‘ਸਾਥੋਂ ਦਾਤਿਆ ਭੁੱਖ ਨਾ ਜਰੀ ਜਾਂਦੀ, ਅਸੀਂ ਰੱਜ ਗਏ ਆਂ ਭੁੱਖੇ ਰਹਿ ਰਹਿ ਕੇ’, ‘ਬੇਦਾਵਾ’ ਨਾਮੀ ਇਹ ਬੈਂਤ ਜਦੋਂ ਗਾਇਕੀ ਰੂਪ ਵਿੱਚ ਲਾਊਡ ਸਪੀਕਰ ’ਤੇ ਵੱਜਦਾ ਸੀ ਤਾਂ ਸਰੋਤਿਆਂ ਦੀਆਂ ਅੱਖਾਂ ਸਾਹਮਣੇ ਦੁਸ਼ਮਣ ਫ਼ੌਜਾਂ ਦੇ ਘੇਰੇ ਵਿੱਚ ਆਏ ਆਨੰਦਪੁਰ ਦੇ ਕਿਲ੍ਹੇ ਦਾ ਉਹ ਦ੍ਰਿਸ਼ ਆ ਜਾਂਦਾ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਥੇਦਾਰ ਮਹਾਂ ਸਿੰਘ ਆਪਣੇ ਸਾਥੀਆਂ ਸਮੇਤ ਕਿਲ੍ਹਾ ਛੱਡ ਕੇ ਜਾਣ ਦੀ ਆਗਿਆ ਮੰਗਦਾ ਹੈ। ਇਸ ਆਵਾਜ਼ ਦਾ ਮਾਲਕ ਸੀ ਫੱਕਰ ਗਾਇਕ ਸਾਈਂ ਦੀਵਾਨਾ।
ਸਾਈਂ ਦੀਵਾਨਾ ਅਜਿਹਾ ਫੱਕਰ ਗਾਇਕ ਹੋਇਆ ਹੈ, ਜਿਸ ਦੀ ਰਿਕਾਰਡਿੰਗ ਭਾਵੇਂ ਕਾਫ਼ੀ ਮਾਤਰਾ ਵਿੱਚ ਮਿਲਦੀ ਹੈ ਪਰ ਉਸ ਦੇ ਜੀਵਨ ਬਾਰੇ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਸਾਈਂ ਦੀਵਾਨਾ ਇੱਕ ਰਮਤਾ ਗਾਇਕ ਸੀ। ਉਹ ਇੱਕ ਫੱਕਰ ਬੰਦਾ ਸੀ ਜੋ ਫ਼ਕੀਰੀ ਰੂਪ ਵਿੱਚ ਦਿੱਲੀ ਦੀਆਂ ਸੜਕਾਂ ਦੇ ਕਿਨਾਰੇ ਬੈਠਾ ਹੀਰ, ਸੱਸੀ, ਸੋਹਣੀ ਆਦਿ ਗਾਥਾਵਾਂ ਗਾਉਂਦਾ ਸੀ। ਉਸ ਉੱਤੇ ਖ਼ੁਦਾ ਦੀ ਮਿਹਰ ਸੀ। ਉਸ ਦਾ ਗਲਾ ਬੜਾ ਸੁਰੀਲਾ ਸੀ। ਵਜਦ ਵਿੱਚ ਆ ਕੇ ਅੱਖਾਂ ਮੀਚ ਕੇ ਜਦੋਂ ਉਹ ਗਾਉਂਦਾ ਤਾਂ ਰਾਹ ਜਾਂਦੇ ਰਾਹੀਆਂ ਦੇ ਪੈਰ ਆਪਣੇ-ਆਪ ਰੁਕ ਜਾਂਦੇ। ਉਸ ਦਾ ‘ਗੌਣ’ ਸੁਣ ਕੇ ਉਹ ਦੁਆਨੀ-ਚੁਆਨੀ ਉਸ ਨੂੰ ਦੇ ਦਿੰਦੇ। ਇੱਕ ਦਿਨ ਉਹ ਉਸਤਾਦ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਨਜ਼ਰੀਂ ਚੜ੍ਹ ਗਿਆ। ਮਾਨ ਸਾਹਿਬ ਇਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਐਚ.