ਕੋਲਕਾਤਾ, 27 ਮਈ
ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਆ ਰਹੀ ਕਮੀ ਲਈ ਘਰੋਗੀ ਤੇ ਆਲਮੀ ਕਾਰਕਾਂ ਨੂੰ ਜ਼ਿੰਮੇਵਾਰ ਦੱਸਦਿਆਂ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਇਸ ਨੂੰ ਠੱਲ੍ਹ ਪਾਉਣ ਲਈ ਕਦਮ ਚੁੱਕ ਰਿਹਾ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਇਸ (ਕਮੀ) ਦੇ ਬਹੁਤ ਸਾਰੇ ਕਾਰਨ ਹਨ। ਮਾਰਕੀਟ ਵਿੱਚ ਮੰਗ ਅਤੇ ਸਪਲਾਈ ਵੀ ਹੈ। ਅਮਰੀਕਾ ’ਚ ਵਾਧੂ ਨਿਵੇਸ਼ ਵੀ ਇਸ ਦਾ ਇੱਕ ਕਾਰਨ ਹੈ। ਇਹ ਸੁਰੱਖਿਅਤ ਟਿਕਾਣੇ ਵਜੋਂ ਕੰਮ ਕਰਦਾ ਰਿਹਾ।’’
ਸ੍ਰੀ ਮੁਖਰਜੀ ਨੇ ਕਿਹਾ ਕਿ ਯੂਰਪ ਬਰਾਮਦਾਂ ਦਾ ਅਹਿਮ ਟਿਕਾਣਾ ਰਿਹਾ ਪਰ ਉੱਥੇ ਵੀ ਮੰਗ ਨੂੰ ਲੈ ਕੇ ਬੇਯਕੀਨੀ ਬਣੀ ਹੋਈ ਹੈ। ਆਲਮੀ ਅਰਥਚਾਰੇ ’ਚ ਸੁਧਾਰ ਦੀ ਗੁੰਜਾਇਸ਼ ਪਤਲੀ ਪੈਂਦੀ ਜਾ ਰਹੀ ਹੈ ਜਦਕਿ ਤੇਲ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਭਾਰਤ ਦਾ ਮਾਲੀ ਘਾਟਾ ਵੀ ਵਧ ਰਿਹਾ ਹੈ ਅਤੇ 2011-12 ਵਿੱਚ ਇਹ ਜੀ ਡੀ ਪੀ ਦਾ 5.9 ਫੀਸਦ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰੇ ਕਾਰਕਾਂ ਦੇ ਸਾਂਝੇ ਅਸਰ ਕਰਕੇ ਰੁਪਏ ਦੀ ਕੀਮਤ ਘਟ ਰਹੀ ਹੈ।’’
ਆਰ ਬੀ ਆਈ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਸੀ ਕਿ ਉਹ ਛੇਤੀ ਹੀ ਤੇਲ ਕੰਪਨੀਆਂ ਨੂੰ ਸਿੱਧੇ ਰੂਪ ਵਿੱਚ ਡਾਲਰ ਵੇਚੇਗੀ ਤਾਂ ਕਿ ਅਦਾਇਗੀਆਂ ’ਚ ਸੌਖ ਹੋ ਸਕੇ। ਇਸ ਤੋਂ ਇਲਾਵਾ ਇਸ ਨੇ ਫੌਰੈਕਸ ਮਾਰਕੀਟ ’ਚ ਸੱਟੇਬਾਜ਼ੀ ਨੂੰ ਰੋਕਣ ਅਤੇ ਵਿਦੇਸ਼ੀ ਕਰੰਸੀ ਦੀ ਆਮਦ ਵਧਾਉਣ ਲਈ ਪਹਿਲਾਂ ਹੀ ਕਦਮ ਚੁੱਕੇ ਹਨ। ਮਾਰਚ ਤੋਂ ਲੈ ਕੇ ਹੁਣ ਤਕ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 13 ਫੀਸਦ ਘਟੀ ਹੈ। ਪਿਛਲੇ ਵੀਰਵਾਰ ਰੁਪਏ ਦੀ ਕੀਮਤ ਘਟ ਕੇ 56.38 ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਸੀ। ਸ਼ੁੱਕਰਵਾਰ ਨੂੰ ਆਰ ਬੀ ਆਈ ਦੇ ਦਖ਼ਲ ਸਦਕਾ ਰੁਪਏ ਦੀ ਕੀਮਤ ਵਿੱਚ 27 ਪੈਸੇ ਦਾ ਸੁਧਾਰ ਹੋਇਆ ਸੀ। ਇਸ ਦੌਰਾਨ ਸ੍ਰੀ ਮੁਖਰਜੀ ਨੇ ਦੱਸਿਆ ਕਿ ਸਮੁੱਚੀ ਟੈਕਸ ਟੋਕਰੀ ’ਚ ਸਿੱਧੇ ਕਰਾਂ ਦਾ ਹਿੱਸਾ ਚੋਖਾ ਵਧਿਆ ਹੈ ਅਤੇ ਛੇਤੀ ਹੀ ਜੀ ਡੀ ਪੀ ਦਾ 12 ਫੀਸਦੀ ਹੋ ਜਾਵੇਗਾ। ਕੋਲਕਾਤਾ ’ਚ ਇਨਕਮ ਟੈਕਸ ਦਫਤਰ ’ਚ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ 2012-13 ਦੌਰਾਨ ਸਿੋੱਧੇ ਕਰਾਂ ਦੀ ਉਗਰਾਹੀ ਦਾ ਟੀਚਾ 5.7 ਲੱਖ ਕਰੋੜ ਰੁਪਏ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਵਿੱਤ ਵਿਵਸਥਾ ਦੀ ਟੇਕ ਟੈਕਸ ਪ੍ਰਣਾਲੀ ਦੀ ਕਾਰਜਕੁਸ਼ਲਤਾ ’ਤੇ ਨਿਰਭਰ ਹੈ। -ਪੀ.ਟੀ.ਆਈ.