ਪੱਤਰ ਪ੍ਰੇਰਕ
ਬਹਾਦਰਗੜ੍ਹ, 21 ਜੂਨ
ਐਸਕੌਰਟ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦਿੱਤਾ ਜਾ ਰਿਹਾ ਧਰਨਾ ਭਾਵੇਂ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਿਆ ਹੈ ਪਰ ਇਲਾਕੇ ਦਾ ਕੋਈ ਵੀ ਨੇਤਾ ਇਨ੍ਹਾਂ ਮਜ਼ਦੂਰਾਂ ਦੇ ਹੱਕ ਵਿਚ ਹਾਅ-ਦਾ-ਨਾਅਰਾ ਮਾਰਨ ਨਹੀਂ ਪੁੱਜਿਆ। ਇਸ ਦਾ ਧਰਨਾਕਾਰੀਆਂ ‘ਚ ਰੋਸ ਹੈ। ਅੱਜ ਸਵੇਰੇ ਫੈਕਟਰੀ ਗੇਟ ਮੂਹਰੇ ਸਥਿਤ ਲਾਈਟਾਂ ਵਾਲੇ ਚੋਕ ‘ਤੇ ਧਰਨਾ ਦਿੱਤਾ ਅਤੇ ਲਗਪਗ ਇਕ ਘੰਟੇ ਤੱਕ ਆਵਾਜਾਈ ਰੋਕੀ ਰੱਖੀ। ਅੰਦੋਲਨਕਾਰੀ ਫੈਕਟਰੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਥੇ ਸਥਿਤ ਸਟੇਡੀਅਮ ਵਿਖੇ ਪਹੁੰਚੇ ਤੇ ਕੱਚੇ ਮੁਲਾਜ਼ਮਾਂ ਵੱਲੋਂ ਬਣਾਈ ਯੂਨੀਅਨ ਦੇ ਪੰਜ ਮੈਂਬਰ ਭੁੱਖ ਹੜਤਾਲ ਉਪਰ ਬੈਠ ਗਏ। ਧਰਨਾ ਦੇ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਤੋਂ ਉਨ੍ਹਾਂ ਦੀ ਯੂਨੀਅਨ ਦੇ ਪੰਜ ਪੰਜ ਮੈਂਬਰ ਹਰ ਰੋਜ਼ ਭੁੱਖ ਹੜਤਾਲ ਉਪਰ ਬੈਠਿਆ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਅੱਜ ਚੋਥੇ ਦਿਨ ਵਿਚ ਸ਼ਾਮਲ ਹੋ ਗਿਆ ਹੈ ਪਰ ਅਜੇ ਤੱਕ ਗਰੀਬਾਂ ਦੀ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪੰਹੁਚਿਆ ਹੈ। ਉਧਰ ਅੱਜ ਲੋਕ ਲਹਿਰ (ਦੂਜੀ ਆਜ਼ਾਦੀ ਲਈ) ਸੰਸਥਾ ਦੇ ਅਨੇਕਾਂ ਮੈਂਬਰ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਸਮੇਰ ਸਿੰਘ, ਮੀਤ ਪ੍ਰਧਾਨ ਸੈਂਟੀ ਥਮਣ, ਰੁਪਿੰਦਰ ਸਿੰਘ ਰੋਗਲਾ ਦੀ ਅਗਵਾਈ ਹੇਠ ਧਰਨਾਕਾਰੀਆਂ ਦੀ ਹਮਾਇਤ ਵਿੱਚ ਆ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਇਨ੍ਹਾਂ ਕਾਮਿਆਂ ਨੂੰ ਬਣਦਾ ਹੱਕ ਦਿਵਾਉਣ ਲਈ ਪੰਜਾਬ ਪੱਧਰ ਤੱਕ ਦਾ ਸੰਘਰਸ਼ ਛੇੜਨਗੇ।