ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪੁਲੀਸ ਵੱਲੋਂ ਸੈਮੀਨਾਰ !    ਤ੍ਰਿਪੋਲੀ ਵਿੱਚ ਖਾਨਾਜੰਗੀ ਫਿਰ ਭੜਕੀ !    ਲੰਡਨ ਵਿੱਚ ਵਾਤਾਵਰਨ ਦੀ ਸੰਭਾਲ ਲਈ 4 ਬਿਜਲਈ ਬੱਸਾਂ ਚਲਾਈਆਂ !    ਸ਼ਹੀਦੀ ਦਿਵਸ ਉੱਤੇ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ !    ਕਸ਼ਯਪ ਤੇ ਤੁਲਸੀ ਕੁਆਰਟਰ ਫਾਈਨਲ ਵਿੱਚ ਪੁੱਜੇ !    ਸਿਵਲ ਸੇਵਾਵਾਂ ਪ੍ਰੀਖਿਆ 2014 ਦੀ ਰੂਪ-ਰੇਖਾ !    ਮੋਬਾਈਲ ਸੱਭਿਆਚਾਰ ਕਿੰਨਾ ਕੁ ਚੰਗਾ !    ‘ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ’ ਰਾਹੀਂ ਹਰ ਮਹੀਨੇ ਸਕਾਲਰਸ਼ਿਪ !    ਪੁਸਤਕਾਂ ਦੀ ਮਹੱਤਤਾ !    ਆਰਥਿਕ ਮੰਦੀ ਕਾਰਨ ਧੂਰੀ ਸ਼ਹਿਰ ਦਾ ਵਪਾਰ ਹੋਇਆ ਠੱਪ !    

ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ

Posted On October - 1 - 2011

ਅਜੋਕੇ ਸਮੇਂ ਵਿੱਚ ਜਦੋਂ ਗਾਇਕੀ ਨੂੰ ਅਸ਼ਲੀਲ ਸ਼ਬਦਾਵਲੀ ਤੇ ਅੰਗ-ਪ੍ਰਦਰਸ਼ਨ ਵਿੱਚ ਗ਼ਲਤਾਨ ਹੋਈ ਦੇਖਦੇ ਹਾਂ ਤਾਂ ਝੱਟ ਧਿਆਨ ਪੁਰਾਤਨ ਗਾਇਕੀ ਵੱਲ ਖਿੱਚਿਆ ਜਾਂਦਾ ਹੈ। ਜਿਨ੍ਹਾਂ ਸਮਿਆਂ ਵਿੱਚ ਗਾਇਕਾਵਾਂ ਸਟੇਜ ’ਤੇ ਖੜ੍ਹ ਕੇ ਇਕੱਲੀਆਂ ਜਾਂ ਸਾਥੀ ਗਾਇਕਾਂ ਦੇ ਨਾਲ ਗਾਉਂਦਿਆਂ ਨਾਲ-ਨਾਲ ਮਿੱਠਾ ਮੁਸਕਰਾ ਕੇ, ਤਾੜੀ ਮਾਰ ਕੇ ਜਾਂ ਨਿੱਕੀ-ਮੋਟੀ ਨੋਕ-ਝੋਕ ਰਾਹੀਂ ਲੋਕਾਂ ਜਾਂ ਸਰੋਤਿਆਂ ਦਾ ਮਨੋਰੰਜਨ ਕਰਦੀਆਂ ਸਨ। ਉਨ੍ਹਾਂ ਕੋਲ ਨਾ ਤਾਂ ਅੱਜ ਵਾਂਗ ਭੜਕੀਲੇ ਕੱਪੜੇ ਸਨ ਤੇ ਨਾ ਹੀ ਅਦਾਵਾਂ ਦਾ ਖਿਲਾਰ।
ਉਨ੍ਹਾਂ ਸਮਿਆਂ ਵਿੱਚ ਕੁਝ ਸਿਰਕੱਢ ਗਾਇਕਾਵਾਂ ਨੇ ਆਪਣੀ ਹੋਂਦ ਨੂੰ ਸਮੁੱਚਤਾ ਨਾਲ ਬਰਕਰਾਰ ਰੱਖਿਆ। ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਗੁਰਮੀਤ ਬਾਵਾ ਆਦਿ ਹਨ ਜਿਨ੍ਹਾਂ ਨੇ ਆਪੋ-ਆਪਣੀ ਪਹਿਚਾਣ ਨੂੰ ਵਿਲੱਖਣਤਾ ਨਾਲ ਸਮਝਿਆ ਤੇ ਸੰਵਾਰਿਆ ਹੈ। ਇਨ੍ਹਾਂ ’ਚੋਂ ਗੁਰਮੀਤ ਬਾਵਾ ਦੀ ਗਾਇਕੀ ਦਾ ਨਾਂ ਤੇ ਥਾਂ ਦਾ ਵਖੇਰਵਾਂ ਸਪਸ਼ਟ ਨਜ਼ਰ ਆਉਂਦਾ ਹੈ। ਦਰਮਿਆਨੇ ਕੱਦ ਤੇ ਲੰਬੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਦਾ ਜਨਮ ਨਦੀਆਂ, ਰੁੱਖਾਂ ਤੇ ਕੁਦਰਤੀ ਨਜ਼ਾਰਿਆਂ ਨਾਲ ਘਿਰੇ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਸ. ਉੱਤਮ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਦੋ ਕੁ ਸਾਲਾਂ ਦੀ ਬਾਲੜੀ ਗੁਰਮੀਤ ਬਾਵਾ ਦੇ ਨਾਲ ਚਾਰ ਭੈਣਾਂ ਤੇ ਇੱਕ ਭਰਾ ਨੂੰ ਛੱਡ ਮਾਤਾ ਰਾਮ ਕੌਰ ਜਹਾਨੋਂ ਤੁਰ ਵਸੀ। ਉਹ ਆਪਣੇ ਪਿਤਾ ਤੇ ਦਾਦੀ ਦੇ ਹੱਥਾਂ ’ਚ ਖੇਡ-ਪਲ ਕੇ ਜਵਾਨ ਹੋਈ।
ਉਸਨੇ ਤਾਂ ਕਦੇ ਚਿਤਵਿਆ ਵੀ ਨਹੀਂ ਸੀ ਕਿ ਉਸ ਦੇ ਨਾਂ ਤੋਂ ਇੱਕ ਦਿਨ ਪੂਰਾ ਜੱਗ-ਜਹਾਨ ਵਾਕਫ਼ ਹੋਵੇਗਾ ਕਿਉਂਕਿ ਸਕੂਲ ਪੜ੍ਹਦਿਆਂ ਉਸਦੇ ਮਨ ਅੰਦਰ ਅਧਿਆਪਕਾ ਬਣਨ ਦਾ ਸੁਪਨਾ ਜਗ੍ਹਾ ਬਣਾ ਚੁੱਕਿਆ ਸੀ। ਇਸ ਪੂਰਤੀ ਲਈ ਉਸ ਦੇ ਪਿਤਾ ਨੇ ਉਸ ਨੂੰ ਉੱਚ ਵਿੱਦਿਆ ਗ੍ਰਹਿਣ ਕਰਵਾਈ। ਭਾਵੇਂ ਉਨ੍ਹਾਂ ਦਿਨਾਂ ’ਚ ਨੌਕਰੀ ਲੱਗਣਾ ਤਾਂ ਦੂਰ ਦੀ ਗੱਲ ਧੀਆਂ-ਧਿਆਣੀਆਂ ਨੂੰ ਪੜ੍ਹਨੇ ਨਹੀਂ ਸੀ ਭੇਜਿਆ ਜਾਂਦਾ। ਉਸ ਵਕਤ ਦੇ ਵਿੱਚ ਗੁਰਮੀਤ ਬਾਵਾ ਆਪਣੇ ਇਲਾਕੇ ਦੀ ਪਹਿਲੀ ਕੁੜੀ ਸੀ ਜਿਹੜੀ ਜੇ. ਬੀ.ਟੀ ਕਰਕੇ ਅਧਿਆਪਕਾ ਲੱਗੀ। ਉਨ੍ਹਾਂ ਦਿਨਾਂ ’ਚ ਅਕਸਰ ਵਿਆਹਾਂ-ਪਿੜਾਂ ’ਚ ਕੁੜੀਆਂ-ਚਿੜੀਆਂ ਲੰਬੀ ਹੇਕ ਵਾਲੇ ਲੰਬੇ  ਗੀਤ ਅਤੇ ਬੋਲੀਆਂ ਪਾਉਂਦੀਆਂ ਸਨ।
ਗੁਰਮੀਤ ਬਾਲ-ਵਰੇਸੀ ਸਕੂਲ ਸਭਾਵਾਂ ਵਿੱਚ ਲੋਕ-ਗੀਤਾਂ ਨੂੰ ਛੁਹ ਕੇ ਵਾਹ-ਵਾਹ ਲੁੱਟਦੀ ਰਹੀ। ਸੰਨ 1968 ਵਿੱਚ ਕਿਰਪਾਲ ਬਾਵਾ ਨਾਲ ਵਿਆਹ ਬੰਧਨ ਵਿੱਚ ਬੱਧੇ ਜਾਣ ਮਗਰੋਂ ਗੁਰਮੀਤ ਕੌਰ ਤੋਂ ਗੁਰਮੀਤ ਬਾਵਾ ਬਣੀ। ਕਿਰਪਾਲ ਨੇ ਉਨ੍ਹਾਂ ਅੰਦਰ ਛੁਪੀ ਕਲਾ ਨੂੰ ਪਛਾਣ ਕੇ ਗੁਰਮੀਤ ਨੂੰ ਗਾਇਕੀ ਵੱਲ ਪ੍ਰੇਰਨਾ ਸ਼ੁਰੂ ਕੀਤਾ। ਭਾਵੇਂ ਗੁਰਮੀਤ ਨੇ ਅਣਮੰਨੇ ਮਨ ਨਾਲ ਕਿਰਪਾਲ ਬਾਵਾ ਦੀ ਗੱਲ ਮੋੜੀ ਤਾਂ ਨਾ ਪਰ ਅੰਦਰੋਂ-ਅੰਦਰੀ ਝੋਰਾ ਬਹੁਤ ਲਾਇਆ ਸੀ ਜਿਸਦਾ ਉਹ ਆਪਣੇ ਪਿਤਾ ਕੋਲ ਗਿਲ਼ਾ ਵੀ ਕਰਦੀ ਰਹੀ।
ਆਧੁਨਿਕ ਯੁੱਗ ਵਿੱਚ ਭਾਵੇਂ ਸਟੇਜ ਉੱਤੇ ਘੜਮੱਸ ਵੀ ਮੱਚੀ ਪਰ ਉਸਨੇ ਪੁਰਾਤਨ ਸਾਜ਼ਾਂ ਦਾ ਮੋਹ ਨਾ ਤਿਆਗਿਆ ਜਿਨ੍ਹਾਂ ਨੂੰ ਅੱਜ ਵੀ ਇਹ ਇੱਕ ਤਾਰਾ, ਅਲਗੋਜ਼ਾ, ਚਿਮਟਾ, ਘੜਾ, ਢੋਲਕ, ਹਰਮੋਨੀਅਮ ਨੂੰ ਲੈ ਸਟੇਜ ’ਤੇ ਚੜ੍ਹ ਰੌਣਕ ਲਾਉਂਦੀ ਹੈ। ਮੁਢਲੇ ਵਕਤ ਵਿੱਚ ਕੀਤੇ ਵਾਅਦੇ ਨੂੰ ਇਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਿਰੇ ਚੜ੍ਹਾਇਆ ਹੈ। ਇਨ੍ਹਾਂ ਨੇ ਪੁਰਾਤਨ ਲੋਕ ਗੀਤਾਂ ਨੂੰ ਸੋਧ ਕੇ ਲੋਕ-ਕਚਹਿਰੀ ਵਿੱਚ ਪੇਸ਼ ਕੀਤਾ। ਅੱਜ ਗੁਰਮੀਤ ਬਾਵਾ ਇਨ੍ਹਾਂ ਲੋਕ-ਗੀਤਾਂ ਦੀ‘ਮਾਂ ਅਖਵਾਉਣ ਦਾ ਮਾਣ ਰੱਖਦੀ ਹੈ।
ਗੁਰਮੀਤ ਬਾਵਾ ਮੁਤਾਬਕ ਹੁਣ ਤਕ ਗਾਇਕੀ ਦੇ ਸਫ਼ਰ ਦੌਰਾਨ ਕਈ ਯਾਦਾਂ ਜ਼ਿੰਦਗੀ ਦੇ ਪੱਲੂ ਨਾਲ ਇਸ ਤਰ੍ਹਾਂ ਬੰਨ੍ਹੀਆਂ ਗਈਆਂ ਜਿਨ੍ਹਾਂ ਨੂੰ ਚਾਹ ਕੇ ਵੀ ਨਿਖੇੜਿਆ ਨਹੀਂ ਜਾ ਸਕਦਾ। ਉਹ ਦੱਸਦੀ ਹੈ ਕਿ ਤਬਾਲਿਸੀ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਇੱਕ ਔਰਤ ਭੱਜੀ-ਭੱਜੀ ਉਸ ਕੋਲ ਆਈ ਤੇ ਗਲਵੱਕੜੀ ਵਿੱਚ ਲੈ ਬੋਲੀ,‘‘ਯੂ ਆਰ ਦੀ ਬਿੱਗ ਲੇਡੀ ਆਫ਼ ਦੀ ਵਰਲਡ। ਯੂਅਰ ਹੋ-ਹੋ-ਹੋ ਇਜ਼ ਫੋਰਟੀ-ਫਾਈਵ ਸੈਕਿੰਡ।’’ ਉਸ ਨੇ ਆਪਣੇ ਗੁੱਟ ਤੋਂ ਘੜੀ ਉਤਾਰ ਗੁਰਮੀਤ ਬਾਵਾ ਦੀ ਕਲਾਈ ’ਤੇ ਬੰਨ੍ਹ ਦਿੱਤੀ। ਬਾਵਾ ਨੂੰ ਉਸ ਦਿਨ ਪਤਾ ਲੱਗਾ ਸੀ ਕਿ ਉਸ ਦੀ ਹੇਕ ਐਨੀ ਲੰਬੀ ਵੀ ਹੈ। ਇਸ ਮਹਾਨ ਗਾਇਕਾ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ’ਚੋਂ ਲਾਚੀ ਬਾਵਾ ਤੇ ਗਲੋਰੀ ਬਾਵਾ ਉੱਚ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਅੱਜ ਉਹ ਆਪਣੀ ਮਾਂ ਨਾਲ ਸਟੇਜਾਂ ’ਤੇ ਗਾਉਂਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦੇ ਗਲੇ ਵਿੱਚ ਵੀ ਆਪਣੀ ਮਾਂ ਵਾਲਾ ਰਸ ਸੁਣਾਈ ਪੈਂਦਾ ਹੈ।
ਗੁਰਮੀਤ ਬਾਵਾ ਦੇ ਗਾਏ ਗੀਤ ਜੁਗਨੀ, ਮਿਰਜ਼ਾ ,ਢੋਲ-ਸੰਮੀ, ਸੁਹਾਗ, ਘੋੜੀਆਂ, ਲੰਬੇ ਗੀਤ, ਬੋਲੀਆਂ ਆਦਿ ਬਹੁਤ ਚਰਚਿਤ ਹਨ ਜਿਨ੍ਹਾਂ ਨੂੰ ਲੋਕ ਬੜੀ ਸ਼ਿੱਦਤ ਨਾਲ ਸੁੁਣਿਆ ਜਾਂਦਾ ਹੈ। ਜਿੱਥੇ ਉਨ੍ਹਾਂ ਨੂੰ ਭਾਸ਼ਾ ਵਿਭਾਗ (ਪੰਜਾਬ ਸਰਕਾਰ) ਵੱਲੋਂ ਸ਼੍ਰੋਮਣੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਉਥੇ ਉਨ੍ਹਾਂ ਨੂੰ ਦੂਰਦਰਸ਼ਨ ’ਤੇ ਗਾਉਣ ਵਾਲੀ ਪਹਿਲੀ ਗਾਇਕਾ ਦਾ ਮਾਣ ਹਾਸਲ ਹੈ। ਕਲਾ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਗੁਰਮੀਤ ਬਾਵਾ ਸਰਕਾਰੀ ਤੌਰ ’ਤੇ ਪੂਰੀ ਦੁਨੀਆ ਘੁੰਮ ਚੁੱਕੀ ਹੈ। ਉਨ੍ਹਾਂ ਦੇ ਗਾਏ ਲੋਕ ਗੀਤਾਂ ਦੀ ਮਕਬੂਲੀਅਤ ਸਮਾਜ ਦਾ ਗਾਇਕੀ ਤੇ ਸੱਭਿਆਚਾਰ ਪ੍ਰਤੀ ਨਜ਼ਰੀਆ ਸਪਸ਼ਟ ਕਰਦੀ ਹੈ। ਅੱਜ ਦੇ ਨਵੇਂ ਉੱਭਰ ਰਹੇ ਗਾਇਕਾਂ ਨੂੰ ਇਸ ਤੋਂ ਸੇਧ ਤੇ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।

ਸਿੰਮੀਪ੍ਰੀਤ ਕੌਰ


Share |
Both comments and pings are currently closed.

Comments are closed.

  • ਮੌਸਮ

    Delhi, India 29 °CFog
    Chandigarh, India 28 °CPartly Cloudy
    Ludhiana,India 28 °CPartly Cloudy

ਕ੍ਰਿਕਟ

Powered by : Mediology Software Pvt Ltd.