ਪੱਤਰ ਪ੍ਰੇਰਕ
ਜੋਗਾ, 22 ਜੂਨ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਬੱੁਚੜਖ਼ਾਨੇ ਵਜੋਂ ਬੇਪਰਦ ਹੋਈ ਹੱਡ ਚੂਰਾ ਫੈਕਟਰੀ ਦੀ ਦੋ ਕਿੱਲੇ ਛੇ ਕਨਾਲ ਜ਼ਮੀਨ ਦੀ ਕੁਰਕੀ ਕਰਨ ਦੇ ਹੁਕਮ ਦਿੱਤੇ ਹਨ। ਇਸ ਫੈਕਟਰੀ ਵਿੱਚ ਜਿੰਦਾ ਗਊਆਂ ਤੇ ਹੋਰ ਪਸ਼ੂਆਂ ਨੂੰ ਮਾਰ ਕੇ ਉਨ੍ਹਾਂ ਦਾ ਮੀਟ ਤੇ ਚਰਬੀ ਬਾਹਰ ਭੇਜਣ ਦਾ ਭੇਤ ਖੁੱਲ੍ਹਣ ਤੋਂ ਬਾਅਦ ਸਰਕਾਰ ਵੱਲੋਂ ਇਸ ਜ਼ਮੀਨ ਨੂੰ ਇਕੁਆਇਰ ਕਰਕੇ ਇੱਥੇ ਗਊ ਸ਼ਹੀਦੀ ਸਮਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਸੇ ਸਿਲਸਿਲੇ ਵਿੱਚ ਹੁਣ ਮੁੱਖ ਮੰਤਰੀ ਵੱਲੋਂ ਜ਼ਮੀਨ ਦੀ ਕੁਰਕੀ ਕਰਨ ਦੇ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਹਨ।
ਇਸੇ ਦੌਰਾਨ ਸਰਕਲ ਬਠਿੰਡੇ ਦੇ ਐਸ.ਈ. ਇੰਦਰਜੀਤ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿੰਡ ਜੋਗਾ ਵਾਸੀ ਬਠਿੰਡਾ ਵਿਖੇ ਤਾਇਨਾਤ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਹਰਦੀਪ ਸਿੰਘ ਨੂੰ ਇਸੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਪੰਦਰਾਂ ਸਾਲ ਪਹਿਲਾਂ ਜਦੋਂ ਇਹ ਫੈਕਟਰੀ ਲਾਈ ਗਈ ਸੀ ਤਾਂ ਉਸ ਸਮੇਂ ਤੋਂ ਹੀ ਇਸ ਫੈਕਟਰੀ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਬਾਰੇ ਪਿੰਡ ਦੇ ਪੰਚ ਮਾਸਟਰ ਸੁਖਦੇਵ ਸਿੰਘ ਜੋਗਾ ਤੇ ਤਰਕਸ਼ੀਲ ਆਗੂ ਸੁਖਵੀਰ ਸਿੰਘ ਜੋਗਾ ਨੇ ਦੱਸਿਆ ਕਿ ਫੈਕਟਰੀ ਵਿੱਚ ਮਰੇ ਹੋਏ ਪਸ਼ੂਆਂ ਦੇ ਹੱਡਾਂ ਦੀ ਬਦਬੂ ਕਾਰਨ ਤੇ ਨਜ਼ਦੀਕ ਹੀ ਪਿੰਡ ਦਾ ਵਾਟਰ ਵਰਕਸ ਕੇਂਦਰ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੋਣ ਕਰਕੇ ਪਿੰਡ ਵਾਸੀ ਪਹਿਲਾਂ ਤੋਂ ਹੀ ਫੈਕਟਰੀ ਦਾ ਵਿਰੋਧ ਕਰਦੇ ਆ ਰਹੇ ਸਨ ਪਰ ਫੈਕਟਰੀ ਲਾਉਣ ਲਈ ਮੋਢੀ ਬਣੇ ਐਡਵੋਕੇਟ ਇੰਦਰਜੀਤ ਸਿੰਘ ਨੇ ਉਨ੍ਹਾਂ ਸਮੇਤ ਰਣਜੀਤ ਸਿੰਘ ਸੂਬੇਦਾਰ, ਹਾਕਮ ਸਿੰਘ, ਬੁੱਘਰ ਸਿੰਘ, ਕਰਨੈਲ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਬਾਬੂ, ਹਜ਼ੂਰਾ ਸਿੰਘ, ਸਾਬਕਾ ਡੀ.ਐਸ.ਪੀ. ਜਵਾਲਾ ਸਿੰਘ, ਵਿੰਦਰ ਸਿੰਘ ਰੇਲੀਕਾ ਤੇ ਭਜਨ ਸਿੰਘ 10 ਵਿਅਕਤੀਆਂ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ਜਿਸ ਉਪਰੰਤ ਉਨ੍ਹਾਂ ਨੂੰ ਆਪਣੀ ਜੱਦੀ ਸੱਤ ਏਕੜ ਜ਼ਮੀਨ ਤੇ ਬਾਕੀਆਂ ਨੂੰ ਵੀ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਵੇਚਣੀ ਪਈ ਸੀ। ਉਧਰ ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਦੀ ਸੂਬਾਈ ਵਰਕਿੰਗ ਕਮੇਟੀ ਮੈਂਬਰ ਬੀਬੀ ਚਿਤਵੰਤ ਕੌਰ ਸਮਾਓਂ, ਕਾਮਰੇਡ ਸੁਖਜੀਤ ਸਿੰਘ ਸਮਾਓਂ ਤੇ ਪਿੰਡ ਜੋਗਾ ਦੀ ਸਰਪੰਚ ਬਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਡੀ.ਐਸ.ਪੀ. ਬਲਵਿੰਦਰ ਸਿੰਘ ਨੂੰ ਵੀ ਤੁਰੰਤ ਮੁਅੱਤਲ ਕੀਤਾ ਜਾਵੇ।