ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ,24 ਅਪਰੈਲ
ਫਰੀਦਕੋਟ-ਸਾਦਿਕ ਰੋਡ ’ਤੇ ਪਿੰਡ ਮਚਾਕੀ ਨੇੜੇ ਸਥਿਤ ਨਿੱਜੀ ਬਹੁ-ਤਕਨੀਕੀ ਕਾਲਜ ਵਿੱਚ ਵਿਦਿਆਰਥੀਆਂ ਦੇ ਦੋ ਧੜਿਆਂ ਦਰਮਿਆਨ ‘ਸੋਈ’ ਦੀ ਪ੍ਰਧਾਨਗੀ ਨੂੰ ਲੈ ਕੇ ਗੋਲੀਆਂ ਤੇ ਤਲਵਾਰਾਂ ਚੱਲੀਆਂ। ਇਸ ਵਿੱਚ ਪੰਜ ਵਿਦਿਆਰਥੀਆਂ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਈ ਦੀ ਪ੍ਰਧਾਨਗੀ ਲਈ ਇੱਕ ਧੜੇ ਨੇ ਕਾਲਜ ਵਿੱਚ ਪੋਸਟਰ ਲਗਾਏ ਸਨ। ਦੂਜੀ ਧਿਰ ਨੇ ਅੱਜ ਸਵੇਰੇ ਇਹ ਪੋਸਟਰ ਫਾੜ ਦਿੱਤੇ ਜਿਸ ਕਾਰਨ ਦੋਹਾਂ ਧੜਿਆਂ ਵਿੱਚ ਲੜਾਈ ਹੋ ਗਈ। ਕਾਲਜ ਵਿੱਚ ਵਿਦਿਆਰਥੀ 20 ਮਿੰਟ ਤੱਕ ਨੰਗੀਆਂ ਤਲਵਾਰਾਂ ਅਤੇ ਹਥਿਆਰ ਲੈ ਕੇ ਘੁੰਮਦੇ ਰਹੇ। ਇਸ ਝੜਪ ’ਚ ਪੰਜ ਨੌਜਵਾਨ ਹਰਪ੍ਰੀਤ ਸਿੰਘ, ਰਣਜੀਤ ਸਿੰਘ, ਜਸਪਾਲ ਸਿੰਘ, ਜਗਤਾਰ ਸਿੰਘ ਅਤੇ ਰੁਪਿੰਦਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਇਸ ਵਾਰਦਾਤ ਵਿੱਚ ਸ਼ਾਮਲ ਅੱਧੀ ਦਰਜਨ ਤੋਂ ਵੱਧ ਨੌਜਵਾਨ ਭੱਜਣ ਵਿੱਚ ਸਫ਼ਲ ਹੋ ਗਏ। ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਸਦਰ ਦੇ ਐਸ.ਐਚ.ਓ. ਭੁਪਿੰਦਰ ਸਿੰਘ ਨੂੰ ਖ਼ਬਰ ਲਿਖੇ ਜਾਣ ਤੱਕ ਘਟਨਾ ਦੀ ਜਾਣਕਾਰੀ ਨਹੀਂ ਸੀ। ਸੂਚਨਾ ਅਨੁਸਾਰ ਮੌਕੇ ’ਤੇ ਏ.ਐਸ.ਆਈ. ਰਛਪਾਲ ਸਿੰਘ ਨੇ ਆਪਣੇ ਬਾਕੀ ਸਾਥੀ ਕਰਮਚਾਰੀਆਂ ਨਾਲ ਜਾ ਕੇ ਸਥਿਤੀ ’ਤੇ ਕਾਬੂ ਪਾਇਆ।