ਪੱਤਰ ਪ੍ਰੇਰਕ
ਨਵਾਂਸ਼ਹਿਰ, 21 ਮਈ
ਸ਼ਹੀਦ-ਏ-ਆਜ਼ਮ ਭਗਤ ਸਿੰਘ ਜਨਮ ਸ਼ਤਾਬਦੀ ਘੁਟਾਲੇ ਦੇ ਮੁੱਖ ਮੁਲਜ਼ਮ ਅਤੇ ਪੰਜਾਬ ਸਰਕਾਰ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਡਾ. ਸਵਰਨ ਸਿੰਘ ਨੇ ਪਿਛਲੇ 14 ਮਹੀਨਿਆਂ ਤੋਂ ਵਿਜੀਲੈਂਸ ਬਿਊਰੋ ਨਾਲ ਚੱਲ ਰਹੀ ਲੁਕਣਮੀਚੀ ਖ਼ਤਮ ਕਰਦਿਆਂ ਅੱਜ ਇੱਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ 31 ਮਈ ਤੱਕ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 27 ਸਤੰਬਰ, 2008 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਸਮਾਗਮ ‘ਤੇ ਹੋਏ ਖਰਚੇ ਸਬੰਧੀ ਹਿਊਮਨ ਐਂਪਾਵਰਮੈਂਟ ਲੀਗ ਆਫ ਪੰਜਾਬ (ਹੈਲਪ) ਸੰਸਥਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਤੋਂ ਬਾਅਦ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਖਟਕੜ ਕਲਾਂ ਵਿਖੇ ਇੱਕ ਦਿਨ ਦੇ ਸਮਾਗਮ ‘ਤੇ 3.05 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਸਬੰਧੀ ‘ਹੈਲਪ’ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ। ਜਾਂਚ ਮੁਕੰਮਲ ਹੋਣ ਨੂੰ ਵੀ 14 ਮਹੀਨਿਆਂ ਦਾ ਸਮਾਂ ਲੱਗਿਆ। ਵਿਜੀਲੈਂਸ ਬਿਊਰੋ ਵੱਲੋਂ ਸਮਾਗਮ ਕਰਾਉਣ ਵਾਲੀ ਏਜੰਸੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਸਭਿਆਚਾਰਕ ਮਾਮਲਿਆਂ ਬਾਰੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਡਾ. ਸਵਰਨ ਸਿੰਘ ਨੂੰ 1.96 ਕਰੋੜ ਰੁਪਏ ਦੇ ਘਪਲੇ ਦਾ ਕਥਿਤ ਮੁੱਖ ਦੋਸ਼ੀ ਐਲਾਨਿਆ ਗਿਆ। ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਸੰਜੇ ਗੇਰਾ, ਵਿਕਾਸ ਗਹਿਰਾ ਤੇ ਸਤਬੀਰ ਬਾਜਵਾ ਨੂੰ ਐਫ.ਆਈ.ਆਰ. ਵਿੱਚ ਸ਼ਾਮਲ ਕੀਤਾ ਗਿਆ। ਡਾ. ਸਵਰਨ ਸਿੰਘ ਨੇ ਕਥਿਤ ਤੌਰ ‘ਤੇ ਸੰਜੇ ਗੇਰਾ ਅਤੇ ਵਿਕਾਸ ਗਹਿਰਾ ਦੀ ਫਰਮ ‘ਜੀ.ਐਮ. ਐਂਟਰਟੇਨਮੈਂਟ’ ਨੂੰ ਲਾਭ ਪਹੁੰਚਾਉਣ ਲਈ ਕੁਝ ਜਾਅਲੀ ਫਰਮਾਂ ਬਣਾ ਕੇ ਉਨ੍ਹਾਂ ਦੀਆਂ ਕੁਟੇਸ਼ਨਾ ਰਿਕਾਰਡ ਵਿੱਚ ਲਾ ਦਿੱਤੀਆਂ ਸਨ। ‘ਜੀ.