ਹਾਕੀ: ਭਾਰਤ ਨੇ ਆਸਟਰੇਲੀਆ ਅੱਗੇ ਗੋਡੇ ਟੇਕੇ !    ਫੇਸਬੁੱਕ ’ਤੇ ਬਦਨਾਮ ਕਰਨ ਦੇ ਮਾਮਲੇ ਨੇ ਲਿਆ ਨਵਾਂ ਮੋੜ !    ਲੁਧਿਆਣੇ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ !    ਪਹਿਲੇ ਦਿਨ ਸਰਪੰਚੀ ਲਈ 52 ਤੇ ਪੰਚੀ ਲਈ 87 ਉਮੀਦਵਾਰਾਂ ਨੇ ਕਾਗਜ਼ ਭਰੇ !    ਕਾਂਗਰਸੀਆਂ ਨੂੰ ਨਹੀਂ ਦਿੱਤੇ ਜਾ ਰਹੇ ‘ਇਤਰਾਜ਼ ਨਹੀਂ’ ਦੇ ਪ੍ਰਮਾਣ ਪੱਤਰ: ਬਾਜਵਾ !    ਗੜ੍ਹਸ਼ੰਕਰ ਇਲਾਕੇ ’ਚ ਸਰਬਸੰਮਤੀ ਨਾਲ ਪੰਚਾਇਤੀ ਚੋਣਾਂ ਦੀ ਉਮੀਦ ਖ਼ਤਮ !    ਸ਼ਤਰੰਜ: ਕਾਰਲਸਨ ਤੋਂ ਹਾਰਿਆ ਆਨੰਦ !    ਝੀਲ ਵਿੱਚ ਡੁੱਬਣ ਨਾਲ ਪਿਤਾ ਅਤੇ ਦੋ ਪੁੱਤਰਾਂ ਦੀ ਮੌਤ !    ਕਰੰਟ ਲੱਗਣ ਕਾਰਨ ਵਿਦਿਆਰਥੀ ਦੀ ਮੌਤ !    ਗੋਲੀ ਮਾਰ ਕੇ ਮਾਂ ਤੇ ਧੀ ਦੀ ਹੱਤਿਆ !    

ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਲੇਹ-ਲੱਦਾਖ

Posted On May - 20 - 2012

ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ ਕਿ ਦਿਲ ਵਾਰ-ਵਾਰ ਉਨ੍ਹਾਂ ਨੂੰ ਵੇਖਣਾ ਲੋਚਦਾ ਹੈ। ਮੈਨੂੰ ਪਹਾੜੀ ਸਫ਼ਰ ਕਰਨ ਦਾ ਦੁਬਾਰਾ ਮੌਕਾ ਲੇਹ-ਲੱਦਾਖ ਜਾਣ ਸਮੇਂ ਮਿਲਿਆ। ਕੁਦਰਤੀ ਨਜ਼ਾਰੇ ਸੜਕ ਦੇ ਸਫ਼ਰ ਵਿੱਚ ਹੀ ਵੇਖੇ ਜਾਂਦੇ ਹਨ। ਮੈਂ ਲੇਹ-ਲੱਦਾਖ ਜਾਣ ਦੀ ਤਿਆਰੀ ਕਰ ਰਿਹਾ ਸਾਂ। ਮੇਰੇ ਨਾਲ ਜਾਣ ਵਾਲੇ ਦੋ ਦੋਸਤ ਵੀ ਸਨ ਜੋ ਮੇਰੇ ਵੱਡੇ ਭਰਾ ਦੀ ਤਰ੍ਹਾਂ ਹੀ ਸਨ। ਅੰਮ੍ਰਿਤਸਰ ਤੋਂ ਲੇਹ-ਲੱਦਾਖ ਦਾ ਸਫ਼ਰ ਕਾਫ਼ੀ ਲੰਮਾ ਸੀ। ਜਦੋਂ ਸਾਡੀ ਗੱਡੀ ਸਾਬੇ ਤੋਂ ਮਾਨਸਰ ਵੱਲ ਮੁੜੀ ਤਾਂ ਗੱਲਾਂ ਕਰਦੇ ਅਸੀਂ ਮਾਨਸਰ ਝੀਲ ਕੋਲ ਪੁੱਜ ਗਏ। ਉੱਥੇ ਕਾਫ਼ੀ ਗਿਣਤੀ ਵਿੱਚ ਸਕੂਲੀ ਬੱਚੇ ਆਏ ਸਨ। ਹੋਰ ਯਾਤਰੂ ਵੀ ਸਨ। ਕਾਫ਼ੀ ਰੌਣਕ ਸੀ। ਇੱਕ ਮੁੰਡਾ ਮੇਰੇ ਕੋਲ ਆ ਕੇ ਕਹਿਣ ਲੱਗਾ, ‘‘ਸਰਦਾਰ ਜੀ ਆਟਾ ਲਉ।’’ ਆਟਾ ਗੁੱਝਿਆ ਹੋਇਆ ਤੇ ਪੇੜਾ ਕੀਤਾ ਹੋਇਆ ਸੀ। ਉਸ ਦੀ ਥਾਲੀ ਵਿੱਚ ਕਾਫ਼ੀ ਪੇੜੇ ਸਨ। ਲੋਕ ਆਟੇ ਦੇ ਪੇੜੇ ਲੈ ਰਹੇ ਸਨ। ਮੈਂ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਆਟੇ ਦੇ ਪੇੜੇ ਇਹ ਕਿਉਂ ਵੇਚ ਰਿਹਾ ਹੈ? ਇਸ ਆਟੇ ਦੇ ਪੇੜੇ ਨੂੰ ਕੀ ਕਰਦੇ ਹਨ? ਮੈਂ ਆਪਣੇ ਸਾਥੀ ਗਿਆਨੀ ਸਵਰਨ ਸਿੰਘ ਨੂੰ ਪੁੱਛਿਆ, ‘‘ਇਹ ਆਟੇ ਦੇ ਪੇੜੇ ਕਿਉਂ ਵੇਚ ਰਿਹਾ ਹੈ?’’ ਉਨ੍ਹਾਂ ਨੇ ਕਿਹਾ ਕਿ ਇਸ ਝੀਲ ਦੇ ਅੰਦਰ ਮੱਛੀਆਂ ਨੂੰ ਆਟਾ ਪਾਉਂਦੇ ਹਨ।ਝੀਲ ਕਾਫ਼ੀ ਵੱਡੀ ਅਤੇ ਸਾਫ਼-ਸੁਥਰੀ ਸੀ। ਲੋਕ ਮੱਛੀਆਂ ਨੂੰ ਆਟਾ ਪਾ ਰਹੇ ਸਨ। ਰੌਣਕ ਹੋਣ ਕਰਕੇ ਸਾਨੂੰ ਟਾਈਮ ਦਾ ਪਤਾ ਨਹੀਂ ਲੱਗਾ ਕਿ ਕਦੋਂ ਦੋ ਘੰਟੇ ਬੀਤ ਗਏ। ਇੱਥੇ ਰੁਕ ਕੇ ਸਫ਼ਰ ਦੀ ਥਕਾਵਟ ਦੂਰ ਹੋ ਗਈ, ਅਸੀਂ ਸਾਰੇ ਆਰਾਮ ਮਹਿਸੂਸ ਕਰ ਰਹੇ ਸਾਂ।