ਐਮ.ਵੀ. ਕੰਪਨੀ ਦੇ ਦਫ਼ਤਰ ਲੈ ਗਏ। ਇਸ ਬਾਰੇ ਮਾਨ ਸਾਹਿਬ ਨੇ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਹੈ, ‘‘ਉਹ ਇੱਕ ਫੱਕਰ ਆਦਮੀ ਸੀ। ਜਦੋਂ ਉਹ ਹੀਰ ਗਾਉਂਦਾ ਸੀ ਤਾਂ ਕਮਾਲਾਂ ਈ ਹੋ ਜਾਂਦੀਆਂ ਸਨ। ਲੋਕ ਉਸ ਨੂੰ ਦੁਆਨੀ-ਚੁਆਨੀ ਦੇ ਦਿੰਦੇ। ਬੜਾ ਸੁਰੀਲਾ ਗਲਾ ਸੀ ਉਹਦਾ। ਕੁਦਰਤੀ ਦਾਤ ਸੀ ਉਸ ਕੋਲ ਗਾਉਣ ਦੀ। ਗਾਉਂਦਾ ਗਾਉਂਦਾ ਉਹ ਮਸਤ ਹੀ ਹੋ ਜਾਂਦਾ ਸੀ। ਇੰਜ ਹੀ ਲੋਕਾਂ ਦੀ ਚੁਆਨੀ-ਚੁਆਨੀ ਨਾਲ ਉਹ ਆਪਣਾ ਵੇਲਾ ਟਪਾਉਂਦਾ ਸੀ।’’
ਸੰਨ 1942 ਵਿੱਚ ਗੁਰਦੇਵ ਸਿੰਘ ਮਾਨ ਨੇ ਦੋ ਗੀਤ ਸਾਈਂ ਦੀਵਾਨਾ ਦੀ ਆਵਾਜ਼ ਵਿੱਚ ਐਚ.ਐਮ.ਵੀ. ਕੰਪਨੀ ਨੇ ਰਿਕਾਰਡ ਕੀਤੇ। ਪਹਿਲਾ ਸੀ-ਸਾਥੋਂ ਦਾਤਿਆ ਭੁੱਖ ਨਾ ਜਰੀ ਜਾਂਦੀ (ਬੇਦਾਵਾ) ਅਤੇ ਦੂਜਾ ਸੀ- ਮੈਂ ਜੱਟੀ ਦੇਸ ਪੰਜਾਬ ਦੀ, ਉਡਦੀ ਵਿੱਚ ਹਵਾ। ਇਹ ਤਵੇ ਏਨੇ ਮਕਬੂਲ ਹੋਏ ਕਿ ਕੰਪਨੀ ਨੇ ਸਾਈਂ ਦੀਵਾਨਾ ਦੀ ਆਵਾਜ਼ ਵਿੱਚ ਹੋਰ ਵੀ ਰਿਕਾਰਡਿੰਗ ਕੀਤੀ। ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਤੋਂ ਇਲਾਵਾ ‘ਦੀ ਟਵਿਨ’ ਰਿਕਾਰਡਿੰਗ ਕੰਪਨੀ ਨੇ ਵੀ ਸਾਈਂ ਦੀਵਾਨਾ ਦੀ ਆਵਾਜ਼ ਨੂੰ ਰਿਕਾਰਡ ਕੀਤਾ।
