ਮਾਹਿਲਪੁਰ ਦਾ ਨਾਂ ਪੂਰੀ ਦੁਨੀਆਂ ਵਿੱਚ ਫੁੱਟਬਾਲ ਕਰਕੇ ਮਸ਼ਹੂਰ ਹੈ ਪਰ ਕੁਝ ਸਾਲ ਪਹਿਲਾਂ ਇੱਥੋਂ ਦੀ ਨੂੰਹ ਮਾਧੁਰੀ ਏ-ਸਿੰਘ ਨੇ ਟਰੈਕ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਖੇਡਾਂ ਦਾ ਸਰਵਉੱਚ ਸਨਮਾਨ ਅਰਜੁਨ ਐਵਾਰਡ ਹਾਸਲ ਕੀਤਾ। ਇਸ ਮਹਾਨ ਪ੍ਰਾਪਤੀ ਨਾਲ ਮਾਹਿਲਪੁਰ ਦੀ ਚਰਚਾ ਫੁੱਟਬਾਲ ਦੇ ਨਾਲ-ਨਾਲ ਟਰੈਕ ਦੇ ਖੇਤਰ ਵਿੱਚ ਵੀ ਹੋਣ ਲੱਗ ਪਈ। ਮਾਧੁਰੀ ਨੇ ਆਪਣੀ ਖੇਡ ਕਲਾ ਨਾਲ ਕਈ ਹੋਰ ਕੁੜੀਆਂ ਨੂੰ ਸ਼ਿੰਗਾਰਨ ਦਾ ਬੀੜਾ ਚੁੱਕ ਲਿਆ ਹੈ। ਇਸੇ ਗਰੁੱਪ ਵਿੱਚ ਉਸ ਦੀ ਬੇਟੀ ਹਰਮਿਲਨ ਬੈਂਸ ਵੀ ਅਭਿਆਸ ਕਰਦੀ ਹੈ। ਹੋਰ ਕੁੜੀਆਂ ਵਾਂਗ ਉਸ ਨੇ ਇਸ ਖੇਤਰ ਵਿੱਚ ਮੱਲਾਂ ਮਾਰ ਕੇ 14 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਪੰਜਾਬ ਵਿੱਚੋਂ ਪਹਿਲੀ ਥਾਂ ਬਣਾਈ ਹੋਈ ਹੈ। ਹਰਮਿਲਨ ਬੈਂਸ ਦਾ ਜਨਮ ਇੱਕ ਅਜਿਹੇ ਘਰ ਵਿੱਚ ਹੋਇਆ ਹੈ ਜਿੱਥੇ ਬਹੁਤੇ ਮੈਂਬਰਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤਕ ਮੱਲਾਂ ਮਾਰੀਆਂ ਹੋਈਆਂ ਨੇ। ਉਸ ਦਾ ਪਿਤਾ ਸ. ਅਮਨਦੀਪ ਸਿੰਘ ਬੈਂਸ ਇੰਟਰਨੈਸ਼ਨਲ ਅਥਲੀਟ ਹੈ। ਉਸ ਦੇ ਬਾਬਾ ਮਰਹੂਮ ਗਿਆਨੀ ਹਰਕੇਵਲ ਸਿੰਘ ਸੈਲਾਨੀ ਉੱਘੇ ਸਾਹਿਤਕਾਰ ਅਤੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਸਨ। ਇੱਥੇ ਹੀ ਬਸ ਨਹੀਂ ਹਰਮਿਲਨ ਨੂੰ ਟਰੈਕ ਦੀ ਲੀਹੇ ਤੋਰਨ ਵਾਲੀ ਉਸ ਦੀ ਦਾਦੀ ਗੁਰਮੀਤ ਕੌਰ ਬੈਂਸ ਸੇਵਾਮੁਕਤ ਸੈਂਟਰ ਹੈੱਡ ਟੀਚਰ ਅਤੇ ਨਗਰ ਕੌਂਸਲ ਦੀ ਪ੍ਰਧਾਨ ਵੀ ਰਹੀ ਹੈ। ਜਦੋਂ ਮਾਧੁਰੀ ਦੌੜਦੀ ਸੀ ਤਾਂ ਉਸ ਦਾ ਪਾਲਣ ਪੋਸ਼ਣ ਕਰਦੀ ਦਾਦੀ ਨੇ ਮਿਹਨਤ ਨਾਲ ਉਸ ਨੂੰ ਵੀ ਟਰੈਕ ਦੇ ਕਾਬਲ ਬਣਾ ਦਿੱਤਾ। ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹਰਮਿਲਨ ਦੀਆਂ ਟਰੈਕ ਦੀਆਂ ਸ਼ਾਨਦਾਰ ਪ੍ਰਾਪਤੀਆਂ ਕਾਰਨ ਡਾਇਰੈਕਟਰ ਸ. ਹਰਜਿੰਦਰ ਸਿੰਘ ਗਿੱਲ ਵੱਲੋਂ ਉਸ ਨੂੰਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। 123 ਜੁਲਾਈ 1998 ਨੂੰ ਜਨਮ ਲੈਣ ਵਾਲੀ ਹਰਮਿਲਨ ਰੋਜ਼ਾਨਾ ਦੋ ਤੋਂ ਚਾਰ ਘੰਟੇ ਪ੍ਰਿੰਸੀਪਲ ਹਰਭਜਨ ਸਿੰਘ ਸਟੇਡੀਅਮ ਵਿੱਚ ਅਭਿਆਸ ਕਰਦੀ ਹੈ।
ਗੁਜਰਾਤ ਵਿੱਚ ਹੋਈ ਨੈਸ਼ਨਲ ਅਥਲੈਟਿਕਸ ਮੀਟ ਵਿੱਚ ਉਸ ਨੇ ਪੂਰੇ ਭਾਰਤ ਵਿੱਚੋਂ ਤੀਜੀ ਥਾਂ ਹਾਸਲ ਕੀਤੀ। ਪਿਛਲੇ ਚਾਰ ਸਾਲਾਂ ਤੋਂ ਉਸ ਨੇ ਰਾਜ ਅਤੇ ਅੰਤਰਰਾਜੀ ਪੱਧਰ ਦੇ ਅਨੇਕਾਂ ਮੁਕਾਬਲੇ ਜਿੱਤ ਕੇ ਗੋਲਡ ਮੈਡਲ ਹਾਸਲ ਕੀਤੇ ਹਨ। 85ਵੀਂ ਓਪਨ ਪੰਜਾਬ ਅਥਲੈਟਿਕਸ ਮੀਟ ਵਿੱਚ ਉਸ ਨੇ ਪਹਿਲੀ ਅਤੇ 2007 ਵਿੱਚ ਜ਼ਿਲ੍ਹਾ ਪੱਧਰੀ ਕਰਾਸ ਕੰਟਰੀ ਦੋ ਕਿਲੋਮੀਟਰ ਦੌੜ ਵਿੱਚ ਪਹਿਲਾਂ ਥਾਂ ਹਾਸਲ ਕੀਤਾ ਸੀ। ਸੀ.ਬੀ.ਐਸ.ਈ. ਦੇ ਸਕੂਲਾਂ ਦੇ ਪੰਜਾਬ ਪੱਧਰੀ ਮੁਕਾਬਲੇ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਰਵਾਏ ਗਏ। ਇੱਥੇ ਹਰਮਿਲਨ ਨੇ 800 ਮੀਟਰ ਵਿੱਚ ਦੂਜੀ ਥਾਂ ਅਤੇ 400 ਮੀਟਰ ਵਿੱਚ ਤੀਜੀ ਥਾਂ ਹਾਸਲ ਕੀਤੀ। ਇੱਥੇ ਉਸ ਨੂੰ ਮੈਰਿਟ ਸਰਟੀਫਿਕੇਟ ਵੀ ਦਿੱਤਾ ਗਿਆ। ਜਨਵਰੀ 2009 ਨੂੰ ਕਰਵਾਏ ਗਏ ਅਮੈਚਿੳਰ ਅਥਲੈਟਿਕਸ ਮੁਕਾਬਲਿਆਂ ਵਿੱਚ ਵੀ ਉਸ ਨੇ ਸ਼ਾਨਦਾਰ ਹਾਜ਼ਰੀ ਲਵਾਈ। ਸ਼ਹੀਦ ਭਗਤ ਸਿੰਘ ਕਲੱਬ ਗੜ੍ਹਸ਼ੰਕਰ ਵੱਲੋਂ ਕਰਵਾਏ ਇੰਟਰ ਸਕੂਲ ਮੁਕਾਬਲਿਆਂ ਵਿੱਚ ਉਸ ਨੇ 400 ਮੀਟਰ ਅਤੇ 800 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਲ ਕੀਤੇ। ਇਸੇ ਤਰ੍ਹਾਂ 2009 ਦੇ ਸੀ.ਬੀ.ਐਸ.ਈ. ਮੁਕਾਬਲੇ ਵਿੱਚ ਵੀ ਉਸ ਨੇ ਇਨ੍ਹਾਂ ਦੌੜਾਂ ਦੇ ਗੋਲਡ ਮੈਡਲ ਜਿੱਤ ਲਏ। ਅਕਤੂਬਰ 2009 ਵਿੱਚ ਉਹ ਪੰਜਾਬ ਦੀ ਆਪਣੇ ਵਰਗ ਦੀ ਗੋਲਡਨ ਦੌੜਾਕ ਬਣ ਗਈ। ਪੀ.ਟੀ.ਆਈ. ਬਰਿੰਦਰ ਸਿੰਘ ਦੀ ਕੋਚਿੰਗ ਤੋਂ ਇਲਾਵਾ ਵੀ ਉਹ ਅਭਿਆਸ ਵਿੱਚ ਰੁੱਝੀ ਰਹਿੰਦੀ ਹੈ। ਉਸ ਦੀ ਮਾਤਾ ਮਾਧੁਰੀ ਏ. ਸਿੰਘ ਉਸ ਨੂੰ ਮਨੋਵਿਗਿਆਨਕ ਢੰਗ ਨਾਲ ਅਭਿਆਸ ਕਰਵਾ ਰਹੇ ਹਨ। ਉਸ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈੈ। ਮੱਖਣ, ਫਲ, ਸਬਜ਼ੀਆਂ ਉਸ ਦੀ ਪਸੰਦੀਦਾ ਖੁਰਾਕ ਹਨ।
ਹਰਮਿਲਨ ਨੇ ਸਾਲ 2010 ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣੇ ਗਲੇ ਨੂੰ ਗੋਲਡ ਮੈਡਲਾਂ ਨਾਲ ਸ਼ਿੰਗਾਰ ਲਿਆ। ਸੀ.ਬੀ.ਐਸ. ਈ. ਸਕੂਲਾਂ ਦੇ ਕਲੱਸਟਰ ਪੱਧਰ ਦੇ ਮੁਕਾਬਲੇ ਰਾੜਾ ਸਾਹਿਬ ਵਿਖੇ ਕਰਵਾਏ ਗਏ ਜਿੱਥੇ ਉਸ ਨੇ 400 ਤੇ 800 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ। ਲੁਧਿਆਣਾ ਵਿਖੇ ਹੋਈ ਰੂਰਲ ਪੰਜਾਬ ਅਥਲੈਟਿਕਸ ਵਿੱਚ ਉਸ ਨੇ 800 ਮੀਟਰ ਦਾ ਬੈਸਟ ਟਾਈਮ 2.26 ਮਿੰਟ ਕੱਢ ਕੇ ਸੋਨ ਤਮਗਾ ਜਿੱਤਿਆ। ਪੰਜਾਬ ਸਕੂਲਜ਼ ਖੇਡਾਂ 2010 ਲੁਧਿਆਣਾ ਵਿਖੇ 600 ਮੀਟਰ ਵਿੱਚ ਉਸ ਨੇ ਪਹਿਲੀ ਥਾਂ ਹਾਸਲ ਕੀਤੀ। ਇੱਥੋਂ ਉਸ ਦੀ ਚੋਣ ਨੈਸ਼ਨਲ ਸਕੂਲ ਅਤੇ ਨੈਸ਼ਨਲ ਰੂਰਲ ਲਈ ਹੋ ਗਈ। ਦਸੰਬਰ 2010 ਵਿੱਚ ਸੀ.