ਹਾਕੀ ਦਾ ਬੇਧੜਕ ਅਤੇ ਬੇਨਜ਼ੀਰ ਗੋਲਕੀਪਰ ਭਰਤ ਛੇਤਰੀ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ ਹੈ। ਉਸ ਦੀ ਅਗਵਾਈ ਵਿੱਚ ਟੀਮ ਲੰਡਨ ਵਿਖੇ 27 ਜੁਲਾਈ ਤੋਂ 12 ਅਗਸਤ ਤਕ ਆਯੋਜਿਤ ਹੋ ਰਹੀਆਂ 30ਵੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਵੇਗੀ। ਇੱਥੇ 8 ਵਾਰ ਓਲੰਪਿਕ ਚੈਂਪੀਅਨ ਰਹੇ ਭਾਰਤ ਨੂੰ ਨੀਦਰਲੈਂਡ, ਨਿਊਜ਼ੀਲੈਂਡ, ਡਿਫੈਂਡਿੰਗ ਚੈਂਪੀਅਨ ਜਰਮਨੀ, ਦੱਖਣੀ ਕੋਰੀਆ ਅਤੇ ਬੈਲਜੀਅਮ ਨਾਲ ਬੀ ਪੂਲ ਵਿੱਚ ਰੱਖਿਆ ਗਿਆ ਹੈ, ਜਦਕਿ ਏ ਪੂਲ ਵਿੱਚ ਆਸਟਰੇਲੀਆ, ਬਰਤਾਨੀਆ, ਸਪੇਨ, ਦੱਖਣੀ ਅਫਰੀਕਾ, ਅਰਜਨਟੀਨਾ ਅਤੇ ਪਾਕਿਸਤਾਨ ਦੀਆਂ ਟੀਮਾਂ ਹਨ।
30 ਵਰ੍ਹਿਆਂ ਦਾ ਅਨੁਭਵੀ ਭਰਤ ਛੇਤਰੀ ਨੌਜਵਾਨ ਖਿਡਾਰੀਆਂ ਦੇ ਸਹਿਯੋਗ ਨਾਲ ਮੁੜ ਓਲੰਪਿਕ ਚੈਂਪੀਅਨ ਬਣਨ ਲਈ ਨੀਲੀ ਐਸਟ੍ਰੋਟਰਫ਼ ’ਤੇ ਪੀਲੀਆਂ ਗੇਂਦਾਂ ਵਿਰੁੱਧ ਜੂਝੇਗਾ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਭਰਤ ਛੇਤਰੀ ਦੀ ਅਗਨੀ ਪ੍ਰੀਖਿਆ ਹੋਵੇਗੀ ਕਿਉਂਕਿ ਉਹ ਭਾਰਤੀ ਹਾਕੀ ਦੇ ਓਲੰਪਿਕ ਇਤਿਹਾਸ ਵਿੱਚ ਅਜਿਹਾ ਪਹਿਲਾ ਗੋਲਕੀਪਰ ਹੈ ਜਿਸ ਨੂੰ ਓਲੰਪਿਕ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉੱਘੇ ਗੋਲਕੀਪਰ ਸ਼ੰਕਰ ਲਕਸ਼ਮਣ ਨੂੰ 1966 ਦੀਆਂ ਏਸ਼ੀਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ।
ਸਾਊ ਅਤੇ ਸ਼ਾਂਤ ਸੁਭਾਅ ਦੇ ਭਰਤ ਛੇਤਰੀ ਦਾ ਜਨਮ 15 ਦਸੰਬਰ 1981 ਨੂੰ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਪੈਂਦੇ ਕਸਬੇ ਕਲੀਮਪੌਂਗ ਵਿਖੇ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਕੇ ਬੀ ਛੇਤਰੀ ਅਤੇ ਮਾਤਾ ਪਾਰਬਤੀ ਛੇਤਰੀ ਨੂੰ ਸ਼ੁਰੂ ਤੋਂ ਹੀ ਆਪਣੇ ਪੁੱਤਰ ਤੋਂ ਬੜੀਆਂ ਉਮੀਦਾਂ ਸਨ ਕਿ ਉਹ ਵੱਡਾ ਹੋ ਕੇ ਆਪਣੇ ਖ਼ਾਨਦਾਨ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਅਸਲ ਵਿੱਚ ਉਹ ਸਮਾਂ ਆ ਗਿਆ ਹੈ ਜਦੋਂ ਭਰਤ ਛੇਤਰੀ ਆਪਣੇ ਮਾਂ-ਬਾਪ ਦੇ ਸੁਪਨਿਆਂ ਨੂੰ ਅਮਲੀ ਅਤੇ ਸੁਨਹਿਰੀ ਰੰਗ ਵਿੱਚ ਰੰਗੇਗਾ।
