ਪੱਤਰ ਪ੍ਰੇਰਕ
ਹੁਸ਼ਿਆਰਪੁਰ, 4 ਮਈ
ਵਿਦੇਸ਼ਾਂ ਵਿੱਚ ਰਹਿੰਦੇ ਪਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਅਤੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਵਿਕਾਸ ਲਈ ਉਪਰਾਲੇ ਕਰਦਿਆਂ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਅਪਨਾਉਣਾ ਸ਼ਲਾਘਾਯੋਗ ਕਦਮ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਨੇ ਪਿੰਡ ਸਾਹਰੀ ਵਿਖੇ ਐਨ.ਆਰ.ਆਈ. ਸਕੀਮ ਅਧੀਨ 202.19 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਵਿਕਾਸ ਪ੍ਰਾਜੈਕਟ ਅਧੀਨ ਸਰਕਾਰ ਵੱਲੋਂ ਸਟੇਟ ਸ਼ੇਅਰ ਦੀ ਆਖਰੀ ਕਿਸ਼ਤ ਵਜੋਂ 12.78 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਐਨ.ਆਰ.ਆਈ. ਸੰਸਥਾ ਇੰਡੀਆ ਕੈਨੇਡਾ ਵਿਲੇਜ ਇੰਪਰੂਵਮੈਂਟ ਟਰੱਸਟ ਦੇ ਨੁਮਾਇੰਦਿਆਂ ਨੂੰ ਦੇਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਪੰਜਾਬ ਸਰਕਾਰ ਵੱਲੋਂ ਸਟੇਟ ਸ਼ੇਅਰ ਵਜੋਂ 131.33 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਸਾਹਰੀ ਵਿਚ ਸੀਵਰੇਜ ਸਿਸਟਮ, ਸੈਪਟਿਕ ਟੈਂਕ, ਵਾਟਰ ਸਪਲਾਈ ਅਤੇ ਗਲੀਆਂ ਪੱਕੀਆਂ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਐਨ.ਆਰ.ਆਈ. ਸੰਸਥਾ ਦੇ ਨੁਮਾਇੰਦੇ ਪਰਵਾਸੀ ਭਾਰਤੀ ਜਗਦੀਸ਼ ਜੱਜ, ਹਰਦੇਸ਼ ਸਿੰਘ ਜੱਜ, ਪੰਚ ਭਾਰਤੀ ਲਾਲ, ਸੋਹਨ ਸਿੰਘ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਵੀ ਇਸ ਮੌਕੇ ਹਾਜ਼ਰ ਸਨ।