ਕੁਧ: ਅਸੀਂ ਕੁਧ ਤੋਂ ਕੋਈ ਪੰਜ ਕੁ ਕਿਲੋਮੀਟਰ ਪਿੱਛੇ ਸਾਂ। ਬਹੁਤ ਉੱਚੀ ਪਹਾੜੀ ਤੋਂ ਗੱਡੀਆਂ ਹੇਠਾਂ ਨੂੰ ਆ ਰਹੀਆਂ ਸਨ। ਗੱਡੀਆਂ ਵੀ ਛੋਟੀਆਂ-ਛੋਟੀਆਂ ਨਜ਼ਰ ਆਉਂਦੀਆਂ ਸਨ। ਮੈਂ ਗਿਆਨੀ ਸਵਰਨ ਸਿੰਘ ਜੀ ਕਿਹਾ ਕਿ ਅੱਗੇ ਜਾਪਦਾ ਹੈ ਬੜਾ ਵੱਡਾ ਜਾਮ ਹੈ। ਉਨ੍ਹਾਂ ਨੇ ਦੱਸਿਆ, ‘‘ਕੁਧ ਸ਼ਹਿਰ ਭਾਵੇਂ ਛੋਟਾ ਹੈ ਪਰ ਇੱਥੋਂ ਦੀ ਇੱਕ ਚੀਜ਼ ਬਹੁਤ ਮਸ਼ਹੂਰ ਹੈ। ਜਿਹੜਾ ਵੀ ਯਾਤਰੀ ਕਸ਼ਮੀਰ ਜਾਂ ਪਤਨੀ ਟੋਪ ਤੋਂ ਵਾਪਸ ਆਪਣੇ ਘਰ ਜਾਂਦਾ ਹੈ। ਉਹ ਇੱਥੋਂ ਪਤੀਸਾ ਜ਼ਰੂਰ ਲੈ ਕੇ ਜਾਂਦਾ ਹੈ। ਜਦੋਂ ਪਤੀਸਾ ਖਾਧਾ ਵਾਕਿਆ ਹੀ ਬਹੁਤ ਸਵਾਦ ਸੀ। ਪਤੀਸਾ ਖਾਂਦੇ-ਖਾਂਦੇ ਅਸੀਂ ਆਪਣੀ ਮੰਜ਼ਿਲ ’ਤੇ ਪੁੱਜੇ।

ਕੁਧ ਗਿਆਨੀ ਸਵਰਨ ਸਿੰਘ ਦਾ ਘਰ ਸੀ। ਮੇਰੇ ਨਾਲ ਗਏ ਸਾਬਕਾ ਸਕੱਤਰ ਗੁਰਬਚਨ ਸਿੰਘ ਬੱਚਨ ਜੀ ਦਾ ਵੀ ਉੱਥੇ ਘਰ ਸੀ। ਜਦੋਂ ਅਸੀਂ ਗੱਡੀ ਤੋਂ ਹੇਠਾਂ ਉਤਰੇ ਤਾਂ ਸਾਡੇ ਮੂੰਹੋਂ ਨਿਕਲਿਆ ਕਿ ਕਿਆ ਮੌਸਮ ਹੈ! ਗਰਮੀ ਦਾ ਨਾਮੋ-ਨਿਸ਼ਾਨ ਨਹੀਂ। ਠੰਢਾ ਮੌਸਮ ਬਹੁਤ ਪਿਆਰਾ ਸੀ। ਅੰਮ੍ਰਿਤਸਰ ਦੀ ਗਰਮੀ ਯਾਦ ਆ ਗਈ। ਕੁਧ ’ਚ ਰਾਤ ਨੂੰ ਕੰਬਲ ਲੈ ਕੇ ਸੌਣਾ ਪੈਂਦਾ ਹੈ। ਚਸ਼ਮੇ ਦਾ ਠੰਢਾ ਪਾਣੀ ਪੀ ਕੇ ਮਜ਼ਾ ਆ ਗਿਆ। ਅਸੀਂ ਬਾਹਰ ਹੀ ਕੁਰਸੀਆਂ ਮੇਜ ਲਾਏ ਤੇ ਰੋਟੀ ਖਾਧੀ। ਰੋਟੀ ਵੀ ਬਹੁਤ ਸਵਾਦ ਸੀ।  ਇਸ ਤਰ੍ਹਾਂ ਲੱਗ ਰਿਹਾ ਸੀ। ਜਿਵੇਂ ਅਸੀਂ ਪਿਕਨਿਕ ਮਨਾ ਰਹੇ ਹਾਂ। ਕੁਧ ਲਾਗੇ ਹੋਟਲ ਕਾਫ਼ੀ ਹਨ। ਮਹਿੰਗੇ ਵੀ ਤੇ ਕੁਝ ਸਸਤੇ ਵੀ। ਲੋਕਾਂ ਦੀ ਵੱਸੋਂ ਬਹੁਤ ਘੱਟ ਹੈ। ਇੱਥੇ ਕੁਝ ਘਰ ਸਿੱਖਾਂ ਦੇ ਹਨ, ਮੁਸਲਮਾਨ ਵੀ ਹਨ। ਕੁਝ ਹਿੰਦੂ ਘਰ ਵੀ ਹਨ। ਰਾਤ ਬਹੁਤ ਹੋ ਚੁੱਕੀ ਸੀ। ਸਵੇਰੇ ਗਰਮ ਪਾਣੀ ਨਾਲ ਨਾਤ੍ਹੇ ਫਿਰ ਨਾਸ਼ਤਾ ਕੀਤਾ। ਇੱਥੋਂ ਜਾਣ ਨੂੰ ਦਿਲ ਹੀ ਨਹੀਂ ਸੀ ਕਰਦਾ ਕਿਉਂਕਿ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ ਤੇ ਠੰਢੀ ਹਵਾ ਹੋਣ ਕਰਕੇ ਇੱਥੇ ਹੀ ਦਿਲ ਲੱਗ ਗਿਆ ਸੀ। ਸਾਡਾ ਅਗਲਾ ਪੜਾਅ ਸ੍ਰੀਨਗਰ (ਕਸ਼ਮੀਰ) ਸੀ। ਇਹ ਸਫ਼ਰ ਕੋਈ ਪੰਜ ਛੇ ਘੰਟਿਆਂ ਦਾ ਸੀ।
ਪਤਨੀ ਟੋਪ: ਪਤਨੀ ਟੋਪ ਸੈਰ ਸਪਾਟਾ ਕੇਂਦਰ ਹੈ, ਜਿੱਥੇ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇੱਥੇ ਮੌਸਮ ਬਹੁਤ ਵਧੀਆ ਹੁੰਦਾ ਹੈ। ਪਤਨੀ ਟੋਪ ਤੋਂ ਕੋਈ 30 ਕਿਲੋਮੀਟਰ ਲਹਿੰਦੇ ਪਾਸੇ ਨੂੰ ਰਸਨਾਸਰ ਹੈ। ਉੱਥੇ ਕਾਫ਼ੀ ਵੱਡਾ ਗਰਾਉਂਡ ਹੈ। ਸਰਦੀ ਦੇ ਮੌਸਮ ਵਿੱਚ ਤਾਂ ਸਰਦੀ ਬਹੁਤ ਹੀ ਜ਼ਿਆਦਾ ਹੁੰਦੀ ਹੈ। ਇੱਥੇ 6-7 ਫੁੱਟ ਬਰਫ਼ ਪੈ ਜਾਂਦੀ ਹੈ। ਰਸਨਾਸਰ ਦਾ ਰਸਤਾ ਬੰਦ ਹੋ ਜਾਂਦਾ ਹੈ। ਲੋਕ ਬਰਫ਼ ਵੇਖਣ ਲਈ ਪਤਨੀ ਟੋਪ ਆਉਂਦੇ ਹਨ।
ਬਟੋਤ: ਜਦੋਂ ਅਸੀਂ ਪਤਨੀ ਟੋਪ ਤੋਂ ਅੱਗੇ ਚੱਲਣ ਲੱਗੇ ਤਾਂ ਸੜਕ ਦੇ ਕੰਢੇ ਲਿਖਿਆ ਸੀ ਕਿ ਬਟੋਤ 15 ਕਿਲੋਮੀਟਰ। ਇੱਥੋਂ ਹੀ ਡੂੰਡੇ, ਕਿਸ਼ਤਵਾੜ, ਭਦਰਵਾਹ ਨੂੰ ਸੜਕ ਜਾਂਦੀ ਹੈ। ਸ਼ਹਿਰ ਵਿੱਚ ਕਾਫ਼ੀ ਰੌਣਕਾਂ ਸਨ। ਬਾਜ਼ਾਰ ਵਿੱਚ ਕਾਫ਼ੀ ਚਹਿਲ-ਪਹਿਲ ਸੀ। ਲੋਕ ਘਰਾਂ ਲਈ ਸਾਮਾਨ ਲਿਜਾ ਰਹੇ ਸਨ। ਇੱਥੇ ਗੁਰਦੁਆਰਾ ਸਾਹਿਬ ਵੀ ਹਨ। ਰਾਤ ਨੂੰ ਕੋਈ ਯਾਤਰੂ ਆ ਜਾਵੇ ਤਾਂ ਗੁਰਦੁਆਰਾ ਸਾਹਿਬ ਵਿੱਚ ਬਣੇ ਕਮਰਿਆਂ ’ਚ ਰਹਿ ਸਕਦਾ ਹੈ। ਕਈ ਘਰਾਂ ਅੰਦਰ ਸੇਬ, ਖੁਰਮਾਨੀ ਆਦਿ ਦੇ ਬੂਟੇ ਵੀ ਲੱਗੇ ਹਨ। ਫਲ ਕਾਫ਼ੀ ਹੁੰਦੇ ਹਨ। ਇੱਥੇ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ। ਇੱਥੇ ਲੋਕ ਪੰਜਾਬੀ ਤੇ ਹਿੰਦੀ ਬੋਲਦੇ ਹਨ। ਕੁਝ ਲੋਕ ਕਸ਼ਮੀਰੀ ਵੀ ਬੋਲਦੇ ਹਨ। ਇੱਥੇ ਸਭ ਧਰਮਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ।
ਪੀੜਾ: ਸਾਨੂੰ ਕੁਧ ਤੋਂ ਚੱਲਿਆਂ ਕਾਫ਼ੀ ਦੇਰ ਹੋ ਚੁੱਕੀ ਸੀ। ਮੈਂ ਆਪਣੀ ਘੜੀ ਵੱਲ ਵੇਖਿਆ ਤਾਂ ਦੁਪਹਿਰ ਦਾ ਇੱਕ ਵੱਜ ਚੁੱਕਾ ਸੀ। ਗੱਲਾਂ ਕਰਦੇ ਕਰਦੇ ਅਸੀਂ ਪੀੜੇ ਪੁੱਜ ਗਏ। ਸਾਡੇ ਨਾਲ-ਨਾਲ ਝਨਾਬ ਚੱਲ ਰਿਹਾ ਸੀ ਜੋ ਕਿਸ਼ਤਵਾੜ ਦੀਆਂ ਪਹਾੜੀਆਂ ਵਿੱਚੋਂ ਨਿਕਲਦਾ ਹੈ। ਫਿਰ ਜੰਮੂ ਤੋਂ ਹੁੰਦਾ ਹੋਇਆ ਪਾਕਿਸਤਾਨ ਚਲਾ ਜਾਂਦਾ ਹੈ। ਦਰਿਆ ਦਾ ਪਾਣੀ ਕਾਫ਼ੀ ਤੇਜ਼ ਸੀ। ਮੈਂ ਆਪਣਾ ਧਿਆਨ ਹਟਾਉਣ ਲਈ ਸਾਹਮਣੇ ਪਹਾੜੀਆਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਪਹਾੜੀਆਂ ਉਪਰ ਦੂਰ-ਦੂਰ ਘਰ ਬਣੇ ਹੋਏ ਸਨ। ਇਸ ਤਰ੍ਹਾਂ ਲਗਦਾ ਸੀ ਜਿਵੇਂ ਛੋਟੇ-ਛੋਟੇ ਪਿੰਡ ਹੋਣ। ਕਈ ਪਹਾੜੀਆਂ ਤੋਂ ਪਾਣੀ ਦੇ ਛੋਟੇ-ਛੋਟੇ ਝਰਨੇ ਹੇਠਾਂ ਨੂੰ ਆ ਰਹੇ ਸਨ। ਚਿੱਟੇ ਪਾਣੀ ਦੇ ਝਰਨੇ ਬਹੁਤ ਸੁੰਦਰ ਲੱਗਦੇ ਸਨ। ਮੈਂ ਡਰਦੇ ਮਾਰੇ ਦਰਿਆ ਵੱਲ ਵੇਖਣਾ ਹੀ ਬੰਦ ਕਰ ਦਿੱਤਾ।
ਇਨ੍ਹਾਂ ਪਹਾੜੀਆਂ ਉਪਰ ਲੋਕਾਂ ਨੇ ਛੋਟੇ-ਛੋਟੇ ਕਿਆਰੇ ਬਣਾਏ ਹੋਏ ਹਨ ਜਿਨ੍ਹਾਂ ਵਿੱਚ ਉਹ ਮੱਕੀ ਬੀਜਦੇ ਹਨ। ਸਰਦੀਆਂ ਨੂੰ ਝੋਨਾ, ਕਣਕ, ਜੌਂ ਜਾਂ ਸਬਜ਼ੀਆਂ ਬੀਜਦੇ ਹਨ। ਉੱਥੋਂ ਦੇ ਬਹੁਤੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹੋਈਆਂ ਹਨ। ਕਈ ਪਿੰਡਾਂ ਤੱਕ ਸਰਕਾਰ ਨੇ ਪੱਕੀਆਂ ਸੜਕਾਂ ਕੱਢ ਦਿੱਤੀਆਂ ਹਨ। ਇਨ੍ਹਾਂ ਪਿੰਡਾਂ ਵਿੱਚ ਪ੍ਰਾਈਵੇਟ ਬੱਸ, ਮੈਟਾਡੋਰ ਜਾਂਦੀਆਂ ਹਨ। ਲੋਕ ਇਨ੍ਹਾਂ ਉਪਰ ਆਪਣਾ ਘਰ ਦਾ ਸਾਮਾਨ ਲੈ ਜਾਂਦੇ ਹਨ। ਬਰਫ਼ ਪੈਣ ਤੋਂ ਪਹਿਲਾਂ ਹੀ ਇਹ ਲੋਕ ਆਪਣੇ ਘਰਾਂ ਅੰਦਰ ਆਟਾ, ਚਾਵਲ, ਦਾਲਾਂ ਅਤੇ ਹੋਰ ਖਾਣ-ਪੀਣ ਦਾ ਸਾਮਾਨ ਜਮ੍ਹਾ ਕਰ ਲੈਂਦੇ ਹਨ। ਇਨ੍ਹਾਂ ਨੇ ਆਪਣੇ ਮਾਲ-ਡੰਗਰ ਰੱਖੇ ਹੁੰਦੇ ਹਨ। ਦੁੱਧ ਘਰ ਦਾ ਹੋ ਜਾਂਦਾ ਹੈ। ਲੱਕੜਾਂ ਵੀ ਕਾਫ਼ੀ ਇੱਕਠੀਆਂ ਕਰ ਲੈਂਦੇ ਹਨ ਜੋ ਸਰਦੀ ਵਿੱਚ ਕਮਰਿਆਂ ਅੰਦਰ ਅੱਗ ਬਾਲਣ ਤੇ ਕੱਪੜੇ ਸੁਕਾਉਣ ਦੇ ਕੰਮ ਆਉਂਦੀਆਂ ਹਨ। ਕਮਰੇ ਅੰਦਰ ਬੁਖਾਰੀ ਰੱਖੀ ਹੁੰਦੀ ਹੈ। ਉਸ ਵਿੱਚ ਲੱਕੜਾਂ ਪਾ ਦਿੰਦੇ ਹਨ। ਉਸ ਦਾ ਧੂੰਆਂ ਚਿਮਨੀ ਰਾਹੀਂ ਬਾਹਰ ਨਿਕਲ ਜਾਂਦਾ ਹੈ ਤੇ ਅੱਗ ਦਾ ਸੇਕ ਕਮਰੇ ਦੇ ਅੰਦਰ ਹੀ ਰਹਿੰਦਾ ਹੈ ਅਤੇ ਕਮਰੇ ਗਰਮ ਹੀ ਰਹਿੰਦੇ ਹਨ।
ਖ਼ੂਨੀ ਨਾਲਾ: ਅਸੀਂ ਖ਼ੂਨੀ ਨਾਲੇ ਲਾਗੇ ਗਏ। ਬਹੁਤ ਉੱਚੀਆਂ ਪਹਾੜੀਆਂ ਹਨ। ਪਹਾੜੀਆਂ ਤੋਂ ਅੱਗੇ ਸੜਕ ’ਤੇ ਬਹੁਤ ਵੱਡਾ ਜੰਗਲਾ ਬਣਾਇਆ ਹੋਇਆ ਹੈ। ਕੱਪੜੇ ਟੰਗਣ ਵਾਲੇ ਹੈਂਗਰ ਵਾਂਗ ਜੰਗਲਾ ਬਣਾ ਕੇ ਮੋਟੀਆਂ-ਮੋਟੀਆਂ ਤਾਰਾਂ ਵਿੱਚ ਟੰਗੀਆਂ ਹੋਈਆਂ ਹਨ। ਉਪਰੋਂ ਕੋਈ ਪੱਥਰ ਆਉਂਦਾ ਹੈ ਤਾਂ ਇਨ੍ਹਾਂ ਹੈਂਗਰਾਂ ਨਾਲ ਟਕਰਾਅ ਕੇ ਹੇਠਾਂ ਚਲਾ ਜਾਂਦਾ ਹੈ। ਜਿਸ ਨਾਲ ਗੱਡੀਆਂ ਦਾ ਬਚਾਅ ਹੋ ਜਾਂਦਾ ਹੈ। ਇਸ ਕਰਕੇ ਇਸ ਦਾ ਨਾਂ ਖ਼ੂਨੀ ਨਾਲਾ ਪੈ ਗਿਆ। ਅਸੀਂ ਗੱਲਾਂ-ਗੱਲਾਂ ਕਰਦੇ ਬੰਨਹਾਲ ਪੁੱਜ ਗਏ।
ਬੰਨਹਾਲ ਤੇ ਟੇਨਹਾਲ:    ਅਸੀਂ ਗੱਡੀ ਤੋਂ ਹੇਠਾਂ ਉੱਤਰੇ। ਸੜਕ ਦੇ ਨਾਲ ਖੁੱਲ੍ਹੀ ਜਗ੍ਹਾ ਸੀ, ਜਿੱਥੇ ਕਈ ਗੱਡੀਆਂ ਵਾਲੇ ਗੱਡੀਆਂ ਖੜ੍ਹੀਆਂ ਕਰਕੇ ਚਾਹ ਪੀ ਰਹੇ ਸਨ। ਅਸੀਂ ਵੀ ਚਾਹ ਪੀਤੀ। ਚਾਹ ਕਾਫ਼ੀ ਸਵਾਦ ਸੀ। ਅਸੀਂ ਬੰਨਹਾਲ ਸ਼ਹਿਰ ਤੋਂ ਚਾਰ ਕਿਲੋਮੀਟਰ ਚੜ੍ਹਾਈ ਚੜ੍ਹੇ ਹੀ ਸੀ ਕਿ ਇੱਕ ਬਹੁਤ ਵੱਡੀ ਸੁਰੰਗ ਆਈ। ਸਾਡੀ ਗੱਡੀ ਸੁਰੰਗ ਦੇ ਅੰਦਰ ਗਈ ਤੇ ਹਨੇਰਾ ਹੋ ਗਿਆ। ਸੁਰੰਗ ਅੰਦਰ ਸਟਰੀਟ ਲਾਈਟਾਂ ਜਗ ਰਹੀਆਂ ਸਨ। ਇਸ ਦਾ ਨਾਂ ਜਵਾਹਰ ਲਾਲ ਨਹਿਰੂ ਟੰਨਲ ਹੈ। ਹੁਣ ਅਸੀਂ ਕਸ਼ਮੀਰ ਸ਼ਹਿਰ ਵੱਲ ਜਾਂ ਰਹੇ ਸਾਂ। ਸਾਡੀ ਗੱਡੀ ਉਚਾਣ ਤੋਂਂ ਹੇਠਾਂ ਵੱਲ ਜਾਣ ਲੱਗ ਪਈ ਅਸੀਂ ਧਰਤੀ ਦੇ ਤਲ ਵੱਲ ਜਾ ਰਹੇ ਸਾਂ। ਜਦੋਂ ਅਸੀਂ ਸੁਰੰਗ ਤੋਂ ਬਾਹਰ ਆਏ ਤਾਂ ਸਾਡੇ ਖੱਬੇ ਪਾਸੇ ਪਹਾੜੀਆਂ ਸਨ। ਸੱਜੇ ਹੱਥ ਵੱਲ ਖਾਈ ਸੀ। ਕਸ਼ਮੀਰ ਦੇ ਪਿੰਡ ਦਿਖ ਰਹੇ ਸਨ। ਖੇਤਾਂ ਅੰਦਰ ਲੋਕਾਂ ਨੇ ਝੋਨਾ ਲਾਇਆ ਹੋਇਆ ਸੀ। ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ।
ਜਦੋਂ ਅਸੀਂ ਖੰਨਾਮਲ ਤੋਂ ਸ੍ਰੀਨਗਰ ਵੱਲ ਜਾਂਦਿਆਂ ਰਸਤੇ ਵਿੱਚ ਬੈਟਾਂ ਦੀਆਂ ਦੁਕਾਨਾਂ ਕਾਫ਼ੀ ਸਨ।  ਕਸ਼ਮੀਰ ਅੰਦਰ ਬੈਟ ਬਹੁਤ ਤਿਆਰ ਹੁੰਦਾ ਹੈ। ਇੱਥੋਂ ਹੀ ਤਿਆਰ ਹੋ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਇੱਹ ਬੈਟ ਜਾਂਦਾ ਹੈ। ਅਸੀਂ ਗੱਲਾਂ ਕਰਦੇ-ਕਰਦੇ ਸ੍ਰੀਨਗਰ ਬਾਈਪਾਸ ਪੁੱਜ ਗਏ। ਡਰਾਈਵਰ ਨੇ ਗੱਡੀ ਬਾਈਪਾਸ ਤੋਂ ਖੱਬੇ ਹੱਥ ਮੋੜ ਲਈ।
ਕਸ਼ਮੀਰ ਦਾ ਸਾਰਾ ਇਲਾਕਾ ਪੰਜਾਬ ਦੀ ਤਰ੍ਹਾਂ ਮੈਦਾਨੀ ਸੀ। ਪਹਾੜੀਆਂ ਬਹੁਤ ਦੂਰ-ਦੂਰ ਸਨ। ਸ੍ਰੀਨਗਰ ਪਹਾੜੀਆਂ ਵਿੱਚ ਵੱਸਿਆ ਹੋਇਆ ਹੈ। ਕਈ ਇਸ ਸ਼ਹਿਰ ਨੂੰ ਜੰਨਤ ਜਾਂ ਧਰਤੀ ਦਾ ਸਵਰਗ ਵੀ ਕਹਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਦਰਤ ਨੇ ਇਸ ਸ਼ਹਿਰ ਨੂੰ ਬਹੁਤ ਸੁੰਦਰਤਾ ਦਿੱਤੀ ਹੈ। ਇਸ ਸ਼ਹਿਰ ’ਤੇ ਮੁਗ਼ਲਾਂ ਦਾ ਵੀ ਰਾਜ ਰਿਹਾ ਹੈ। ਮੁਗ਼ਲ ਰਾਜ ਦੌਰਾਨ ਇੱਥੇ ਬਹੁਤ ਕੰਮ ਹੋਏ ਹਨ। ਮੁਗ਼ਲ ਸਮਰਾਟ ਜਹਾਂਗੀਰ ਜਦੋਂ ਗਰਮੀਆਂ ਵਿੱਚ ਕਸ਼ਮੀਰ ਆਉਂਦਾ ਸੀ ਤਾਂ ਇੱਥੇ ਕਈ-ਕਈ ਮਹੀਨੇ ਰਹਿੰਦਾ ਸੀ। ਉਸ ਨੇ ਆਪਣੇ ਰਾਜ ਕਾਲ ਦੌਰਾਨ ਚਾਰ ਬਾਗ਼ ਬਣਵਾਏ ਸਨ। ਉਸ ਦੇ ਬਾਗ਼ਾਂ ਵਿੱਚ ਬਹੁਤ ਸੁੰਦਰ ਫੁੱਲ-ਬੂਟੇ ਅਤੇ ਫੁਹਾਰੇ ਵੀ ਲੱਗੇ ਸਨ ਜੋ ਅੱਜ ਵੀ ਇਨ੍ਹਾਂ ਬਾਗਾਂ ਵਿੱਚ ਮੌਜੂਦ ਹਨ। ਲੋਕ ਦੂਰ-ਦੂਰ ਤੋਂ ਜਦੋਂ ਕਸ਼ਮੀਰ ਆਉਂਦੇ ਹਨ। ਉਹ ਇਨ੍ਹਾਂ ਬਾਗ਼ਾਂ ਨੂੰ ਵੇਖ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ। ਇਹ ਬਾਗ਼ ਡਲ ਝੀਲ ਦੇ ਨਾਲ ਹਨ। ਡਲ ਝੀਲ ਬਹੁਤ ਵੱਡੀ ਹੈ। ਇਸ ਝੀਲ ਵਿੱਚ ਚਾਰ ਚਨਾਲ ਹਨ। ਉਸ ਜਗ੍ਹਾ ਨੂੰ ਚਾਰ ਝਨਾਰ ਕਿਹਾ ਜਾਂਦਾ ਹੈ। ਲੋਕ ਬੇੜੀਆਂ ਵਿੱਚ ਬੈਠ ਕੇ ਝੀਲ ਦੀ ਸੈਰ ਕਰਦੇ ਹਨ। ਇਸ ਝੀਲ ਅੰਦਰ ਇੱਕ ਛੋਟਾ ਜਿਹਾ ਬਾਜ਼ਾਰ ਵੀ ਹੈ ਜਿੱਥੋਂ ਲੋਕ ਕਸ਼ਮੀਰੀ ਕੱਪੜਾ, ਕੇਸਰ ਅਤੇ ਹੋਰ ਖਾਣ-ਪੀਣ ਦਾ ਸਮਾਨ ਘਰ ਲਈ ਲੈ ਕੇ ਜਾਂਦੇ ਹਨ। ਇਸ ਝੀਲ ਕੰਢੇ ਸਵੇਰ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਰੌਣਕ ਹੁੰਦੀ ਹੈ। ਇਸ ਝੀਲ ਦੇ ਨਾਲ ਹੋਟਲ ਤੇ ਰੇਸਤਰਾਂ ਵੀ ਹਨ ਜਿੱਥੇ ਲੋਕ ਆਰਾਮ ਨਾਲ ਰਹਿ ਸਕਦੇ ਹਨ। ਇਸ ਝੀਲ ਵਿੱਚ ਚਸ਼ਮੇ ਸ਼ਾਹੀ ਹੋਟਲ ਭਾਵ ਵੱਡੀਆਂ ਬੇੜੀਆਂ ਹਨ। ਉਸ ਅੰਦਰ ਕਮਰੇ ਬਣੇ ਹਨ। ਕਮਰਿਆਂ ਅੰਦਰ ਰਹਿਣ ਦਾ ਪੂਰਾ ਪ੍ਰਬੰਧ ਹੁੰਦਾ ਹੈ। ਖਾਣਾ ਬਣਾਉਣ ਲਈ ਰਸੋਈ, ਨਹਾਉਣ ਧੋਣ ਲਈ ਗੁਸਲਖ਼ਾਨਾ ਬਣਾਇਆ ਹੁੰਦਾ ਹੈ ਭਾਵ ਹੋਟਲ ਦੀ ਤਰ੍ਹਾਂ ਹੁੰਦਾ ਹੈ। ਬਹੁਤ ਸਾਰੇ ਯਾਤਰੂ ਇਹ ਚਸ਼ਮੇ ਸ਼ਾਹੀ ਕਿਰਾਏ ’ਤੇ ਲੈ ਕੇ ਰਹਿੰਦੇ ਹਨ। ਇਸ ਸ਼ਹਿਰ ਵਿੱਚ ਇਤਿਹਾਸਕ ਮੰਦਰ ਅਤੇ ਗੁਰਦੁਆਰੇ ਵੀ ਹਨ। ਇੱਥੋਂ ਅਮਰਨਾਥ ਨੂੰ ਵੀ ਯਾਤਰਾ ਨਿਕਲਦੀ ਹੈ। ਬਹੁਤੇ ਇਤਿਹਾਸਕ ਗੁਰਦੁਆਰੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਿਤ ਹਨ। ਇੱਕ ਗੁਰਦੁਆਰਾ ਸ਼ਹੀਦ ਬੁੰਗਾ ਵੀ ਹੈ। ਇਸ ਥਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਸ਼ਮੀਰ ਫ਼ਤਿਹ ਸਮੇਂ ਮੈਦਾਨ-ਏ-ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ ਕੀਤਾ ਗਿਆ ਸੀ। ਇਸ ਕਰਕੇ ਇੱਥੇ ਬਣੇ ਗੁਰਦੁਆਰੇ ਦਾ ਨਾਂ ਸ਼ਹੀਦ ਬੁੰਗਾ ਪੈ ਗਿਆ। ਇੱਥੇ ਯਾਤਰੂਆਂ ਦੇ ਰਹਿਣ ਲਈ ਸਾਫ਼-ਸੁਥਰੇ ਕਮਰੇ ਹਨ। ਲੰਗਰ ਦਾ ਵੀ ਪ੍ਰਬੰਧ ਹੈ।
ਕਸ਼ਮੀਰ ਵਿੱਚੋਂ ਹੀ ਇੱਕ ਦਰਿਆ ਨਿਕਲਦਾ ਹੈ ਜਿਸ ਦਾ ਨਾਂ ਜੇਹਲਮ ਹੈ। ਇਹ ਦਰਿਆ ਇੱਕ ਚਸ਼ਮੇ ਦੇ ਰੂਪ ਵਿੱਚ ਹੈ। ਇਸ ਦਰਿਆ ਨੂੰ ਵੈਰੀ ਨਾਗ ਵੀ ਕਿਹਾ ਜਾਂਦਾ ਹੈ। ਕਸ਼ਮੀਰ ਵਿੱਚ ਕੁਦਰਤ ਨੇ ਬਹੁਤ ਸੁੰਦਰਤਾ ਵਰਤੀ ਹੈ। ਜੇਹਲਮ ਦਰਿਆ ਇੱਥੋਂ ਬਾਰਾਮੂਲਾ ਚਲਾ ਜਾਂਦਾ ਹੈ। ਫਿਰ ਇਹ ਪਾਕਿਸਤਾਨ ਜਾ ਵੜਦਾ ਹੈ।
ਅਸੀਂ ਦੂਜੇ ਦਿਨ ਗੁਲਮਰਗ ਚਲੇ ਗਏ। ਸਾਡੀ ਗੱਡੀ ਫਿਰ ਪਹਾੜੀਆਂ ਦੇ ਉਪਰ ਜਾਣ ਲੱਗ ਪਈ ਤੇ ਫਿਰ ਸੱਪ ਵਾਂਗ ਵਲੇਵੇ ਖਾਣ ਲੱਗੀ। ਜਦੋਂ ਅਸੀਂ ਗੁਲਮਰਗ ਪੁੱਜੇ ਤਾਂ ਇੱਥੇ ਬਹੁਤ ਰੌਣਕ ਸੀ। ਬਹੁਤ ਵੱਡਾ ਗਰਾਊਂਡ ਸੀ। ਲੋਕ ਗਰਾਊਂਡ ਵਿੱਚ ਸੈਰ ਕਰ ਰਹੇ ਸਨ। ਘੋੜੇ ਬਹੁਤ ਸਨ। ਇੱਥੇ ਵੀ ਪਤਨੀ ਟੋਪ ਵਾਂਗ ਸਰਕਾਰੀ ਹੱਟ ਬਣੇ ਹਨ। ਲੋਕ ਇਹ ਹੱਟ ਕਿਰਾਏ ’ਤੇ ਲੈ ਕੇ ਰਹਿੰਦੇ ਹਨ। ਇੱਥੇ ਹੋਟਲ ਵੀ ਹਨ। ਸਰਦੀਆਂ ਵਿੱਚ ਕਾਫ਼ੀ ਬਰਫ਼ ਪੈ ਜਾਂਦੀ ਹੈ। ਬਰਫ਼ਬਾਰੀ ਸਮੇਂ ਯਾਤਰੂ ਇੱਥੇ ਪਿਕਨਿਕ ਮਨਾਉਣ ਆਉਂਦੇ ਹਨ। ਉੱਚੀਆਂ-ਉੱਚੀਆਂ ਪਹਾੜੀਆਂ, ਚਾਰੇ ਪਾਸੇ ਹਰਿਆਵਲ ਨਜ਼ਰ ਆਉਂਦੀ ਹੈ।
ਅਸੀਂ ਰਾਤ ਰਹਿਣ ਲਈ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਪੁੱਜ ਗਏ। ਹਰ ਘਰ ਦੀ ਛੱਤ ਝੌਂਪੜੀਨੁਮਾ ਸੀ। ਲੈਂਟਰ ਵਾਲੇ ਘਰ ਘੱਟ ਸਨ। ਇੱਥੇ ਕੇਸਰ ਬਹੁਤ ਹੁੰਦਾ ਹੈ ਜੋ ਬਹੁਤ ਮਹਿੰਗਾ ਹੈ। ਇੱਥੋਂ ਦੇ ਸੇਬ ਸਾਰੇ ਭਾਰਤ ’ਚ ਜਾਂਦੇ ਹਨ। ਕੁਝ ਵਿਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਹੈ। ਇੱਥੇ ਖੁਰਮਾਨੀ ਤੇ ਹੋਰ ਬਹੁਤ ਫਲ ਹੁੰਦੇ ਹਨ। ਇੱਥੇ ਸਰਦੀਆਂ ਵਿੱਚ ਬਹੁਤ ਬਰਫ਼ ਪੈਂਦੀ ਹੈ। ਲੋਕ ਬਹੁਤ ਖ਼ੁਸ਼ਹਾਲ ਹਨ। ਰੇਸ਼ਮੀ ਕੱਪੜੇ ਦੇ ਸਰਕਾਰੀ ਕਾਰਖਾਨੇ ਵੀ ਹਨ। ਇੱਥੋਂ ਦੇ ਲੋਕਾਂ ਦੀ ਬੋਲੀ ਕਸ਼ਮੀਰੀ ਹੈ। ਇਨ੍ਹਾਂ ਦਾ ਪਹਿਰਾਵਾ ਕਮੀਜ਼, ਸਲਵਾਰ ਹੈ। ਇੱਥੇ ਪੈਂਗੋਗ ਝੀਲ ਵੀ ਹੈ। ਅਸੀਂ ਸ਼ਾਮ ਨੂੰ ਉੱਥੇ ਗਏ। ਇਹ ਡਲ ਝੀਲ ਨਾਲੋਂ ਸਾਫ਼-ਸੁਥਰੀ ਤੇ ਵੱਡੀ ਸੀ।
ਅਸੀਂ ਸਵੇਰੇ ਛੇਤੀ ਲੇਹ-ਲੱਦਾਖ ਜਾਣਾ ਸੀ। ਇਸ ਕਰਕੇ ਜਲਦੀ ਵਾਪਸ ਗੁਰਦੁਆਰਾ ਸਾਹਿਬ ਆਏ। ਲੇਹ-ਲੱਦਾਖ ਜਾਂਦੀ ਸੜਕ ਕਈ ਜਗ੍ਹਾ ’ਤੇ ਬਹੁਤ ਤੰਗ ਹੈ ਉੱਥੋਂ ਮਸਾਂ ਇੱਕ ਹੀ ਗੱਡੀ ਲੰਘਦੀ ਹੈ। ਇਸ ਕਰਕੇ ਫ਼ੌਜ ਪਹਿਲਾਂ ਇੱਧਰੋਂ ਗੱਡੀਆਂ ਛੱਡਦੀ ਹੈ। ਫਿਰ ਦਰਾਸ ਤੋਂ ਸਾਢੇ ਗਿਆਰਾਂ ਵਜੇ ਉਧਰੋਂ ਗੱਡੀਆਂ ਛੱਡਦੇ ਹਨ। ਅਸੀਂ ਸਵੇਰੇ ਸਮੇਂ ਸਿਰ ਚੱਲ ਪਏ ਤੇ ਸਾਢੇ ਅੱਠ ਵਜੇ ਸੋਨਮਰਗ ਪੁੱਜ ਗਏ। ਉੱਥੋਂ ਫਿਰ ਮਿਲਟਰੀ ਸਾਰੀਆਂ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਦਿੰਦੀ ਹੈ।
ਅਸੀਂ ਸੋਨਮਰਗ ਪੁੱਜ ਗਏ। ਇੱਥੇ ਘੋੜਿਆਂ ਵਾਲੇ ਘੋੜੇ ਲੈ ਕੇ ਬੈਠੇ ਸਨ। ਇੱਥੇ ਚਾਹ ਦੀਆਂ ਦੁਕਾਨਾਂ ਕਾਫ਼ੀ ਸਨ। ਅਸੀਂ ਗੱਡੀ ਖੜ੍ਹੀ ਕੀਤੀ। ਨਾਸ਼ਤਾ ਕੀਤਾ ਅਤੇ ਚਾਹ ਪੀਤੀ। ਫਿਰ ਸਾਡੀ ਗੱਡੀ ਸੋਨਮਰਗ ਪਹਾੜੀਆਂ ਦੀ ਚੜ੍ਹਾਈ ਚੜ੍ਹਨ ਲੱਗੀ। ਅਸੀਂ ਕੈਪਟਨ ਪਹਾੜੀ ’ਤੇ ਪੁੱਜ ਗਏ। ਸੜਕ ਬਹੁਤ ਮਾੜੀ ਤੇ ਖ਼ਤਰਨਾਕ ਸੀ। ਮਸੀਂ ਹੀ ਇੱਕੋ ਗੱਡੀ ਲੰਘਦੀ ਸੀ। ਇੱਕ ਪਾਸੇ ਪਹਾੜ ਦੂਜੇ ਪਾਸੇ ਡੂੰਘੀ ਖੱਡ ਸੀ। ਅੱਗੇ ਜਾ ਕੇ ਸੜਕ ਖੁੱਲ੍ਹੀ ਆਈ ਤਾਂ ਮੇਰੇ ਸਾਹ ਵਿੱਚ ਸਾਹ ਆਇਆ।
ਦਰਾਸ ਬਹੁਤ ਠੰਢੀ ਜਗ੍ਹਾ ਹੈ। ਜਦੋਂ ਅਸੀਂ ਗੱਡੀ ਤੋਂ ਬਾਹਰ ਨਿਕਲੇ ਠੰਢੀ ਹਵਾ ਚੱਲ ਰਹੀ ਸੀ। ਅਸੀਂ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਹ ਸਾਰਾ ਇਲਾਕਾ ਬਹੁਤ ਸੁੰਦਰ ਹੈ। ਅਸੀਂ ਕਾਰਗਿਲ ਤੋਂ ਦਸ ਕਿਲੋਮੀਟਰ ਪਿੱਛੇ ਹੀ ਸਾਂ। ਇੱਕ ਦਰਿਆ ਖੱਬੇ-ਹੱਥ, ਇੱਕ ਦਰਿਆ ਸੱਜੇ ਹੱਥ ਸੀ। ਕਾਰਗਿਲ ਪਿੱਛੋਂ ਅਸੀਂ ਵੇਖਿਆ ਇਸ ਸੜਕ ’ਤੇ ਵੀ ਕੰਧ ਕੀਤੀ  ਹੋਈ ਸੀ।
ਕਾਰਗਿਲ ਇੱਕ ਛੋਟਾ ਜਿਹਾ ਸ਼ਹਿਰ ਹੈ। ਇਹ ਸ਼ਹਿਰ ਬਹੁਤ ਪੁਰਾਣਾ ਹੈ। ਇੱਥੇ ਸਰਕਾਰੀ ਹਸਪਤਾਲ, ਕਾਲਜ, ਸਕੂਲ, ਸਰਕਾਰੀ ਮਹਿਕਮਿਆਂ ਦੇ ਦਫ਼ਤਰ ਵੀ ਹਨ। ਇਸ ਸ਼ਹਿਰ ਵਿੱਚ ਇੱਕ ਦਰਿਆ ਵਗਦਾ ਹੈ। ਇਹ ਦਰਿਆ ਸਿੰਧ ਦਰਿਆ ਵਿੱਚੋਂ ਨਿਕਲਿਆ ਹੋਇਆ ਹੈ। ਇਸ ਦਰਿਆ ਉਪਰ Ç
