ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਅਤੇ ਨਾਚ ਕਲਾ ਦਾ ਲੋਹਾ ਮਨਵਾਉਣ ਵਾਲਾ ਮਾਈਕਲ ਜੈਕਸਨ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਚਹੇਤਾ ਸੀ। ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਲੈਣ ਵਾਲਾ ਇਹ ਫ਼ਨਕਾਰ ਅੱਜ ਤੋਂ ਤਿੰਨ ਵਰ੍ਹੇ ਪਹਿਲਾਂ ਸਾਥੋਂ ਸਦਾ ਲਈ ਵਿਛੜ ਗਿਆ। ਸਾਰੀ ਉਮਰ ਦੁੱਖਾਂ, ਹਾਦਸਿਆਂ ਤੇ ਤੋਹਮਤਾਂ ਦੀ ਮਾਰ ਹੰਢਾਉਣ ਵਾਲਾ ਮਾਈਕਲ ਜੈਕਸਨ ਬੇਸ਼ੁਮਾਰ ਦੌਲਤ ਤੇ ਸ਼ੋਹਰਤ ਤਾਂ ਹਾਸਲ ਕਰ ਗਿਆ ਪਰ ਚੈਨ ਦੀ ਜ਼ਿੰਦਗੀ ਉਹ ਕਦੇ ਵੀ ਬਸਰ ਨਾ ਕਰ ਸਕਿਆ। ਉਸ ਵਰਗਾ ਫ਼ਨਕਾਰ ਮੁੜ ਪੈਦਾ ਹੋਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ। ਉਹ ਇੱਕ ਲਾਮਿਸਾਲ ਤੇ ਬਾਕਮਾਲ ਫ਼ਨਕਾਰ ਸੀ।
29 ਅਗਸਤ 1958 ਨੂੰ ਗੈਰੀ ਇੰਡੀਆਨਾ (ਅਮਰੀਕਾ) ਵਿੱਚ ਪੈਦਾ ਹੋਇਆ ਮਾਈਕਲ ਜੈਕਸਨ ਆਪਣੇ ਨੌਂ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ ’ਤੇ ਸੀ। ਉਸ ਦੀ ਮਾਂ ਦਾ ਨਾਂ ਕੈਥਰੀਨ ਸੀ ਤੇ ਉਸ ਦਾ ਪਿਤਾ ਜੌਸਫ਼ ਜੈਕਸਨ ਇੱਕ ਕ੍ਰੇਨ ਆਪਰੇਟਰ ਹੋਣ ਦੇ ਨਾਲ-ਨਾਲ ਉਸਤਾਦ ਗਿਟਾਰ ਵਾਦਕ ਵੀ ਸੀ। ਉਸ ਦਾ ਪਿਤਾ ਹੀ ਉਸ ਦਾ ਪਹਿਲਾ ਗੁਰੂ ਸੀ ਜਿਸ ਨੇ ਉਸ ਨੂੰ ਤੇ ਉਸ ਦੇ ਬਾਕੀ ਭੈਣ-ਭਰਾਵਾਂ ਨੂੰ ਗਿਟਾਰ ਵਜਾਉਣਾ ਸਿਖਾਇਆ ਸੀ। ਪਿਤਾ ਦੀ ਸੰਗਤ ਵਿੱਚ ਆਪਣੇ ਭੈਣ-ਭਰਾਵਾਂ ਸਮੇਤ ਮਾਈਕਲ ਨੇ ਸੰਨ 1968 ਵਿੱਚ ਪਹਿਲੀ ਵਾਰ ‘ਸਟੀਲ ਟਾਊਨ’ ਨਾਮਕ ਇੱਕ ਸਥਾਨਕ ਗੀਤ ਗਾਇਆ ਸੀ ਤੇ ਫਿਰ ਪਰਿਵਾਰ ਸਮੇਤ ਉਹ ਕੈਲੇਫੋਰਨੀਆ ਚਲਾ ਗਿਆ ਜਿੱਥੇ ‘ਬੈਵਰਲੀ ਹਿਲਜ਼ ਕਲੱਬ- ਦਿ ਡੇਜ਼ੀ’ ਵਿਖੇ ਉਨ੍ਹਾਂ ਸਭ ਨੇ ਮਿਲ ਕੇ ਇੱਕ ਜ਼ਬਰਦਸਤ ਪ੍ਰੋਗਰਾਮ ਪੇਸ਼ ਕੀਤਾ ਤੇ ਸ਼ੋਹਰਤ ਖੱਟੀ।
ਪਰਿਵਾਰਕ ਸਮੂਹ ਵਿੱਚ ਹੀ ਮਾਈਕਲ ਜੈਕਸਨ ਦੀ ਪਹਿਲੀ ਐਲਬਮ ‘ਡਾਇਨਾ ਰੌਸ ਪ੍ਰੀਜ਼ੈਂਟਸ- ਦਿ ਜੈਕਸਨ’1969 ਵਿੱਚ ਰਿਲੀਜ਼ ਹੋਈ ਜੋ ਕਿ ਬੇਹੱਦ ਸਫ਼ਲ ਤੇ ਚਰਚਿਤ ਰਹੀ। ਮਾਈਕਲ ਦੀ ਉਮਰ ਉਸ ਵੇਲੇ ਕੇਵਲ ਗਿਆਰਾਂ ਵਰ੍ਹਿਆਂ ਦੀ ਸੀ। ਉਸੇ ਹੀ ਸਾਲ ਉਸ ਦੀ ਦੂਜੀ ਐਲਬਮ ‘ਆਈ ਵਾਂਟ ਯੂ ਬੈਕ’ ਆਈ ਜੋ ਕਿ ਸੁਪਰਹਿੱਟ ਰਹੀ ਤੇ ਪੂਰੇ ਪਰਿਵਾਰ ਲਈ ਆਰਥਿਕ ਪੱਖੋਂ ਵੀ ਕਾਫ਼ੀ ਫ਼ਾਇਦੇਮੰਦ ਰਹੀ। ਇਸ ਤੋਂ ਬਾਅਦ ਜੈਕਸਨ ਪਰਿਵਾਰ/ਗਰੁੱਪ ਨੇ ਕਈ ਹੋਰ ਹਿੱਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਤੇ ਆਪਣੀ ਇੱਕ ਟੈਲੀਵਿਜ਼ਨ ਸੀਰੀਜ਼ ਵੀ ਪੇਸ਼ ਕੀਤੀ।
ਮਾਈਕਲ ਜੈਕਸਨ ਨੇ ਇੱਕ ਇੰਟਰਵਿਊ ਵਿੱਚ ਆਪਣਾ ਦੁੱਖ ਫਰੋਲਦਿਆਂ ਹੋਇਆਂ ਕਿਹਾ ਸੀ ਕਿ ਉਸ ਦਾ ਬਚਪਨ ਬਹੁਤਾ ਵਧੀਆ ਨਹੀਂ ਸੀ ਰਿਹਾ। ਉਸ ਦਾ ਪਿਤਾ ਸਾਰੇ ਰੁਪਏ ਪੈਸੇ ਦਾ ਹਿਸਾਬ ਰੱਖਦਾ ਸੀ ਤੇ ਕਦੇ-ਕਦੇ ਉਸ ਨੂੰ ਜਾਂ ਉਸ ਦੇ ਭੈਣ ਭਰਾਵਾਂ ਨੂੰ ਬੈਲਟਾਂ ਨਾਲ ਵੀ ਕੁੱਟਦਾ ਸੀ। ਉਸ ਨੇ ਦੱਸਿਆ ਕਿ ਗਾਉਣ-ਵਜਾਉਣ ਅਤੇ ਰਿਆਜ਼ ਕਰਨ ਵਿੱਚ ਉਸ ਦਾ ਬਚਪਨ ਰੁਲ੍ਹ ਗਿਆ ਸੀ ਤੇ ਉਹ ਦੂਜੇ ਆਮ ਬੱਚਿਆਂ ਵਾਂਗ ਨਾ ਤਾਂ ਛੁੱਟੀਆਂ ਦਾ ਮਜ਼ਾ ਲੈ ਸਕਿਆ ਸੀ ਤੇ ਨਾ ਹੀ ਸ਼ਰਾਰਤਾਂ ਕਰ ਸਕਿਆ ਸੀ। ਇਸ ਗੱਲ ਦਾ ਅਫ਼ਸੋਸ ਉਸ ਨੂੰ ਸਾਰੀ ਉਮਰ ਰਿਹਾ ਸੀ।