ਬੀ.ਐਸ.ਈ. ਕੌਮੀ ਅਥਲੈਟਿਕਸ ਮੀਟ ਵਿੱਚ ਉਸ ਨੇ ਅੱਠ ਸੌ ਮੀਟਰ ਦਾ 2.25 ਮਿੰਟ ਦੇ ਰਿਕਾਰਡ ਨਾਲ ਮੈਡਲ ਜਿੱਤ ਕੇ ਮਾਹਿਲਪੁਰ ਦੀ ਬੱਲੇ-ਬੱਲੇ ਕਰਵਾ ਦਿੱਤੀ। ਸਾਲ 2011 ਵਿੱਚ ਵੀ ਉਸ ਨੇ ਆਪਣੀਆਂ ਜਿੱਤਾਂ ਸਿਲਸਿਲਾ ਪਹਿਲਾਂ ਵਾਂਗ ਹੀ ਬਰਕਰਾਰ ਰੱਖਿਆ। ਸੈਂਟਰ ਬੋਰਡ ਦੇ ਪੰਜਾਬ ਪੱਧਰੀ ਸਕੂਲੀ ਮੁਕਾਬਲਿਆਂ ਵਿੱਚ ਅੱਠ ਸੌ ਮੀਟਰ ਦੀ ਦੌੜ ਦਾ ਗੋਲਡ ਜਿੱਤ ਕੇ ਕਲੱਸਟਰ ਦੀ ਵੀ ਜੇਤੂ ਬਣ ਗਈ। ਜਲੰਧਰ ਵਿਖੇ ਕਰਾਈਆਂ ਪੰਜਾਬ ਸਕੂਲ ਖੇਡਾਂ ਵਿੱਚ ਛੇ ਸੌ ਮੀਟਰ ਦਾ ਸੋਨ ਤਮਗਾ ਜਿੱਤ ਗਈ। ਸੀ.ਬੀ.ਐਸ.ਈ. ਸਕੂਲਾਂ ਦੇ ਕੌਮੀ ਮੁਕਾਬਲਿਆਂ ਵਿੱਚ ਉਸ ਨੇ 800 ਅਤੇ 600 ਵਿੱਚ ਬੜੇ ਵੱਡੇ ਫ਼ਰਕ ਨਾਲ ਗੋਲਡ ਮੈਡਲ ਜਿੱਤੇ। ਜਲੰਧਰ ਵਿੱਚ ਕਰਵਾਏ ਗਏ ਨੈਸ਼ਨਲ ਸਕੂਲ ਮੁਕਾਬਲਿਆਂ ਵਿੱਚ ਉਸ ਨੇ 600 ਮੀਟਰ ਦੌੜ 1.38.7 ਮਿੰਟ ਦੇ ਰਿਕਾਰਡ ਸਮੇਂ ਵਿੱਚ ਜਿੱਤੀ। ਹਰਮਿਲਨ ਬੈਂਸ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਆਖਦੀ ਹੈ ਕਿ ਜੇ ਉਸ ਦੀ ਮੰਮੀ ਏਸ਼ੀਅਨ ਜੇਤੂ ਹੈ ਤਾਂ ਉਹ ਓਲੰਪਿਕ ਤਕ ਭਾਰਤ ਦਾ ਨਾਂ ਰੋਸ਼ਨ ਕਰੇਗੀ। ਸਟਾਰ ਅਥਲੀਟ ਬਣਨ ਦੇ ਟੀਚੇ ਦੀ ਪ੍ਰਾਪਤੀ ਲਈ ਉਹ ਦਿਨ-ਰਾਤ ਮਿਹਨਤ ਕਰ ਰਹੀ ਹੈ। ਉਸ ਦੀਆਂ ਛੋਟੀ ਉਮਰ ਦੀਆਂ ਪ੍ਰਾਪਤੀਆਂ ਤੋਂ ਇਹ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਹ ਇੱਕ ਦਿਨ ਜ਼ਰੂਰ ਟਰੈਕ ਦੀ ਗੋਲਡਨ ਸਟਾਰ ਬਣੇਗੀ।
-ਬਲਜਿੰਦਰ ਮਾਨ