ਲੰਡਨ, 23 ਫਰਵਰੀ
ਬਰਤਾਨੀਆ ਦੇ ਇਕ ਬਜ਼ੁਰਗ ਸਿੱਖ ਮਹਿੰਦਰ ਸਿੰਘ ਬੱਲ ਨੇ ਆਪਣੇ ਧਨਾਢ ਪੁੱਤਰ ’ਤੇ 10 ਕਰੋੜ ਪੌਂਡ ਦਾ ਦਾਅਵਾ ਠੋਕ ਦਿੱਤਾ ਹੈ ਅਤੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੇ ਉਸ ਨੂੰ ਬੇਘਰ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
‘ਡੇਲੀ ਐਕਸਪ੍ਰੈਸ’ ਦੀ ਇਕ ਰਿਪੋਰਟ ਮੁਤਾਬਕ ਰੈਡੀਸਨ ਐਡਵਰਡੀਅਨ ਹੋਟਲਜ਼ ਦੇ ਚੇਅਰਮੈਨ 60 ਸਾਲਾ ਜਸਮਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਕਰੋੜਾਂ ਪੌਂਡਾਂ ਦੇ ਕਾਰੋਬਾਰ ’ਚੋਂ ਆਪਣੇ ਮਾਪਿਆਂ ਨੂੰ ਬੇਦਖ਼ਲ ਕਰ ਦਿੱਤਾ ਹੈ ਅਤੇ ਵੰਡ ਕੇ ਛਕਣ ਦੇ ਸਿੱਖ ਸਿਧਾਂਤ ਨੂੰ ਤਿਆਗ ਦਿੱਤਾ ਹੈ। ਜੇ ਹਾਈ ਕੋਰਟ ਦਾ ਫੈਸਲਾ ਇਸ ਦੇ ਖ਼ਿਲਾਫ਼ ਜਾਂਦਾ ਹੈ ਤਾਂ ਉਸ ਨੂੰ ਆਪਣੀ ਅੰਦਾਜ਼ਨ 41.50 ਕਰੋੜ ਪੌਂਡ ਦੀ ਕਮਾਈ ਦਾ ਤੀਜਾ ਹਿੱਸਾ ਆਪਣੇ ਪਿਤਾ ਮਹਿੰਦਰ ਸਿੰਘ ਬੱਲ ਨੂੰ ਦੇਣਾ ਪਵੇਗਾ।
ਸ੍ਰੀ ਬੱਲ ਨੇ ਕੱਲ੍ਹ ਸੈਂਟਰਲ ਲੰਡਨ ਦੀ ਅਦਾਲਤ ’ਚ ਦਿੱਤੇ ਆਪਣੇ ਬਿਆਨ ਵਿਚ ਆਖਿਆ ਕਿ ਉਹ ਤੇ ਉਸ ਦੀ ਪਤਨੀ ਬਹੁਤ ਸ਼ਰਮਿੰਦਾ ਹਨ ਕਿ ਜਸਮਿੰਦਰ ਨੇ ਆਪਣਾ ਸਭਿਆਚਾਰਕ ਵਿਰਸਾ ਸ਼ਰੇਆਮ ਤਿਆਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਅਸਾਸਿਆਂ ਦੀ ਸਾਂਝੀ ਮਾਲਕੀ ਧਾਰਮਿਕ ਉਪਦੇਸ਼ਾਂ ’ਤੇ ਆਧਾਰਤ ਹੈ ਜਿਸ ਨੂੰ ਸਿੱਖਾਂ ਤੇ ਹਿੰਦੂਆਂ ਵੱਲੋਂ ਦੁਨੀਆਂ ਭਰ ’ਚ ਅਮਲ ਵਿਚ ਲਿਆਂਦਾ ਜਾਂਦਾ ਹੈ। ‘‘ਜਸਮਿੰਦਰ ਵੱਲੋਂ ਇਸ ਦਾ ਖੰਡਨ ਕਰਨ ਅਤੇ ਸਾਰੇ ਸਿਹਰੇ ਤੇ ਮਾਲਕੀ ਦਾ ਦਾਅਵਾ ਕਰਨਾ ਇਨ੍ਹਾਂ ਭਾਈਚਾਰਿਆਂ ਲਈ ਵੱਡਾ ਸਦਮਾ ਹੈ ਅਤੇ ਇਸੇ ਕਰਕੇ ਉਸ ਦੀ ਮਾਂ ਅਤੇ ਮੈਂ ਸ਼ਰਮਸਾਰ ਹਾਂ।’’
ਸ੍ਰੀ ਬੱਲ ਨੇ ਆਪਣੇ ਪੁੱਤਰ ’ਤੇ ਬਰਕਸ਼ਾਇਰ ’ਚ ਐਸਕਾਟ ਰੇਸਕੋਰਸ ਸਥਿਤ ਇਕ ਕਰੋੜ ਪੌਂਡ ਦੇ ਘਰ ’ਚੋਂ ਕੱਢਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਵੀ ਲਾਇਆ।
ਜਸਮਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਕਦੇ ਨਹੀਂ ਦੱਸਿਆ ਕਿ ਉਹ ‘ਸਾਂਝਾ ਹਿੰਦੂ ਪਰਿਵਾਰ’ ਹਨ ਅਤੇ ਉਨ੍ਹਾਂ ਵੱਲੋਂ ਹਾਸਲ ਕੀਤੀ ਸੰਪਤੀ ਪਰਿਵਾਰ ਦੀ ਸਾਂਝੀ ਮਾਲਕੀ ਹੈ। ਉਸ ਨੇ ਕਿਸੇ ਤਰ੍ਹਾਂ ਦਾ ਉਚੇਚਾ ਧਾਰਮਿਕ ਪਾਲਣ-ਪੋਸ਼ਣ ਮਿਲਣ ਤੋਂ ਵੀ ਇਨਕਾਰ ਕੀਤਾ। ਅਖ਼ਬਾਰ ਨੇ ਲਿਖਿਆ ਕਿ ਸਾਲ ਦੇ ਅਖੀਰ ’ਚ ਮੁਕੱਦਮਾ ਸ਼ੁਰੂ ਹੋਣ ਦੀ ਸੰਭਾਵਨਾ ਹੈ। -ਪੀ.ਟੀ.ਆਈ.