ਪ੍ਰਤੀਕ ਸਿੰਘ
ਟੋਰਾਂਟੋ,21 ਮਈ
ਪੰਜਾਬੀ ਦੀ ਚਰਚਿਤ ਕਲਾਤਮਕ ਫਿਲਮ‘‘ਅੰਨ੍ਹੇ ਘੋੜੇ ਦਾ ਦਾਨ’ ਅਤੇ ਗਾਇਕ ਲਾਭ ਜੰਜੂਆ ਤੇ ਗਿੱਪੀ ਗਰੇਵਾਲ ਦੇ ਸ਼ੋਅ ਨਾਲ ਪਲੇਠਾ ਪੰਜਾਬੀ ਕੌਮਾਂਤਰੀ ਫਿਲਮ ਮੇਲਾ (ਪਿੱਫ) ਅੱਜ ਸ਼ਾਮ ਸੰਪੰਨ ਹੋ ਗਿਆ। ਪਿਛਲੇ ਚਾਰ ਦਿਨਾਂ ਤੋਂ ਮਿਸੀਸਾਗਾ ਅਤੇ ਬਰੈਂਪਟਨ ਦੇ ਵੱਖ-ਵੱਖ ਥੀਏਟਰਾਂ ਵਿਚ ਹੋਈਆਂ ਪੇਸ਼ਕਾਰੀਆਂ ਨਾਲ ਇਹ ਪਲੇਠਾ ਫਿਲਮ ਮੇਲਾ ਦਰਸ਼ਕਾਂ ’ਤੇ ਛਾਪ ਛੱਡਣ ਵਿਚ ਕਾਮਯਾਬ ਰਿਹਾ।
ਮੇਲੇ ਦੇ ਸ਼ੁਰੂਆਤੀ ਸਮਾਰੋਹ ਵਿਚ ਜਿੱਥੇ ਜਸਵੀਰ ਜੱਸੀ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ, ਉਥੇ ਅਦਾਕਾਰਾ ਨੀਰੂ ਬਾਜਵਾ, ਕਿੰਮੀ ਵਰਮਾ,ਲਾਭ ਜੰਜੂਆ, ਨਿਰਦੇਸ਼ਕ ਗੁਰਵਿੰਦਰ ਸਿੰਘ, ਜੀਤ ਮਠਾਰੂ, ਲੇਖਕ ਬਲਦੇਵ ਗਿੱਲ ਤੋਂ ਇਲਾਵਾ ਬਹੁਤ ਸਾਰੇ ਸਿਆਸੀ ਲੀਡਰਾਂ ਅਤੇ ਨਾਮਵਰ ਸ਼ਖਸੀਅਤਾਂ ਪਹੁੰਚੀਆਂ। ਇਸ ਮੇਲੇ ਦੌਰਾਨ ਇਥੋਂ ਦੇ ਹੰਬਰ ਕਾਲਜ ਵਿਚ ਦੋ ਦਿਨ ਛੋਟੀਆਂ ਅਤੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ ਅਤੇ ਇਨ੍ਹਾਂ ਉਪਰ ਸੈਮੀਨਾਰ ਕਰਵਾਏ ਗਏ। ਬਰੈਂਪਟਨ ਦੇ ਰੋਜ਼ ਥੀਏਟਰ, ਪੀਅਰਸਨ ਥੀਏਟਰ ਤੇ ਮਿਸੀਸਾਗਾ ਦੇ ਖੁੱਲ੍ਹੇ ਸੈਲੀਬਰੇਸ਼ਨ ਸਕੁਏਅਰ ਵਿਚ ਚੰਨ ਪ੍ਰਦੇਸੀ, ਰਹੇ ਚੜ੍ਹਦੀ ਕਲਾ ਪੰਜਾਬ ਦੀ, ਕੁਦੇਸਣ, ਕੌਣ ਦਿਲਾਂ ਦੀਆਂ ਜਾਣੇ, ਯਾਰ ਅਣਮੁੱਲੇ, ਖੁਸ਼ੀਆਂ ਆਦਿ ਫਿਲਮਾਂ ਦਾ ਪ੍ਰਦਰਸ਼ਨ ਹੋਇਆ। ਵਿਸ਼ਵ ਯੁੱਧਾਂ ਵਿਚ ਸਿੱਖਾਂ ਦੀ ਭੂਮਿਕਾ ਅਤੇ ਜੱਦੋ-ਜਹਿਦ ਵਾਲੀ ਡਾਕੂਮੈਂਟਰੀ ਕੈਨੇਡੀਅਨ ਸਿੱਖ ਸੋਲਜਰਜ਼ ਅਤੇ ਸ਼ਰਨਜੀਤ ਘੁੰਮਣ ਦੀ ਨਵੀਂ ਪੀੜ੍ਹੀ ਦੇ ਸੁਪਨਿਆਂ ਅਤੇ ਅਜੋਕੇ ਹਾਲਾਤ ਪੇਸ਼ ਕਰਦੀ ‘‘ਨੈਵਰ ਟੂ ਲੇਟ’ ਨੂੰ ਕਾਫੀ ਪ੍ਰਸੰਸਾ ਮਿਲੀ। ਜੀਤ ਮਠਾਰੂ ਦੀ ਕੁਦੇਸਣ ਤੋਂ ਬਾਅਦ ਗੁਰਵਿੰਦਰ ਸਿੰਘ ਦੀ ਅਵਾਰਡ ਜੇਤੂ ਫਿਲਮ‘‘ਅੰਨ੍ਹੇ ਘੋੜੇ ਦਾ ਦਾਨ’’ਵੀ ਦਰਸ਼ਕਾਂ ਨੂੰ ਟੁੰਬਣ ਵਿਚ ਸਫਲ ਰਹੀ। ਨੀਵੇਂ ਵਰਗ ਦੇ ਕਿਰਤੀ ਪਰਿਵਾਰ ਦੇ ਜੀਵਨ ਦੀ ਜੱਦੋਜਹਿਦ ਅਤੇ ਸਮੱਸਿਆਵਾਂ ਨੂੰ ਚਿੱਤਰਦੀ ਇਹ ਚਰਿੱਤਰ ਪ੍ਰਧਾਨ ਫਿਲਮ ਹੈ ਜਿਸ ਵਿਚ ਨਿਰਦੇਸ਼ਕ ਨੇ ‘ਸਾਊਂਡ’ ਨੂੰ ਅੱਗੇ ਰੱਖਿਆ ਹੈ।
ਰੋਜ਼ੀ ਰੋਟੀ ਲਈ ਸ਼ਹਿਰ ਗਿਆ ਫਿਲਮ ਦਾ ਪਾਤਰ ਮੇਲੂ ਹਾਰ ਹੰਭ ਕੇ ਪਿੰਡ ਪਰਤਦਾ ਹੈ ਤਾਂ ਉਸ ਦੀ ਪਿੰਡ ਰਹਿੰਦੀ ਭੈਣ ਘਰ ਦੀ ਘੁਟਣ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ। ਇੱਕ ਦੋ ਅਦਾਕਾਰਾਂ ਨੂੰ ਛੱਡ ਬਹੁਤੇ ਪਾਤਰ ਪਿੰਡ ਦੇ ਲੋਕ ਹੀ ਹਨ ਜੋ ਆਪਣੀ ਸਿੱਧੀ ਸਾਦੀ ਬੋਲੀ ਵਿਚ ਗੱਲ ਕਰਦੇ ਹਨ। ਇਸ ਫਿਲਮ ਮੇਲੇ ਦੇ ਪ੍ਰਧਾਨ ਸੰਨੀ ਗਿੱਲ ਨੇ ਕਿਹਾ ਕਿ ਪਹਿਲਾ ਉਪਰਾਲਾ ਸਫਲ ਰਿਹਾ ਅਤੇ ਅਗਲੇ ਸਾਲ ਇਸ ਨੂੰ ਹੋਰ ਵੀ ਵਧੀਆ ਬਣਾਉਣ ਦਾ ਯਤਨ ਕਰਨਗੇ। ਇਨ੍ਹਾਂ ਚਾਰਾਂ ਦਿਨਾਂ ਵਿਚ ਹਜ਼ਾਰਾਂ ਫਿਲਮ ਪ੍ਰੇਮੀਆਂ ਨੇ ਮੇਲੇ ਵਿਚ ਸ਼ਮੂਲੀਅਤ ਕੀਤੀ।