ਖੇਤਰੀ ਪ੍ਰਤੀਨਿਧ
ਬਠਿੰਡਾ, 31 ਮਈ
ਇਥੇ ਰੇਲਵੇ ਸਟੇਸ਼ਨ ’ਤੇ ਆਬਕਾਰੀ ਅਤੇ ਕਰ ਵਿਭਾਗ ਦੀ ਟੀਮ ਨੇ ਲਾਲਗੜ੍ਹ-ਗੁਹਾਟੀ ਐਕਸਪ੍ਰੈੱਸ ਗੱਡੀ ਵਿੱਚੋਂ ਟੈਕਸ ਚੋਰੀ ਕਰਕੇ ਲਿਆਂਦਾ ਮਾਲ ਦੇ 266 ਨਗ ਬਰਾਮਦ ਕੀਤੇ। ਇਸ ਦੌਰਾਨ ਰੇਲਵੇ ਦੇ ਮੁਲਾਜ਼ਮਾਂ ਨੇ ਆਬਕਾਰੀ ਵਿਭਾਗ ਦੀ ਟੀਮ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਮਾਲ ਵੀ ਕਬਜ਼ੇ ਵਿੱਚ ਨਹੀਂ ਲੈਣ ਦਿੱਤਾ।
ਜੁਆਇੰਟ ਇਨਫੋਰਸਮੈਂਟ ਟੈਕਸੇਸ਼ਨ ਫ਼ਰੀਦਕੋਟ ਅਤੇ ਫਿਰੋਜ਼ਪੁਰ ਦੇ ਡਾਇਰੈਕਟਰ ਵਾਈ.ਐਸ. ਮਾਟਾ ਨੇ ਰੇਲਵੇ ਸਟੇਸ਼ਨ ’ਤੇ ਦੱਸਿਆ ਕਿ ਰਾਤੀ ਉਨ੍ਹਾਂ ਦੀ ਟੀਮ ਬਠਿੰਡਾ ਰੇਲਵੇ ਸਟੇਸ਼ਨ ’ਤੇ ਆਉਣ ਵਾਲੀ ਲਾਲਗੜ੍ਹ-ਗੁਹਾਟੀ ਐਕਸਪ੍ਰੈੱਸ ’ਤੇ ਛਾਪਾ ਮਾਰਨ ਲਈ ਆਈ ਸੀ। ਟੀਮ ਵਿੱਚ ਤਿੰਨ ਅਸਿਸਟੈਂਟ ਟੈਕਸੇਸ਼ਨ ਕਮਿਸ਼ਨਰ (ਏ.ਟੀ.ਸੀ.) ਜਸਵਿੰਦਰ ਸਿੰਘ, ਮਦਨ ਮੋਹਨ ਸਿੰਘ, ਪਵਨ ਗਰਗ, ਚਾਰ ਈ.ਟੀ.ਓ. ਐਸ.ਐਸ. ਮਾਨਸ਼ਾਹੀਆ, ਰਿਸ਼ੀ ਕੁਮਾਰ, ਮਾਲਵਿੰਦਰ ਸਿੰਘ ਢਿੱਲੋਂ ਅਤੇ ਰਾਕੇਸ਼ ਮਲਹੋਤਰਾ, ਇੰਸਪੈਕਟਰ ਅਤੇ ਪੁਲੀਸ ਸਟਾਫ ਸੀ। ਰਾਤ ਜਦੋਂ 9:30 ਵਜੇ ਛਾਪਾ ਮਾਰਿਆ ਤਾਂ ਇਸ ਦੌਰਾਨ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਸਹਿਯੋਗ ਦੇਣ ਦੀ ਬਜਾਏ ਬਦਸਲੂਕੀ ਕੀਤੀ। ਜੀ.ਆਰ.ਪੀ. ਦੇ ਏ.ਐਸ.ਆਈ. ਸੁਰਜੀਤ ਸਿੰਘ ਨੇ ਤਾਂ ਟੀਮ ਵਿਰੁੱਧ ਪਰਚਾ ਦਰਜ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਆਖਿਆ ਕਿ ਗੱਡੀ ਦੀ ਬੋਗੀ ਵਿੱਚ ਆਏ ਬਿਨਾਂ ਵੈਟ ਨੰਬਰ ਅਤੇ ਬਿਲ ਤੋਂ ਮਾਲ ਦੀ ਪੁੱਛ-ਪੜਤਾਲ ਕੀਤੀ ਗਈ ਪਰ ਇਸ ਦਾ ਕੋਈ ਸਾਰਥਕ ਜਵਾਬ ਨਾ ਮਿਲਿਆ। ਜਦੋਂ ਇਸ ਮਾਲ ਨੂੰ ਡੱਬੇ ਵਿੱਚੋਂ ਉਤਰਵਾ ਕੇ ਕਬਜ਼ੇ ਵਿੱਚ ਲਿਆ ਜਾਣ ਲੱਗਿਆ ਤਾਂ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੇ ਆਖਿਆ ਕਿ ਪਹਿਲਾਂ ਸੀਨੀਅਰ ਡੀ.