ਕੋਲੰਬੋ, 17 ਜੂਨ
ਤਿਸ਼ਾਰਾ ਪਰੇਰਾ ਦੀ ਹੈਟ੍ਰਿਕ ਦੀ ਮਦਦ ਨਾਲ ਸ੍ਰੀਲੰਕਾ ਨੇ ਚੌਥੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਪਾਕਿਸਤਾਨ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੀ ਟੀਮ 244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ 38ਵੇਂ ਓਵਰ ’ਚ ਦੋ ਵਿਕਟ ’ਤੇ 166 ਦੌੜਾਂ ਬਣਾ ਕੇ ਮਜ਼ਬੂਤ ਹਾਲਤ ’ਚ ਸੀ ਪਰ ‘ਮੈਨ ਆਫ ਦ ਮੈਚ’ ਪਰੇਰਾ (42 ਦੌੜਾਂ ’ਤੇ ਚਾਰ ਵਿਕਟ) ਦੀ ਕਾਤਲਾਨਾ ਗੇਂਦਬਾਜ਼ੀ ਅੱਗੇ ਉਹ 199 ਦੌੜਾਂ ’ਤੇ ਹੀ ਦਮ ਤੋੜ ਗਈ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਜ਼ਹਰ ਅਲੀ ਨੇ ਨਾਬਾਦ 81 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ ਇਕ ਛੱਕਾ ਤੇ ਚਾਰ ਚੌਕੇ ਮਾਰੇ। ਅਲੀ ਨੇ ਕਪਤਾਨ ਮਿਸਬਾਹ ਉੱਲ ਹੱਕ (57) ਨਾਲ ਤੀਜੇ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਪਰੇਰਾ ਨੇ ਪਾਰੀ ਦੇ 41ਵੇਂ ਓਵਰ ’ਚ ਆਪਣੀ ਹੈਟ੍ਰਿਕ ਦੌਰਾਨ ਸਭ ਤੋਂ ਪਹਿਲਾਂ ਯੂਨਿਸ ਖਾਨ ਨੂੰ ਇਕ ਦੌੜ ’ਤੇ ਉਡਾਇਆ। ਇਸ ਤੋਂ ਬਾਅਦ ਸ਼ਾਇਦ ਅਫਰੀਦੀ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਭੇਜ ਦਿੱਤਾ। ਇਸ ਖਿਡਾਰੀ ਨੇ ਤੀਜੀ ਗੇਂਦ ’ਤੇ ਪਾਕਿਸਤਾਨ ਦੇ ਸਰਫਰਾਜ ਅਹਿਮਦ (0) ਨੂੰ ਆਊਟ ਕਰਕੇ ਵਿਰੋਧੀ ਟੀਮ ਦੀ ਹਵਾ ਹੀ ਕੱਢ ਦਿੱਤੀ।
ਪਰੇਰਾ ਨੇ ਸੋਹੇਲ ਤਨਵੀਰ (0) ਨੂੰ ਵੀ ਇਸੇ ਓਵਰ ’ਚ ਆਊਟ ਕੀਤਾ ਤੇ ਸਾਇਦ ਅਜਮਲ ਨੂੰ ਪੈਵੇਲੀਅਨ ਭੇਜਣ ਤੋਂ ਬਾਅਦ ਪਾਕਿ ਪਾਰੀ ਦਾ ਅੰਤ ਹੋ ਗਿਆ। ਪਾਕਿਸਤਾਨ ਨੇ ਆਪਣੀਆਂ ਆਖਰੀ ਅੱਠ ਵਿਕਟਾਂ ਸਿਰਫ਼ 33 ਦੌੜਾਂ ਜੋੜ ਕੇ ਹੀ ਗਵਾ ਦਿੱਤੀਆਂ। ਪਾਰੀ ਦੌਰਾਨ ਛੇ ਬੱਲੇਬਾਜ਼ ਤਾਂ ਖਾਤਾ ਵੀ ਨਾ ਖੋਲ੍ਹ ਸਕੇ। ਇਸ ਤੋਂ ਪਹਿਲਾਂ ਸ੍ਰੀਲੰਕਾ ਵੱਲੋਂ ਕੁਮਾਰ ਸੰਗਾਕਾਰਾ ਨੇ 130 ਗੇਂਦਾਂ ’ਚ 97 ਦੌੜਾਂ ਬਣਾਈਆਂ।
-ਪੀ.ਟੀ.ਆਈ.