ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਸੌਖੀ ਨਹੀਂ ਡਰਾਈਵਰੀ ਯਾਰੋ…

Posted On January - 21 - 2012

ਨਿੱਕੇ ਹੁੰਦਿਆਂ ਅਸੀਂ ਜਿਹੜਾ ਸੁਫ਼ਨਾ ਸਭ ਤੋਂ ਵੱਧ ਦੇਖਦੇ ਸਾਂ, ਉਹ ਸੀ ਵੱਡੇ ਹੋ ਕੇ ਟਰੱਕ ਡਰਾਈਵਰ ਬਣਨ ਦਾ। ਪਤਾ ਨਹੀਂ ਸਾਡੇ ਬਾਲ ਮਨਾਂ ਵਿੱਚ ਇਹ ਗੱਲ ਕਿਵੇਂ ਘਰ ਕਰ ਗਈ ਸੀ ਕਿ ਟਰੱਕ ਡਰਾਈਵਰਾਂ ਦੀ ਬੜੀ ਟੌਹਰ ਹੁੰਦੀ ਹੈ। ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲੇ ਜਾਉ। ਕੋਈ ਰੋਕ-ਟੋਕ ਨਹੀਂ। ਕੋਈ ਮਾੜੀ-ਧੀੜੀ ਗੱਡੀ ਤਾਂ ਟਰੱਕ ਦੇ ਨੇੜੇ ਵੀ ਨਹੀਂ ਢੁੱਕਦੀ। ਅਸੀਂ ਖੇਡਾਂ-ਖੇਡਾਂ ਵਿੱਚ ਨਾ ਸਿਰਫ਼ ਟਰੱਕ ਚਲਾਉਣ ਦਾ ਸਾਂਗ ਕਰਦੇ ਸਗੋਂ ਟਰੱਕ ਡਰਾਈਵਰ ਬਣਨ ਸਬੰਧੀ ਗੱਲਾਂ-ਗੱਲਾਂ ਵਿੱਚ ਇੱਕ-ਦੂਜੇ ਨਾਲ ਮੁਕਾਬਲੇਬਾਜ਼ੀ ਵੀ ਕਰਦੇ। ਪਿੰਡ ਵਿੱਚ ਕੁਝ ਘਰਾਂ ਦੇ ਆਪਣੇ ਟਰੱਕ ਸਨ ਜਾਂ ਕੁਝ ਲੋਕ ਟਰੱਕਾਂ ਦੇ ਡਰਾਈਵਰ ਸਨ। ਕਈ ਵਾਰ ਉਨ੍ਹਾਂ ਦੇ ਟਰੱਕ ਪਿੰਡ ਆਉਣੇ ਤੇ ਕਈ-ਕਈ ਦਿਨ ਪਿੰਡ ਦੇ ਖੁੱਲ੍ਹੇ ਚੌਕ ਵਿੱਚ ਖੜ੍ਹੇ ਰਹਿਣੇ, ਜਿਨ੍ਹਾਂ ਨੂੰ ਅਸੀਂ ਰੱਜ-ਰੱਜ ਦੇਖਣਾ। ਨਵੀਂ ਵਹੁਟੀ ਵਾਂਗ ਸ਼ਿੰਗਾਰੇ ਟਰੱਕ ਸਾਨੂੰ ਬਹੁਤ ਹੀ ਸੋਹਣੇ ਲੱਗਦੇ। ਕਈ ਵਾਰ ਕਿਸੇ ਨੇ ਉਨ੍ਹਾਂ ਨੂੰ ਸਾਫ਼ ਕਰਦੇ ਜਾਂ ਧੋਂਦੇ ਹੋਣਾ ਤਾਂ ਸਾਨੂੰ ਟਰੱਕ ਦੀ ਹੋਰ ਵੀ ਜ਼ਿਆਦਾ ਟੌਹਰ ਲੱਗਣੀ। ਕਾਰ ਉਦੋਂ ਮੇਰੇ ਪਿੰਡ ਖੁੱਡਾ ਅਲੀ ਸ਼ੇਰ ਦੇ ਸ਼ਾਇਦ ਕਿਸੇ ਘਰ ਕੋਲ ਨਹੀਂ ਸੀ, ਸਾਨੂੰ ਕਾਰ ਦਾ ਕੋਈ ਚਾਅ ਨਾ ਹੁੰਦਾ, ਸਾਨੂੰ ਤਾਂ ਟਰੱਕ ਹੀ ਚੰਗਾ ਲੱਗਦਾ।
