ਪ੍ਰਤੀਕ ਸਿੰਘ
ਟੋਰਾਂਟੋ, 1 ਜੂਨ
ਕੈਨੇਡਾ ਭਰ ‘ਚੋਂ ਚੁਣੇ ਗਏ 25 ਸਰਵੋਤਮ ਪਰਵਾਸੀਆਂ ਵਿਚ ਦੋ ਸਿੱਖ ਅਤੇ ਤਿੰਨ ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ ਸ਼ਾਮਲ ਹਨ। ਇਹ ਸਨਮਾਨ ਕੈਨੇਡੀਅਨ ਇੰਮੀਗਰਾਂਟ ਮੈਗਜ਼ੀਨ ਦੇ ਚੌਥੇ ਸਾਲਾਨਾ ਸਮਾਗਮ ਦੌਰਾਨ ਪ੍ਰਦਾਨ ਕੀਤੇ ਗਏ। ਦੁਨੀਆਂ ਭਰ ਵਿਚ ਮਸ਼ਹੂਰ ਹਿੱਪ-ਹਾਪ ਗਾਇਕ ‘ਕੇ-ਨਾਨ’, ਐਮ ਪੀ ਉਲਿਵੀਆ ਚਾਓ (ਸਵਰਗੀ ਜੈਕ ਲੇਟਨ ਦੀ ਪਤਨੀ), ਕੁਸ਼ਤੀ ਚੈਂਪੀਅਨ ਡੇਨੀਅਲ ਇਗਾਲੀ ਤੋਂ ਇਲਾਵਾ ਬਹੁਤ ਸਾਰੇ ਸਮਾਜ ਸੇਵੀ ਲੋਕਾਂ ਨੂੰ ਸਨਮਾਨਿਆ ਗਿਆ ਹੈ। ਪੰਜਾਬੀ ਅਤੇ ਇੰਡੋ-ਕੈਨੇਡੀਅਨ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਫਰੀ ਸਟਾਈਲ ਭਲਵਾਨ ਟਾਈਗਰ ਜੀਤ ਸਿੰਘ, ਵੈਨਕੂਵਰ ਦੇ ਕੇਹਰ ਸਿੰਘ ਔਜਲਾ, ਸ਼ਤੀਸ ਠੱਕਰ, ਸੁਰੇਸ਼ ਕੁਰਲ, ਅਤੇ ਮਧੂ ਵਰਮਾ ਉਕਤ 25 ਸਰਵੋਤਮ ਇੰੰਮੀਗਰਾਂਟਾਂ ਵਿਚ ਸ਼ੁਮਾਰ ਕੀਤੇ ਗਏ ਹਨ।
41 ਸਾਲ ਪਹਿਲਾਂ ਕੈਨੇਡਾ ਆਏ ਸੁਰੇਸ਼ ਕੁਰਲ ਵੈਨਕੂਵਰ ਦੀ ਯੂਨੀਵਰਸਿਟੀ ‘ਚ ਪੜ੍ਹਾਉਂਦੇ ਰਹੇ ਅਤੇ ਹੁਣ ਸਮਾਜ ਸੇਵੀ ਕੰਮਾਂ ‘ਚ ਜੁਟੇ ਹੋਏ ਹਨ। ਟੋਰਾਂਟੋ ਲਾਗੇ ਮਿਲਟਨ ਸ਼ਹਿਰ ‘ਚ ਵਸਦੇ ਟਾਈਗਰ ਜੀਤ ਸਿੰਘ ਕੁਸ਼ਤੀ ਤੋਂ ਇਲਾਵਾ ਸਮਾਜਿਕ ਕੰਮਾਂ ‘ਚ ਹਿੱਸਾ ਪਾਉਂਦੇ ਹਨ ਅਤੇ ਪਿਛਲੇ ਸਾਲ ਉਨ੍ਹਾਂ ਦੇ ਨਾਂ ‘ਤੇ ਸਕੂਲ ਦਾ ਨਾਂ ਵੀ ਰੱਖਿਆ ਗਿਆ ਸੀ। ਨਿਊਬਰੰਸ਼ਵਿਕ ਸੂਬੇ ਦੀ ਵਸਨੀਕ ਮਧੂ ਵਰਮਾ 1962 ਵਿਚ ਕੈਨੇਡਾ ਆਈ ਅਤੇ ਸਮਾਜ ਸੇਵੀ ਕਾਰਕੁਨ ਦੇ ਤੌਰ ‘ਤੇ ਪਰਵਾਸੀ ਲੋਕਾਂ ਦੀ ਮਦਦ ਕਰਦੀ ਸੰਸਥਾ ਸਥਾਪਤ ਕੀਤੀ। 15 ਵਰ੍ਹੇ ਪਹਿਲਾਂ ਇੱਥੇ ਆਏ ਇੰਡੋ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ਼ਤੀਸ਼ ਠੱਕਰ ਨੇ ਦੱਖਣ ਏਸ਼ਿਆਈ ਭਾਈਚਾਰੇ ਦੀਆਂ ਸੇਵਾਵਾਂ ਵਿਚ ਬਹੁਤ ਯੋਗਦਾਨ ਪਾਇਆ। ਇਸੇ ਤਰ੍ਹਾਂ ਵੈਨਕੂਵਰ ਇਲਾਕੇ ਵਿਚ ਭਾਰਤੀ ਬਰਾਦਰੀ ਵਾਸਤੇ ਨਿਸ਼ਕਾਮ ਸੇਵਾ ਨਿਭਾ ਰਹੇ 16 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਇੱਥੇ ਆਏ 79 ਸਾਲਾ ਕੇਹਰ ਸਿੰਘ ਔਜਲਾ ਨੇ‘ਵਾਲੰਟੀਅਰ ਗਰੈਂਡਪੇਰੈਂਟ ਸੰਸਥਾ ਬਣਾਈ ਹੋਈ ਹੈ। 25 ਸ਼ਖਸੀਅਤਾਂ ਦੀ ਚੋਣ ਜੱਜਾਂ ਦੇ ਪੈਨਲ ਵੱਲੋਂ ਕੀਤੀ ਗਈ। ਇਨ੍ਹਾਂ ਵਿਸ਼ੇਸ਼’ਵਿਅਕਤੀਆਂ ਨੂੰ 28 ਹਜ਼ਾਰ ਤੋਂ ਵੱਧ ਲੋਕਾਂ ਨੇ ਆਨਲਾਈਨ ਵੋਟਾਂ ਪਾ ਕੇ ਚੁਣਿਆ ਹੈ। ਇਨ੍ਹਾਂ ਸਰਵੋਤਮ ਪਰਵਾਸੀਆਂ ਨੂੰ ਖਾਸ ਪ੍ਰਮਾਣ ਪੱਤਰ ਅਤੇ ਕਿਸੇ ਵੀ ਕੈਨੇਡੀਅਨ ਖੈਰਾਤੀ ਸੰਸਥਾ ਵਾਸਤੇ 500 ਡਾਲਰ ਦੀ ਰਕਮ ਪੇਸ਼ ਕੀਤੀ ਗਈ।