ਨਵੀਂ ਫ਼ਿਲਮ
ਬਿਜ਼ਨਸਮੈਨ ਤੋਂ ਫ਼ਿਲਮਕਾਰ ਬਣੇ ਜੇ.ਐਚ. ਨਕਾਮ ਨੂੰ ਬਚਪਨ ਤੋਂ ਫ਼ਿਲਮਾਂ ਦਾ ਸ਼ੌਕ ਰਿਹਾ ਹੈ। ਉਸ ਆਪਣੇ ਅਨੁਭਵ ਦੇ ਆਧਾਰ ’ਤੇ ਕਹਾਣੀ ਲਿਖੀ ਤੇ ਇਸ ਉਪਰ ਖ਼ੁਦ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ। ਉਸ ਦਾ ਕਹਿਣਾ ਹੈ ਕਿ ਲਵ ਪੌਸੀਬਲ ’ਚ ਮੈਂ ਅਜੋਕੀ ਨੌਜਵਾਨ ਪੀੜ੍ਹੀ ਦੀ ਪਦਾਰਥਵਾਦੀ ਸੋਚ ਦਾ ਚਿਤਰਨ ਕੀਤਾ ਹੈ। ਇਹ ਫ਼ਿਲਮ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ, ਜੋ ਵਪਾਰ ਜਗਤ ’ਚ ਸਥਾਪਤ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਸ ਲਈ ਉਹ ਸ਼ਾਰਟ ਕੱਟ ਅਪਣਾਉਂਦੀ ਹੈ ਤੇ ਇੱਕ ਉਦਯੋਗਪਤੀ ਦੀ ਸੈਕਟਰੀ ਦੇ ਰੂਪ ’ਚ ਉਸ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਵਿਆਹ ਕਰਨ ਦਾ ਫ਼ੈਸਲਾ ਕਰਦੀ ਹੈ। ਇਹ ਇੱਕ ਖੂਬਸੂਰਤ ਸਾਜ਼ਿਸ਼ ਹੈ। ਉਸ ਦਾ ਮੰਨਣਾ ਹੈ ਕਿ ਉਹ ਆਪਣੇ ਬੌਸ ਦੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਏਗੀ।
ਇਹ ਕਹਾਣੀ ਗੌਰਵ (ਕਰਨ ਮਹਿਰਾ) ਦੀ ਹੈ, ਜੋ ਇੱਕ ਵੱਡੀ ਕੰਪਨੀ ਦਾ ਮਾਲਕ ਹੈ। ਉਸ ਦਾ ਦੋਸਤ ਵਿਨੈ ਪਾਠਕ (ਰਾਜੀਵ ਅਰੋੜਾ) ਉਸ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਉਸ ਨੂੰ ਬਲੈਕਮੇਲ ਕਰਦਾ ਰਹਿੰਦਾ ਹੈ। ਉਸ ਤੋਂ ਪੈਸਾ ਠੱਗਦਾ ਰਹਿੰਦਾ ਹੈ ਤੇ ਕਦੇ ਵੀ ਉਸ ਨੂੰ ਨੇਕ ਸਲਾਹ ਨਹੀਂ ਦਿੰਦਾ। ਅਕਸਰ ਕਹਿੰਦਾ ਹੈ ਕਿ ਤੇਰੇ ਕੋਲ ਬਹੁਤ ਪੈਸਾ ਹੈ, ਤੂੰ ਐਸ਼ ਕਰ। ਇਸ ਦੌਰਾਨ ਸ੍ਰਿਸ਼ਟੀ ਸੇਠੀ (ਸ੍ਰਿਸ਼ਟੀ ਸ਼ਰਮਾ) ਨੌਕਰੀ ਦੀ ਤਲਾਸ਼ ’ਚ ਆਉਂਦੀ ਹੈ ਤੇ ਗੌਰਵ ਦੀ ਨਿੱਜੀ ਸੈਕਟਰੀ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਉਹ ਵਿਨੈ ਪਾਠਕ ਦਾ ਰਾਜ਼ ਗੌਰਵ ਅੱਗੇ ਖੋਲ੍ਹ ਕੇ ਉਸ ਨੂੰ ਦੂਰ ਕਰਦੀ ਹੈ ਕਿਉਂਕਿ ਉਸ ਨੂੰ ਵਿਨੈ ਦੇ ਰਾਜ਼ ਦਾ ਪਤਾ ਲੱਗ ਜਾਂਦਾ ਹੈ। ਫਿਰ ਗੌਰਵ ਤੇ ਸ੍ਰਿਸ਼ਟੀ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ ਤੇ ਵਿਆਹ ਕਰਨ ਦਾ ਫ਼ੈਸਲਾ ਕਰਦੇ ਹਨ। ਐਨੇ ’ਚ ਵਿਨੈ ਵਾਪਸ ਆ ਕੇ ਗੌਰਵ ਨੂੰ ਕਹਿੰਦਾ ਹੈ ਕਿ ਉਸ ਨਾਲ ਧੋਖਾ ਹੋ ਰਿਹਾ ਹੈ। ਉਸ ਨੇ ਕੁਝ ਨਹੀਂ ਕੀਤਾ। ਅਸਲ ’ਚ ਉਸ ਨੂੰ ਭਿਣਕ ਪੈ ਜਾਂਦੀ ਹੈ ਕਿ ਸ੍ਰਿਸ਼ਟੀ ਵੀ ਗੌਰਵ ਦੇ ਪੈਸੇ ਪਿੱਛੇ ਹੈ। ਮਾਮਲਾ ਗੜਬੜਾ ਜਾਂਦਾ ਹੈ। ਫਿਰ ਪ੍ਰਿਆ (ਮਨੀਸ਼ਾ ਸ਼ਰਮਾ) ਆ ਕੇ ਗੌਰਵ ਨੂੰ ਸਮਝਾਉਂਦੀ ਹੈ ਕਿ ਸ੍ਰਿਸ਼ਟੀ ਬਦਲ ਚੁੱਕੀ ਹੈ। ਉਸ ਨੇ ਉਸ ਨੂੰ ਲੁੱਟਣ ਤੋਂ ਬਚਾਇਆ ਹੈ।
ਕਰਨ ਮਹਿਰਾ ਪ੍ਰਸਿੱਧ ਟੀ.ਵੀ. ਕਲਾਕਾਰ ਹੋਣ ਦੇ ਨਾਲ-ਨਾਲ ‘ਨੋ ਵਨ ਕਿਲਡ ਜੈਸਿਕਾ’ ਅਤੇ ‘ਦ੍ਰੋਣ’ ਜਿਹੀਆਂ ਫ਼ਿਲਮਾਂ ’ਚ ਕੰਮ ਕਰ ਚੁੱਕਿਆ ਹੈ।