ਟਰੱਕਾਂ ਪ੍ਰਤੀ ਸਾਡੇ ਮੋਹ ਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਦੋਂ ਟਰੱਕ ਹੁਣ ਵਾਂਗ ਸਿਰਫ਼ ਮਾਲ ਦੀ ਢੋਆ-ਢੁਆਈ ਲਈ ਹੀ ਨਹੀਂ ਸਨ ਵਰਤੇ ਜਾਂਦੇ ਸਗੋਂ ਆਵਾਜਾਈ ਲਈ ਵੀ ਵਰਤੇ ਜਾਂਦੇ ਸਨ, ਖ਼ਾਸਕਰ ਬਰਾਤਾਂ ਆਦਿ ਲਿਜਾਣ ਲਈ। ਇਸੇ ਕਾਰਨ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਗੀਤ ਸਾਨੂੰ ਬਹੁਤ ਚੰਗਾ ਲੱਗਦਾ। ਕਈ ਵਾਰ ਇਹ ਗੀਤ ਗ਼ਲਤ ਮੌਕੇ ਗਾਉਣ ਕਾਰਨ ਕੁੱਟਾਂ ਤੇ ਝਿੜਕਾਂ ਵੀ ਖਾਧੀਆਂ। ਇਸ ਤੋਂ ਬਾਅਦ ਟਰੱਕਾਂ ਨਾਲ ਜੁੜੇ ਹੋਰ ਵੀ ਕਈ ਅਜਿਹੇ ਗੀਤ ਆਏ ਜਿਨ੍ਹਾਂ ਸਾਡੇ ਚੇਤਿਆਂ ਵਿੱਚ ਪੱਕੀ ਥਾਂ ਬਣਾ ਲਈ। ਮੇਰੇ ਨਾਲ ਦੇ ਕੁਝ ਹਾਣੀਆਂ ਨੂੰ ਟਰੱਕਾਂ ਦੇ ਬੱਲਵ ਜਿਨ੍ਹਾਂ ਨੂੰ ਅਸੀਂ ‘ਆਂਡੀਆਂ’ ਕਹਿੰਦੇ, ਕੱਢਣ ਭਾਵ ਚੋਰੀ ਕਰਨ ਦੀ ਆਦਤ ਸੀ। ਉਨ੍ਹਾਂ ਦੀ ਇਸ ਆਦਤ ਨੇ ਵੀ ਸਾਨੂੰ ਕਈ ਵਾਰ ਭਾਜੜਾਂ ਪੁਆਈਆਂ। ਤੁਰਨ ਲੱਗੇ ਟਰੱਕ ਦੇ ਪਿੱਛੇ ਲਟਕ ਕੇ ਝੂਟੇ ਲੈਣ ਦਾ ਆਪਣਾ ਹੀ ਮਜ਼ਾ ਸੀ ਪਰ ਖ਼ਤਰਨਾਕ ਵੀ ਸੀ। ਉਂਜ ਵੀ ਟਰੱਕ ਦੇ ਉਤੇ ਚੜ੍ਹ ਕੇ ਝੂਟੇ ਲੈਣ ਦਾ ਮੌਕਾ ਤਾਂ ਵਿਰਲਾ ਹੀ ਮਿਲਦਾ ਸੀ। ਇਸ ਚੱਕਰ ਵਿੱਚ ਤਾਂ ਇਕ ਵਾਰ ਬੁਰੀ ਤਰ੍ਹਾਂ ਸੱਟਾਂ ਵੀ ਮਰਵਾ ਲਈਆਂ।  