ਮਾਈਕਲ ਜੈਕਸਨ ਦੀ ਪਹਿਲੀ ਸੋਲੋ ਐਲਬਮ ਸੰਨ 1972 ਵਿੱਚ ਰਿਲੀਜ਼ ਹੋਈ ਸੀ ਜਿਸ ਦਾ ਟਾਈਟਲ ਸੀ ‘ਗੈÎੱਟ ਟੂ ਬੀ ਦਿਅਰ’। ਇਸ ਐਲਬਮ ਨੇ ਨਾ ਸਿਰਫ਼ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ ਸਗੋਂ ਪ੍ਰਸਿੱਧ ਫ਼ਿਲਮ ‘ਬੈਨ’ ਲਈ ਇੱਕ ਗੀਤ ਗਾਉਣ ਦਾ ਮੌਕਾ ਵੀ ਉਸੇ ਸਾਲ ਦਿਵਾ ਦਿੱਤਾ। ਸੰਨ 1978 ਵਿੱਚ ਉਸ ਦੀ ਫ਼ਿਲਮ ‘ਦਿ ਵਿਜ਼’ ਰਿਲੀਜ਼ ਹੋਈ ਜੋ ਬਹੁਤ ਕਾਮਯਾਬ ਰਹੀ ਤੇ ਇਸ ਫ਼ਿਲਮ ਦੇ ਸੰਗੀਤ ਨਿਰਦੇਸ਼ਕ ਕੁਇੰਸੀ ਜੋਨਜ਼ ਨਾਲ ਉਸ ਦੀ ਗੂੜ੍ਹੀ ਸਾਂਝ ਵੀ ਪੈ ਗਈ। ਇਸ ਜੋੜੀ ਦੀ ਐਲਬਮ ‘ਆੱਫ ਦਿ ਵਾਲ’1979 ਵਿੱਚ ਰਿਲੀਜ਼ ਹੋਈ ਜਿਸ ਦੀਆਂ ਪੰਜ ਮਿਲੀਅਨ ਕਾਪੀਆਂ ਅਮਰੀਕਾ ਅਤੇ ਦੋ ਮਿਲੀਅਨ ਕਾਪੀਆਂ ਹੋਰ ਵਿਦੇਸ਼ੀ ਮੁਲਕਾਂ ਵਿੱਚ ਹੱਥੋ-ਹੱਥੀ ਵਿਕ ਗਈਆਂ। ਇਸ ਐਲਬਮ ਦੇ ਚਾਰ ਗਾਣੇ ਕਈ ਮਹੀਨਿਆਂ ਤਕ ‘ਟਾੱਪ ਟੈਨ’ ਦਾ ਸ਼ਿੰਗਾਰ ਰਹੇ ਸਨ। ਸੰਨ 1982 ਵਿੱਚ ਆਈ ਐਲਬਮ ‘ਦਿ ਥ੍ਰਿਲਰ’ ਬੈਸਟ ਸਟੂਡੀਓ ਐਲਬਮ ਵਜੋਂ ਸਲਾਹੀ ਗਈ ਅਤੇ ਇਸ ਨੇ ਸੰਗੀਤ ਅਤੇ ਵੀਡੀਓ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਵੀ ਲਿਆਂਦੀ। ਸੰਨ 1993 ਵਿੱਚ ਉਸ ਵੱਲੋਂ ਕੀਤੇ ‘ਮੂਨ ਵਾੱਕ’ ਨਾਮਕ ਡਾਂਸ ਸਟੈÎੱਪ ਨੇ ਤਾਂ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ ਸੀ।
ਸੰਨ 1994 ਵਿੱਚ ਛੱਤੀ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰੋੜਪਤੀ ਗਾਇਕਾ ਲਿਜ਼ਾ ਮੈਰੀ ਪ੍ਰੈਸਲੇ ਨਾਲ ਹੋਇਆ ਜੋ ਜ਼ਿਆਦਾ ਦੇਰ ਤਕ ਨਿਭ ਨਾ ਸਕਿਆ। ਵਿਵਾਦਾਂ ਨੇ ਇੱਕ-ਇੱਕ ਕਰਕੇ ਉਸ ਦੇ ਦੁਆਲੇ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਪ੍ਰੇਸ਼ਾਨ ਤੇ ਦੁਖੀ ਰਹਿਣ ਦੇ ਨਾਲ-ਨਾਲ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ। ਸੰਨ 1993 ਵਿੱਚ ਇੱਕ ਤੇਰ੍ਹਾਂ ਸਾਲ ਦੇ ਬੱਚੇ ਅਤੇ 2003 ਵਿੱਚ ਕੈਂਸਰ ਦੇ ਮਰੀਜ਼ ਦੇ ਇੱਕ ਹੋਰ ਬੱਚੇ ਦਾ ਜਿਸਮਾਨੀ ਸੋਸ਼ਣ ਜਾਂ ਛੇੜਛਾੜ ਦੀਆਂ ਤੋਹਮਤਾਂ ਨੇ ਉਸ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਇਨ੍ਹਾਂ ਮਾਮਲਿਆਂ ’ਚੋਂ ਭਾਵੇਂ ਉਹ ਬਰੀ ਤਾਂ ਹੋ ਗਿਆ ਪਰ ਲੱਖਾਂ ਰੁਪਏ ਖਰਚ ਕਰਨ ਦੇ ਨਾਲ-ਨਾਲ ਉਹ ਬਾਡੀਗਾਰਡਾਂ ਦੀ ਫ਼ੌਜ ਵੀ ਰੱਖਣ ਲੱਗ ਪਿਆ ਜੋ ਕਿ ਉਸ ਦੇ ਅੰਦਰ ਵਿਗਸਦੀ ਅਸੁਰੱਖਿਆ ਦਾ ਪ੍ਰਤੀਕ ਸੀ।
ਸੰਨ 1996 ਵਿੱਚ ਮਾਈਕਲ ਨੇ ਆਪਣੀ ਸਾਬਕਾ ਨਰਸ ਡੈਬੀ ਰੋਅ ਨਾਲ ਦੂਜਾ ਵਿਆਹ ਕਰ ਲਿਆ ਜਿਸ ਤੋਂ ਉਸ ਦੇ ਦੋ ਬੱਚੇ ਪ੍ਰਿੰਸ ਮਾਈਕਲ ਜੂਨੀਅਰ ਅਤੇ ਪ੍ਰਿੰਸ ਮਾਈਕਲ ਕੈਥਰੀਨ ਪੈਦਾ ਹੋਏ। ਉਂਜ ਉਸ ਦੀ ਤੀਜੀ ਔਲਾਦ ਦਾ ਨਾਂ ਪ੍ਰਿੰਸ ਮਾਈਕਲ-2 ਹੈ ਪਰ ਇਸ ਨੂੰ ਜਨਮ ਦੇਣ ਵਾਲੀ ਮਾਂ ਕੌਣ ਸੀ, ਇਹ ਖੁਲਾਸਾ ਉਸ ਨੇ ਕਦੇ ਨਹੀਂ ਸੀ ਕੀਤਾ। ਕਈ ਸਾਰੀਆਂ ਸਰਜਰੀਆਂ ਤੇ ਅਨੇਕਾਂ ਹੀ ਦਵਾਈਆਂ ਦੀ ਪੀੜ ਹੰਢਾਉਣ ਵਾਲਾ ਮਾਈਕਲ ਹੌਲੀ-ਹੌਲੀ ਨਸ਼ੀਲੀਆਂ ਅਤੇ ਦਰਦ ਨਿਵਾਰਕ ਦਵਾਈਆਂ ਦਾ ਆਦੀ ਹੋ ਗਿਆ। ਸੰਨ 2001 ਤੋਂ ਬਾਅਦ ਉਸ ਨੇ ਕੋਈ ਵੀ ਨਵਾਂ ਗਾਣਾ ਰਿਲੀਜ਼ ਨਾ ਕਰਵਾਇਆ ਤੇ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ।
ਟੀਕਿਆਂ ਤੇ ਸਰਜਰੀਆਂ ਨਾਲ ਵਿੰਨੇ ਹੋਏ ਸਰੀਰ ਵਾਲੇ ਮਾਈਕਲ ਜੈਕਸਨ ਦੇ ਸਿਰ ’ਤੇ ਚੜੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ ਤੇ ਰਕਮ ਤਿੰਨ ਸੌ ਮਿਲੀਅਨ ਡਾਲਰ ਤਕ ਪੁੱਜ ਗਈ। ਸਾਰੇ ਕਰਜ਼ੇ ਉਤਾਰਨ ਅਤੇ ਸੰਗੀਤ ਜਗਤ ਵਿੱਚ ਆਪਣੀ ਧਮਾਕੇਦਾਰ ਵਾਪਸੀ ਲਈ ਉਸ ਨੇ ਆਪਣੀ ਜ਼ਿੰਦਗੀ ਵੀ ਦਾਅ ’ਤੇ ਲਾ ਦਿੱਤੀ। ਸਿਹਤ ਪੱਖੋਂ ਬੇਹਾਲ ਹੋਣ ਦੇ ਬਾਵਜੂਦ ਵੀ ਉਸ ਨੇ ਇੱਕ ਵੱਡੇ ਸ਼ੋਅ ਲਈ ਕਮਰਕੱਸ ਲਈ ਤੇ ਦਿਨ ਰਾਤ ਮਿਹਨਤ ਕਰਨ ਲੱਗ ਪਿਆ। ਉਸ ਦੇ ਇਰਾਦੇ ਕੁਝ ਹੋਰ ਸਨ ਪਰ ਕੁਦਰਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਸਾਲ 2009 ਦੀ 25 ਜੂਨ ਨੂੰ ਦੁਨੀਆਂ ਦਾ ਇਹ ਪ੍ਰਸਿੱਧ ਫ਼ਨਕਾਰ ਸਦਾ ਲਈ ਖ਼ਾਮੋਸ਼ ਹੋ ਗਿਆ ਸੀ ਤੇ ਉਸ ਨੂੰ ਇੱਕ ਵਾਰ ਫਿਰ ਤੋਂ ਥਿਰਕਦਾ ਤੇ ਗਾਉਂਦਾ ਵੇਖਣ ਦਾ ਕਰੋੜਾਂ ਅੱਖਾਂ ਵਿਚਲਾ ਸੁਪਨਾ ਪਲਾਂ ਵਿੱਚ ਹੀ ਕਿਣਕਾ-ਕਿਣਕਾ ਹੋ ਕੇ ਬਿਖ਼ਰ ਗਿਆ ਸੀ।
-ਪਰਮਜੀਤ ਸਿੰਘ ਨਿੱਕੇ ਘੁੰਮਣ