
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੋਬਾਈਲ ਕੈਂਸਰ ਰੋਕੋ ਵੈਨ ਦੀ ਕਾਰਜਪ੍ਰਣਲੀ ਬਾਰੇ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਸਿੰਘ ਢਿੱਲੋਂ (ਫੋਟੋ: ਸ਼ਾਂਤ)
ਪੱਤਰ ਪ੍ਰੇਰਕ
ਲੰਬੀ, 28 ਅਕਤੂਬਰ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੋਕੇ ਮਾਹੌਲ ਵਿੱਚ ਹਰ ਮਨੁੱਖ ਦੀ ਲਾਜ਼ਮੀ ਡਾਕਟਰੀ ਜਾਂਚ ਅਤੇ ਸਿਹਤ ਬੀਮਾ ਸਮੇਂ ਦੀ ਜ਼ਰੂਰਤ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕਿਸੇ ਠੋਸ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਤਜਵੀਜ਼ ਹੈ। ਉਹ ਅੱਜ ਪਿੰਡ ਬਾਦਲ ਵਿਖੇ ਕੈਂਸਰ ਦੀ ਮੁੱਢਲੀ ਜਾਂਚ ਅਤੇ ਜਾਗਰੂਕਤਾ ਸਬੰਧੀ ਰਾਜ ਪੱਧਰੀ ਮੁਹਿੰਮ ਤਹਿਤ ਲੱਗੇ ਕੈਂਪ ਦਾ ਉਦਘਾਟਨ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਰਾਜ ਸਰਕਾਰ ਹੈ, ਜਿਸ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਮਰੀਜ਼ਾਂ ਦੀ ਮਾਲੀ ਮਦਦ ਲਈ ਲਈ 20 ਕਰੋੜ ਰੁਪਏ ਦਾ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਥਾਪਤ ਕੀਤਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਿਹਤ ਬੀਮਾ ਤੇ ਸਿਹਤ ਦੀ ਲਾਜ਼ਮੀ ਜਾਂਚ ਬਾਰੇ ਠੋਸ ਨੀਤੀ ਬਾਰੇ ਘੋਖ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਭਰ ਵਿੱਚ ਅਜਿਹੇ 300 ਕੈਂਪ ਲਾਏ ਜਾਣਗੇ। ਜਿਨ੍ਹਾਂ ਵਿੱਚ ਕੈਂਸਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਰੋਕੋ ਕੈਂਸਰ ਵੱਲੋਂ ਵਿੱਢੀ ਮੁਹਿੰਮ ਦੀ ਸ਼ਲਾਘਾ ਕੀਤੀ। ਸ੍ਰੀ ਬਾਦਲ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਪੰਜਾਬ ਵਿੱਚ ਮੁਹਾਲੀ ਅਤੇ ਬਠਿੰਡਾ ਵਿੱਚ ਦੋ ਨਵੇਂ ਮਲਟੀ ਸਪੈਸ਼ਲਟੀ ਹਸਪਤਾਲ ਸਥਾਪਤ ਕੀਤੇ ਗਏ ਹਨ। ਇਸ ਤੋਂ ਬਿਨਾਂ ਤਿੰਨਾਂ ਮੈਡੀਕਲ ਕਾਲਜਾਂ ਫ਼ਰੀਦਕੋਟ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿੱਚ ਵੀ ਇਸ ਦੇ ਇਲਾਜ ਲਈ ਸੁਵਿਧਾ ਦਿੱਤੀ ਗਈ ਹੈ।
ਪੱਤਰਕਾਰਾਂ ਵੱਲੋਂ ਕੈਂਸਰ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਐਲਾਨੀ ਰਕਮ ਦਾ ਲਾਭ ਨਾ ਮਿਲਣ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਪੜਤਾਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਪ ਕੁਲਪਤੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਡਾ. ਐਸ.ਐਸ. ਗਿੱਲ ਨੇ ਕਿਹਾ ਕਿ ਫ਼ਰੀਦਕੋਟ ਯੂਨੀਵਰਸਿਟੀ ਵਿਖੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਸੈੱਲ ਸਥਾਪਤ ਕੀਤਾ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੇ.ਪੀ. ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕੈਂਸਰ ਰਾਹਤ ਫੰਡ ਵਿੱਚੋਂ ਸਹਾਇਤਾ ਲੈਣ ਲਈ ਮਰੀਜ਼ ਅਰਜ਼ੀ ਸਿਵਲ ਸਰਜਨ ਦਫ਼ਤਰ ਵਿੱਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ 1 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀ ਰਜਿਸਟਰੇਸ਼ਨ ਹੋਈ ਹੈ।
ਇਸ ਮੌਕੇ ਰੋਕੋ ਕੈਂਸਰ ਦੇ ਪੰਜਾਬ ਇੰਚਾਰਜ ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਲਈ ਬਣਾਈ ਮੋਬਾਈਲ ਕੈਂਸਰ ਰੋਕੋ ਵੈਨ ਵੱਲੋਂ 365 ਮਰੀਜ਼ਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 12 ਮਰੀਜ਼ ਸ਼ੱਕੀ ਪਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਮਾਰਕਫੈੱਡ ਦੇ ਨਿਰਦੇਸ਼ਕ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਜ਼ਿਲ੍ਹਾ ਵਿਕਾਸ ਬੋਰਡ ਦੇ ਚੇਅਰਮੈਨ ਹਰਮੀਤ ਸਿੰਘ ਭੀਟੀਵਾਲਾ, ਨਿੱਜੀ ਸਕੱਤਰ ਮੁੱਖ ਮੰਤਰੀ ਬਲਕਰਨ ਸਿੰਘ ਬੱਲਾ, ਰੋਕੋ ਕੈਂਸਰ ਦੇ ਪੰਜਾਬ ਇੰਚਾਰਜ ਧਰਮਿੰਦਰ ਸਿੰਘ ਦਿਓਲ, ਸਿਵਲ ਸਰਜਨ ਗੁਰਦੀਪ ਸਿੰਘ ਭੁੱਲਰ, ਐਸ.ਡੀ.ਐਮ. ਮਲੋਟ ਬਲਬੀਰ ਸਿੰਘ, ਰਾਕੇਸ਼ ਢੀਂਗੜਾ ਅਤੇ ਡਾ. ਰੀਟਾ ਗੁਪਤਾ ਵੀ ਮੌਜੂਦ ਸਨ।