ਇਸ ਤਰ੍ਹਾਂ ਸਮਾਜਿਕ ਜ਼ਿੰਦਗੀ ਨਾਲ ਉਨ੍ਹਾਂ ਦਾ ਹੁਣ ਦੇ ਮੁਕਾਬਲੇ ਕਿਤੇ ਜ਼ਿਆਦਾ ਕਰੀਬੀ ਰਿਸ਼ਤਾ ਸੀ। ਟਰੱਕ ਵਿੱਚ ਜੰਞ ਲਿਜਾਣ ਦਾ ਦੋਹਰਾ ਫ਼ਾਇਦਾ ਹੋ ਜਾਂਦਾ ਸੀ ਕਿਉਂਕਿ ਬਰਾਤ ਦੀ ਵਾਪਸੀ ਵੇਲੇ ਦਾਜ ਦਾ ਸਮਾਨ ਵੀ ਨਾਲ ਹੀ ਲੱਦ ਲਿਆ ਜਾਂਦਾ। ਮੈਨੂੰ ਚੇਤੇ ਹੈ ਕਿ ਮੈਨੂੰ ਪਹਿਲੀ ਵਾਰ ਟਰੱਕ ਵਿੱਚ ਬੈਠਣ ਦਾ ਮੌਕਾ ਵੀ ਇੱਕ ਬਰਾਤ ਦੇ ਸਬੰਧ ਵਿੱਚ ਹੀ ਮਿਲਿਆ ਪਰ ਬਹੁਤੀ ਵਾਰੀ ਪਿਛਲੇ ਪਾਸ ਹੀ ਬੈਠਣਾ ਪੈਂਦਾ। ਛੇਤੀ ਹੀ ਬਰਾਤਾਂ ਲਈ ਟਰੱਕਾਂ ਦੀ ਥਾਂ ਬੱਸਾਂ ਨੇ ਲੈ ਲਈ।
ਅੱਜ ਸੋਚਦਾ ਹਾਂ ਕਿ ਉਦੋਂ ਵੱਡੇ ਹੋ ਕੇ ਟਰੱਕ ਡਰਾਈਵਰ ਬਣਨ ਦੇ ਸੁਫ਼ਨੇ ਦੇਖਣੇ ਸੱਚਮੁੱਚ ਬਚਪਨੇ ਤੋਂ ਵੱਧ ਹੋਰ ਕੁਝ ਨਹੀਂ ਸੀ। ਡਰਾਈਵਰਾਂ ਖ਼ਾਸ ਕਰ ਟਰੱਕਾਂ ਦੇ ਡਰਾਈਵਰਾਂ ਦੀ ਜੂਨ ਕੋਈ ਸੁਖਾਲੀ ਨਹੀਂ ਹੁੰਦੀ। ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਾਂ ਨੂੰ ਟਰੱਕਾਂ ਉਤੇ ਭੇਜਦੀਆਂ ਹਨ ਅਤੇ ਉਹ ਘਰਵਾਲੀਆਂ ਜਿਹੜੀਆਂ ਆਪਣੇ ਸਿਰ ਦੇ ਸਾਈਆਂ ਨੂੰ ਟਰੱਕਾਂ ਉਤੇ ਤੋਰਦੀਆਂ ਹਨ। ਟਰੱਕ ਲੈ ਕੇ ਜਾਣਾ ਕਿਹੜਾ ਲਾਮ ਉਤੇ ਜਾਣ ਤੋਂ ਘੱਟ ਹੈ। ਰੱਬ ਜੰਗ ਦਾ ਨਾਂ ਨਾ ਸੁਣਾਏ ਪਰ ਟਰੱਕ ਡਰਾਈਵਰਾਂ ਨੂੰ ਤਾਂ ਨਿੱਤ ਹੀ ਲਾਮਾਂ ਲੱਗੀਆਂ ਰਹਿੰਦੀਆਂ ਹਨ।
ਧੁਰ ਦਿੱਲੀ-ਦੱਖਣ ਜਾਂਦਿਆਂ ਖ਼ਤਰੇ ਹੀ ਖ਼ਤਰੇ ਪੇਸ਼ ਆਉਂਦੇ ਹਨ। ਸਭ ਤੋਂ ਪਹਿਲਾ ਤੇ ਵੱਡਾ ਖ਼ਤਰਾ ਤਾਂ ਸੜਕ ਹਾਦਸੇ ਦਾ ਹੁੰਦਾ ਹੈ। ਸੜਕਾਂ ਉਤੇ ਵਾਹਨ ਤਾਂ ਅੰਤਾਂ ਦੇ ਵਧ ਹੀ ਗਏ ਹਨ ਤੇ ਨਾਲ ਹੀ ਜ਼ਿੰਦਗੀ ਦੀ ਭੱਜ-ਦੌੜ ਉਸ ਤੋਂ ਵੀ ਵੱਧ ਵਧੀ ਹੈ। ਇਸ ਕਾਰਨ ਹਾਦਸੇ ਦਾ ਡਰ ਹਮੇਸ਼ਾਂ ਹੀ ਲੱਗਿਆ ਰਹਿੰਦਾ ਹੈ। ਉਂਜ ਵੀ ਅਕਸਰ ਹਾਦਸੇ ਦੀ ਸੂਰਤ ਵਿੱਚ ਵੱਡੀ ਗੱਡੀ ਵਾਲੇ ਨੂੰ ਹੀ ਕਸੂਰਵਾਰ ਸਮਝਿਆ ਜਾਂਦਾ ਹੈ, ਭਾਵੇਂ ਕਸੂਰ ਛੋਟੀ ਗੱਡੀ ਵਾਲੇ ਦਾ ਹੀ ਹੋਵੇ। ਮੁਲਕ ਦੀਆਂ ਸੜਕਾਂ ਦੀ ਜਿਹੜੀ ਹਾਲਤ ਹੈ, ਉਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਉੱਚੀਆਂ-ਨੀਵੀਆਂ ਥਾਵਾਂ ਉਤੇ ਟਰੱਕ ਉਲਟ ਸਕਦਾ ਹੈ। ਕਈ-ਕਈ ਘੰਟੇ ਲਗਾਤਾਰ ਟਰੱਕ ਚਲਾਉਣ ਕਰਕੇ ਥਕਾਵਟ ਅਤੇ ਨੀਂਦ ਕਾਰਨ ਵੀ ਹਾਦਸੇ ਵਾਪਰ ਜਾਂਦੇ ਹਨ। ਦੂਜੇ ਸੂਬਿਆਂ ਵਿੱਚ ਪੁਲੀਸ ਤੇ ਹੋਰ ਅਧਿਕਾਰੀ ਤਾਂ ਤੰਗ ਕਰਦੇ ਹੀ ਹਨ, ਲੁਟੇਰਿਆਂ ਦਾ ਡਰ ਵੀ ਅੱਡ ਰਹਿੰਦਾ ਹੈ। ਚੰਦਨ ਦੇ ਸਮੱਗਲਰ ਵੀਰੱਪਨ ਦੇ ਡਾਕੂਆਂ ਨੇ ਪੰਜਾਬੀਆਂ ਤੋਂ ਅਨੇਕਾਂ ਟਰੱਕ ਖੋਹੇ ਤੇ ਕਈ ਡਰਾਈਵਰਾਂ ਨੂੰ ਤਾਂ ਜਾਨ ਵੀ ਗੁਆਉਣੀ ਪਈ। ਇਹੋ ਹਾਲ ਯੂ.ਪੀ.-ਬਿਹਾਰ ਅਤੇ ਉਸ ਤੋਂ ਅਗਾਂਹ ਅਸਾਮ ਆਦਿ ਵੱਲ ਹੁੰਦਾ ਹੈ। ਇਹ ਲੋਕ ਤਾਂ ਬੰਦੇ ਨੂੰ ਬੰਦਾ ਸਮਝਦੇ ਹੀ ਨਹੀਂ, ਗਾਜਰ-ਮੂਲੀ ਹੀ ਸਮਝਦੇ ਹਨ। ਉਤੋਂ ਸਿਹਤ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਵੱਖਰੀਆਂ ਹਨ। ਨਸ਼ਿਆਂ ਦੀ ਸਮੱਸਿਆ ਵੀ ਘੱਟ ਨਹੀਂ ਹੈ। ਏਡਜ਼ ਦੀ ਨਾਮੁਰਾਦ ਬੀਮਾਰੀ ਨੇ ਇਨ੍ਹਾਂ ਦੀ ਅੱਡਰੀ ਬਦਨਾਮੀ ਕਰਵਾਈ ਹੈ। ਇਸ ਬੀਮਾਰੀ ਦਾ ਮਰੀਜ਼ ਨਾ ਸਿਰਫ਼ ਮੌਤ ਦੇ ਮੂੰਹ ਜਾ ਪੈਂਦਾ ਹੈ, ਸਗੋਂ ਸਮਾਜਿਕ ਨਮੋਸ਼ੀ ਵੀ ਝੱਲਣੀ ਪੈਂਦੀ ਹੈ। ਉਨ੍ਹਾਂ ਦੇ ਨਸ਼ਿਆਂ ਵਿੱਚ ਸ਼ਰਾਬ ਘੱਟ ਸਗੋਂ ਅਫ਼ੀਮ ਤੇ ਭੁੱਕੀ ਆਦਿ ਵਰਗੇ ਨਸ਼ੇ ਵੱਧ ਹੁੰਦੇ ਹਨ। ਇਹ ਨਸ਼ੇ ਹੋਰ ਵੀ ਵੱਧ ਘਾਤਕ ਹਨ ਤੇ ਸਿਹਤ ਸਬੰੰਧੀ ਅਨੇਕਾਂ ਸਮੱਸਿਆਵਾਂ ਪੈਦਾ ਕਰਦੇ ਹਨ।
