ਮਿੰਨੀ ਬੱਸਾਂ, ਟਰੱਕਾਂ ਤੇ ਅਨੇਕ ਹੋਰ ਵਾਹਨਾਂ ’ਤੇ ਅਸੀਂ ਅਕਸਰ ਇਹ ਲਿਖਿਆ ਹੋਇਆ ਪੜ੍ਹਦੇ ਹਾਂ ਕਿ ਆਪਣਿਆਂ ਤੋਂ ਬਚੋ। ਇਸ ਤੋਂ ਬਿਨਾਂ ਵੱਖ-ਵੱਖ ਅਖਾਉਂਤਾਂ ਤੇ ਸਿਆਣੇ ਲੋਕਾਂ ਦੇ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਪੈਦਾ ਹੋਏ ਵਿਚਾਰ ਜੋ ਸਿੱਖਿਆ ਤੇ ਸੰਦੇਸ਼ ਦਾ ਸਬਕ ਸਿਖਾਉਂਦੇ ਹਨ, ਆਮ ਹੀ ਵਾਹਨਾਂ ’ਤੇ ਲਿਖੇ ਹੁੰਦੇ ਹਨ। ‘ਆਪਣਿਆਂ ਤੋਂ ਬਚੋ’ ਤਿੰਨ ਸ਼ਬਦਾਂ ਦਾ ਇੱਕ ਛੋਟਾ ਜਿਹਾ ਵਾਕ ਹੈ, ਜਿਸ ਦੇ ਅਰਥ ਬੜੇ ਹੀ ਭਾਵਪੂਰਤ ਅਤੇ ਸਦੀਵੀ ਹਨ। ਇਹ ਪਿਛਲੇ ਸਮਿਆਂ, ਅੱਜ ਦੇ ਯੁੱਗ ਤੇ ਭਵਿੱਖ ਵਿੱਚ ਵੀ ਪ੍ਰਾਸੰਗਿਕ ਹਨ।
ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ। ਲੱਖਾਂ-ਕਰੋੜਾਂ ਦੇ ਪਰਿਵਾਰਾਂ ਦਾ ਸਮੂਹ ਸਮਾਜ ਬਣ ਜਾਂਦਾ ਹੈ। ਹਰ ਮਨੁੱਖ ਪਰਿਵਾਰ ਵਿੱਚ ਜਨਮ ਲੈ ਕੇ ਵੱਡਾ ਹੁੰਦਾ ਹੈ। ਬਚਪਨ ਵਿੱਚ ਛੋਟੇ ਹੁੰਦਿਆਂ ਭੈਣਾਂ-ਭਰਾਵਾਂ ਦਾ ਬੜਾ ਮੋਹ ਹੁੰਦਾ ਹੈ। ਇੱਕ-ਦੂਜੇ ਵਾਸਤੇ ਤਿਆਗ ਤੇ ਕੁਰਬਾਨੀ ਦੀ ਅਥਾਹ ਭਾਵਨਾ ਹੁੰਦੀ ਹੈ। ਜਦੋਂ ਟੱਬਰ ਦੇ ਸਾਰੇ ਮੈਂਬਰ ਵਿਆਹੇ ਜਾਂਦੇ ਹਨ ਤਾਂ ਉਨ੍ਹਾਂ ਦੀ ਆਪਸੀ ਅਪਣੱਤ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਘੋਰ ਪਦਾਰਥਵਾਦ ਦੇ ਯੁੱਗ ਵਿੱਚ ਸਾਂਝੇ ਪਰਿਵਾਰ ਟੁੱਟ ਰਹੇ ਹਨ। ਜਿੱਥੇ ਕਿਸੇ ਨੂੰ ਰੁਜ਼ਗਾਰ ਮਿਲਦਾ ਹੈ, ਉਹ ਉੱਥੇ ਜਾ ਵਸਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਸੀ ‘ਰਿਜਕ ਵਿਹੂਣੇ ਆਦਮੀ ਗਏ ਮੁਹੱਬਤਾਂ ਤੋੜ’ ਪਰਿਵਾਰ ਦੀ ਸਾਂਝੀ ਜ਼ਮੀਨ, ਮਕਾਨ ਤੇ ਹੋਰ ਜਾਇਦਾਦ ਦੇ ਅਕਸਰ ਝਗੜੇ ਹੁੰਦੇ ਹਨ। ਆਪਣੇ ਭਾਈਚਾਰੇ ਵਿੱਚ ਮਸਲਾ ਨਿਬੇੜਨ ਦੀ ਥਾਂ ਗੱਲ ਕਚਹਿਰੀਆਂ ਤਕ ਚਲੀ ਜਾਂਦੀ ਹੈ। ਵਿਆਹੀਆਂ ਭੈਣਾਂ ਵੀ ਅੱਜ ਕੱਲ੍ਹ ਆਪਣੇ ਮਾਪਿਆਂ ਦੀ ਜਾਇਦਾਦ ਵਿੱਚੋਂ ਹਿੱਸਾ ਮੰਗਣ ਲਈ ਉੱਠ ਖਲੋਂਦੀਆਂ ਹਨ। ਭਰਾ ਹੱਥੋਂ ਭਰਾ ਦਾ ਕਤਲ, ਪਿਉ ਹੱਥੋਂ ਪੁੱਤ ਤੇ ਪੁੱਤ ਹੱਥੋਂ ਪਿਉ ਦਾ ਕਤਲ ਅਕਸਰ ਹੀ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ। ਲਹੂ ਸਫ਼ੈਦ ਹੋ ਗਏ ਹਨ। ਅੱਜ ਦੇ ਤੇਜ਼ ਰਫ਼ਤਾਰ ਨਾਲ ਬਦਲ ਰਹੇ ਸਮਾਜ ਵਿੱਚ ‘ਆਪਣਿਆਂ ਤੋਂ ਬਚੋ’ ਵਾਲੀ ਗੱਲ ਬਿਲਕੁਲ ਸੱਚ ਸਾਬਤ ਹੋ ਰਹੀ ਹੈ।
ਸਾਂਝੇ ਟੱਬਰ ਦੀ ਜਾਇਦਾਦ ਕੁਝ ਤਾਂ ਵਿਰਸੇ ਵਿੱਚ ਮਿਲਦੀ ਹੈ ਤੇ ਕੁਝ ਪਰਿਵਾਰ ਦੇ ਮੈਂਬਰਾਂ ਵੱਲੋਂ ਮਿਹਨਤ ਮੁਸ਼ੱਕਤ ਕਰਕੇ ਬਣਾਈ ਜਾਂਦੀ ਹੈ। ਉਸ ਵਿੱਚ ਸਾਰਿਆਂ ਦਾ ਯੋਗਦਾਨ ਬਰਾਬਰ ਦਾ ਨਹੀਂ ਹੁੰਦਾ ਪਰ ਜਦ ਵੰਡ ਹੁੰਦੀ ਹੈ ਤਾਂ ਸਭ ਦਾ ਹਿੱਸਾ ਬਰਾਬਰ ਦਾ ਹੁੰਦਾ ਹੈ। ਪਰਿਵਾਰਾਂ ਵਿੱਚ ਕੁਝ ਮੈਂਬਰ ਨਿਖੱਟੂ, ਆਲਸੀ ਤੇ ਵਿਹਲੜ ਹੁੰਦੇ ਹਨ ਪਰ ਪੰਗਾ ਖੜਾ ਕਰਨ ਵਿੱਚ ਉਹ ਮੋਹਰੀ ਹੁੰਦੇ ਹਨ। ਉਨ੍ਹਾਂ ਤੋਂ ਬਚਣ ਵਿੱਚ ਹੀ ਸਿਆਣਪ ਹੁੰਦੀ ਹੈ।
