ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਕੌਮਾਂਤਰੀ ਹਾਕੀ ਖਿਡਾਰਨ ਚੰਚਲ ਸੁਰਜੀਤ ਸਿੰਘ

Posted On June - 10 - 2012

ਚੰਚਲ ਸੁਰਜੀਤ ਸਿੰਘ, ਵਿਸ਼ਵ ਪ੍ਰਸਿੱਧ ਹਾਕੀ ਓਲੰਪੀਅਨ ਫੁਲਬੈਕ ਅਤੇ ਪੈਨਲਟੀ ਕਾਰਨਰ ਮਾਹਿਰ ਸਵਰਗੀ ਸੁਰਜੀਤ ਸਿੰਘ ਦੀ ਹਮਸਫ਼ਰ ਹੈ। ਇਨ੍ਹਾਂ ਦਾ ਜਨਮ ਪਹਿਲੀ ਅਕਤੂਬਰ 1949 ਨੂੰ ਉੱਤਰਾਖੰਡ ਰਾਜ ਦੀ ਰਾਜਧਾਨੀ ਦੇਹਰਾਦੂਨ ਵਿਖੇ ਹੋਇਆ। ਇਨ੍ਹਾਂ ਦੇ ਮਾਤਾ-ਪਿਤਾ ਨੇ ਇਨ੍ਹਾਂ ਦੇ ਨਟਖਟ ਅਤੇ ਚੰਚਲ ਸੁਭਾਅ ਨੂੰ ਦੇਖ ਕੇ ਇਨ੍ਹਾਂ ਦਾ ਨਾਂ ਚੰਚਲ ਕੌਰ ਰੱਖਿਆ। ਚੰਚਲ ਦੀ ਮੁਢਲੀ ਸਿੱਖਿਆ ਦੇਹਰਾਦੂਨ ਵਿਖੇ ਹੋਈ। ਮੈਟ੍ਰਿਕ ਦੀ ਪ੍ਰੀਖਿਆ ਸਰਕਾਰੀ ਮਹਿਲਾ ਹਾਈ ਸਕੂਲ ਨਹਿਰੂ ਗਾਰਡਨ, ਜਲੰਧਰ ਤੋਂ ਅਤੇ ਬੀ.ਏ. ਦੀ ਪ੍ਰੀਖਿਆ ਲਾਇਲਪੁਰ ਮਹਿਲਾ ਖ਼ਾਲਸਾ ਕਾਲਜ, ਜਲੰਧਰ ਤੋਂ ਪਾਸ ਕੀਤੀ। ਸ੍ਰੀਮਤੀ ਚੰਚਲ ਕੋਹਲੀ ਨੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ ਵਿਸ਼ਿਆਂ ਵਿੱਚ ਐਮ.ਏ. ਕੀਤੀ।
ਪੜ੍ਹਾਈ ਲਿਖਾਈ ਦੇ ਨਾਲ-ਨਾਲ ਚੰਚਲ ਨੇ ਖੇਡਾਂ ਨੂੰ ਸ਼ੁਰੂ ਤੋਂ ਹੀ ਆਪਣਾ ਸਾਥੀ ਬਣਾਇਆ ਹੋਇਆ ਸੀ। ਇਸ ਲਈ ਉਸ ਨੇ ਸਰੀਰਕ ਸਮਰੱਥਾ ਅਤੇ ਫੁਰਤੀਲੇਪਨ ਲਈ ਸਦਾ ਕਸਰਤ ਅਤੇ ਅਭਿਆਸ ਨੂੰ ਤਰਜੀਹ ਦਿੱਤੀ। ਹਾਕੀ ਖੇਡ ਵਿੱਚ ਮੁਹਾਰਤ ਹਾਸਲ ਕਰਨ ਲਈ ਪਿੱਛੇ ਹੋਰ ਕਿਸੇ ਦਾ ਹੱਥ ਨਹੀਂ ਰਿਹਾ ਸਗੋਂ ਉਨ੍ਹਾਂ ਦੀ ਇਹ ਪ੍ਰਾਪਤੀ ਕੁਦਰਤੀ ਅਤੇ ਸੁਭਾਵਕ ਹੈ। ਚੰਚਲ ਸੁਰਜੀਤ ਸਿੰਘ ਹਾਕੀ ਤੋਂ ਇਲਾਵਾ ਜਿਨ੍ਹਾਂ ਖੇਡਾਂ ਨਾਲ ਸਰਗਰਮ ਰੂਪ ਵਿੱਚ ਜੁੜੇ ਰਹੇ, ਉਹ ਹਨ ਅਥਲੈਟਿਕਸ, ਖੋ-ਖੋ ਅਤੇ ਲਾਅਨ ਟੈਨਿਸ। ਮਹਿਲਾ ਹਾਕੀ ਵਿੱਚ ਚੰਚਲ ਨੇ ਰਾਈਟ ਹਾਫ, ਰਾਈਟ ਫੁਲਬੈਕ ਅਤੇ ਸੈਂਟਰ ਹਾਫ ਆਦਿ ਪੁਜ਼ੀਸ਼ਨਾਂ ’ਤੇ ਰੱਜਵੀਂ ਹਾਕੀ ਖੇਡੀ ਅਤੇ ਆਕਰਸ਼ਕ ਗੇਂਦ ਡਿਸਟਰੀਬਿਊਸ਼ਨ ਰਾਹੀਂ ਚੋਖੀ ਵਾਹ-ਵਾਹ ਖੱਟੀ। ਸ੍ਰੀਮਤੀ ਚੰਚਲ ਨੇ ਹਾਕੀ ਖੇਡ ਵਿੱਚ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ (ਐਨ.ਆਈ.ਐਸ.) ਸਾਬਕਾ ਮੁੱਖ ਹਾਕੀ ਕੋਚ ਸਵਰਗੀ ਸ. ਬਾਲਕ੍ਰਿਸ਼ਨ ਸਿੰਘ ਦੀ ਨਿਗਰਾਨੀ ਹੇਠ ਹਾਕੀ ਕੋਚਿੰਗ ਪ੍ਰਾਪਤ ਕਰਕੇ ਐਨ.ਆਈ.ਐਸ. ਡਿਪਲੋਮਾ ਪਾਸ ਕੀਤਾ। ਆਰੰਭ ਵਿੱਚ ਚੰਚਲ ਲਾਇਲਪੁਰ ਖ਼ਾਲਸਾ ਕਾਲਜ ਦੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਣੀ। ਕਲਾਤਮਕ ਅਤੇ ਸਾਫ਼-ਸੁਥਰੀ ਹਾਕੀ ਖੇਡਣ ’ਤੇ ਇਨ੍ਹਾਂ ਨੂੰ ਮੇਜਰ ਸੁਖਨੰਦਨ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਾਲ 1970 ਤੋਂ 1974 ਤਕ ਸ੍ਰੀਮਤੀ ਚੰਚਲ ਮਹਿਲਾ ਹਾਕੀ ਚੈਂਪੀਅਨ ਟੀਮ ਵਿੱਚ ਰਹੇ। ਇਨ੍ਹਾਂ ਨੂੰ ਦੋ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਤਰਫ਼ੋਂ ਅਤੇ ਦੋ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੰਤਰ ਵਿਸ਼ਵ-ਵਿਦਿਆਲਿਆਂ ਪ੍ਰਤੀਯੋਗਤਾਵਾਂ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ।
ਸ੍ਰੀਮਤੀ ਚੰਚਲ ਨੇ ਰਾਸ਼ਟਰੀ ਪੱਧਰ ’ਤੇ 1969 ਤੋਂ 1975 ਤਕ ਵੱਡੀਆਂ ਮੱਲਾਂ ਮਾਰੀਆਂ। ਸਾਲ 1973-74 ਵਿੱਚ ਪੰਜਾਬ ਮਹਿਲਾ ਹਾਕੀ ਟੀਮ ਦੀ ਕਪਤਾਨ ਸ੍ਰੀਮਤੀ ਚੰਚਲ ਹੀ ਸਨ। ਇਸੇ ਸਾਲ ਪੰਜਾਬ ਦੀ ਮਹਿਲਾ ਹਾਕੀ ਟੀਮ ਨੇ ਜੈਪੁਰ ਵਿਖੇ ਆਯੋਜਿਤ ਹੋਈ ਰਾਸ਼ਟਰ ਮਹਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਮਹਿਲਾ ਹਾਕੀ ਦਾ ਮਾਣ ਵਧਾਇਆ। ਸ੍ਰੀਮਤੀ ਚੰਚਲ ਨੇ 1972-73 ਵਿੱਚ ਯੁਗਾਂਡਾ ਅਤੇ ਜਪਾਨ ਦੀਆਂ ਟੀਮਾਂ ਵਿਰੁੱਧ ਹਾਕੀ ਟੈਸਟ ਮੈਚ ਖੇਡੇ। ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਹਾਕੀ ਖੇਡਣ ਦਾ ਵੀ ਸਨਮਾਨ ਪ੍ਰਾਪਤ ਹੈ। ਚੰਚਲ ਸੁਰਜੀਤ ਸਿੰਘ ਨੇ ਪਹਿਲੇ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਜੋ ਕਿ ਕੀਨਜ਼ (ਫਰਾਂਸ) ਵਿਖੇ ਆਯੋਜਿਤ ਹੋਇਆ ਸੀ, ਭਾਰਤ ਦੀ ਨੁਮਾਇੰਦਗੀ ਕੀਤੀ। ਜਦੋਂ ਭਾਰਤੀ ਟੀਮ ਆਪਣੇ ਹੀ ਪੂਲ ਵਿੱਚ ਹਾਲੈਂਡ ਵਿਰੁੱਧ ਖੇਡ ਰਹੀ ਸੀ ਤਾਂ ਹਾਲੈਂਡ ਨੂੰ ਇੱਕ ਪੈਨਲਟੀ ਕਾਰਨਰ ਮਿਲ ਗਿਆ। ਹਾਲੈਂਡ ਦੀ ਪੈਨਲਟੀ ਕਾਰਨਰ ਮਾਹਿਰ ਦੁਆਰਾ ਲਾਏ ਗਏ ਪੈਨਲਟੀ ਕਾਰਨਰ ਦੀ ਹਿੱਟ ਐਨੀ ਜ਼ਬਰਦਸਤ ਸੀ ਕਿ ਗੇਂਦ ਉੱਛਲ਼ੀ ਅਤੇ ਚੰਚਲ ਦੇ ਖੱਬੇ ਮੋਢੇ ’ਤੇ ਜਾ ਲੱਗੀ ਪਰ ਰੈਫਰੀ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਭਾਰਤੀ ਟੀਮ ਨੇ ਇਸ ਪੈਨਲਟੀ ਕਾਰਨਰ ਨੂੰ ਬੇਅਸਰ ਕਰਦਿਆਂ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਵਿਸ਼ਵ ਕੱਪ ਪ੍ਰਤੀਯੋਗਤਾ ਵਿੱਚ ਭਾਰਤ ਚੌਥੇ ਸਥਾਨ ’ਤੇ ਰਿਹਾ ਸੀ।
ਸਾਲ 1984 ਵਿੱਚ ਉਨ੍ਹਾਂ ਦੇ ਪਤੀ ਹਾਕੀ ਓਲੰਪੀਅਨ ਸੁਰਜੀਤ ਸਿੰਘ ਇੱਕ ਕਾਰ ਹਾਦਸੇ ਦੌਰਾਨ ਦੁਨੀਆਂ ਤੋਂ ਰੁਖ਼ਸਤ ਹੋ ਗਏ। ਸੁਰਜੀਤ ਸਿੰਘ ਦੇ ਬੇਵਕਤੀ ਮੌਤ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸ੍ਰੀਮਤੀ ਚੰਚਲ ਨੂੰ 1986 ਵਿੱਚ ਪੀ.ਏ.ਪੀ. ਜਲੰਧਰ ਵਿਖੇ ਪੁਲੀਸ ਇੰਸਪੈਕਟਰ ਦੇ ਅਹੁਦੇ ’ਤੇ ਲਾਇਆ। ਸਾਲ 1987 ਵਿੱਚ ਇਨ੍ਹਾਂ ਨੂੰ ਸਹਾਇਕ ਨਿਰਦੇਸ਼ਕ ਦੇ ਅਹੁਦੇ ’ਤੇ ਪਦ-ਉੱਨਤ ਕੀਤਾ ਗਿਆ। ਇਸੇ ਹੀ ਸਾਲ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੰਜਾਬ ਰਾਜ ਖੇਡ ਪ੍ਰੀਸ਼ਦ ਦੀ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਸਾਲ 1994 ਵਿੱਚ ਸ੍ਰੀਮਤੀ ਚੰਚਲ ਸੁਰਜੀਤ ਸਿੰਘ ਨੂੰ ਪੰਜਾਬ ਸਪੋਰਟਸ ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ ਤਰੱਕੀ ਪ੍ਰਦਾਨ ਕੀਤੀ ਗਈ। ਫਿਰ 1998 ਵਿੱਚ ਇਨ੍ਹਾਂ ਦੀ ਸਲਾਹੁਣਯੋਗ ਕਾਰਗੁਜ਼ਾਰੀ ਦੇ ਆਧਾਰ ’ਤੇ ਇਨ੍ਹਾਂ ਨੂੰ ਖੇਡ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ। ਅਗਸਤ 2007 ਵਿੱਚ ਇਨ੍ਹਾਂ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ’ਤੇ ਸੇਵਾਵਾਂ ਪ੍ਰਦਾਨ ਕੀਤੀਆਂ।
ਹਾਕੀ ਖੇਡ ਪ੍ਰਤੀ ਦੇਣ ਦੇ ਬਦਲੇ ਪੰਜਾਬ ਸਰਕਾਰ ਨੇ ਚੰਚਲ ਸੁਰਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਪੁੱਤਰ ਸਰਬਰਿੰਦਰ ਸਿੰਘ ਕੌਮਾਂਤਰੀ ਪੱਧਰ ’ਤੇ ਜੂਨੀਅਰ ਲਾਅਨ ਟੈਨਿਸ ਖਿਡਾਰੀ ਰਹੇ ਹਨ। ਸ੍ਰੀਮਤੀ ਚੰਚਲ ਸੁਰਜੀਤ ਸਿੰਘ 30 ਸਤੰਬਰ 2010 ਨੂੰ ਪੰਜਾਬ ਰਾਜ ਦੇ ਖੇਡ ਵਿਭਾਗ ਤੋਂ ਬਤੌਰ ਜੁਆਇੰਟ ਡਾਇਰੈਕਟਰ ਸੇਵਾਮੁਕਤ ਹੋਏ। ਉਨ੍ਹਾਂ ਦਾ ਨਵੀਂ ਪੀੜ੍ਹੀ ਦੇ ਹਾਕੀ ਖਿਡਾਰੀਆਂ ਲਈ ਇਹ ਸੰਦੇਸ਼ ਅਤੇ ਸੁਨੇਹਾ ਹੈ ਕਿ ਉਹ ਅਨੁਸ਼ਾਸਨ ਵਿੱਚ ਰਹਿ ਕੇ ਨਿਰੰਤਰ ਕਰੜੇ ਅਭਿਆਸ ਦੁਆਰਾ ਹੀ ਆਪਣੇ ਮਿਥੇ ਨਿਸ਼ਾਨੇ ਅਤੇ ਨਿਰਧਾਰਤ ਮੰਜ਼ਲ ’ਤੇ ਪਹੁੰਚ ਸਕਦੇ ਹਨ।

-ਇਕਬਾਲ ਸਿੰਘ ਸਰੋਆ
ਮੋਬਾਈਲ: 99140-22101


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 41 °CWidespread Dust
    Chandigarh, India 40 °CSmoke
    Ludhiana,India 40 °CSmoke
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.