ਸਾਈਂ ਦੀਵਾਨਾ ਨੇ ਸੋਹਣੀ, ਸੱਸੀ, ਹੀਰ ਤੇ ਮਿਰਜ਼ਾ ਲੋਕ ਗਾਥਾਵਾਂ ਰਿਕਾਰਡ ਕਰਵਾਈਆਂ ਤੇ ਇਨ੍ਹਾਂ ਨੂੰ ਵੱਖਰੇ ਹੀ ਢੰਗ ਅਤੇ ਅੰਦਾਜ਼ ਵਿੱਚ ਗਾਇਆ। ਸੋਹਣੀ ਉਸ ਨੇ ਹਰਮਨਪਿਆਰੀ ਲੋਕ ਤਰਜ਼ ‘ਜੁਗਨੀ’ ਵਿੱਚ ਗਾਈ। ਹੀਰ ਨੂੰ ਉਸ ਨੇ ਨਿਵੇਕਲੇ ਢੰਗ ਨਾਲ ਗਾਇਆ। ਸਤਰ ਦੇ ਅੰਤ ਤੇ ‘ਹੋ’ ਸ਼ਬਦ ਇੱਕ ਅਨੋਖੀ ਲੈਅ ਪੈਦਾ ਕਰਦਾ ਹੈ। ਸੋਹਣੀ ਤੇ ਘੜੇ ਦਾ ਸੰਵਾਦ ਇੱਕ ਲੰਮੀ ‘ਨਜ਼ਮ’ ਦੇ ਰੂਪ ਵਿੱਚ ਸਟੇਜੀ ਕਵਿਤਾ ਦੀ ਤਰ੍ਹਾਂ ਗਾਇਆ। ਲੋਕ ਗਾਥਾਵਾਂ ਦੇ ਕੁਝ ਨਮੂਨੇ ਪੇਸ਼ ਹਨ-
* ‘ਸੋਹਣੀ ਇੱਕ ਹੂਰ ਨਿਰਾਲੀ ਸੀ
ਮਹੀਂਵਾਲ ਦੀ ਉਹ ਮਤਵਾਲੀ ਸੀ
-ਸੋਹਣੀ
* ਲੱਗੀ ਲੋਅ ਤੇ ਉੱਠੀ ਸੱਸੀ, ਰੋ ਰੋ ਦਵੇ ਦੁਹਾਈਆਂ।
ਵਰਤ ਗਈਆਂ ਤਕਦੀਰਾਂ ਸਾਈਆਂ,
ਪਾਈਆਂ ਨੀਂਦ ਜੁਦਾਈਆਂ।
ਲਿਖੀਆਂ ਧੁਰ ਦਰਗਾਹੋਂ ਮੇਰੇ, ਪੇਸ਼ ਤੱਤੀ ਦੇ ਆਈਆਂ।
ਲੈ ਗੇ ਲੁੱਟ ਬਲੋਚ ਸੱਸੀ ਨੇ ਭੁੱਲ ਕੇ ਅੱਖੀਆਂ ਲਾਈਆਂ।
-ਸੱਸੀ
* ਦੁੱਧ ਰਿੜਕੇ ਪਈ ਹੀਰ ਸਲੇਟੀ,
ਆਂਗਣ ਦੇ ਵਿੱਚ ਬਹਿ ਕੇ ਹੋ।
ਜੀਂਦੀ ਪਈ ਏ ਅਜੇ ਜਵਾਨੀ,
ਤੀਰ ਬਿਰਹੋਂ ਦਾ ਸਹਿ ਕੇ ਹੋ। -ਹੀਰ
* ਮੈਂ ਜੱਟੀ ਦੇਸ ਪੰਜਾਬ ਦੀ, ਉਡਦੀ ਵਿੱਚ ਹਵਾ
ਮੈਂ ਪਾਕਿ ਪੰਜਾਬ ਦੀ ਪੁੱਤਰੀ, ਮੈਨੂੰ ਮੈਲੇ ਹੱਥ ਨਾ ਲਾ
ਮੇਰਾ ਮੱਥਾ ਖਿੜਿਆ ਵੇਖ ਕੇ, ਵੇ ਫੁੱਲ ਜਾਂਦੇ ਕੁਮਲਾ
ਮੇਰੀ ਤੋਰ ਵੇਖ ਕੇ ਮੋਰ ਵੀ, ਲੈਂਦੇ ਨੇ ਧੌਣ ਨਿਵਾ।
ਮਿਰਜ਼ਾ ਸਾਹਿਬਾਂ
* ਉੱਠੀ ਸੋਹਣੀ ਅੱਧੀ ਰਾਤੀਂ, ਵੱਲ ਝਨਾਂ ਦੇ ਆਈ।
ਸ਼ੌਕ ਮਿਲਣ ਦਾ ਦਿਲ ਵਿੱਚ ਉਹਦੇ, ਅੱਗ ਇਸ਼ਕ ਨੇ ਲਾਈ। -ਸੋਹਣੀ
