
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਅਤੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ, ਏ.ਆਈ.ਯੂ. ਦੇ ਪ੍ਰਧਾਨ ਸ੍ਰੀ ਪੰਕਜ ਟੀ ਚਾਂਦੇ ਨੂੰ ਸਨਮਾਨਿਤ ਕਰਦੇ ਹੋਏ
ਸਾਡੇ ਦੇਸ਼ ਦੀ ਅਜੋਕੀ ਪੀੜ੍ਹੀ ਬਹੁਤ ਸਾਰੀਆਂ ਅਲਾਮਤਾਂ ਵਾਲੇ ਦੌਰ ’ਚੋਂ ਲੰਘ ਰਹੀ ਹੈ, ਅਜਿਹੇ ਨਾਜ਼ੁਕ ਸਮੇਂ ਵਿੱਚ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਕਾਫ਼ੀ ਵਧ ਗਈ ਹੈ। ਲੋੜ ਹੈ ਨਵੀਂ ਪੀੜ੍ਹੀ ਨੂੰ ਚੰਗੀ ਵਿਦਿਆ ਦੇ ਨਾਲ-ਨਾਲ ਵਧੀਆ ਇਨਸਾਨ ਬਣਾਉਣ ਦੀ। ਸਾਡੇ ਦੇਸ਼ ਦੀਆਂ ਉਚੇਰੀ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ’ਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਅਜਿਹੀ ਸੰਸਥਾ ਵਜੋਂ ਉੱਭਰੀ ਹੈ, ਜਿਸ ਨੇ ਚੰਗੀ ਵਿਦਿਆ ਦੇਣ ਦੇ ਨਾਲ-ਨਾਲ ਆਪਣੇ ਖਿੱਤੇ ਦੀ ਨਵੀਂ ਪੀੜ੍ਹੀ ਨੂੰ ਸਿਹਤਮੰਦ ਬਣਾਉਣ ਦਾ ਬੀੜਾ ਵੀ ਸਕੂਲੀ ਪੱਧਰ ਤੋਂ ਹੀ ਚੁੱਕਿਆ ਹੋਇਆ ਹੈ। ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਅਵੱਲ ਨੰਬਰ ਯੂਨੀਵਰਸਿਟੀ ਦਾ ਤਾਜ ਪਹਿਨਣ ਵਾਲੀ ਇਸ ’ਵਰਸਿਟੀ ਨੇ ਮਾਲਵੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਨਵੀਂ ਪਨੀਰੀ ਨੂੰ ਆਪਣੇ ਖੇਡ ਢਾਂਚੇ ’ਚ ਅਹਿਮ ਥਾਂ ਦਿੱਤੀ ਹੈ। ਇਸ ਤਹਿਤ ਸਕੂਲੀ ਬੱਚਿਆਂ ਲਈ ਆਪਣੇ ਖੇਡ ਮੈਦਾਨਾਂ ਦੇ ਦੁਆਰ ਖੋਲ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਮਨਪਸੰਦ ਖੇਡ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਨਾਲ ਇਸ ’ਵਰਸਿਟੀ ਨੂੰ ਨਿੱਤ ਨਵੇਂ ਚੈਂਪੀਅਨ ਤਾਂ ਮਿਲਣ ਲੱਗੇ ਹੀ ਹਨ ਸਗੋਂ ਮਾਲਵੇ ਵਿੱਚ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਪਿਛਲੇ ਦਹਾਕੇ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਜਿੱਥੇ ਕੁੱਲ ਹਿੰਦ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿੱਚ ਮੋਹਰੀ ਬਣਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ, ਉੱਥੇ ਇਸ ’ਵਰਸਿਟੀ ਨੇ ਮਾਲਵੇ ਇਲਾਕੇ ਦੀ ਨਵੀਂ ਪੀੜ੍ਹੀ ਦੀ ਖੇਡ ਪ੍ਰਤਿਭਾ ਨੂੰ ਸੰਭਾਲਣ ਤੇ ਤਰਾਸ਼ਣ ਲਈ ਤਜ਼ਰਬੇ ਦੇ ਤੌਰ ’ਤੇ ਸਕੂਲ ਪੱਧਰ ਤੋਂ ਹੀ ਬੱਚਿਆਂ ਨੂੰ ਕੁਝ ਖੇਡਾਂ ਨਾਲ ਜੋੜਨ ਲਈ ਉਪਰਾਲੇ ਸ਼ੁਰੂ ਕੀਤੇ। ਥੋੜ੍ਹੇ ਸਮੇਂ ਦੇ ਸ਼ਾਨਦਾਰ ਨਤੀਜਿਆਂ ਨੇ ’ਵਰਸਿਟੀ ਦੇ ਖੇਡ ਪ੍ਰਬੰਧਕਾਂ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਹਰੇਕ ਖੇਡ ਲਈ ਸਕੂਲੀ ਖਿਡਾਰੀਆਂ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਸਬੂਤ ਇਹ ਹੈ ਕਿ ਕਿਸੇ ਵੇਲੇ ਮਾਝੇ ਨੂੰ ਫੁੱਟਬਾਲ ਅਤੇ ਅਥਲੈਟਿਕਸ ਦੀ ਨਰਸਰੀ ਮੰਨਿਆ ਜਾਂਦਾ ਸੀ ਪਰ ਅੱਜ ਪੰਜਾਬੀ ਯੂਨੀਵਰਸਿਟੀ ਦੀ ਦਲਬੀਰ ਫੁੱਟਬਾਲ ਅਕੈਡਮੀ ਨੇ ਮਾਲਵੇ ਨੂੰ ਦੇਸ਼ ਦੀ ਨਵੀਂ ਫੁੱਟਬਾਲ ਨਰਸਰੀ ਵਜੋਂ ਸਥਾਪਤ ਕਰ ਦਿੱਤਾ ਹੈ। ਇਸੇ ਤਰ੍ਹਾਂ ਅਥਲੈਟਿਕਸ ਵਿੱਚ ਵੀ ਇਸ ਖੇਤਰ ਦੇ ਖਿਡਾਰੀਆਂ ਨੇ ਸਕੂਲ ਤੋਂ ਲੈ ਕੇ ਰਾਜ ਪੱਧਰੀ ਸੀਨੀਅਰ ਮੁਕਾਬਲਿਆਂ ਵਿੱਚ ਮੋਹਰੀ ਸਥਾਨ ਹਾਸਲ ਕਰ ਲਿਆ ਹੈ। ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ, ਸਾਈਕਲਿੰਗ ਤੇ ਭਾਰ ਤੋਲਣ ਦਾ ਇਹ ਵਰਸਿਟੀ ਗੜ੍ਹ ਬਣ ਚੁੱਕੀ ਹੈ। ਹੋਰਨਾਂ ਖੇਡਾਂ ਵਿੱਚ ਵੀ ਨਤੀਜੇ ਕਾਫ਼ੀ ਚੰਗੇ ਹਨ।
