ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਨਾਵਾਂ ਦੀ ਵਿਆਕਰਣ

Posted On June - 30 - 2012

ਗੁਰਦੀਪ ਸਿੰਘ ਦੌਲਾ

ਸਮੇਂ ਅਨੁਸਾਰ ਨਵੇਂ-ਨਵੇਂ ਨਾਂ ਪਨਪਦੇ ਰਹੇ ਹਨ। ਉਨੀ ਸੌ ਪੰਜਾਹਵੇਂ ਦੇ ਕਾਲ ‘ਚ ਚਾਰ-ਪੰਜ ਪੁੱਤਰ ਤੇ ਤਿੰਨ-ਚਾਰ ਧੀਆਂ ਹੋਣਾ ਆਮ ਗੱਲ ਸੀ। ਉਦੋਂ ਵੱਡੇ ਪੁੱਤ ਦਾ ਨਾਂ ਅਜੈਬ ਸਿੰਘ, ਦੂਜੇ ਦਾ ਨੈਬ ਸਿੰਘ, ਤੀਜੇ ਦਾ ਗੁਰਨੈਬ ਸਿੰਘ, ਚੌਥੇ ਦਾ ਜਰਨੈਲ ਸਿੰਘ ਤੇ ਪੰਜਵੇਂ ਪੁੱਤਰ ਨੂੰ ਕਰਨੈਲ ਸਿੰਘ ਦੀ ਤਰਤੀਬ ਦਿੱਤੀ ਜਾਂਦੀ ਸੀ। ਇੰਜ ਹੀ ਪਹਿਲੀ ਧੀ ਦਾਨ ਕੁਰ, ਦੂਜੀ ਭਾਨ ਕੌਰ ਤੇ ਤੀਜੀ ਜਲ ਕੌਰ ਕਹਾਉਂਦੀ ਸੀ। ਸਾਡੇ ਨਾਮ-ਕਰਨ ‘ਤੇ ਅੰਗਰੇਜ਼ੀ ਸਾਮਰਾਜ ਦਾ ਪ੍ਰਭਾਵ ਵੀ ਪਿਆ ਹੈ। ਲਪਟੈਣ ਸਿੰਘ, ਜੱਜ ਸਿੰਘ, ਡੀ.ਸੀ. ਸਿੰਘ ਤੇ ਅੰਗਰੇਜ਼ ਸਿੰਘ ਬ੍ਰਿਟਿਸ਼ ਸ਼ਾਸਨ ਵੇਲੇ ਉਪਜੇ ਨਾਂ ਹਨ। ਨਾਵਾਂ ਦੀ ਤਰਤੀਬ ਵਿੱਚ ਗੁਰਦੇਵ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ ਤੇ ਸੁਖਦੇਵ ਸਿੰਘ ਚਾਰ ਸਕੇ ਭਰਾਵਾਂ ਦੇ ਨਾਂ ਜ਼ਿਕਰਯੋਗ ਹਨ। ਸੂਰਜ ਸਿੰਘ, ਚੰਦ ਸਿੰਘ ਤੇ ਮੰਗਲ ਸਿੰਘ ਵਰਗੇ ਨਾਂ ਸੂਰਜੀ ਪਰਿਵਾਰ ਤੋਂ ਲਏ ਹੋਏ ਹਨ।
ਬਹੁਤੇ ਨਾਂ ਮਰਦ-ਔਰਤ ਦੋਹਾਂ ਲਈ ਢੁਕਵੇਂ ਹਨ, ਜਿਵੇਂ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਕੌਰ, ਕਰਤਾਰ ਸਿੰਘ ਤੇ ਕਰਤਾਰ ਕੌਰ, ਅਵਤਾਰ ਸਿੰਘ ਤੇ ਅਵਤਾਰ ਕੌਰ, ਸ਼ਿੰਦਰ ਸਿੰਘ ਤੇ ਸ਼ਿੰਦਰ ਕੌਰ, ਚੰਦ ਸਿੰਘ ਤੇ ਚੰਦ ਕੌਰ ਆਦਿ। ਪਿੰਡਾਂ ‘ਚ ਬਹੁਤੇ ਪਤੀ-ਪਤਨੀ ਜੋੜਿਆਂ ਦੇ ਨਾਂ ਪਿੱਛੇ ਕੇਵਲ ਸਿੰਘ ਤੇ ਕੌਰ ਦਾ ਅੰਤਰ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਵੇਂ ਭਗਵਾਨ ਸਿੰਘ ਤੇ ਭਗਵਾਨ ਕੌਰ। ਅਜਿਹੇ ਨਾਂ ਪਰਮਾਤਮਾ ਦੇ ਨਾਂ ਵਾਂਗੂੰ ਜਾਪਦੇ ਹਨ। ਇਵੇਂ ਇੰਦਰ ਸਿੰਘ, ਜੈ ਰਾਮ, ਆਰਤੀ ਦੇਵੀ, ਮਾਇਆ ਦੇਵੀ, ਰਾਮ ਜੀ ਦਾਸ, ਹਰਸਿਮਰਤ ਕੌਰ ਤੇ ਹਰਜੋਤ ਕੌਰ ਵਰਗੇ ਨਾਂ ਉਸ ਸਰਵ-ਸ਼ਕਤੀ ਮਾਨ ਦੇ ਨਾਂ ਦੀ ਯਾਦ ਕਰਵਾਉਂਦੇ ਹਨ।
ਸਾਡੇ ਨਾਮ-ਕਰਨ ‘ਤੇ ਫ਼ਿਲਮਾਂ, ਖੇਡਾਂ ਤੇ ਹੋਰ ਖੇਤਰ ਦੀਆਂ ਸਫ਼ਲ ਸ਼ਖ਼ਸੀਅਤਾਂ ਦਾ ਪ੍ਰਭਾਵ ਵੀ ਪਿਆ ਹੈ। ਰਾਜੂ, ਵਿੱਕੀ, ਹੈਪੀ, ਟਿੰਕੂ, ਰਿੰਕੂ ਵਰਗੇ ਨਾਂ ਫ਼ਿਲਮਾਂ ਤੋਂ ਪ੍ਰਭਾਵਤ ਹਨ। ਪੁਰਾਣੇ ਸਮੇਂ ‘ਚ ਪਿੰਡਾਂ ‘ਚ ਕੁੜੀਆਂ ਦੇ ਛੋਟੇ ਨਾਂ ਭੋਲੀ, ਪ੍ਰੀਤੋ, ਰਾਣੀ, ਜੀਤੀ, ਜੀਤੋ ਤੇ ਜੰਗੀਰੋ ਰੱਖੇ ਜਾਂਦੇ ਸਨ। ਸ਼ਹਿਰਾਂ ‘ਚ ਇਹੀ ਨਾਂ ਰਜਨੀ, ਰੀਨਾ, ਟੀਨਾ, ਮੀਨਾ ਲਏ ਜਾਂਦੇ ਹਨ। ਪਿੰਡਾਂ ‘ਚ ਭਜਨੋ (ਭਜਨ ਕੌਰ), ਸੱਤੋ ਤੇ ਸ਼ਾਮ ਕੌਰ ਵਰਗੇ ਨਾਂ ਆਮ ਹੁੰਦੇ ਸਨ। ਕਈ ਨਾਂ ਗੀਤਾਂ ‘ਚ ਵੱਜਦੇ ਰਹੇ ਹਨ ਜਿਵੇਂ ‘ਜਿੱਦਣ ਦੀ ਆ ਗਈ ਸ਼ਾਮ ਕੁਰੇ ਸਾਡਾ ਮੰਜਾ ਕਿੱਕਰ ਥੱਲੇ’। ਇਹ ਉਸ ਜ਼ਮਾਨੇ ਦੀ ਸੱਚਾਈ ਹੈ ਜਦੋਂ ਘਰ ਨੂੰਹ ਆਉਂਦੀ ਸੀ ਤਾਂ ਸਹੁਰੇ ਦਾ ਮੰਜਾ ਵਿਹੜੇ ‘ਚ ਚਲਿਆ ਜਾਂਦਾ ਸੀ।