ਐਮ. ਐਂਟਰਟੇਨਮੈਂਟ’ ਵੱਲੋਂ ਸਮਾਗਮ ਵਿੱਚ ਬਾਲੀਵੁੱਡ ਕਲਾਕਾਰਾਂ ਨੂੰ ਲਿਆਉਣ ਦਾ ਕੰਮ 1.12 ਕਰੋੜ ਰੁਪਏ ਵਿੱਚ ਲਿਆ ਗਿਆ ਸੀ ਪਰ ਬਿੱਲਾਂ ਵਿੱਚ ਅਜਿਹੇ ਕਲਾਕਾਰਾਂ ਨੂੰ ਭੁਗਤਾਨ ਕੀਤਾ ਦਿਖਾਇਆ ਗਿਆ ਸੀ ਜੋ ਸਮਾਗਮ ਮੌਕੇ ਆਏ ਹੀ ਨਹੀਂ ਸਨ। ਇਨ੍ਹਾਂ ‘ਚ ਅਜੇ ਦੇਵਗਨ ਅਤੇ ਦਲੇਰ ਮਹਿੰਦੀ ਦੇ ਨਾਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ੇਖਰ ਸੁਮਨ, ਸਾਧਨਾ ਸਰਗਮ, ਪ੍ਰੇਮ ਚੋਪੜਾ, ਉਤਮ ਸਿੰਘ ਤੇ ਕੁਝ ਹੋਰ ਅਜਿਹੇ ਕਲਾਕਾਰ ਸਨ, ਜਿਨ੍ਹਾਂ ਨੂੰ ਘੱਟ ਭੁਗਤਾਨ ਕਰਕੇ ਕਾਗਜ਼ਾਂ ਵਿੱਚ ਜ਼ਿਆਦਾ ਦਿਖਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸੰਜੇ ਗੇਰਾ ਤੇ ਵਿਕਾਸ ਗਹਿਰਾ ਨੂੰ ਵਿਜੀਲੈਂਸ ਬਿਊਰੋ ਵੱਲੋਂ 15 ਫਰਵਰੀ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਟੇਜ, ਲਾਈਟ ਸਾਊਂਡ ਤੇ ਕੁਰਸੀਆਂ ਆਦਿ ਦਾ ਪ੍ਰਬੰਧ ਕਰਨ ਲਈ ਪ੍ਰੋਫੈਸ਼ਨਲ ਸਟੇਜ ਮੈਨੇਜਮੈਂਟ ਕੰਪਨੀ ਨੂੰ 1.49 ਕਰੋੜ ਰੁਪਏ ਤੋਂ ਵੱਧ ਰਕਮ ਦਿੱਤੀ ਗਈ ਸੀ। ਇਸ ਫਰਮ ਨੂੰ ਕੰਮ ਦੇਣ ਲਈ ਵੀ ਪੰਜਾਬ ਕਲਾ ਪ੍ਰੀਸ਼ਦ ਦੇ ਰਿਕਾਰਡ ਵਿੱਚ ਦੋ ਜਾਅਲੀ ਕੁਟੇਸ਼ਨਾਂ ਲਾਈਆਂ ਗਈਆਂ ਸਨ। ਇਨ੍ਹਾਂ ਦਾ ਭੇਤ ਉਦੋਂ ਖੁੱਲਿ੍ਹਆ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਕੁਟੇਸ਼ਨਾਂ ਦੇਣ ਵਾਲੀਆਂ ਫਰਮਾਂ ਦੇ ਪਤੇ ‘ਤੇ ਪਹੁੰਚੀ ਤਾਂ ਉਥੇ ਜਾਂ ਕਿਸੇ ਦੀ ਰਿਹਾਇਸ਼ ਸੀ ਤੇ ਜਾਂ ਹਸਪਤਾਲ ਚੱਲ ਰਿਹਾ ਸੀ। ਇਸ ਕੰਪਨੀ ਦਾ ਮਾਲਕ ਸਤਬੀਰ ਬਾਜਵਾ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਬਾਹਰ ਹੈ। ਡਾ. ਸਵਰਨ ਸਿੰਘ ਦੀ ਕਥਿਤ ਮਿਲੀ ਭੁਗਤ ਦੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਦੇ ਹੱਥ ਲੱਗੇ ਕੁਝ ਪੱਤਰ ਮਹੱਤਵਪੂਰਨ ਸਾਬਤ ਹੋਏ। ਇਨ੍ਹਾਂ ਵਿੱਚ ਉਨ੍ਹਾਂ ਵੱਲੋਂ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਭੇਜੇ ਪੱਤਰ ਸ਼ਾਮਲ ਹਨ। ਡਾ. ਸਵਰਨ ਸਿੰਘ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਰਾਹਤ ਨਾ ਮਿਲਣ ਕਾਰਨ ਅੱਜ ਅਖੀਰ ਉਨ੍ਹਾਂ ਨੇ ਨਵਾਂਸ਼ਹਿਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।