ਇਸ ’ਵਰਸਿਟੀ ਦੇ ਕੋਚ ਦਲਬੀਰ ਸਿੰਘ ਕਾਲਾ ਅਫਗਾਨਾ ਦੁਆਰਾ ਚਲਾਈ ਜਾ ਰਹੀ ਫੁੱਟਬਾਲ ਅਕੈਡਮੀ ’ਚ ਇਸ ਵੇਲੇ 120 ਦੇ ਕਰੀਬ ਖਿਡਾਰੀ ਹਨ। ਜਿਨ੍ਹਾਂ ਵਿੱਚ 80 ਸਕੂਲੀ ਖਿਡਾਰੀ ਹਨ। ਇਹ ਖਿਡਾਰੀ ਅੰਡਰ-14,17,19, ਯੂਥ ਅਤੇ ਸੀਨੀਅਰ ਵਰਗ ਦੇ ਹਰੇਕ ਕੌਮੀ ਟੂਰਨਾਮੈਂਟ ’ਚ ਪੰਜਾਬ ਦੀ ਸ਼ਾਨ ਬਣ ਰਹੇ ਹਨ। ਇਸ ਯੂਨੀਵਰਸਿਟੀ ਦੇ ਕੋਚ ਮਿੱਤਰਪਾਲ ਸਿੰਘ ਸਿੱਧੂ ਤੇ ਸਾਬਕਾ ਸਾਈਕਲਿਸਟ ਗੁਰਪ੍ਰੀਤ ਕੌਰ ਦੁਆਰਾ ਚਲਾਇਆ ਜਾ ਰਿਹਾ ਸਾਈਕਲਿੰਗ ਕੇਂਦਰ ਵੀ ਜੂਨੀਅਰ ਤੇ ਸੀਨੀਅਰ ਪੱਧਰ ਦੇ ਹਰੇਕ ਮੁਕਾਬਲੇ ’ਚ ਪੰਜਾਬ ਨੂੰ ਹੂੰਝਾ ਫੇਰ ਜਿੱਤਾਂ ਦਿਵਾ ਰਿਹਾ ਹੈ। ਇਸੇ ਤਰ੍ਹਾਂ ਤੀਰ-ਅੰਦਾਜ਼ੀ ਕੋਚ ਜੀਵਨਜੋਤ ਤੇਜਾ ਅਤੇ ਨਿਸ਼ਾਨੇਬਾਜ਼ੀ ਕੋਚ ਸਵਰਨਜੀਤ ਕੌਰ ਦੇ ਕੇਂਦਰਾਂ ਦੇ ਨਿਸ਼ਾਨਚੀ ਤਾਂ ਸਕੂਲ ਤੋਂ ਲੈ ਕੇ ਵਿਸ਼ਵ ਕੱਪ ਤਕ ਤਗਮੇ ਜਿੱਤ ਰਹੇ ਹਨ। ਭਾਰ ਤੋਲਣ ਕੋਚ ਪਰਮਜੀਤ ਸ਼ਰਮਾ ਅਰਜੁਨਾ ਐਵਾਰਡੀ ਨੇ ਜਿੱਥੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਖੇਡ ਵਿੱਚ ਦੇਸ਼ ਦੀ ਅੱਵਲ ਨੰਬਰ ’ਵਰਸਿਟੀ ਬਣਾਇਆ ਹੈ, ਉੱਥੇ ਸਕੂਲ ਪੱਧਰ ’ਤੇ ਵੀ ਇਨ੍ਹਾਂ ਦੇ ਸ਼ਗਿਰਦ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹਨ। ਕੁਸ਼ਤੀ ਕੋਚ ਅਵਤਾਰ ਸਿੰਘ ਅਜਨੌਦਾ ਨੇ ਵੀ ਇਸ ਯੂਨੀਵਰਸਿਟੀ ਨੂੰ ਕੁਸ਼ਤੀ ਦੀ ਨਰਸਰੀ ਬਣਾ ਦਿੱਤਾ ਹੈ। ਅਥਲੈਟਿਕ ਕੋਚ ਡਾ. ਜਸਬੀਰ ਸਿੰਘ ਤੇ ਹਰਭਜਨ ਸਿੰਘ ਸੰਧੂ ਨੇ ਮਾਲਵੇ ਦੇ ਬੱਚਿਆਂ ਨੂੰ ਅਥਲੈਟਿਕਸ ਨਾਲ ਐਨਾ ਕੁ ਜੋੜ ਦਿੱਤਾ ਹੈ ਕਿ ਪੰਜਾਬੀ ’ਵਰਸਿਟੀ ਕੇਰਲਾ ਵਰਗੇ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ਪਛਾੜਨ ਵਿੱਚ ਕਾਮਯਾਬ ਹੋ ਗਈ ਹੈ। ਹੈਂਡਬਾਲ ਲਈ ਸਹਾਇਕ ਨਿਰਦੇਸ਼ਕਾ ਡਾ. ਗੁਰਦੀਪ ਕੌਰ, ਵਾਲੀਬਾਲ ਲਈ ਕੋਚ ਦਲ ਸਿੰਘ, ਹਾਕੀ ਲਈ ਕੋਚ ਭੁਪਿੰਦਰ ਸਿੰਘ, ਕ੍ਰਿਕਟ ਲਈ ਕੋਚ ਹਰਪ੍ਰੀਤ ਸਿੰਘ, ਟੇਬਲ ਟੈਨਿਸ ਲਈ ਕੋਚ ਪ੍ਰਿੰਸਇੰਦਰ ਸਿੰਘ ਘੁੰਮਣ ਤੇ ਬਾਸਕਟਬਾਲ ਲਈ ਕੋਚ ਮਨਮੋਹਨ ਸਿੰਘ ਦੇ ਮੈਦਾਨਾਂ ਵਿੱਚ ਵੀ ਅੱਠ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਵਿਰਾਸਤੀ ਖੇਡਾਂ ਗੱਤਕਾ, ਜੂਡੋ ਤੇ ਰੱਸਾਕਸ਼ੀ ਨਾਲ ਸਕੂਲ ਪੱਧਰੀ ਪ੍ਰਤਿਭਾ ਨੂੰ ਜੋੜਨ ਲਈ ਕ੍ਰਮਵਾਰ ਕੋਚ ਅਵਤਾਰ ਸਿੰਘ ਤੇ ਤੇਜਿੰਦਰਜੀਤ ਕੌਰ ਪੂਰੀ ਤਰ੍ਹਾਂ ਸਰਗਰਮ ਹਨ। ਗੱਲ ਕੀ ਸਵੇਰੇ-ਸ਼ਾਮ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਜਿੱਥੇ ਸਕੂਲੀ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲਦੀਆਂ ਹਨ, ਉੱਥੇ ਗੱਭਰੂਆਂ ਤੇ ਮੁਟਿਆਰਾਂ ਦਾ ਜੋਸ਼ ਵੀ ਬੁਲੰਦੀਆਂ ਛੂਹਣ ਲਈ ਫੁੰਕਾਰੇ ਮਾਰਦਾ ਹੈ।
ਇਸ ਵੱਡੇ ਉੱਦਮ ਦੇ ਸਰਪ੍ਰਸਤ ਬਣੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਤੇਜ਼ੀ ਵਾਲੇ ਯੁੱਗ ਵਿੱਚ ਸਾਡੀ ਨਵੀਂ ਪੀੜ੍ਹੀ ਸਿਹਤ ਸੰਭਾਲ ਸਬੰਧੀ ਅਵੇਸਲੀ ਹੁੰਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਦੀ ਤੰਦਰੁਸਤੀ ਹੀ ਹਰੇਕ ਮੁਲਕ ਦੀ ਤਰੱਕੀ ’ਚ ਵੱਡੀ ਭੂਮਿਕਾ ਨਿਭਾਉਂਦੀ ਹੈ। ਸਮੇਂ ਦੀ ਮੰਗ ਨੂੰ ਦੇਖਦਿਆਂ ਅਸੀਂ ਆਪਣੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਸਕੂਲ ਪੱਧਰ ਤੋਂ ਹੀ ਮਾਨਸਿਕ ਤੌਰ ’ਤੇ ਚੁਸਤ-ਦਰੁਸਤ ਬਣਾਉਣ ਦੇ ਨਾਲ-ਨਾਲ ਸਰੀਰਿਕ ਤੌਰ ’ਤੇ ਮਜ਼ਬੂਤ ਬਣਾਉਣ ਦਾ ਬੀੜਾ ਵੀ ਚੁੱਕਿਆ। ਇਸ ਦੇ ਨਤੀਜੇ ਬਹੁਤ ਵਧੀਆ ਆਏ ਅਤੇ ਇਸ ਮੁਹਿੰਮ ਨੂੰ ’ਵਰਸਿਟੀ ਦੀ ਖੇਡ ਨੀਤੀ ਦਾ ਹਿੱਸਾ ਬਣਾ ਲਿਆ। ਇਸ ਲਹਿਰ ਨਾਲ ਜਿੱਥੇ ਸਾਡੇ ਖੇਡ ਮੈਦਾਨਾਂ ਵਿੱਚ ਸਾਰਾ ਸਾਲ ਰੌਣਕਾਂ ਲੱਗੀਆਂ ਰਹਿੰਦੀਆਂ ਹਨ, ਉੱਥੇ ਸਾਨੂੰ ਪਹਿਲਾਂ ਤੋਂ ਸਾਡੀ ’ਵਰਸਿਟੀ ਨਾਲ ਜੁੜ ਚੁੱਕੇ ਮਾਲਵੇ ਵਿੱਚੋਂ ਹੀ ਚੰਗੇ ਖਿਡਾਰੀ ਅੰਤਰਵਰਸਿਟੀ ਮੁਕਾਬਲਿਆਂ ਲਈ ਆਸਾਨੀ ਨਾਲ ਮਿਲਣੇ ਸ਼ੁਰੂ ਹੋ ਗਏ। ਇਸ ’ਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਡ ਢਾਂਚੇ ਨਾਲ ਜੁੜੇ ਹਰੇਕ ਸ਼ਖ਼ਸ ਨੇ ਇਹ ਗੱਲ ਸਮਝ ਲਈ ਹੈ ਕਿ ਖੇਡਾਂ ਦੇ ਖੇਤਰ ਵਿੱਚ ਜੇ ਬੁਲੰਦੀਆਂ ਨੂੰ ਛੂਹਣਾ ਹੈ ਤਾਂ ਸਕੂਲ ਪੱਧਰ ਤੋਂ ਹੀ ਖਿਡਾਰੀਆਂ ਨੂੰ ਵੱਡੀ ਗਿਣਤੀ ‘ਚ ਖੇਡਾਂ ਨਾਲ ਜੋੜਨਾ ਪਵੇਗਾ, ਜਿਸ ਨਾਲ ਵਧੀਆ ਮੁਕਾਬਲੇਬਾਜ਼ੀ ਅਤੇ ਪ੍ਰਤਿਭਾ ਸਾਹਮਣੇ ਆਵੇਗੀ।
ਸਾਨੂੰ ਮਾਣ ਹੈ ਕਿ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਹਰਫਨਮੌਲਾ ਯੂਨੀਵਰਸਿਟੀ ਬਣਾਉਣ ਦਾ ਜੋ ਬੀੜਾ ਚੁੱਕਿਆ ਸੀ, ਉਸ ਵਿੱਚ ਸਾਡੇ ਖਿਡਾਰੀਆਂ ਤੇ ਖੇਡ ਸੰਚਾਲਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਦੇ ਪ੍ਰਧਾਨ ਸ੍ਰੀ ਪੰਕਜ ਟੀ. ਚਾਂਦੇ ਨੇ ਇਸ ਯੂਨੀਵਰਸਿਟੀ ਵਿੱਚ ਆਪਣੀ ਫੇਰੀ ਦੌਰਾਨ ਪਿਛਲੇ ਦਿਨੀਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਖੇਡਾਂ ਖੇਤਰ ਵਿੱਚ ਸਕੂਲ ਪੱਧਰ ਤੋਂ ਬਣਾਈ ਯੋਜਨਾਬੱਧੀ ਦੇਖ ਕੇ ਮੈਨੂੰ ਜਾਪਦਾ ਹੈ ਕਿ ਇਹ ’ਵਰਸਿਟੀ ਹੀ ਇਸ ਵੇਲੇ ਖੇਡਾਂ ਵਿੱਚ ਦੇਸ਼ ਦੀ ਅਵੱਲ ਨੰਬਰ ਯੂਨੀਵਰਸਿਟੀ ਕਹਾਉਣ ਦੀ ਸਹੀ ਹੱਕਦਾਰ ਹੈ। ਇਸ ’ਵਰਸਿਟੀ ਨੇ ਦਿਖਾ ਦਿੱਤਾ ਹੈ ਕਿ ਆਧੁਨਿਕ ਦੌਰ ਵਿੱਚ ਇੱਕ ਵਿਦਿਅਕ ਸੰਸਥਾ ਦੀ ਜ਼ਿੰਮੇਵਾਰੀ ਕੀ ਹੈ? ਇਸ ਯੂਨੀਵਰਸਿਟੀ ਦੇ ਉਪ-ਕੁਲਪਤੀ, ਖੇਡ ਵਿਭਾਗ, ਕਾਲਜਾਂ ਦੇ ਖੇਡ ਪ੍ਰਬੰਧਕ ਤੇ ਕੋਚ ਇਸ ਖੇਡ ਲਹਿਰ ਲਈ ਵਧਾਈ ਦੇ ਹੱਕਦਾਰ ਹਨ ਅਤੇ ਦੇਸ਼ ਦੀਆਂ ਹੋਰਨਾਂ ਯੂਨੀਵਰਸਿਟੀਆਂ ਨੂੰ ਇਸ ’ਵਰਸਿਟੀ ਦੇ ਨਕਸ਼ੇ-ਕਦਮ ’ਤੇ ਚੱਲਣਾ ਚਾਹੀਦਾ ਹੈ।