ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਈ
ਚੰਡੀਗੜ੍ਹ ਪ੍ਰਸ਼ਾਸਨ ਨੇ ਨਰਸਾਂ ਦੀ ਭਰਤੀ ਲਈ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਹੈ। ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ ਸਾਇੰਸ ਦੀ ਥਾਂ ਆਰਟਸ ਪਿਛੋਕੜ ਦੇ ਉਮੀਦਵਾਰ ਵੀ ਨਰਸ ਦੇ ਅਹੁਦੇ ਲਈ ਯੋਗ ਮੰਨੇ ਜਾਣਗੇ। ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਨਵੇਂ ਫੈਸਲੇ ਨਾਲ ਨਰਸਾਂ ਦੀ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਇੰਡੀਅਨ ਨਰਸਿੰਗ ਕੌਂਸਲ ਦੇ ਨਿਯਮਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਕੇਵਲ ਉਨ੍ਹਾਂ ਉਮੀਦਵਾਰਾਂ ਨੂੰ ਹੀ ਨਰਸ ਲਈ ਯੋਗ ਵਿਚਾਰਿਆ ਜਾਂਦਾ ਸੀ ਜਿਨ੍ਹਾਂ ਨੇ ਬਾਰ੍ਹਵੀਂ ਮੈਡੀਕਲ ਨਾਲ ਪਾਸ ਕਰਨ ਤੋਂ ਬਾਅਦ ਨਰਸਿੰਗ ਦੀ ਡਿਗਰੀ/ਡਿਪਲੋਮਾ ਕੀਤਾ ਹੋਵੇ। ਪ੍ਰਸ਼ਾਸਨ ਨੇ ਪਿਛਲੇ ਸਾਲ ਇਸ ਵਿਚ ਸੋਧ ਕਰਕੇ ਬਾਰ੍ਹਵੀਂ ਆਰਟਸ ਵਿਸ਼ੇ ਨਾਲ ਪਾਸ ਉਮੀਦਵਾਰਾਂ ਨੂੰ ਵੀ ਨਰਸ ਦੇ ਅਹੁਦੇ ਲਈ ਯੋਗ ਕਰਾਰ ਦੇ ਦਿੱਤਾ। ਪ੍ਰਸ਼ਾਸਨ ਦੀ ਸੋਧ ਦੇ ਬਾਵਜੂਦ ਸਾਇੰਸ ਤੇ ਆਰਟਸ ਦੀ ਸ਼ਰਤ ਨੂੰ ਲੈ ਕੇ ਭਰਤੀ ਦਾ ਕੰਮ ਰੁਕਿਆ ਰਿਹਾ।
ਪ੍ਰਸ਼ਾਸਨ ਨੇ ਦੋ ਦਿਨ ਪਹਿਲਾਂ ਗੌਰਮਿੰਟ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਨ ਲਈ ਜਿਹੜਾ ਇਸ਼ਤਿਹਾਰ ਦਿੱਤਾ ਹੈ ਉਸ ਵਿਚ ਨਵੇਂ ਫੈਸਲੇ ਨੂੰ ਲਾਗੂ ਕਰਦਿਆਂ ਬਾਰ੍ਹਵੀਂ ਮੈਡੀਕਲ ਵਿਸ਼ੇ ਨਾਲ ਪਾਸ ਦੀ ਸ਼ਰਤ ਹਟਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਲਈ 449 ਨਰਸਾਂ ਦੀ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਪੈਰਾ ਮੈਡੀਕਲ ਸਮੇਤ ਨਰਸਿੰਗ ਦੇ ਕੋਰਸਾਂ ਦੀਆਂ ਸੀਟਾਂ ਖਾਲੀ ਰਹਿਣ ਲੱਗੀਆਂ ਹਨ। ਇਨ੍ਹਾਂ ਸੀਟਾਂ ਨੂੰ ਭਰਨ ਲਈ ਬਾਰ੍ਹਵੀਂ ਮੈਡੀਕਲ ਵਿਸ਼ੇ ਵਿਚ ਪਾਸ ਕਰਨ ਦੀ ਸ਼ਰਤ ਹਟਾ ਦਿੱਤੀ ਜਾਂਦੀ ਰਹੀ ਹੈ। ਸਰਕਾਰ ਦਾ ਤਰਕ ਹੈ ਕਿ ਨਰਸਿੰਗ ਦੇ ਕੋਰਸ ਵਿਚ ਵਿਦਿਆਰਥੀ ਮੈਡੀਕਲ ਨਾਲ ਸਬੰਧਤ ਵਿਸ਼ੇ ਦੀ ਪੜ੍ਹਾਈ ਕਰ ਲੈਂਦੇ ਹਨ। ਇਸ ਕਰਕੇ ਮੈਡੀਕਲ ਪਿਛੋਕੜ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਦੂਜੇ ਬੰਨ੍ਹੇ ਨਰਸਿੰਗ ਕੌਂਸਲ ਵੱਲੋਂ ਏ ਐਨ ਐਮ ਅਤੇ ਜੀ ਐਨ ਐਮ (ਨਰਸਿੰਗ ਕੋਰਸ) ਲਈ ਸ਼ਰਤਾਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਅਤੇ ਜਨਰਲ ਹਸਪਤਾਲ ਸੈਕਟਰ 16 ‘ਚ ਨਰਸਾਂ ਦੀਆਂ 48 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ‘ਚੋਂ ਮੈਡੀਕਲ ਕਾਲਜ ਨੇ 449 ਨਰਸਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਹੈ। ਨਵੀਂ ਭਰਤੀ ਨਾਲ ਹਸਪਤਾਲ ਦੇ ਮਰੀਜ਼ਾਂ ਦੀ ਸੰਭਾਲ ਹੋਰ ਵਧ ਜਾਵੇਗੀ। ਸਟਾਫ ਦੀ ਕਮੀ ਨਾਲ ਜੂਝਦੇ ਸਟਾਫ ਨੂੰ ਰਾਹਤ ਵੀ ਮਿਲ ਜਾਵੇਗੀ।
ਦੂਜੇ ਪਾਸੇ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਰਤੀ ਦੀ ਮੰਗ ਲਈ ਪ੍ਰਸ਼ਾਸਨ ‘ਤੇ ਦਬਾਅ ਬਣਾਇਆ ਗਿਆ ਸੀ। ਹਸਪਤਾਲ ਦੀਆਂ ਨਰਸਾਂ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਕੰਮ ਕਰਦੀਆਂ ਰਹੀਆਂ ਹਨ ਅਤੇ ਪਿਛਲੇ ਦਿਨਾਂ ਤੋਂ ਧਰਨਾ ਵੀ ਚੱਲ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਨੇ ਭਰਤੀ ਦਾ ਕੰਮ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਿਸ ਵਿਚ ਭੁੱਖ ਹੜਤਾਲ ਸ਼ਾਮਲ ਹੈ।