ਜੋਗਿੰਦਰ ਸਿੰਘ ਮਾਨ/ਸੁਖਦੇਵ ਸਿੰਘ ਅਕਲੀਆਂ
ਜੋਗਾ (ਮਾਨਸਾ),10 ਜੂਨ
ਜ਼ਿਲ੍ਹੇ ਦੇ ਕਸਬਾ ਜੋਗਾ ਨੇੜੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਪੀਸ ਕੇ ਪਾਊਡਰ ਬਣਾਉਣ ਵਾਲੀ ਫੈਕਟਰੀ ਵਿੱਚ ਕਥਿਤ ਤੌਰ ’ਤੇ ਜਿਉਂਦੇ ਪਸ਼ੂਆਂ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਥੇ ਅਚਾਨਕ ਹਾਲਾਤ ਤਣਾਅ ਵਾਲੇ ਬਣ ਗਏ। ਹਾਲਾਤ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜੋਗਾ ਵਿਖੇ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਇਸ ਦੌਰਾਨ ਕਸਬੇ ’ਚ ਭੜਕੇ ਲੋਕਾਂ ਨੇ ਕਈ ਥਾਈਂ ਅੱਗ ਲਗਾ ਦਿੱਤੀ ਤੇ ਭੰਨਤੋੜ ਅਤੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਪੁਲੀਸ ਦੀ ਮੌਜੂਦਗੀ ਵਿੱਚ ਵਾਪਰਦੀਆਂ ਰਹੀਆਂ। ਸਥਾਨਕ ਪੁਲੀਸ ਤੋਂ ਹਾਲਾਤ ਕਾਬੂ ਹੇਠ ਨਾ ਆਉਣ ਕਰਕੇ ਮਾਨਸਾ ਦੇ ਗੁਆਂਢੀ ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਸੰਗਰੂਰ ਤੇ ਮੁਕਤਸਰ ’ਤੋਂ ਪੁਲੀਸ ਮੰਗਵਾਉਣੀ ਪਈ। ਫਿਰ ਵੀ ਪੁਲੀਸ ਪ੍ਰਸ਼ਾਸਨ ਨੂੰ ਭੜਕੇ ਹੋਏ ਲੋਕਾਂ ਨੂੰ ਕਾਬੂ ਕਰਨ ਲਈ ਕਾਫ਼ੀ ਸਮਾਂ ਲੱਗ ਗਿਆ। ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲੀਸ ਦੀ ਇਸ ਮਾਮਲੇ ’ਚ ਮਾੜੀ ਕਾਰਗੁਜ਼ਾਰੀ ਕਾਰਨ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਸੁਖਦੇਵ ਸਿੰਘ ਚਾਹਲ ਨੂੰ ਮੁਅੱਤਲ ਕਰ ਦਿੱਤਾ। ਪਿੰਡ ਜੋਗਾ ਤੋਂ ਅਨੂਪਗੜ੍ਹ-ਮਾਖਾ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ,ਮ੍ਰਿਤਕ ਪਸ਼ੂਆਂ ਦੀਆਂ ਹੱਡੀਆਂ ਪੀਸ ਕੇ ਪਾਊਡਰ ਬਣਾਉਣ ਵਾਲੀ ਇਹ ਫੈਕਟਰੀ ਲਗਪਗ ਡੇਢ ਦਹਾਕਾ ਪਹਿਲਾਂ ਲਗਾਈ ਗਈ ਸੀ। ਇਸ ਫੈਕਟਰੀ ਦਾ ਪ੍ਰਬੰਧ ਇਸ ਵੇਲੇ ਪਿੰਡ ਜੋਗਾ ਦੇ ਅਜੈਬ ਸਿੰਘ, ਮੇਵਾ ਸਿੰਘ ਤੇ ਨਰਿੰਦਰ ਸਿੰਘ ਵੇਖ ਰਹੇ ਸਨ,ਜਿਨ੍ਹਾਂ ਫ਼ੈਕਟਰੀ ਦਾ ਕੰਮ ਅੱਗੇ ਹੰਸ ਰਾਜ ਨਾਮ ਦੇ ਵਿਅਕਤੀ ਨੂੰ ਠੇਕੇ ਉਤੇ ਦਿੱਤਾ ਹੋਇਆ ਸੀ। ਪਿੰਡ ਦੇ ਲੋਕਾਂ
ਨੇ ਦਾਅਵਾ ਕੀਤਾ ਕਿ ਇਸ ਫੈਕਟਰੀ ਵਿੱਚ ਪਿਛਲੇ ਕੁੱਝ ਸਮੇਂ ਤੋਂ ਜਿਉਂਦੇ ਪਸ਼ੂ ਮਾਰੇ ਜਾ ਰਹੇ ਸਨ। ਉਨ੍ਹਾਂ ਮੁਤਾਬਕ ਬੀਤੀ ਰਾਤ ਲਗਪਗ 11 ਵਜੇ ਬਾਹਰੋਂ ਦੋ ਕੈਂਟਰ ਅਤੇ ਇੱਕ ਟਰਾਲਾ,ਜਿਨ੍ਹਾਂ ਵਿਚ ਲਗਪਗ 70 ਪਸ਼ੂ ਲੱਦੇ ਹੋਏ ਸਨ ਫੈਕਟਰੀ ’ਚ ਆਏ। ਨੇੜੇ ਨਰਮੇ ਦੇ ਖੇਤ ਵਿੱਚ ਪਾਣੀ ਲਾ ਰਹੇ ਇੱਕ ਵਿਅਕਤੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਇਹ ਮਾਮਲਾ ਪਿੰਡ ਵਾਸੀਆਂ ਤੱਕ ਪਹੁੰਚਾਇਆ। ਲੋਕ ਇੱਕਠੇ ਹੋ ਕੇ ਫੈਕਟਰੀ ਵੱਲ ਚੱਲ ਪਏ। ਉਦੋਂ ਤੱਕ ਫੈਕਟਰੀ ਵਿਚ ਮੌਜੂਦ ਕਾਮਿਆਂ ਨੂੰ ਲੋਕਾਂ ਦੇ ਆਉਣ ਬਾਰੇ ਭਨਕ ਪੈ ਗਈ ਤੇ ਉਹ ਤੁਰੰਤ ਫੈਕਟਰੀ ਛੱਡਕੇ ਦੌੜ ਗਏ। ਫੈਕਟਰੀ ਵਿਚ ਪੁੱਜਕੇ ਪਿੰਡ ਦੇ ਲੋਕਾਂ ਨੇ ਵੇਖਿਆ ਕਿ ਉਥੇ ਤੇਜ਼ ਹਥਿਆਰਾਂ ਅਤੇ ਆਰਿਆਂ ਨਾਲ ਡੰਗਰਾਂ ਨੂੰ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ। ਇਹ ਦੇਖ ਕੇ ਲੋਕ ਰੋਹ ’ਚ ਆ ਗਏ ਤੇ ਉਨ੍ਹਾਂ ਫੈਕਟਰੀ ‘ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਉਥੇ ਖੜ੍ਹੇ ਜਿਉਂਦੇ ਡੰਗਰਾਂ ਦੇ ਰੱਸੇ ਖੋਲ੍ਹ ਦਿੱਤੇ ਅਤੇ ਇਸ ਮਾਮਲੇ ਦੀ ਜਾਣਕਾਰੀ ਪਿੰਡ ਵਿਚ ਸਪੀਕਰ ਰਾਹੀਂ ਦੇ ਦਿੱਤੀ।