* ਤੂੰ ਦੱਸ ਵੇ ਘੜਿਆ ਬੀਬਿਆ, ਕਿਵੇਂ ਲਿਆ ਈ ਰੁਤਬਾ ਪਾ
ਜਿਸ ਢਾਕ ਲਈ ਅਸੀਂ ਤੜਫਦੇ, ਤੂੰ ਮੱਲੀ ਕਿਵੇਂ ਆ।
-ਦਿਲਬਰ
ਤੂੰ ਸੁਣ ਓਏ ਹੁਸਨ ਦੇ ਚਾਕਰਾ, ਤੈਨੂੰ ਦਿਆਂ ਇਹ ਗੱਲ ਸੁਣਾ।
ਮੈਨੂੰ ਕਿਸ ਤਰ੍ਹਾਂ ਸੋਹਣੇ ਯਾਰ ਨੇ, ਲਿਆ ਸੀਨੇ ਦੇ ਨਾਲ ਲਾ।
-ਘੜਾ
ਇਸ ਦੇ ਨਾਲ-ਨਾਲ ਨੌਜਵਾਨ ਨਾਇਕ ਤੇ ਨਾਇਕਾ ਦੇ ਪਿਆਰ ਮੁਹੱਬਤ, ਨਾਇਕ ਵੱਲੋਂ, ਨਾਇਕਾ ਦੇ ਹੁਸਨ ਜਵਾਨੀ ਦੀਆਂ ਸਿਫ਼ਤਾਂ ਵੀ ਕੀਤੀਆਂ ਮਿਲਦੀਆਂ ਹਨ¸
* ਸਾਂਝਾ ਸੀ ਬਨੇਰਾ ਸਾਡਾ, ਕੋਠੜੀ ਦੀ ਕੰਧ ਸਾਂਝੀ,
ਆਲੇ ਵਿੱਚ ਜਾਣ ਕੇ ਦੋ ਮੋਰੀਆਂ ਸੀ ਰੱਖੀਆਂ।
ਜਦੋਂ ਤਾਈਂ ਵੇਖ ਨਹੀਂ ਸੀ ਲੈਂਦੇ ਇੱਕ ਦੂਸਰੇ ਨੂੰ,
ਠੰਡ ਨਹੀਂ ਸੀ ਪੈਂਦੀ ਨਹੀਂ ਰੱਜ ਦੀਆਂ ਅੱਖੀਆਂ।
ਧਨੀ ਰਾਮ ਚਾਤ੍ਰਿਕ ਦੀ ਕੋਰੜੇ ਛੰਦ ਵਿੱਚ ਲਿਖੀ ਲੰਮੀ ਕਵਿਤਾ ‘ਮੇਲੇ ਵਿੱਚ ਜੱਟ’ ਨੂੰ ਵੀ ਸਾਈਂ ਦੀਵਾਨਾ ਨੇ ਰਿਕਾਰਡ ਕਰਵਾਇਆ-
* ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਕੁੜੀ ਦੇ ਵਿਆਹ ਸਮੇਂ ਆਈ ਬਰਾਤ ਦਾ ਸਵਾਗਤ ਅਤੇ ਸਹੁਰੇ ਘਰ ਜਾਂਦੀ ਲਾਡਲੀ ਧੀ ਨੂੰ ਸਿੱਖਿਆ ਵੀ ਸਾਈਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਮਿਲਦੇ ਹਨ-
* ਆਉਣ ਵਾਲਿਓ ਆਓ ਸਿਰ ਮੱਥਿਆਂ ’ਤੇ,
ਅਸੀਂ ਨੈਣਾਂ ਦੇ ਫਰਸ਼ ਵਿਛਾਏ ਹੋਏ ਨੇ।
ਸਾਡੇ ਸਿਰਾਂ ਦੇ ਤਾਜ ਹੋ, ਆਓ ਸਿਰ ’ਤੇ,
ਅਸੀਂ ਸਿਰਾਂ ਦੇ ਸੀਸ ਨਿਵਾਏ ਹੋਏ ਨੇ।
