ਹਰਮਹਿੰਦਰ ਸਿੰਘ ਹਰਜੀ
ਪੰਨੇ 104, ਮੁੱਲ 140 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਹਰਮਹਿੰਦਰ ਸਿੰਘ ਹਰਜੀ ਪੰਜਾਬੀ ਦਾ ਸੰਵੇਦਨਸ਼ੀਲ ਤੇ ਹਾਸਰਸੀ ਭਾਵਨਾ ਤੇ ਸੋਚ ਨੂੰ ਪ੍ਰਣਾਇਆ ਹੋਇਆ ਸ਼ਾਇਰ ਹੈ। ਉਹ ਹੁਣ ਤਕ ਕਵਿਤਾ ਅਤੇ ਵਾਰਤਕ ਦੀਆਂ 7 ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ‘ਹਾਸਿਆਂ ਦੀ ਕਿਲਕਾਰੀ’ ਉਸ ਦੀ ਅੱਠਵੀਂ ਹਾਸ ਵਿਅੰਗ ਕਵਿਤਾ ਦਾ ਸੰਗ੍ਰਹਿ ਹੈ। ਇਸ ਪੁਸਤਕ ਦੇ 104 ਪੰਨਿਆਂ ’ਤੇ ਉਸ ਨੇ 56 ਹਾਸਰਸੀ ਕਵਿਤਾਵਾਂ ਛਪਵਾਈਆਂ ਹਨ। ਜੀਵਨ ਵਿਚਲੇ ਵੱਖੋ-ਵੱਖ ਪੱਖਾਂ ’ਤੇ ਕਾਰਕਰਦਗੀਆਂ ’ਤੇ ਉਸ ਨੇ ਸਟੀਕ ਤੇ ਚੁਭਵੇਂ ਹਾਸ ਵਿਅੰਗ ਲਿਖ ਕੇ ਅਸਲ ਸੱਚ ਦਾ ਨਿਤਾਰਾ ਕੀਤਾ ਹੈ। ਕਿਉਂਕਿ ਲੋਕ ਆਪਣੇ ਸਵਾਰਥ ਤੇ ਲਾਲਚ ਨੂੰ ਕਾਇਮ ਰੱਖਣ ਲਈ ਗ਼ੈਰ-ਕਾਨੂੰਨੀ ਇਖਲਾਕੀ ਤੇ ਗ਼ੈਰ ਮਾਨਵੀ ਕਾਰਨਾਮਿਆਂ ਵਿਚ ਮਸ਼ਰੂਫ਼ ਹਨ। ਰਾਜਨੀਤਕ ਲੋਕਾਂ ’ਤੇ ਉਹ ਇਉਂ ਵਿਅੰਗ ਕਰਦਾ ਹੈ:
ਜਿਹੜੇ ਵੋਟਾਂ ਦੇ ਰਾਹੀਂ ਆਉਂਦੇ ਨੇ,
ਪੰਜ ਸਾਲ ਮੌਜ ਮਸਤੀ ਕਰ ਕੇ।
ਦੇਸ਼ ਲੁੱਟ ਕੇ ਘਰ ਬਣਾਉਂਦੇ ਨੇ।
ਜਾਂਦੇ-ਜਾਂਦੇ ਧੀ ਪੁੱਤ ਨੂੰ ਰਾਜਨੀਤੀ,
ਵਿਚ ਗੱਡ ਜਾਉਂਦੇ ਨੇ। (ਪੰਨਾ-51)
ਸ਼ਾਇਰ ਕਹਿੰਦਾ ਹੈ ਕਿ ਦੇਸ਼ ਦੇ ਰਹਿਬਰ ਆਜ਼ਾਦੀ ਬਾਰੇ ਵੱਡੇ-ਵੱਡੇ ਭਾਸ਼ਨ ਤਾਂ ਕਰਦੇ ਹਨ ਪਰ ਭੁੱਖ ਨਾਲ ਮਰਨ ਵਾਲਿਆਂ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ। ਲੋਕ ਪੈਸੇ ਵਾਲੇ ਨਾਲ ਹੀ ਰਿਸ਼ਤੇ-ਨਾਤੇ ਜੋੜਦੇ ਹਨ। ਗਰੀਬ ਦੀ ਕੋਈ ਬਾਂਹ ਨਹੀਂ ਫੜਦਾ। ਉਹ ਵੈਲਨਟਾਈਨ ਡੇਅ ਦੇ ਖੋਖਲੇ ਪਿਆਰ ਰੂਪੀ ਪਖੰਡ ’ਤੇ ਵੀ ਵਿਅੰਗ ਕਸਦਾ ਹੈ। ਕਸ਼ਮੀਰ ’ਚ ਹੋ ਰਹੀ ਕਤਲੋਗਾਰਤ ਦਾ ਵੀ ਸ਼ਾਇਰ ਨੂੰ ਦੁਖ ਹੈ:-