ਸਵੇਰ ਹੋਣ ਤੱਕ ਪਿੰਡ ਜੋਗਾ ਅਤੇ ਆਸੇ-ਪਾਸੇ ਦੇ ਕਈ ਪਿੰਡਾਂ ਦੇ ਨੌਜਵਾਨ ਫ਼ੈਕਟਰੀ ’ਚ ਇਕੱਠੇ ਹੋ ਗਏ। ਜਦੋਂ ਪੁਲੀਸ ਉਨ੍ਹਾਂ ਨੂੰ ਰੋਕਣ ਲੱਗੀ ਤਾਂ ਪੁਲੀਸ ਕਰਮਚਾਰੀਆਂ ਤੇ ਲੋਕਾਂ ਵਿਚਕਾਰ ਝੜੱਪ ਹੋ ਗਈ। ਇਸ ਝੜੱਪ ਦੌਰਾਨ ਨੌਜਵਾਨਾਂ ਨੇ ਫੈਕਟਰੀ ਦੀ ਚਾਰਦੀਵਾਰੀ ਢਾਹ ਦਿੱਤੀ ਅਤੇ ਫੈਕਟਰੀ ਨੂੰ ਅੱਗ ਲਾ ਦਿੱਤੀ। ਫੈਕਟਰੀ ’ਚ ਖੜ੍ਹਾ ਕੈਂਟਰ ਵੀ ਭੜਕੀ ਭੀੜ ਨੇ ਸਾੜ ਦਿੱਤਾ। ਇਸੇ ਦੌਰਾਨ ਫੈਕਟਰੀ ਪ੍ਰਬੰਧਕਾਂ ਦੇ ਘਰਾਂ ਨੂੰ ਭੀੜ ਨੇ ਪੁਲੀਸ ਦੀ ਮੌਜੂਦਗੀ ਵਿਚ ਭੰਨ ਤੋੜ ਕਰਕੇ ਅੱਗ ਲਾ ਦਿੱਤੀ। ਪੁਲੀਸ ਭੜਕੀ ਭੀੜ ਨੂੰ ਕਾਬੂ ਨਾ ਕਰ ਸਕੀ, ਹਾਲਾਂਕਿ ਪੁਲੀਸ ਨੇ ਹਾਲਾਤ ਕਾਬੂ ਹੇਠ ਕਰਨ ਲਈ ਫਾਇਰਿੰਗ ਵੀ ਕਰ ਦਿੱਤੀ ਸੀ ਤੇ ਚਾਰ ਨੌਜਵਾਨ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿਚ ਗੋਪਾਲ ਦਾਸ,ਹਰਪ੍ਰੀਤ ਸਿੰਘ, ਰਮੇਸ਼ ਕੁਮਾਰ ਤੇ ਹੈਪੀ ਸਿੰਘ ਸ਼ਾਮਲ ਸਨ।
ਬੇਸ਼ੱਕ ਡਿਪਟੀ ਕਮਿਸ਼ਨਰ ਮਾਨਸਾ ਅਮਿਤ ਢਾਕਾ ਅਤੇ ਸੀਨੀਅਰ ਪੁਲੀਸ ਕਪਤਾਨ ਸੁਖਦੇਵ ਸਿੰਘ ਚਾਹਲ ਸਵੇਰ ਤੋਂ ਹੀ ਪਿੰਡ ਜੋਗਾ ਪਹੁੰਚੇ ਹੋਏ ਸਨ, ਪਰ ਹਾਲਾਤ ਲਗਾਤਾਰ ਵਿਗੜਦੇ ਚਲੇ ਗਏ। ਪੁਲੀਸ ਨੇ ਇਸ ਘਟਨਾ ਲਈ ਫੈਕਟਰੀ ਦੇ ਮਾਲਕਾਂ,ਠੇਕੇਦਾਰ ਅਤੇ ਕੁੱਝ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਧਾਰਾ 295,153,121,430,120-ਬੀ ਤਹਿਤ ਕੇਸ ਦਰਜ ਕਰਕੇ ਫੈਕਟਰੀ ਦੇ ਤਿੰਨ ਹਿੱਸੇਦਾਰਾਂ ਸਮੇਤ ਇੱਕ ਹੋਰ ਵਿਅਕਤੀ ’ਤੇ ਵੀ ਕੇਸ ਦਰਜ ਕਰ ਦਿੱਤਾ ਹੈ,ਜਿਨ੍ਹਾਂ ਵਿਚੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਸ ਘਟਨਾ ਦੌਰਾਨ ਹੀ ਬਠਿੰਡਾ ਰੇਂਜ ਦੇ ਆਈ.ਜੀ. ਨਿਰਮਲ ਸਿੰਘ ਢਿੱਲੋਂ ਵੀ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਫੈਕਟਰੀ ਦੀ ਖੁਦਾਈ ਕਰਕੇ ਮਾਮਲੇ ਦੀ ਡੂੰਘੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।