ਸੀ.ਐਮ. ਜਾਂ ਡੀ.ਆਰ.ਐਮ. ਦੀ ਆਗਿਆ ਲੈ ਕੇ ਆਓ ਅਤੇ ਫਿਰ ਇਹ ਮਾਲ ਕਬਜ਼ੇ ਵਿੱਚ ਲਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਟੈਕਸ ਚੋਰੀ ਕਰਕੇ ਲਿਆਂਦੇ ਮਾਲ ਦੇ ਕੁੱਲ 266 ਨਗ ਹਨ, ਜਿਨ੍ਹਾਂ ਦੀ ਕੀਮਤ 10 ਲੱਖ ਰੁਪਏ ਦੇ ਕਰੀਬ ਬਣਦੀ ਹੈ। ਜਦੋਂ ਰੇਲਵੇ ਵਿਭਾਗ ਨੇ ਇਸ ਮਾਲ ਨੂੰ ਨਾ ਲੈ ਜਾਣ ਦਿੱਤਾ ਤਾਂ ਅਧਿਕਾਰੀਆਂ ਨੇ ਸਾਰੀ ਰਾਤ ਬਠਿੰਡਾ ਰੇਲਵੇ ਸਟੇਸ਼ਨ ’ਤੇ ਮਾਲ ਦੀ ਰਾਖੀ ਕਰਦਿਆਂ ਕੱਟੀ।
ਸ੍ਰੀ ਮਾਟਾ ਨੇ ਦੋਸ਼ ਲਾਇਆ ਕਿ ਰੇਲਵੇ ਵਿਭਾਗ ਦੇ ਕੁੱਝ ਮੁਲਾਜ਼ਮ ਵੀ ਟੈਕਸ ਚੋਰੀ ਕਰਵਾਉਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਆਖਿਆ ਕਿ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਸਟੇਸ਼ਨਾਂ ’ਤੇ ਉਤਰਨ ਵਾਲੇ ਮਾਲ ਨੂੰ ਬਿਨਾਂ ਟੈਕਸ ਦਿੱਤਿਆਂ ਸਟੇਸ਼ਨਾਂ ਤੋਂ ਬਾਹਰ ਕਰਵਾ ਦਿੱਤਾ ਜਾਂਦਾ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਜੀ.ਆਰ.ਪੀ. ਦੇ ਸਬੰਧਤ ਏ.ਐਸ.ਆਈ. ਨੇ ਬਠਿੰਡਾ ਸਟੇਸ਼ਨ ਮਾਸਟਰ ਪ੍ਰਦੀਪ ਕੁਮਾਰ ਦੇ ਦਫਤਰ ਵਿੱਚ ਮੁਆਫੀ ਮੰਗ ਲਈ ਹੈ।
ਉਧਰ ਸਟੇਸ਼ਨ ਮਾਸਟਰ ਪ੍ਰਦੀਪ ਕੁਮਾਰ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ। ਇਸ ਤਹਿਤ ਏ.ਐਸ.ਆਈ. ਸੁਰਜੀਤ ਕੁਮਾਰ ਨੇ ਅਧਿਕਾਰੀਆਂ ਤੋਂ ਮੁਆਫ਼ੀ ਵੀ ਮੰਗ ਲਈ ਹੈ।