ਇਸ ਦੇ ਬਾਵਜੂਦ ਡਰਾਈਵਰ ਹੱਸ-ਹੱਸ ਕੇ ਟਰੱਕਾਂ ਰਾਹੀਂ ਦੂਰ-ਦੂਰੇਡੀਆਂ ਮੰਜ਼ਲਾਂ ਨੂੰ ਰਵਾਨਾ ਹੁੰਦੇ ਹਨ ਅਤੇ ਕਈ-ਦਿਨ ਤੇ ਮਹੀਨੇ ਘਰੋਂ ਦੂਰ ਰਹਿ ਕੇ ਵੀ ਬੁਲੰਦ ਹੌਸਲੇ ਵਿੱਚ ਰਹਿੰਦੇ ਹਨ। ਪੂਰੇ ਹੌਸਲੇ ਨਾਲ ਆਪਣੀ ਗੱਡੀ ਲੈ ਕੇ ਤੁਰਦੇ ਹਨ, ਟਰੱਕ ਡਰਾਈਵਰ। ਅਜਿਹਾ ਮੈਂ ਸਿਰਫ਼ ਫ਼ਿਲਮਾਂ ਜਾਂ ਗੀਤਾਂ ਵਿੱਚ ਹੀ ਨਹੀਂ ਸਗੋਂ ਅੱਖੀਂ ਦੇਖਿਆ ਹੈ। ਟਰੱਕਾਂ ਵਾਲੇ ਰੋਜ਼ਾਨਾ ਇੱਕ ਤੋਂ ਦੂਜੀ ਥਾਂ ਜ਼ਰੂਰੀ ਵਸਤਾਂ ਅਤੇ ਸਨਅਤੀ ਸਮਾਨ ਆਦਿ ਪਹੁੰਚਾ ਕੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕਰਦੇ ਹਨ।
ਡਰਾਈਵਰਾਂ ਨੂੰ ‘ਭੈੜੇ’ ਹੋਣ ਦਾ ਖ਼ਿਤਾਬ ਵੀ ਟਰੱਕਾਂ ਦੇ ਡਰਾਈਵਰਾਂ ਨੇ ਹੀ ਦਿਵਾਇਆ ਹੈ। ਇਸ ਦਾ ਮੁੱਖ ਕਾਰਨ ਹੈ ਇਨ੍ਹਾਂ ਦੀ ਨਸ਼ਾਖ਼ੋਰੀ ਅਤੇ ਦੂਜੀਆਂ ਬੁਰੀਆਂ ਆਦਤਾਂ। ਇਸ ਸਭ ਕੁਝ ਦੇ ਬਾਵਜੂਦ ਦੇਸ਼ ਦੇ ਟਰੱਕ ਡਰਾਈਵਰਾਂ ਨੂੰ ਸਲਾਮ ਕਹਿਣ ਨੂੰ ਜੀਅ ਕਰਦਾ ਹੈ। ਰੱਬ ਕਰੇ ਉਨ੍ਹਾਂ ਦੇ ਟਰੱਕ ਇੰਜ ਹੀ ਭੱਜਦੇ ਰਹਿਣ ਤੇ ਜੀ.ਟੀ. ਰੋਡ ਦੇ ਉਤੇ ਦੁਹਾਈਆਂ ਪਾਉਂਦੇ ਰਹਿਣ।
-ਬਲਵਿੰਦਰ ਸਿੰਘ ਸਿਪਰੇ
* ਸੰਪਰਕ: 98555-85322


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CBlowing Dust
    Chandigarh, India 42 °CHaze
    Ludhiana,India 42 °CHaze
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.