ਨਿਊਯਾਰਕ, 7 ਜੂਨ
ਕਾਂਗਰਸ ਨੇ ਅਮਰੀਕਾ ਦੀ ਇਕ ਅਦਾਲਤ ਵਿਚ ਚੱਲ ਰਹੇ ਸਿੱਖ ਕਤਲ-ਏ-ਆਮ ਕੇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਤਲ-ਏ-ਆਮ 1984 ਵਿਚ ਹੋਇਆ ਸੀ ਤੇ 25 ਸਾਲਾਂ ਮਗਰੋਂ ਕੇਸ ਦਰਜ ਕਰਾਉਣ ਦੀ ਕੋਈ ਤੁੱਕ ਨਹੀਂ ਹੈ। ਅਦਾਲਤ ਦੇ ਜੱਜ ਵੱਲੋਂ ਇਸ ਅਪੀਲ ਉਪਰ 27 ਜੂਨ ਨੂੰ ਸੁਣਵਾਈ ਕੀਤੀ ਜਾਵੇਗੀ।
ਇਹ ਅਪੀਲ 29 ਮਈ ਨੂੰ ਪਾਈ ਗਈ ਸੀ। ਇਸ ਵਿਚ ਕਾਂਗਰਸ ਨੇ ਆਪਣੇ ਖ਼ਿਲਾਫ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਿੱਖਸ ਫਾਰ ਜਸਟਿਸ ਨੇ ਪਾਰਟੀ ਖ਼ਿਲਾਫ਼ ਇਹ ਕੇਸ 2011 ਵਿਚ ਪਾਇਆ ਹੈ ਜਦ ਕਿ ਮਾਮਲਾ 1984 ਦਾ ਹੈ। ਪਾਰਟੀ ਦੇ ਵਕੀਲਾਂ ਨੇ ਕਿਹਾ ਕਿ ਕੋਈ ਕੇਸ 25 ਸਾਲਾਂ ਬਾਅਦ ਪਾਇਆ ਜਾਣਾ, ਬਹੁਤ ਦੇਰ ਹੈ। ਇਸ ਲਈ ਕੇਸ ਦਾਇਰ ਕਰਨ ਦੀ ਸਮਾਂ ਸੀਮਾ ਵੀ ਖਤਮ ਹੋ ਚੁੱਕੀ ਹੈ। ਇਸ ਕੇਸ ਵਿਚ ਸਿੱਖਾਂ ਨੇ ਦੋਸ਼ ਲਗਾਇਆ ਹੈ ਕਿ 1984 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਨੇ ਸਿੱਖਾਂ ਖ਼ਿਲਾਫ ਸਾਜ਼ਿਸ਼ ਰਚੀ ਤੇ ਉਨ੍ਹਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਤੇ ਉਨ੍ਹਾਂ ਦੀ ਜਾਇਦਾਦ ਤਬਾਹ ਕਰ ਦਿੱਤੀ।ਜੱਜ ਰੋਬਰਟ ਸਵੀਟ ਨੇ ਕਾਂਗਰਸ ਦੀ ਅਪੀਲ ’ਤੇ ਸੁਣਵਾਈ ਕਰਨ ਮਗਰੋਂ ਕਿਹਾ ਕਿ ਉਹ ਇਸ ਬਾਰੇ ਫੈਸਲਾ 27 ਜੂਨ ਨੂੰ ਕਰਨਗੇ। ਇਸ ਦੌਰਾਨ ਸਿੱਖਸ ਫਾਰ ਜਸਟਿਸ ਨੇ ਕਿਹਾ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਮੋਤੀ ਲਾਲ ਵੋਹਰਾ ਨੇ ਕਾਂਗਰਸ ਦੇ ਸਮਥਰਨ ਵਿਚ ਹਲਫਨਾਮਾ ਦਾਖਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਸ ਪੈਣ ਮਗਰੋਂ ਅਦਾਲਤ ਨੇ ਕਿਹਾ ਕਨਵੈਨਸ਼ਨ ਤਹਿਤ ਕਾਂਗਰਸ ਨੂੰ ਕੋਈ ਸੰਮਨ ਜਾਰੀ ਨਹੀਂ ਕੀਤਾ।
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਾਂਗਰਸ ਦਾ ਮਕਸਦ ਕੇਸ ਨੂੰ ਲਮਕਾਉਣਾ ਹੈ। -ਪੀ.ਟੀ.ਆਈ.