ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਚੰਗੀ ਅਦਾਕਾਰੀ ਕਰਨ ਉਪਰੰਤ ਨੀਰੂ ਬਾਲਾ ਨੇ ਟੈਲੀਫ਼ਿਲਮਾਂ ਨੂੰ ਆਪਣੀ ਅਗਲੀ ਮੰਜ਼ਿਲ ਚੁਣਿਆ। ਹੌਲੀ-ਹੌਲੀ ਉਸ ਦੇ ਕਦਮ ਫ਼ੀਚਰ ਫ਼ਿਲਮਾਂ ਵੱਲ ਵਧੇ। ਪਿਛਲੇ ਦਿਨੀਂ ਨਿਰਮਾਤਾ-ਨਿਰਦੇਸ਼ਕ ਜਗਰੂਪ ਮਾਨ ਦੀ ਇੱਕ ਫ਼ਿਲਮ ਦੇ ਸੈੱਟ ’ਤੇ ਨੀਰੂ ਬਾਲਾ ਨਾਲ ਮੁਲਾਕਾਤ ਹੋਈ ਤਾਂ ਉਸ ਨਾਲ ਉਸ ਦੀ ਕਲਾਰੂਪੀ ਜ਼ਿੰਦਗੀ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਮਿਲਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਕਲਾ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ। ਸ਼ੁਰੂ-ਸ਼ੁਰੂ ਵਿੱਚ ਉਸ ਨੇ ਸਕੂਲ, ਕਾਲਜ ਦੇ ਦਿਨਾਂ ’ਚ ਅਨੇਕਾਂ ਨਾਟਕ ਖੇਡੇ। ਫੇਰ ਗੀਤਾਂ ’ਚ ਮਾਡਲਿੰਗ ਕਰਨ ਦਾ ਮੌਕਾ ਮਿਲਿਆ। ਇਨ੍ਹੀਂ ਦਿਨੀਂ ਉਸ ਦੀ ਇੱਕ ਹਰਿਆਣਵੀ ਫ਼ਿਲਮ ‘ਰੁੱਕੇਪੜ੍ਹ ਗਏ’ ਰਿਲੀਜ਼ ਹੋਣ ਵਾਲੀ ਹੈ ਜਿਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਤੋਂ ਉਸ ਨੂੰ ਬਹੁਤ ਆਸਾਂ ਹਨ।
ਜਲੰਧਰ ਸ਼ਹਿਰ ਦੀ ਜੰਮਪਲ ਨੀਰੂ ਬਾਲਾ ਨੇ ਗਰੈਜੂਏਸ਼ਨ ਤੋਂ ਬਾਅਦ ਥੀਏਟਰ ਦੀ ਐਮ.ਏ. ਕੀਤੀ ਹੋਈ ਹੈ। ਗਗਨ ਮੇਂ ਥਾਲ, ਚਿਹਰੇ, ਨਾਟਕਾਂ ਤੋਂ ਇਲਾਵਾ ਟੈਲੀਫ਼ਿਲਮਾਂ ‘ਜੱਟਾਂ ਦੇ ਮੁੰਡੇ, ਹੌਲਦਾਰ ਢਿੰਬਰੀ, ਪੰਗੇ ਤੇ ਪੰਗਾ, ਕਿਆਮਤ, ਨੂੰਹ ਦੇ ਕਾਰਨਾਮੇ ਆਦਿ ਵਿੱਚ ਕੰਮ ਕਰਨ ਦਾ ਉਸ ਨੂੰ ਮੌਕਾ ਮਿਲਿਆ ਹੈ।
ਆਪਣੀ ਇਸ ਨਵੀਂ ਫ਼ਿਲਮ ਬਾਰੇ ਉਸ ਨੇ ਦੱਸਿਆ ਕਿ ਇਹ ਫ਼ਿਲਮ ਧਰਮ ਦੇ ਨਾਂ ’ਤੇ ਲੋਕਾਂ ਨੂੰ ਬੁੱਧੂ ਬਣਾ ਰਹੇ ਇੱਕ ਪਾਖੰਡੀ ਸਾਧ ’ਤੇ ਕੇਂਦਰਤ ਹੈ ਪਰ ਮੇਰੀ ਭੂਮਿਕਾ ਵਿਸ਼ੇ ਤੋਂ ਹਟ ਕੇ ਹੈ। ਮੈਂ ਮੁੱਖ ਨਾਇਕ ਜਗਰੂਪ ਮਾਨ ਦੀ ਨਾਇਕਾ ਵਜੋਂ ਪੇਸ਼ ਹੋ ਰਹੀ ਹਾਂ। ਸਾਡੇ ਦੋਵਾਂ ’ਤੇ ਕੁਝ ਰੁਮਾਂਟਿਕ ਦ੍ਰਿਸ਼ ਫ਼ਿਲਮਾਏ ਗਏ ਹਨ। ਇਸ ਫ਼ਿਲਮ ਤੋਂ ਬਾਅਦ ਉਸ ਦੀ ਅਗਲੀ ਸ਼ੂਟਿੰਗ ਵੀ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਵਿੱਚ ਉਸ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਂ ਕਮਾ ਚੁੱਕੇ ਨਾਇਕ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਨੀਰੂ ਬਾਲਾ ਮੁੰਬਈ ਦੀ ਫ਼ਿਲਮਨਗਰੀ ਵਿੱਚ ਵੀ ਆਪਣੀਆਂ ਸੱਜਰੀਆਂ ਪੈੜਾਂ ਪਾ ਰਹੀ ਹੈ। ਇਸੇ ਮਕਸਦ ਨਾਲ ਉਸ ਨੇ ਪੰਜਾਬ ਦੇ ਨਾਲ-ਨਾਲ ਮੁੰਬਈ ਨਗਰੀ ਵਿੱਚ ਵੀ ਆਪਣੇ ਡੇਰੇ ਲਾਏ ਹੋਏ ਹਨ।
-ਸੁਰਜੀਤ ਜੱਸਲ
* ਮੋਬਾਈਲ: 98146-07737