਸ਼ੀਸ਼ ਮਹਿਲ ਤੋਂ’, ‘ਫੁੱਲਾਂ ਉਤੇ ਬੈਠੀਆਂ ਤਿਤਲੀਆਂ ਉਹ ਵੀ ਤੇ ਉਡ ਨੀ ਗਈਆਂ’, ‘ਕੋਰਾ ਕੋਰਾ ਕੁੱਜਾ ਨੀ ਠੰਢਾ ਠਾਰ ਪਾਣੀ ਮੈਨੂੰ ਛਿਟੜੇ ਮਾਰ ਜਗਾਵਦਾ ਈ’, ‘ਚਰਖਾ ਮੇਰਾ ਰੰਗਲਾ’ ਆਦਿ ਇਕ ਤੋਂ ਵੱਧ ਇਕ ਸਾਰੇ ਗੀਤ ਸੱਚਮੁਚ ਲੋਕਾਂ ਦੇ ਗੀਤ ਬਣ ਗਏ। ਗੁਰਮੀਤ ਬਾਵਾ ਦੀ ਗਾਇਕੀ ਨੂੰ ਸਿਜਦਾ ਕਰਦਿਆਂ ਪੰਜਾਬ ਸਰਕਾਰ ਵੱਲੋਂ 2008 ਵਿਚ ਉਸ ਨੂੰ ਸ਼੍ਰੋਮਣੀ ਗਾਇਕਾ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ। ਲੋਕ ਗਾਇਕੀ ਤੇ ਗੁਰਮੀਤ ਬਾਵਾ ਦੀਆਂ ਭਾਵਨਾਵਾਂ ਪੱਖ ਤੋਂ ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
? ਰਵਾਇਤੀ ਗਾਇਕ ਨੂੰ ਅਮਰ ਰੱਖਣ ਲਈ ਕੀ ਸੁਝਾਅ ਦੇਣੇ ਚਾਹੋਗੇ।
– ਪ੍ਰਧਾਨ ਫਰਜ਼ ਸਰਕਾਰ ਦਾ ਹੈ, ਜਿਸ ਤਰ੍ਹਾਂ ਸਰਕਾਰ ਪੁਰਾਣੀਆਂ ਵਸਤਾਂ, ਇਮਾਰਤਾਂ, ਰੁੱਖਾਂ/ਬਾਗਾਂ ਦੀ ਸਾਂਭ-ਸੰਭਾਲ ਕਰ ਰਹੀ ਹੈ। ਇਸੇ ਤਰ੍ਹਾਂ ਦੀ ਸਾਂਭ-ਸੰਭਾਲ ਸਰਕਾਰ ਇਸ ਮਹਾਨ ਵਿਰਸੇ ਨੂੰ ਸਾਂਭਣ ਦੇ ਜ਼ਿੰਮੇਵਾਰੀ ਤੇ ਫਰਜ਼ਸੁਨਾਸੀ ਨਾਲ ਉਪਰਾਲਾ ਕਰੇ। ਲੋਕ ਗਾਇਕਾਂ ਨੂੰ ਬਣਦਾ ਮਾਣ-ਸਨਮਾਨ ਤੇ ਉਤਸ਼ਾਹਿਤ ਕਰਨ ਲਈ ਦਿਲ ਖੋਲ੍ਹ ਕੇ ਮਾਇਕ ਸਹਾਇਤਾ ਦੇਵੇ। ਲੋਕ ਸਾਜ਼ਾਂ ਦੇ ਵਜੰਤਰੀਆਂ ਜਿਵੇਂ ਤੂੰਬੀ, ਢੋਲਕ, ਇੱਕਤਾਰਾ, ਢੱਡ ਸਾਰੰਗੀ, ਵੰਜਲੀ, ਵਾਜਾ, ਘੜਾ,ਚਿਮਟਾ, ਦੋ ਤਾਰਾ, ਡਫਲੀ, ਮਟੀਆਂ ਆਦਿ ਪੂਰੀ ਪੂਰੀ ਆਰਥਿਕ ਸਹਾਇਤਾ ਕਰੇ। ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਵੀ ਇਸੇ ਤਰ੍ਹਾਂ ਦਾ ਉਪਰਾਲਾ ਕਰਨ। ਲੋਕ ਵੀ ਆਪਣੇ ਸਿਰਾਂ ਨੂੰ ਜਾਗਦੇ ਰੱਖਣ। ਬਿਜਲਈ ਸਾਜ਼ਾਂ ਨਾਲ ਲੋਕ ਸਾਜ਼ਾਂ ਦਾ ਰੂਪ ਵਿਗਾੜ ਕੇ ਪੇਸ਼ ਕਰਨ ਵਾਲਿਆਂ ਦੀ ਨਿੰਦਿਆ ਕਰਨ। ਮੀਡੀਆ ਵਾਲੇ ਵੀ ਇਹ ਜ਼ਿੰਮੇਵਾਰੀ ਨਿਭਾਉਣ ਦਾ ਯਤਨ ਕਰਨ।