* ਲਾਡਾਂ ਪਾਲੀਏ ਚੰਬੇ ਦੀਏ ਡਾਲੀਏ ਨੀਂ,
ਦੇਵਾਂ ਸਿੱਖਿਆ ਨਾਲ ਪਿਆਰ ਧੀਏ।
ਘੜੀ ਇੱਕ ਨਾ ਅੱਖੀਓਂ ਦੂਰ ਹੋਈਓਂ,
ਤਕ ਜੀਂਵਦਾ ਰਿਹਾ ਪਰਿਵਾਰ ਧੀਏ।
ਕੁਝ ਧਾਰਮਿਕ ਰਚਨਾਵਾਂ ਅੰਮ੍ਰਿਤਸਰ ਦੇ ਪ੍ਰਗਟ ਹੋਣ ਦੀ ਸਾਖੀ, ਰੱਬ ਨਾਲ ਦੋ ਗੱਲਾਂ ਆਦਿ ਵੀ ਸਾਈਂ ਦੀਵਾਨਾ ਦੀ ਆਵਾਜ਼ ਵਿੱਚ ਰਿਕਾਰਡ ਹੋਈਆਂ ਮਿਲਦੀਆਂ ਹਨ।
ਸਾਈਂ ਦੀਵਾਨਾ ਆਪਣੇ ਗੀਤ ਦੇ ਆਰੰਭ ਵਿੱਚ ਪ੍ਰਸੰਗ ਬੜੇ ਹੀ ਸੰਖੇਪ ਰੂਪ ਵਿੱਚ ਦੱਸਦੇ ਹਨ, ਜਿਵੇਂ¸
* ਸਾਈਂ ਜੀ ਕਹਿੰਦੇ ਨੇ, ਸੋਹਣੀ ਬੜੀ ਸੋਹਣੀ ਸੀ ਤੇ ਲਾਲ ਭਾਈ ਤੇਰੀ ਜੋੜੀ ਕੀ ਕਹਿੰਦੀ ਐ।
* ਸੱਸੀ ਸੁੱਤੀ ਪਈ ਉਠਦੀ ਐ ਤੇ ਪੁਨੂੰ ਦੀ ਜੁਦਾਈ ਵਿੱਚ ਕੀ ਕਹਿੰਦੀ ਐ।
ਸਾਈਂ ਦੀਵਾਨਾ ਦੇ ਉਚਾਰਨ ਵਿੱਚ ਉਰਦੂ ਤੇ ਲਹਿੰਦੀ ਪੰਜਾਬੀ ਦਾ ਅਸਰ ਵੀ ਦਿਖਾਈ ਦਿੰਦਾ ਹੈ। ਉਹ ‘ਘੜੇ’ ਨੂੰ ‘ਗ੍ਹੜਾ’ ਉਚਾਰਦੇ ਹਨ।
ਸਾਈਂ ਦੀਵਾਨਾ ਨੇ ਉਸਤਾਦ ਗੀਤਕਾਰ ਗੁਰਦੇਵ ਸਿੰਘ ਮਾਨ, ਤੇਜਾ ਸਿੰਘ ਸਾਬਰ, ਕੇਦਾਰ ਨਾਥ ਬਾਗੀ, ਤਾਜ, ਧਨੀ ਰਾਮ ਚਾਤ੍ਰਿਕ ਆਦਿ ਗੀਤਕਾਰਾਂ, ਕਵੀਆਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
ਪੰਜਾਬੀ ਲੋਕ ਗਾਇਕੀ ਦੇ ਭੰਡਾਰ ਵਿੱਚ ਸਾਈਂ ਦੀਵਾਨਾ ਦਾ ਵਡਮੁੱਲਾ ਯੋਗਦਾਨ ਹੈ। ਲੋੜ ਹੈ ਇਸ ਨੂੰ ਖੋਜ ਕੇ ਇਕੱਤਰ ਕਰਨ ਤੇ ਭਵਿੱਖ ਲਈ ਸਾਂਭਣ ਦੀ। ਆਪਣੇ ਇਸ ਯੋਗਦਾਨ ਸਦਕਾ ਸਾਈਂ ਦੀਵਾਨਾ ਦਾ ਨਾਂ ਪੰਜਾਬੀ ਲੋਕ ਗਾਇਕੀ ਦੇ ਇਤਿਹਾਸ ਵਿੱਚ ਹਮੇਸ਼ਾਂ ਅਮਰ ਰਹੇਗਾ।