
ਜੰਮੂ ਵਿਚ ਐਤਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨ ਪੁਲੀਸ ਮੁਲਾਜ਼ਮਾਂ ਨੂੰ ਆਪਣੇ ਰਾਹ ’ਚੋਂ ਹਟਾ ਕੇ ਅਮਰਨਾਥ ਯਾਤਰਾ ਲਈ ਅੱਗੇ ਵਧਣ ਦਾ ਯਤਨ ਕਰਦੇ ਹੋਏ। ਇਹ ਯਾਤਰਾ ਪਹਾੜੀ ਰਸਤਾ ਬਰਫ ਨਾਲ ਢਕਿਆ ਹੋਣ ਕਾਰਨ ਅਜੇ ਸ਼ੁਰੂ ਨਹੀਂ ਹੋ ਸਕੀ (ਫੋਟੋ: ਪੀ.ਟੀ.ਆਈ.)
ਜੰਮੂ, 3 ਜੂਨ
ਇੱਥੇ ਅੱਜ ਅਮਰਨਾਥ ਯਾਤਰਾ ਲਈ ਇਕੱਤਰ ਹੋਏ ਵੱਡੀ ਗਿਣਤੀ ਸ਼ਰਧਾਲੂਆਂ ਨੇ ਗ੍ਰਿਫਤਾਰੀ ਦਿੱਤੀ ਕਿਉਂਕਿ ਰਾਜ ਸਰਕਾਰ ਨੇ ਉਨ੍ਹਾਂ ਨੂੰ ਮਿੱਥੀ ਤਰੀਕ ਤੋਂ ਪਹਿਲਾਂ ਯਾਤਰਾ ਸ਼ੁਰੂ ਕਰਨ ਤੋਂ ਰੋਕ ਦਿੱਤਾ। ਇਸ ਸਮੇਂ 600 ਸ਼ਰਧਾਲੂ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ।
ਸ੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਇਸ ਤੀਰਥ ਯਾਤਰਾ ਲਈ 25 ਜੂਨ ਤੋਂ 2 ਅਗਸਤ ਤਕ ਦੀ ਤਰੀਕ ਮਿੱਥੀ ਗਈ ਹੈ। ਬੋਰਡ ਵੱਲੋਂ ਯਾਤਰਾ ਦਾ ਸਮਾਂ ਘੱਟ ਕਰਨ ਦਾ ਫੈਸਲਾ ਮਾੜੀ ਸੜਕ ਅਤੇ ਖਰਾਬ ਮੌਸਮ ਕਾਰਨ ਲਿਆ ਗਿਆ ਹੈ।
ਇੱਥੇ ਅੱਜ ਪਰੇਡ ਖੇਤਰ ਵਿਚ ਵੱਡੇ ਤੜਕੇ ਅਮਰਨਾਥ ਗੁਫਾ ਯਾਤਰਾ ਲਈ ਦੇਸ਼ ਭਰ ਤੋਂ ਕਰੀਬ 600 ਯਾਤਰੀ ਇਕੱਤਰ ਹੋਏ ਪਰ ਇਨ੍ਹਾਂ ਯਾਤਰੀਆਂ ਨੂੰ ਪੁਲੀਸ ਨੇ ਯਾਤਰਾ ਸ਼ੁਰੂ ਕਰਨ ਤੋਂ ਰੋਕ ਦਿੱਤਾ। ਕਰੀਬ ਦੋ ਘੰਟੇ ਰੋਸ ਮੁਜ਼ਾਹਰਾ ਕਰਨ ਉਪਰੰਤ ਸ਼ਰਧਾਲੂਆਂ ਨੇ ਗ੍ਰਿਫਤਾਰੀ ਦਿੱਤੀ। ਸਾਰੇ ਯਾਤਰੀਆਂ ਨੂੰ ਪੁਲੀਸ ਵੱਲੋਂ ਭਗਵਤੀ ਨਗਰ ਸਥਿਤ ਯਾਤਰਾ ਨਿਵਾਸ ਲਿਜਾਇਆ ਗਿਆ। ਸ਼ਰਧਾਲੂਆਂ ਨੇ ਮੰਗ ਕੀਤੀ ਕਿ ਸਰਕਾਰ ਯਾਤਰਾ ਦਾ ਸਮਾਂ ਵਧਾ ਕੇ ਦੋ ਮਹੀਨਿਆਂ ਦਾ ਕਰੇ ਅਤੇ ਭਲਕੇ ਜੇਠ ਦੀ ਪੂਰਨਮਾਸ਼ੀ ਮੌਕੇ ਯਾਤਰਾ ਆਰੰਭ ਹੋਵੇ। ਸ਼ਰਧਾਲੂਆਂ ਨੇ ਸਰਕਾਰ ਅਤੇ ਸ੍ਰੀ ਅਮਰਨਾਥ ਸ਼ਰਾਈਨ ਬੋਰਡ ’ਤੇ ਦੋਸ਼ ਲਾਇਆ ਕਿ ‘ਵੱਖਵਾਦੀ ਜਥੇਬੰਦੀਆਂ ਦੇ ਕਹਿਣ ’ਤੇ’ ਜਾਣਬੁੱਝ ਕੇ ਯਾਤਰਾ ਦਾ ਸਮਾਂ ਘੱਟ ਕੀਤਾ ਗਿਆ ਹੈ।
-ਪੀ.ਟੀ.ਆਈ.