ਕਈ ਨਾਂ ਇੱਕੋ ਜਿਹੇ ਅਰਥਾਂ ਵਾਲੇ ਹੁੰਦੇ ਹਨ ਜਿਵੇਂ ਗਗਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ। ਇਹ ਦੋਨੋਂ ਅਕਾਸ਼ ਦੇ ਤਾਰੇ ਹਨ ਤੇ ਅਰਸ਼ਦੀਪ ਸਿੰਘ ਦੇ ਵੀ ਇਹੀ ਅਰਥ ਹਨ। ਪਿੰਡਾਂ ‘ਚ ਵਿਰਲੇ ਨਾਂ ‘ਕੱਦੂ ਸਿੰਘ’ ਤੇ ਕੁੜੀ ਦਾ ਨਾਂ ‘ਭਿੰਡੀ’ ਰੱਖੇ ਜਾਂਦੇ ਹਨ। ਕਈ ਨਾਵਾਂ ਤੋਂ Çਲੰਗ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਜਿਵੇਂ, ‘ਲੱਕੀ ਗੋਇਲ’। ਕਈ ਨਾਵਾਂ ਦੇ ਅਰਥ ਬਹੁਤ ਅਜੀਬ ਜਿਹੇ ਬਣਦੇ ਹਨ, ਜਿਵੇਂ ‘ਪੀ.ਕੇ. ਤਿਆਗੀ’ ਦਾ ਭਾਵ ਅਰਥ ਇਹੀ ਬਣਦਾ ਹੈ ਕਿ ਪਹਿਲਾਂ (ਸ਼ਰਾਬ) ਪੀਤੀ ਤੇ ਬਾਅਦ ‘ਚ ਤਿਆਗ ਦਿੱਤੀ। ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਦੇ ਨਾਂ ਥੋੜ੍ਹੇ ਪੰਜਾਬੀ ਤੇ ਥੋੜ੍ਹੇ ਵਿਦੇਸ਼ੀ ਬਣੇ ਹਨ। ਇੱਥੋਂ ਗਿਆ ਜਗਦੀਸ਼ ਸਿੰਘ ਜਰਮਨ ‘ਚ ਐਸ. ਜੋਹਨ ਬਣ ਗਿਆ ਹੈ। ਵਿਦੇਸ਼ਾਂ ਵਿੱਚ ਵਸੇ ਪੰਜਾਬੀ ਹੁਣ ਆਪਣੇ ਬੱਚਿਆਂ ਦਾ ਨਾਮ-ਕਰਨ ਜੰਡ ਸਿੰਘ, ਕਿੱਕਰ ਸਿੰਘ, ਬੋਹੜ ਸਿੰਘ, ਜੈ ਸਿੰਘ, ਜੈ ਕੌਰ, ਜਲ ਕੌਰ, ਧੰਨ ਕੌਰ, ਬੰਤ ਕੌਰ, ਨਗੀਨਾ ਸਿੰਘ, ਫੁੰਮਣ ਸਿੰਘ ਤੇ ਭਾਨ ਕੌਰ ਪੁਰਾਤਨ ਪੰਜਾਬੀ ਨਾਵਾਂ ਅਨੁਸਾਰ ਕਰ ਰਹੇ ਹਨ। ਪਿਛਲੇ ਸਮੇਂ ‘ਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਪੰਜਾਬੀ ਗਾਇਕਾਂ ਨੇ ਆਪਣੇ ਨਾਮਕਰਨ ‘ਚ ਨਵੀਆਂ ਪਿਰਤਾਂ ਪਾਈਆਂ ਹਨ। ਨਵੇਂ ਗਾਇਕ ਆਪਣੇ ਨਾਂ ਅਜਿਹੇ ਰੱਖਦੇ ਹਨ ਜੋੋ ਲੋਕਾਂ ਦੀ ਜ਼ਬਾਨ ‘ਤੇ ਜਲਦੀ ਚੜ੍ਹ ਸਕਦੇ ਹੋਣ। ਗਾਇਕ ਭਾਈਆਂ ਦੇ ਨਾਂ ਰੀਸ-ਘੜੀਸ ਤੇ ਭੁਲੇਖਾ ਪਾਊ ਵੀ ਹੁੰਦੇ ਹਨ। ਪੰਜਾਬੀ ਗਾਇਕੀ ਦੇ ਸਿਖ਼ਰ ਗੁਰਦਾਸ ਮਾਨ ਦੀ ਰੀਸ ਨਾਲ ਕਈਆਂ ਨੇ ਮਾਨ ਗੋਤਰ ਨਾ ਹੁੰਦੇ ਵੀ ਨਾਂ ਨਾਲ ‘ਮਾਨ’ ਲਗਾ ਲਿਆ ਹੈ।
ਆਮ ਕਰਕੇ ਪਿੰਡਾਂ ਵਿੱਚ ਸਫ਼ਲ ਵਿਅਕਤੀਆਂ ਵਾਲੇ ਨਾਂ ਰੱਖਣ ਦਾ ਰਿਵਾਜ ਹੈ। ਪਿੰਡ ਬਾਦਲ ਵਿਖੇ ਅੱਜ ਤੋਂ ਵੀਹ-ਪੰਝੀ ਵਰ੍ਹੇ ਜਨਮੇ ਵਧੇਰੇ ਬੱਚਿਆਂ ਦੇ ਨਾਂ ਸੁਖਬੀਰ ਸਿੰਘ ਤੇ ਮਨਪ੍ਰੀਤ ਸਿੰਘ ਹਨ। ਪਿੰਡ ਬਾਦਲ ਦੇ ਹਾਈ ਸਕੂਲ ‘ਚ ਪੜ੍ਹਦੇ ਵਧੇਰੇ ਮੁੰਡੇ ਇਸ ਨਾਂ ਵਾਲੇ ਸਨ।
ਇਸ ਵਾਰ ਛੇਵੀਂ ‘ਚ ਨਵੇਂ ਆਏ ਵਿਦਿਆਰਥੀਆਂ ਨੇ ਇਹ ਲੇਖ ਲਿਖਣ ਲਈ ਵਿਚਾਰ ਦਿੱਤਾ। ਇਸ ਕਲਾਸ ਵਿੱਚ ਇੱਕ ਵਿਦਿਆਰਥੀ ਦਾ ਨਾਂ ਜਲਸਿਕੰਦਰ ਸਿੰਘ ਹੈ। ਇਵੇਂ ਇੱਕ ਵਿਦਿਆਰਥਣ ਦਾ ਨਾਂ ‘ਜਿੰਦ ਕੌਰ’ ਹੈ। ਇੱਕ ਦਾ ਨਾਂ ਸ਼ੁਕਰਗੁਜ਼ਾਰ ਸਿੰਘ ਹੈ। ਇੱਕ ਕੁੜੀ ਦਾ ਨਾਂ ਜਲ ਕੌਰ ਹੈ। ਜਲਸਿਕੰਦਰ ਸਿੰਘ ਦੇ ਪਿਤਾ ਦਾ ਨਾਂ ਲਪਟੈਣ ਸਿੰਘ ਹੈ। ਇੰਜ ਨਵੇਂ ਬੱਚਿਆਂ ਦੇ ਪੁਰਾਤਨ ਨਾਂ ਜਿਵੇਂ ਨਗੀਨਾ ਸਿੰਘ, ਦਮਨਜੀਤ ਕੌਰ, ਬਲਬੀਰ ਕੌਰ, ਦਲੇਰ ਕੌਰ, ਘੁਮੰਡ ਸਿੰਘ ਤੇ ਬਖਤੌਰ ਸਿੰਘ ਵਰਗੇ ਨਾਂ ਜਾਣ ਕੇ ਦੁਬਾਰਾ ਅਮੀਰ ਵਿਰਸੇ ‘ਚ ਜਾਣ ਦਾ ਅਹਿਸਾਸ ਹੋਇਆ। ਜਦੋਂ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਪੰਜਾਬ ਬਣੇ ਤਾਂ ਬਹੁਤੇ ਲੋਕਾਂ ਨੇ ਆਪਣੇ ਸਕੂਟਰਾਂ ਦੀ ਸਟਿੱਪਣੀ ਕਵਰ ‘ਤੇ ‘ਭੱਠਲ’ ਸ਼ਬਦ ਲਿਖਵਾ ਲਿਆ ਸੀ ਤੇ ਹੁਣ ‘ਬਾਦਲ’ ਲਿਖਵਾਈ ਫਿਰਦੇ ਹਨ।