ਕਸ਼ਮੀਰ ਦਾ ਹਾਲ ਡਾਂਵਾਡੋਲ
ਖਵਰੇ ਕੌਣ ਕਿੱਧਰ ਜਾਸੀ (ਪੰਨਾ-55)
ਉਹ ਕਹਿੰਦਾ ਹੈ ਕਿ ਮੋਬਾਈਲ ਨਾਲ ਝੂਠ, ਫਰੇਬ ਵਧ ਗਿਆ ਹੈ। ਲੋਕ ਸਿੱਖ ਧਰਮ ਦੇ ਅਸੂਲਾਂ ਤੋਂ ਭਟਕ ਗਏ ਹਨ ਤੇ ਪੰਜਾਬ ਦੇ ਨਾਂ ਨੂੰ ਕਲੰਕਿਤ ਕਰ ਦਿੱਤਾ ਹੈ। ‘ਸੌਗਾਤ’ ਨਾਮੀ ਕਵਿਤਾ ਵਿਚ ਉਹ ਕਹਿੰਦਾ ਹੈ ਕਿ ਬੰਦਾ ਰੱਬ ਦੀ ਦਰਗਾਹ ’ਤੇ ਸਿਜਦਾ ਕਰਕੇ ਲੋਭ ਲਾਲਚ ਦੀ ਦੁਆ ਹੀ ਮੰਗਦਾ ਹੈ। ਉਹ ਕਹਿੰਦਾ ਹੈ ਕਿ ਸਾਡੇ ਦੇਸ਼ ਵਿਚ ਬਹੁਤੇ ਬੱਚਿਆਂ ਨਾਲੋਂ ਕਤੂਰਿਆਂ ਦੀ ਜ਼ਿਆਦਾ ਦੇਖਭਾਲ ਹੁੰਦੀ ਹੈ।
ਕਿੰਨੇ ਹੀ ਬੱਚੇ ਨਾਗਰੀਬੀ ਕਾਰਨ ਪੜ੍ਹ ਸਕਦੇ ਹਨ ਤੇ ਨਾ ਹੀ ਚੰਗੇ ਮਨੁੱਖ ਬਣ ਸਕਦੇ ਹਨ। ਉਹ ਕਹਿੰਦਾ ਹੈ ਕਿ ਸਾਡੇ ਕਿੰਨੇ ਹੀ ਲੋਕ ਖੂਨੀ ਰਿਸ਼ਤਿਆਂ ਦਾ ਘਾਣ ਕਰਕੇ ਬਾਹਰਲੇ ਮੁਲਕਾਂ ਦੀ ਖੂਬਸੂਰਤੀ ਤੇ ਡਾਲਰਾਂ ਦਾ ਆਨੰਦ ਮਾਨਣ ਲਈ ਉਤਾਵਲੇ ਰਹਿੰਦੇ ਹਨ। ਸ਼ਾਇਰ ਕਹਿੰਦਾ ਹੈ ਕਿ ਪਾਪੀ ਪੇਟ ਕਰਕੇ ਹੀ ਕਈ ਵਾਰੀ ਬੰਦਾ ਦੂਜਿਆਂ ਦੇ ਹੱਕ ਮਾਰਦਾ ਹੈ। ਉਹ ਕਹਿੰਦਾ ਹੈ ਕਿ ਅਖੌਤੀ ਸੰਤ ਭੋਲੀ-ਭਾਲੀ ਜਨਤਾ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ। ਸ਼ਾਇਰ ‘ਨੰਗੀ ਕਵਿਤਾ’ ਰਾਹੀਂ ਧੱਕੇ ਨਾਲ ਬਣੇ ਕਵੀਆਂ ’ਤੇ ਵਿਅੰਗ ਕਸਦਾ ਹੈ :-
ਖੁੰਭਾਂ ਵਾਂਗਰ ਕਵੀ ਉੱਗ ਪਏ,
ਚੀਰ ਹਰਨ ਮੇਰਾ ਕਰਕੇ। (ਪੰਨਾ-99)
ਸੋ ਪੁਸਤਕ ਪੜ੍ਹਨ ਤੇ ਮਾਨਣ ਵਾਲੀ ਹੈ।