ਜਦ ਕੋਈ ਮਨੁੱਖ ਜੀਵਨ ਵਿੱਚ ਵਿਕਾਸ ਕਰਦਾ ਹੈ ਤਾਂ ਉਸ ਦੇ ਸਕੇ-ਸਬੰਧੀਆਂ ਵਿੱਚੋਂ ਬਹੁਤ ਘੱਟ ਲੋਕ ਖ਼ੁਸ਼ ਹੁੰਦੇ ਹਨ। ਉਸ ਦੇ ਸ਼ਰੀਕੇ ਬਰਾਦਰੀ ਦੇ ਲੋਕ ਤੇ ਆਂਢ-ਗੁਆਂਢੀ ਸਭ ਸਾੜਾ ਕਰਦੇ ਹਨ। ਮੂੰਹ ’ਤੇ ਸਿਫ਼ਤਾਂ ਅਤੇ ਪਿੱਛੋਂ ਚੁੰਗਲੀ ਨਿੰਦਿਆ ਤੇ ਭੰਡੀ ਪ੍ਰਚਾਰ ਕਰਦੇ ਹਨ। ਆਪ ਤਾਂ ਉਸ ਦੀ ਥਾਂ ’ਤੇ ਪਹੁੰਚ ਨਹੀਂ ਸਕਦੇ ਪਰ ਉਸ ਦੇ ਪਿਛੋਕੜ ਦੀਆਂ ਨਾਂਹ-ਪੱਖੀ ਗੱਲਾਂ ਉਭਾਰ ਕੇ ਆਪਣੀ ਈਰਖਾ ਤੇ ਸਾੜੇ ਦੀ ਤਰਜਮਾਨੀ ਕਰਦੇ ਹਨ। ਉਸ ਦੇ ਵੱਡੇ-ਵਡੇਰਿਆਂ ਦਾ ਪਿਛੋਕੜ ਫਰੋਲਦੇ ਹਨ।
ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਆਪਣਿਆਂ ਵੱਲੋਂ ਕੋਈ ਮਾਣ-ਸਤਿਕਾਰ ਨਹੀਂ ਮਿਲਿਆ। ਦੁਨੀਆਂ ਉਨ੍ਹਾਂ ਦਾ ਆਦਰ ਕਰਦੀ ਹੈ ਪਰ ਆਪਣੇ ਸਿਰਫ਼ ਉਨ੍ਹਾਂ ਪਾਸੋਂ ਆਰਥਿਕ ਸਹਾਇਤਾ ਜਾਂ ਹੋਰ ਕੰਮਾਂ ਵਾਸਤੇ ਜਾਂਦੇ ਹਨ। ਇਸੇ ਕਰਕੇ ਉਹ ਲੋਕ ਆਪਣਾ ਇਲਾਕਾ ਤੇ ਪਿੰਡ ਛੱਡ ਜਾਂਦੇ ਹਨ। ਫਿਰ ਬਾਹਰ ਜਾ ਕੇ ਦੂਜੇ ਲੋਕਾਂ ਪਾਸੋਂ ਇੱਜ਼ਤ-ਮਾਣ ਪ੍ਰਾਪਤ ਕਰਦੇ ਹਨ। ਅੰਮ੍ਰਿਤਸਰ ਦੇ ਇੱਕ ਪਿੰਡ ਦਾ ਡੀ.ਆਈ.ਜੀ. ਪੰਜਾਬ ਪੁਲੀਸ ਤੋਂ ਸੇਵਾਮੁਕਤ ਹੋ ਕੇ ਆਪਣੇ ਪਿੰਡ ਕੋਠੀਨੁਮਾ ਘਰ ਬਣਾ ਕੇ ਰਹਿਣ ਲੱਗ ਪਿਆ। ਉਸੇ ਹੀ ਪਿੰਡ ਦੇ ਇੱਕ ਬ੍ਰਿਗੇਡੀਅਰ ਰੈਂਕ ਦੇ ਆਰਮੀ ਅਫ਼ਸਰ ਨੇ ਉਸ ਨੂੰ ਸ਼ਹਿਰ ਵਿੱਚ ਘਰ ਬਣਾਉਣ ਲਈ ਕਿਹਾ। ਉਹ ਨਾ ਮੰਨਿਆ,‘‘ਅਖੇ ਯਾਰ ਸਾਰੀ ਉਮਰ ਦੌਰਾਨ ਕਦੇ ਕਿਤੇ ਤੇ ਕਦੇ ਕਿਤੇ ਭਟਕਦੇ ਰਹੇ ਹਾਂ। ਆਪਣੇ ਭੈਣ-ਭਰਾਵਾਂ ਵਿੱਚ ਜ਼ਿੰਦਗੀ ਸੁੱਖ-ਸ਼ਾਂਤੀ ਨਾਲ ਬਤੀਤ ਕਰਾਂਗੇ।’’ ਪੰਜ-ਛੇ ਮਹੀਨਿਆਂ ਬਾਅਦ ਹੀ ਉਸ ਦੀ ਆਪਣੇ ਇੱਕ ਅਨਪੜ੍ਹ ਨਜ਼ਦੀਕੀ ਨਾਲ ਮਾਮੂਲੀ ਗੱਲ ’ਤੇ ਤਕਰਾਰ ਹੋ ਗਈ ਤੇ ਪੁਲੀਸ ਨੇ ਦੋਵਾਂ ਨੂੰ ਬਰਾਬਰ ਰੱਖਿਆ। ਆਪਣਿਆਂ ਤੋਂ ਉਸ ਨੂੰ ਵੱਖਰਾ ਹੀ ਆਨੰਦ ਤੇ ਮਜ਼ਾ ਚੱਖਣਾ ਪਿਆ।
ਪੰਜਾਬ ਜਾਂ ਭਾਰਤ ਦੇ ਦੂਜੇ ਸੂਬਿਆਂ ਤੋਂ ਲੋਕ ਬਾਹਰਲੇ ਵਿਕਸਤ ਦੇਸ਼ਾਂ¨ਵਿੱਚ ਕਮਾਈ ਕਰਨ ਜਾਂਦੇ ਹਨ। ਉਹ ਆਪਣੀ ਮਿਹਨਤ ਤੇ ਸਿਆਣਪ ਨਾਲ ਅਮੀਰ ਹੋ ਜਾਂਦੇ ਹਨ। ਉਨ੍ਹਾਂ ਦੇ ਪਿੱਛੇ ਪਈ ਜ਼ਮੀਨ-ਜਾਇਦਾਦ ਦੀ ਸਾਂਭ-ਸੰਭਾਲ ਉਨ੍ਹਾਂ ਦੇ ਆਪਣੇ ਨੇੜੇ ਦੇ ਸਕੇ-ਸਬੰਧੀ ਕਰਦੇ ਹਨ। ਬਹੁਤ ਹਾਲਤਾਂ ਵਿੱਚ ਤਾਂ ਉਹ ਉਸ ’ਤੇ ਕਾਬਜ਼ ਹੋ ਜਾਂਦੇ ਹਨ। ਨਾ ਉਸ ਦੀ ਖਰੀਦ ਦਾ ਮੁੱਲ ਦਿੰਦੇ ਹਨ ਤੇ ਨਾ ਕਬਜ਼ਾ ਛੱਡਦੇ ਹਨ। ਵਿਦੇਸ਼ਾਂ ਵਿੱਚ ਰਹਿੰਦੇ ਐਨ-ਆਰ.ਆਈਜ਼ ਦੇ ਪਿੱਛੇ ਰਹਿ ਰਹੇ ਲੋਕਾਂ ਨਾਲ ਸਮਾਜਿਕ ਸਬੰਧ ਕਮਜ਼ੋਰ ਹੁੰਦੇ ਹਨ। ਉਹ ਝਗੜਿਆਂ ਵਿੱਚ ਹੀ ਕਚਹਿਰੀਆਂ ਦਫ਼ਤਰਾਂ ਵਿੱਚ ਭਟਕਦੇ ਫਿਰਦੇ ਹਨ। ਇਸ ਲਈ ਬਹੁਤ ਐਨ-ਆਰ.ਆਈਜ਼ ਤਾਂ ਆਪਣੀਆਂ ਜ਼ਮੀਨਾਂ ਪਿੰਗਲਵਾੜਾ ਜਾਂ ਹੋਰ ਸੰਸਥਾਵਾਂ ਨੂੰ ਦਾਨ ਵਜੋਂ ਦੇ ਦਿੰਦੇ ਹਨ।
ਅੱਜ ਤੋਂ ਛੇ-ਸੱਤ ਦਹਾਕੇ ਪਹਿਲਾਂ ਤਾਂ ਪਿੰਡ ਸਵਰਗ ਦੇ ਟਾਪੂ ਸਨ। ਸਭ ਇੱਕ-ਦੂਜੇ ਦਾ ਭਲਾ ਤੱਕਦੇ ਸਨ ਤੇ ਸਹਾਰਾ ਸਨ। ਸਭ ਦੀ ਇੱਜ਼ਤ-ਪੱਤ ਸਾਂਝੀ ਸੀ। ਪਿੰਡ ਦੇ ਜੁਆਈ ਨੂੰ ਸਾਰੇ ਪਿੰਡ ਦਾ ਜੁਆਈ ਸਮਝਿਆ ਜਾਂਦਾ ਸੀ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਸਨ। ਆਂਢੀ-ਗੁਆਂਢੀ ਇੱਕ-ਦੂਜੇ ਦੀ ਮਦਦ ਕਰਦੇ ਸਨ ਤਾਂ ਹੀ ਇਹ ਆਮ ਕਿਹਾ ਜਾਂਦਾ ਸੀ- ‘ਸਾਡੇ ਪਿੰਡ ਵਿੱਚ ਵਸਦਾ ਰੱਬ ਨੀਂ’ ਪਰ ਅੱਜ ਤਾਂ ਤਸਵੀਰ ਬਿਲਕੁਲ ਉਲਟ ਹੈ। ਪਿੰਡਾਂ ਵਿੱਚ ਗੁੱਟਬੰਦੀਆਂ ਤੇ ਧੜੇਬੰਦੀਆਂ ਹਨ। ਦੂਜਿਆਂ ਨੇ ਤਾਂ ਵਿਰੋਧ ਕੀ ਕਰਨਾ ਹੈ ਆਪਣਿਆਂ ਵਿੱਚੋਂ ਹੀ ਵਿਰੋਧੀ ਉੱਠ ਖੜਦੇ ਹਨ। ਬਹੁਤ ਸਾਰੇ ਸਿਆਸੀ ਲੀਡਰ ਆਪਣੇ ਪਿੰਡ ਵਿੱਚੋਂ ਘੱਟ ਵੋਟ ਪ੍ਰਾਪਤ ਕਰਦੇ ਹਨ ਪਰ ਬਾਹਰਲੇ ਪਿੰਡਾਂ ਵਿੱਚੋਂ ਵੱਧ ਵੋਟਾਂ ਲੈ ਕੇ ਮੰਤਰੀ ਬਣ ਜਾਂਦੇ ਹਨ। ਬਹੁਤੇ ਮਾਂ-ਪਿਉ ਬੁਢਾਪੇ ਵਿੱਚ ਆਪਣੇ ਪੁੱਤਰਾਂ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਬਿਰਧ ਆਸ਼ਰਮਾਂ, ਸਰਾਵਾਂ, ਗੁਰਦੁਆਰਿਆਂ ਵਿੱਚ ਰੁਲਦੇ ਦੇਖੇ ਜਾਂਦੇ ਹਨ। ਆਪਣੇ ਪੁੱਤ-ਧੀ ਉਨ੍ਹਾਂ ਦੀ ਸੇਵਾ ਨਹੀਂ ਕਰਦੇ। ਭਾਵੇਂ ਬਜ਼ੁਰਗ ਮਾਪੇ ਆਪਣੇ ਪੁੱਤਾਂ-ਧੀਆਂ ਦੇ ਪਾਲਣ-ਪੋਸ਼ਣ ’ਤੇ ਆਪਣੀ ਸਾਰੀ ਕਮਾਈ ਖਰਚ ਕਰਕੇ ਬੁਢਾਪੇ ਵਿੱਚ ਖਾਲੀ ਹੱਥ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਆਪਣੇ ਤਾਂ ਉਨ੍ਹਾਂ ਦਾ ਆਸਰਾ ਨਹੀਂ ਬਣਦੇ, ਉਹ ਬਾਹਰਲੀਆਂ ਸੰਸਥਾਵਾਂ ’ਤੇ ਨਿਰਭਰ ਹੋ ਕੇ ਜ਼ਿੰਦਗੀ ਦੀ ਸ਼ਾਮ ਦੇ ਦਿਨ ਕੱਟਦੇ ਹਨ। ਭਲਾ ਹੋਵੇ ਉਨ੍ਹਾਂ ਸਮੂਹਿਕ ਸੋਚ ਵਾਲੇ ਲੋਕਾਂ ਦਾ ਜਿਹੜੇ ਬੇਸਹਾਰੇ ਲੋਕਾਂ ਦਾ ਸਹਾਰਾ ਬਣਦੇ ਹਨ।