ਪੱਤਰ ਪ੍ਰੇਰਕ
ਬਨੂੜ, 27 ਅਪਰੈਲ
‘ਜ਼ਿੰਦਗੀ ਵਿੱਚ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਇਮਾਨਦਾਰੀ ਦਾ ਪੱਲਾ ਫੜਨਾ ਚਾਹੀਦਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਕਾਲਜ ਡਿਵੈਲਪਮੈਂਟ ਕੌਂਸਲ ਦੇ ਡੀਨ ਡਾ. ਜੇ.ਏ. ਖ਼ਾਨ ਨੇ ਕੀਤਾ। ਉਹ ਅੱਜ ਨੇੜਲੇ ਪਿੰਡ ਤੰਗੌਰੀ ਦੇ ਸ਼ਹੀਦ ਊਧਮ ਸਿੰਘ ਕਾਲਜ ਆਫ ਰਿਸਰਚ ਐਂਡ ਟੈਕਨਾਲੋਜੀ ਦੇ ਡਿਗਰੀ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਡਾ. ਖ਼ਾਨ ਨੇ ਕਿਹਾ ਅਜੋਕਾ ਯੁੱਗ ਗਿਆਨ ਅਤੇ ਮੁਕਾਬਲੇ ਦਾ ਯੁੱਗ ਹੈ। ਇਸ ਵਿੱਚ ਕਾਮਯਾਬੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਟੀਚੇ ਦੀ ਪੂਰਤੀ ਸਿਰਫ਼ ਤੇ ਸਿਰਫ ਮਿਹਨਤ ਅਤੇ ਇਮਾਨਦਾਰੀ ਨਾਲ ਹੀ ਹੋ ਸਕਦੀ ਹੈ। ਉਨ੍ਹਾਂ ਡਿਗਰੀਆਂ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਕਾਲਜ ਦੇ ਸੂਖਮ ਜੀਵ ਵਿਗਿਆਨ ਅਤੇ ਜੈਵਿਕ ਵਿਗਿਆਨ ਦੇ 50 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਕਈ ਵਿਦਿਆਰਥੀਆਂ ਦਾ ਹੋਰਨਾਂ ਪ੍ਰਾਪਤੀਆਂ ਲਈ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਡੀ.ਐਸ. ਹੀਰਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਐਚ.ਐਸ. ਰੋਜ਼ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਾਲਜ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਅਤੇ ਅਧਿਆਪਕੀ ਅਮਲਾ ਵੀ ਮੌਜੂਦ ਸੀ।