ਪੱਤਰ ਪ੍ਰੇਰਕ
ਸ਼ਹਿਣਾ, 14 ਮਈ
ਕਸਬਾ ਸ਼ਹਿਣਾ ਦੇ ਦੋਹੇ ਹੀ ਬੱਸ ਅੱਡਿਆਂ ਵਿਚਕਾਰ ਪੈਂਦਾ ਕੂਹਣੀ ਮੋੜ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਕੂਹਣੀ ਮੋੜ ’ਤੇ ਪਿਛਲੇ 4 ਸਾਲਾਂ ’ਚ ਤਕਰੀਬਨ 20 ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ।
ਇਸ ਕੂਹਣੀ ਮੋੜ ਹੋਣ ਕਾਰਨ ਦੂਰੋਂ ਆਉਂਦਾ ਵਾਹਨ ਦਿਸਦਾ ਨਹੀਂ ਹੈ। ੇਮੁੱਖ ਸੜਕ ਹੋਣ ਕਾਰਨ ਵਾਹਨਾਂ ਦੀ ਬਹੁਤਾਤ ਹੈ। ਜਾਣਕਾਰੀ ਅਨੁਸਾਰ ਸਾਲ 2008 ’ਚ ਇਸ ਕੂਹਣੀ ਮੋੜ ’ਤੇ 6, 2009 ’ਚ 9 ਅਤੇ 2010 ’ਚ 5 ਹਾਦਸੇ ਵਾਪਰੇ ਸਨ। ਕਈ ਸਾਲ ਇਸ ਕੂਹਣੀ ਮੋੜ ’ਤੇ ਰੂੜੀਆਂ ਤੇ ਨਜਾਇਜ਼ ਕਬਜ਼ੇ ਸਨ। ਇਹ ਰੂੜੀਆਂ ਅਤੇ ਨਜਾਇਜ਼ ਕਬਜ਼ੇ ਤਾਂ ਹਟਾ ਦਿੱਤੇ ਗਏ, ਪਰ ਬਿਜਲੀ ਵਿਭਾਗ ਦਾ ਇੱਕ ਟਰਾਂਸਫਾਰਮਰ ਤੇ ਕਈ ਖੰਭੇ ਹੁਣ ਵੀ ਸੜਕ ਦੇ ਕਿਨਾਰੇ ਖੜੇ ਹਨ। ਇਸ ਮੋੜ ’ਤੇ ਕੋਈ ਰਿਫਲੈਕਟਰ ਵੀ ਨਹੀਂ ਹਨ, ਜਿਸ ਕਾਰਨ ਹਮੇਸ਼ਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।