? ਸਰਹੱਦੋਂ ਆਰ-ਪਾਰ ਦੀ ਪੰਜਾਬੀ ਗਾਇਕੀ ਦਾ ਸਮਤੋਲ ਕਿਵੇਂ ਦਾ ਹੈ।
– ਜਦੋਂ ਪਾਕਿਸਤਾਨ ਤੇ ਹਿੰਦੋਸਤਾਨ ਦੋਵਾਂ ਦੇਸ਼ਾਂ ਵਿਚ ਪੰਜਾਬੀਅਤ ਬਰਾਬਰ ਦੀਆਂ ਭਾਵਨਾਵਾਂ ਲੈ ਕੇ ਵਸਦੀ ਹੈ ਤਾਂ ਫਿਰ ਦੋਵਾਂ ਦੇਸ਼ਾਂ ਦੀ ਪੰਜਾਬੀ ਗਾਇਕੀ ਦਾ ਸਮਤੋਲ ਤਾਂ ਬਣੇਗਾ ਹੀ। ਉਧਰ ਦੀ ਧਰਤੀ ਦਾ ਮਿਰਜ਼ਾ ਇਧਰ ਦੀ ਧਰਤੀ ’ਤੇ ਉਨੇ ਹੀ ਜੋਸ਼ੋ-ਖਰੋਸ਼ ਨਾਲ ਗਾਇਆ ਜਾਂਦਾ ਹੈ। ਇਵੇਂ ਹੀਰ ਅਤੇ ਹੋਰ ਲੋਕ ਗੀਤ ਵੀ ਦੋਵਾਂ ਪਾਸੇ ਬਰਾਬਰ ਰੌਂਅ ’ਚ ਗਾਏ ਜਾਂਦੇ ਹਨ। ਜਦੋਂ ਦੋਵਾਂ ਪਾਸਿਆਂ ਦੀ ਜੀਵਨ ਸ਼ੈਲੀ, ਅਹਿਸਾਸ ਸਾਂਝੇ ਹਨ ਤਾਂ ਸਰਹੱਦਾਂ ਦੇ ਵੱਖਰੇਵੇਂ  ਪੰਜਾਬੀ ਗਾਇਕੀ ਨੂੰ ਅੱਡ ਕਿਵੇਂ ਕਰ ਸਕਦੇ ਹਨ।
? ਆਪਣੀਆਂ ਬੇਟੀਆਂ ’ਚ ਆਪਣੀ ਪ੍ਰਤਿਭਾ ਨੂੰ ਕਿਸ ਸੰਦਰਭ ’ਚ ਭਾਲਦੇ ਹੋ।
– ਮੇਰੀਆਂ ਤਿੰਨ ਲੜਕੀਆਂ ਹਨ ਲਾਚੀ ਬਾਵਾ, ਗਲੋਰੀ ਬਾਵਾ, ਸਿਮਰਤ ਬਾਵਾ। ਲਾਚੀ ਬਾਵਾ ਤੇ ਗਲੋਰੀ ਬਾਵਾ ਡਬਲ ਐਮ.ਏ. ਸੰਗੀਤ ਤੇ ਐਮ. ਫਿਲ ਸੰਗੀਤ ਹਨ। ਰੇਡੀਓ, ਟੀ.ਵੀ. ’ਤੇ ਗਾਉਂਦੀਆਂ ਵੀ ਹਨ। ਮਾਹੌਲ ਵੇਖ ਕੇ ਕੈਸੇਟ ਕਲਚਰ ਵੱਲੋਂ ਰੋਕਿਆ ਹੋਇਆ ਹੈ। ਉਨ੍ਹਾਂ ਦਾ ਇਹੀ ਫਰਜ਼ ਹੈ ਕਿ ਆਪਣੇ ਵਿਰਾਸਤੀ ਗੀਤਾਂ ਦੀ ਖੋਜ ਕਰਨ ਤੇ ਸਾਂਭ ਕੇ ਰੱਖਣ ਅਤੇ ਵੇਲਾ ਆਉਣ ’ਤੇ ਲੋਕਾਂ ਦੀ ਅਮਾਨਤ ਨੂੰ ਲੋਕਾਂ ਦੇ ਸਮਰਪਣ ਕਰ ਦੇਣ। ਇਸ ਨਾਲ ਮੈਨੂੰ ਸ਼ਾਂਤੀ ਤੇ ਤ੍ਰਿਪਤੀ ਮਿਲੇਗੀ। ਉਹ ਬੱਚੀਆਂ ਦਿਲ ਜਾਨ ਨਾਲ ਇਸ ਪਾਸੇ ਲੱਗੀਆਂ ਹੋਈਆਂ ਹਨ ਤੇ ਬਹੁਤ ਕੁਝ ਉਨ੍ਹਾਂ ਸਾਂਭ ਲਿਆ ਹੈ ਤੇ ਹੁਣ ਉਨ੍ਹਾਂ ਦਾ ਰੁਖ ਪਿੰਡਾਂ ਵੱਲ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਗੀਤਾਂ ਨੂੰ ਇਕੱਤਰ ਕਰ ਸਕਣ। ਮੈਂ ਤੇ ਲੋਕ ਗੀਤਾਂ ਦੇ ਬੋਲ ’ਚੋਂ ਇਕ ਲੱਪ ਹੀ ਚੁਗੀ ਹੈ, ਬਾਕੀ ਇਨ੍ਹਾਂ ਬੱਚੀਆਂ ਦੇ ਸਪੁਰਦ ਹੈ। ਜੇ ਇਹ ਸੇਵਾ ਸੰਭਾਲ ਸਕਣ ਤਾਂ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੀ।
? ਬਤੌਰ ਔਰਤ ਗਾਇਕਾ ਆਪਣੀ ਪੀੜ੍ਹੀ ਤੇ ਅਜੋਕੀ ਪੀੜ੍ਹੀ ’ਚ ਕੀ ਅੰਤਰ ਮਹਿਸੂਸਦੇ ਹੋ।
– ਮਰਦ ਪ੍ਰਧਾਨ ਸਮਾਜ ਹੋਣ ਕਰਕੇ ਔਰਤਾਂ ਨੂੰ ਇਕੱਠਾਂ ਵਿਚ ਗਾਉਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਹਿਲੇ ਸਮਿਆਂ ਵਿਚ ਵਿਆਹ-ਸ਼ਾਦੀਆਂ ਦੇ ਮੌਕੇ ਘਰਾਂ ’ਚ ਜਾਂ ਵੱਧ ਤੋਂ ਵੱਧ ਤੋਂ ਤੀਆਂ ਦੇ ਦਿਨਾਂ ਵਿਚ ਘੋੜੀਆਂ, ਸੁਹਾਗ, ਬੋਲੀਆਂ ਰਾਹੀਂ ਆਪਣੇ ਗਾਉਣ ਦੇ ਸ਼ੌਕ ਨੂੰ ਪ੍ਰਗਟਾਇਆ ਜਾਂਦਾ ਸੀ। ਫਿਰ ਸਮਾਂ ਪਾ ਕੇ ਸੁਭਾਵਾਂ ’ਚ ਖੁੱਲ੍ਹ ਆਈ। ਕੁਝ ਇਸਤਰੀ ਗਾਇਕਾਵਾਂ ਨੇ ਜਿਗਰਾ ਕੀਤਾ। ਰੇਡੀਓ ਦਾ ਸਹਾਰਾ ਮਿਲਿਆ ਅਤੇ ਮੇਲਿਆਂ ਦੀ ਲੋੜ ਨੇ ਔਰਤ ਦੇ ਧੁਰ ਅੰਦਰ ਛੁਪੀ ਕਲਾ ਨੂੰ ਲੋਕਾਂ ਸਾਹਮਣੇ ਗਾਉਣ ਲਈ ਪ੍ਰੇਰਿਆ। ਫਿਰ ਕੁੱਤੇ ਵਾਲੀ ਕੰਪਨੀ (ਐਚ.ਐਮ.ਵੀ.) ਨੇ ਇਨ੍ਹਾਂ ਨੂੰ ਸ਼ੁਹਰਤ ਵੀ ਦਿੱਤੀ ਤੇ  ਸਨਮਾਨ ਵੀ ਅਤੇ ਪੈਸਾ ਵੀ। …ਪਰ ਹੁਣ ਉਸ ਦੀ ਸਮਾਜਿਕ ਪ੍ਰਾਪਤੀ ਦੀ ਜਾਇਜ਼ ਵਰਤੋਂ ਨਹੀਂ ਹੋ ਰਹੀ ਹੈ। ਅੱਜ ਦੀ ਪੀੜ੍ਹੀ ਵੱਲੋਂ ਕੰਨ ਪਾੜਵਾਂ ਸ਼ੋਰ-ਸ਼ਰਾਬਾ ਪਾਇਆ ਜਾ ਰਿਹਾ ਹੈ ਤੇ ਨਾਂ ਪੱਛਮੀ ਪ੍ਰਭਾਵ ਦਾ ਲਿਆ ਜਾਂਦਾ ਹੈ।


Comments Off on ਰਵਾਇਤੀ ਗਾਇਕੀ ਨੂੰ ਸੰਭਾਲਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Share |
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.