Âੱਕ ਕਿਲੋਵਾਟ ਦੇ ਬਿਜਲੀ ਬਣਾਉਣ ਵਾਲੇ ਦੋ ਪ੍ਰੋਜੈਕਟ ਲੱਗੇ ਹਨ ਜੋ ਇਸ ਸ਼ਹਿਰ ਅਤੇ ਪਿੰਡਾਂ ਨੂੰ ਬਿਜਲੀ ਸਪਲਾਈ ਕਰਦੇ ਹਨ। ਇਸ ਦਰਿਆ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਹੈ। ਇਸ ਦਰਿਆ ਦਾ ਨਾਂ ਸ਼ਰਚੂ ਹੈ। ਇੱਥੋਂ ਦੇ ਲੋਕ ਬਹੁਤੇ ਸਰਕਾਰੀ ਨੌਕਰੀਆਂ ਕਰਦੇ ਹਨ। ਕੁਝ ਠੇਕੇਦਾਰ ਹਨ। ਇਸ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ। ਇੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਇਸ ਦਾ ਪ੍ਰਬੰਧ ਫ਼ੌਜ ਕੋਲ ਹੈ। ਇੱਥੇ ਸੰਗਤਾਂ ਲਈ ਰਾਤ ਰਹਿਣ ਦਾ ਪ੍ਰਬੰਧ ਵੀ ਹੈ। ਇਹ ਸ਼ਹਿਰ ਕੋਈ ਦੋ ਕਿਲੋਮੀਟਰ ਵਿੱਚ ਹੈ। ਭਾਵੇਂ ਅਗਸਤ ਦਾ ਮਹੀਨਾ ਸੀ ਪਰ ਗਰਮੀ ਸੀ। ਇਹ ਕਸ਼ਮੀਰ ਤੋਂ ਕੋਈ 235 ਕਿਲੋਮੀਟਰ ਦੀ ਦੂਰੀ ’ਤੇ ਵੱਸਿਆ ਹੋਇਆ ਹੈ। ਇੱਥੋਂ ਲੇਹ-ਲੱਦਾਖ ਕੋਈ 220 ਕਿਲੋਮੀਟਰ ਦੂਰ ਹੈ। ਕਾਰਗਿਲ ਤੋਂ ਅਸੀਂ ਸਵੇਰੇ ਨੌਂ ਵਜੇ ਲੇਹ-ਲੱਦਾਖ ਨੂੰ ਚੱਲ ਪਏ। ਇਹ ਰਸਤਾ ਕਾਫ਼ੀ ਚੜ੍ਹਾਈ ਵਾਲਾ ਸੀ। ਸੜਕ ਖਾਲੀ ਸੀ। ਕਈ ਥਾਵਾਂ ’ਤੇ ਸੜਕ ਕਾਫ਼ੀ ਮਾੜੀ ਸੀ। ਸਰਕਾਰ ਸੜਕ ਨੂੰ ਚਾਰ ਲਾਈਨ ਬਣਾ ਰਹੀ ਹੈ। ਕਾਰਗਿਲ ਤੋਂ ਨਿਕਲਦਿਆਂ ਹੀ ਚੜ੍ਹਾਈ ਚਾਲੂ ਹੋ ਗਈ। ਕਿਤੇ ਰੇਤਲੀਆਂ ਪਹਾੜੀਆਂ ਸਨ। ਅਸੀਂ ਇਨ੍ਹਾਂ ਕੋਲੋਂ ਲੰਘ ਰਹੇ ਸਾਂ ਜਿਵੇਂ ਅਸੀਂ ਰਾਜਸਥਾਨ ਪੁੱਜ ਗਏ ਹੋਈਏ ਪਰ ਇਹ ਰੇਤ ਜੰਮੀ ਹੋਈ ਸੀ। ਅਸੀਂ ਆਪਣੀ ਦੁਨੀਆਂ ਤੋਂ ਬਹੁਤ ਦੂਰ ਨਿਕਲ ਆਏ ਸਾਂ। ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਅਸੀਂ ਸਮੁੰਦਰ ਤੋਂ ਕੋਈ ਦਸ ਹਜ਼ਾਰ ਫੁੱਟ ’ਤੇ ਆ ਗਏ ਸਾਂ। ਟਾਵੀਂ-ਟਾਵੀਂ ਕੋਈ ਗੱਡੀ ਲੰਘਦੀ ਨਜ਼ਰ ਆ ਰਹੀ ਸੀ ਜਾਂ ਕੋਈ ਵਿਦੇਸ਼ੀ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿਉਂਕਿ ਉਹ ਘੁੰਮਣ-ਫਿਰਨ ਦਾ ਬਹੁਤ ਸ਼ੌਕ ਰੱਖਦੇ ਹਨ। ਜਦੋਂ ਅਸੀਂ ਲੇਹ-ਲੱਦਾਖ ਜਾ ਰਹੇ ਸਾਂ ਤਾਂ ਗਿਆਨੀ ਸਵਰਨ ਸਿੰਘ ਜੀ ਨੇ ਕਿਹਾ, ‘‘ਹੁਣ ਥੋੜ੍ਹੀ ਹੀ ਦੇਰ ਤੱਕ ਇੱਕ ਇਹੋ ਜਿਹੀ ਧਰਤੀ ਆਉਣੀ ਹੈ ਜਿਸ ਨੂੰ ਮੂਨ ਲਾਈਡ ਕਿਹਾ ਜਾਂਦਾ ਹੈ।’’ ਇੱਥੋਂ ਦੀ ਮਿੱਟੀ ਬਹੁਤ ਸੁੰਦਰ ਹੈ। ਸਾਰੀਆਂ ਪਹਾੜੀਆਂ ਤੋਂ ਅਲੱਗ ਹੀ ਸੀ। ਇਸ ਦਾ ਨਾਂ ਠੀਕ ਹੀ ਰੱਖਿਆ ਹੈ।
ਚੁੰਬਕਵਾਲੀ ਪਹਾੜੀ: ਸਾਡੀ ਗੱਡੀ ਅਜੇ ਇੱਕ ਕਿਲੋਮੀਟਰ ਦੂਰ ਸੀ। ਡਰਾਈਵਰ ਨੇ ਕਿਹਾ ਕਿ ਇਹ ਚੁੰਬਕਵਾਲੀ ਪਹਾੜੀ ਹੈ। ਦੁਨੀਆਂ ਵਿੱਚ ਅਜਿਹੀਆਂ ਪਹਾੜੀਆਂ ਦੋ ਹੀ ਹਨ।