ਪਿੰਡਾਂ ‘ਚ ਪੁਰਾਣੇ ਨਾਂ, ਉਂਕਾਰ ਸਿੰਘ, ਅੱਛਰ ਸਿੰਘ, ਇੱਤਰ ਸਿੰਘ, ਸਰਦਾਰਾ ਸਿੰਘ, ਹਾਕਮ ਸਿੰਘ, ਕਾਕਾ ਸਿੰਘ, ਘਣ ਸਿੰਘ, ਚੂਹੜ ਸਿੰਘ, ਝਗੜੂ ਸਿੰਘ, ਟਹਿਲਾ ਸਿੰਘ, ਠਾਕੁਰ ਸਿੰਘ, ਡਕੈਂਤ ਸਿੰਘ, ਦਲੇਰ ਸਿੰਘ, ਧਨਵੰਤ ਸਿੰਘ, ਧੰਨ ਕੌਰ, ਫੁੰਮਣ ਸਿੰਘ, ਭੱਕਰ ਸਿੰਘ, ਮਾਣ ਸਿੰਘ, ਯੁੱਧਵੀਰ ਸਿੰਘ, ਲਾਲ ਸਿੰਘ ਤੇ ਵੀਰ ਸਿੰਘ ਵਰਗੇ ਸਾਧਾਰਨ ਜਿਹੇ ਪਰ ਗਹਿਰੇ ਅਰਥਾਂ ਵਾਲੇ ਨਾਂ ਦੁਬਾਰਾ ਪ੍ਰਚੱਲਤ ਹੋ ਰਹੇ ਹਨ। ਕਈ ਨਾਵਾਂ ਪਿੱਛੇ ਬਹੁਤ ਠੋਸ ਕਾਰਨ ਹੁੰਦਾ ਹੈ। ਇੱਕ ਪਿੰਡ ‘ਚ ਜਿਸ ਦਿਨ ਆਰ.ਓ. (R.O.) ਸਿਸਟਮ ਦਾ ਉਦਘਾਟਨ ਹੋਇਆ ਤਾਂ ਉਸ ਦਿਨ ਜਨਮੇ ਮੁੰਡੇ ਦਾ ਨਾਂ ਘਰਦਿਆਂ ਨੇ ਆਰ.ਓ. ਸਿੰਘ ਰੱਖ ਦਿੱਤਾ। ਨਵੇਂ ਨਾਂ ਹੋਂਦ ‘ਚ ਆਉਣੇ ਹਨ। ਕਿਸੇ ਦਾ ਨਾਂ ਮਿਸਕਾਲ ਸਿੰਘ ਵੀ ਹੋਵੇਗਾ। ਇਵੇਂ ਵਾਇਬ੍ਰੇਸ਼ਨ ਸਿੰਘ ਨਵਾਂ ਨਾਂ ਹੋ ਸਕਦਾ ਹੈ। ਕੇਵਲ ਸਿੰਘ ਦੀ ਜਗ੍ਹਾ ‘ਕੇਬਲ ਸਿੰਘ’ ਲੈ ਸਕਦਾ ਹੈ। ਨਵੇਂ ਵਿਗਿਆਨਕ ਉਤਪਾਦਾਂ ਵਿੱਚੋਂ ਨਵੇਂ ਨਾਂ ਉਪਜ ਸਕਦੇ ਹਨ। ਕਈ ਨਾਂ ਅੰਗਰੇਜ਼ੀ, ਪੰਜਾਬੀ ਦੇ ਸਮਾਨ ਅਰਥਾਂ ਵਾਲੇ ਸ਼ਬਦਾਂ ਨਾਲ ਬਣੇ ਹਨ ਜਿਵੇਂ ‘ਲਵਪ੍ਰੀਤ ਸਿੰਘ’।
ਨਾਂ ਦੇ ਸ਼ਬਦੀ ਅਰਥ ਜ਼ਰੂਰ ਹੁੰਦੇ ਹਨ ਪਰ ਇਨ੍ਹਾਂ ਅਰਥਾਂ ਨੂੰ ਅਸਲ ਰੂਪ ਮਨੁੱਖ ਆਪਣੀ ਹਿੰਮਤ ਤੇ ਉੱਦਮ ਨਾਲ ਦਿੰਦਾ ਹੈ। ਪੁਰਾਤਨ ਤੱਥ ਹੈ ਕਿ ਇੱਕ ਪੁਰਸ਼ ਤੇ ਤਿੰਨ ਨਾਮ, ਪਰਸਾ, ਪਰਸੂ ਤੇ ਪਰਸ ਰਾਮ। ਮਨੁੱਖ ਨੇ ਆਪਣੀ ਸੂਝ-ਬੂਝ ਤੇ ਲਿਆਕਤ ਨਾਲ ਪਰਸੇ ਤੋਂ ਸ੍ਰੀ ਪਰਸ ਰਾਮ ਬਣਨਾ ਹੈ। ਸਮਾਜ ਨੂੰ ਹੋਰ ਚੰਗੇਰਾ ਬਣਾਉਣ ਲਈ ਸਾਨੂੰ ਇੱਜ਼ਤ ਸਤਿਕਾਰ ਨਾਲ ਸੰਪੂਰਨ ਨਾਂ ਵਰਤਣੇ ਚਾਹੀਦੇ ਹਨ। ‘ਰਾਮੂ’ ਨੂੰ ਰਾਮ ਕੁਮਾਰ ਕਹਿਣਾ ਵਧੇਰੇ ਸੱਭਿਅਕ ਲੱਗਦਾ ਹੈ। ਘਰ-ਪਰਿਵਾਰ ‘ਚ ਸਹੀ ਨਾਂ ਉਚਾਰਨ ਨਾਲ ਪੂਰੇ ਸਮਾਜ ‘ਚ ਚੰਗੀ ਪਿਰਤ ਪੈ ਸਕਦੀ ਹੈ। ਸਾਨੂੰ ਵਧੇਰੇ ਲੰਮੇ ਨਾਂ ਜਿਵੇਂ ਹਰਗੁਰਕਿਰਪਾਲ ਸਿੰਘ ਦੀ ਬਜਾਏ ਪੁਰਾਤਨ ਨਾਂ ਜਿਵੇਂ ਹਰੀ ਸਿੰਘ, ਮੱਲ ਸਿੰਘ, ਜਲ ਕੌਰ ਤੇ ਜੈ ਕੌਰ ਨਾਮਕਰਨ ਵੱਲ ਆਉਣਾ ਹੋਵੇਗਾ। ਬਾਦਸ਼ਾਹ ‘ਸਿਕੰਦਰ ਮਹਾਨ’ ਸਾਰੇ ਸੰਸਾਰ ‘ਤੇ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਸੀ। ‘ਜਹਾਂਗੀਰ’ ਦਾ ਸ਼ਬਦੀ ਅਰਥ ਵੀ ਸਾਰੇ ਸੰਸਾਰ ਦਾ ਮਾਲਕ ਹੈ। ‘ਸ਼ਾਹਜਹਾਂ’ ਤੋਂ ਭਾਵ ਵੀ ਸਾਰੇ ਜਹਾਨ ਦਾ ਮਾਲਕ ਹੈ। ਨਾਂ ਨਾਲ ਮਨੁੱਖ ਦੀ ਪਛਾਣ ਨਹੀਂ ਬਣਦੀ। ਉਸ ਦੀ ਅਸਲ ਪਛਾਣ ਕੰਮਾਂ ਤੋਂ ਬਣਦੀ ਹੈ। ਨਾਂ ਵੱਡਾ ਹੋਵੇ ਜਾਂ ਛੋਟਾ ਪਰ ਸੋਚ ਜ਼ਰੂਰ ਚੰਗੀ ਹੋਣੀ ਚਾਹੀਦੀ ਹੈ।

* ਮੋਬਾਈਲ: 98551-59637


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 43 °CWidespread Dust/Windy
    Chandigarh, India 42 °CSunny
    Ludhiana,India 42 °CSunny
    Dehradun,India 27 °CHaze

ਕ੍ਰਿਕਟ

Powered by : Mediology Software Pvt Ltd.