ਗੁਰਦੁਆਰਾ ਪੱਥਰ ਸਾਹਿਬ: ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਹ ਲੇਹ- ਲੱਦਾਖ ਰੋਡ ਉਪਰ ਹੈ। ਇੱਥੋਂ ਲੇਹ 25 ਕਿਲੋਮੀਟਰ ਦੂਰ ਹੈ। ਗੁਰੂ ਨਾਨਕ ਦੇਵ ਜੀ ਮਾਨਸਰੋਵਰ ਅਤੇ ਕੈਲਾਸ਼ ਵੱਲੋਂ ਹੋ ਕੇ ਕਈ ਨਗਰਾਂ ਵਿੱਚੋਂ ਲੇਹ-ਲੱਦਾਖ ਆ ਗਏ। ਉਸ ਸਮੇਂ ਲੱਦਾਖ ਤਿੱਬਤ ਦਾ ਹਿੱਸਾ ਸੀ। ਅੱਜ ਇੱਥੇ ਗੁਰਦੁਆਰਾ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ। ਇਹ ਗੁਰਦੁਆਰਾ ਸਿਰਫ਼ ਚਾਰ-ਪੰਜ ਮਹੀਨੇ ਲਈ ਹੀ ਖੁੱਲ੍ਹਦਾ ਹੈ। ਸਰਦੀਆਂ ਵਿੱਚ ਬਰਫ਼ ਪੈਣ ਕਰਕੇ ਰਸਤੇ ਬੰਦ ਹੋ ਜਾਂਦੇ ਹਨ। ਇਸ ਕਰਕੇ ਗੁਰਦੁਆਰਾ ਸਾਹਿਬ ਤੱਕ ਆਵਾਜਾਈ ਨਹੀਂ ਰਹਿੰਦੀ।
ਜਦੋਂ ਅਸੀਂ ਗੁਰਦੁਆਰਾ ਪੱਥਰ ਸਾਹਿਬ ਤੋਂ ਚੱਲੇ ਤਾਂ ਇਹ ਇਲਾਕਾ ਸਾਰਾ ਪੱਧਰਾ ਸੀ। ਸੜਕ ਦੇ ਦੋਵੇਂ ਪਾਸੇ ਰੇਤਲੇ ਮੈਦਾਨ ਸਨ। ਪਹਾੜੀਆਂ ਦੂਰ-ਦੂਰ ਤੱਕ ਹਨ। ਕੋਈ ਦਰੱਖ਼ਤ ਨਹੀਂ। ਇੱਕ ਸੜਕ ਹੀ ਇਨ੍ਹਾਂ ਪਹਾੜੀਆਂ ਵਿੱਚੋਂ ਲੰਘ ਰਹੀ ਸੀ। ਗੱਡੀ ਤੇਜ਼ੀ ਨਾਲ ਅੱਗੇ ਜਾ ਰਹੀ ਸੀ। ਸੜਕ ਦੇ ਕੰਢੇ ਛੋਟੀਆਂ-ਛੋਟੀਆਂ ਸਮਾਧੀਆਂ ਬਣੀਆਂ ਸਨ। ਇਨ੍ਹਾਂ ਨੂੰ ਗੁਫਾ ਕਹਿੰਦੇ ਹਨ। ਜਿਹੜੇ ਇਨ੍ਹਾਂ ਦਾ ਵੱਡਾ ਗੁਰੂ ਜਾਂ ਘਰ ਦਾ ਵੱਡਾ-ਵਡੇਰਾ ਮਰ ਜਾਂਦਾ ਹੈ ਤਾਂ ਬੁੱਧ ਧਰਮ ਵਾਲੇ ਉਨ੍ਹਾਂ ਦੀ ਸਮਾਧੀ ਬਣਾ ਦਿੰਦੇ ਹਨ। ਫਿਰ ਅਸੀਂ ਸ਼ਹਿਰ ਦੇ ਕਰੀਬ ਪੁੱਜ ਗਏ ਸਾਂ। ਸਾਡਾ ਰਹਿਣ ਦਾ ਪ੍ਰਬੰਧ ਪੁਲੀਸ ਲਾਈਨ ਦੇ ਗੈਸਟ ਹਾਊਸ ਵਿੱਚ ਕੀਤਾ ਸੀ। ਗੈਸਟ ਹਾਊਸ ਵਿੱਚ ਸਿਰਫ਼ ਰਹਿਣ ਲਈ ਕਮਰੇ ਹੀ ਸਨ। ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਸੀ। ਸਾਨੂੰ ਰੋਟੀ ਬਾਹਰੋਂ ਹੀ ਖਾਣੀ ਪਈ। ਇਹ ਗੈਸਟ ਹਾਊਸ ਮਨਾਲੀ ਰੋਡ ’ਤੇ ਸੀ।
ਦੂਜੇ ਦਿਨ ਅਸੀਂ ਸ਼ਹਿਰ ਅੰਦਰ ਗਏ। ਸ਼ਹਿਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਇੱਕ ਵੱਡਾ ਗੇਟ ਬਣਾਇਆ ਹੋਇਆ ਹੈ, ਜਿਸ ਉਪਰ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ। ਇੱਥੇ ਮੌਸਮ ਗਰਮ ਸੀ। ਅਸੀਂ ਸਮਝਦੇ ਸਾਂ ਸ਼ਾਇਦ ਸਰਦੀ ਹੋਵੇਗੀ ਪਰ ਬਹੁਤ ਗਰਮੀ ਲੱਗ ਰਹੀ ਸੀ। ਇੱਥੋਂ ਦੇ ਲੋਕਾਂ ਦਾ ਪਹਿਰਾਵਾ ਆਪਣਾ ਹੀ ਹੈ। ਇਨ੍ਹਾਂ ਦੀ ਭਾਸ਼ਾ ਲਦਾਖੀ ਹੈ। ਇੱਥੇ ਬਹੁਤੇ ਬੁੱਧ ਧਰਮ ਨਾਲ ਸਬੰਧਤ ਹਨ। ਬੁੱਧ ਦੇ ਬਹੁਤ ਮੰਦਰ ਬਣੇ ਹੋਏ ਹਨ। ਇੱਥੇ ਸਥਿਤ ਝੀਲ ਨੂੰ ਵੂਲਰ ਝੀਲ ਕਹਿੰਦੇ ਹਨ। ਇਹ ਝੀਲ ਬਹੁਤ ਲੰਮੀ ਹੈ ਜਿਸ ਦੇ ਤਿੰਨ ਹਿੱਸੇ ਭਾਰਤ ਵਿੱਚ ਹਨ ਤੇ ਸੱਤ ਹਿੱਸੇ ਚੀਨ ਵਿੱਚ। ਅਸੀਂ ਸ਼ਾਮ ਨੂੰ ਲੇਹ-ਲੱਦਾਖ ਪੁੱਜ ਗਏ। ਇੱਕ ਰਾਤ ਰਹਿਣ ਤੋਂ ਬਾਅਦ ਅਸੀਂ ਵਾਪਸ ਕਸ਼ਮੀਰ ਪੁੱਜ ਗਏ। ਇੱਥੇ ਇੱਕ ਰਾਤ ਰਹਿਣ ਮਗਰੋਂ ਅਸੀਂ ਪਹਿਲਗਾਮ ਆ ਗਏ। ਅਸੀਂ ਵੈਰੀ ਨਾਗ ਚਸ਼ਮਾ ਵੀ ਵੇਖਿਆ। ਫਿਰ ਅਸੀਂ ਜੰਮੂ ਰਸਤੇ ਅੰਮ੍ਰਿਤਸਰ ਪੁੱਜ ਗਏ।
* ਪ੍ਰਮਿੰਦਰ ਸਿੰਘ ਡੰਡੀ, ਮੋਬਾਈਲ: 94172-87577


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)
  • ਮੌਸਮ

    Delhi, India 36 °CHaze
    Chandigarh, India 34 °CSunny
    Ludhiana,India 34 °CSunny
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.