ਭਰਤ ਛੇਤਰੀ ਨੂੰ ਹੁਣ ਤਕ 130 ਅੰਤਰਰਾਸ਼ਟਰੀ ਮੈਚ ਖੇਡਣ ਦਾ ਅਤੇ ਅੰਤਰਰਾਸ਼ਟਰੀ ਪੱਧਰ ਦੇ 5 ਟੂਰਨਾਮੈਂਟਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਪ੍ਰਾਪਤ ਹੈ। ਉਸ ਨੇ ਬੀਤੀ ਫਰਵਰੀ ਵਿੱਚ ਹੋਏ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਅਤੇ 25 ਮਈ ਤੋਂ 3 ਜੂਨ ਤਕ ਖੇਡੇ ਗਏ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਸਫ਼ਲ ਕਪਤਾਨੀ ਕੀਤੀ। ਉਸ ਨੇ 1998 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਬੰਗਲੌਰ ਵਿਖੇ ਕੇਨਰਾ ਬੈਂਕ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ। ਇਸ ਵੇਲੇ ਉਹ ਕਰਨਾਟਕਾ ਸਟੇਟ ਵੱਲੋਂ ਹਾਕੀ ਖੇਡਦਾ ਹੈ।
ਭਰਤ ਛੇਤਰੀ ਨੂੰ ਸ਼ੁਰੂ ਤੋਂ ਹੀ ਗੋਲਡ ਮੈਡਲ ਜਿੱਤਣ ਦਾ ਅਨੁਭਵ ਪ੍ਰਾਪਤ ਹੈ ਅਤੇ ਉਹ ਅੱਜ ਵੀ ਅਗਾਮੀ ਓਲੰਪਿਕ ਗੋਲਡ ਮੈਡਲ ਜਿੱਤਣ ਲਈ ਭਰਪੂਰ ਤਿਆਰੀਆਂ ਕਰ ਰਿਹਾ ਹੈ। ਉਸ ਨੇ ਸਭ ਤੋਂ ਪਹਿਲਾਂ 2001 ਦੇ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਅਤੇ ਗੋਲਡ ਮੈਡਲ ਜਿੱਤਿਆ। ਸਾਲ 2002 ਦੀਆਂ ਬੂਸਾਨ ਏਸ਼ੀਆਈ ਖੇਡਾਂ ਵਿੱਚ ਸਿਲਵਰ ਮੈਡਲ ਅਤੇ 2003 ਦੀਆਂ ਐਫਰੋ-ਏਸ਼ੀਅਨ ਖੇਡਾਂ ਵਿੱਚ ਉਸ ਨੇ ਗੋਲਡ ਮੈਡਲ ਜਿੱਤਿਆ। ਉਸ ਨੇ 2003 ਅਤੇ 2005 ਦੀ ਚੈਂਪੀਅਨਜ਼ ਟਰਾਫ਼ੀ, 2005 ਦੇ ਮਿੰਨੀ ਵਿਸ਼ਵ ਕੱਪ, 2006 ਦੀ ਇੰਡੋ-ਪਾਕਿ ਹਾਕੀ ਲੜੀ, 2006 ਅਤੇ 2010 ਦੇ ਵਿਸ਼ਵ ਕੱਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸ ਨੂੰ 2010 ਦੀਆਂ ਏਸ਼ਿਆਈ ਖੇਡਾਂ ਅਤੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ´ਮਵਾਰ ਕਾਂਸੀ ਅਤੇ ਚਾਂਦੀ ਦਾ ਮੈਡਲ ਜਿੱਤਣ ਦਾ ਮਾਣ ਪ੍ਰਾਪਤ ਹੈ।
ਭਰਤ ਛੇਤਰੀ ਨੇ 2011 ਵਿੱਚ ਕਪਤਾਨ ਬਣ ਕੇ ਆਸਟਰੇਲੀਆ ਦਾ ਦੌਰਾ ਕੀਤਾ। ਚੈਂਪੀਅਨਜ਼ ਚੈਲੰਜ ਹਾਕੀ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਅਤੇ ਪਹਿਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਆਪਣੀ ਧਾਂਕ ਜਮਾਈ। ਚਾਲੂ ਵਰ੍ਹਾ ਭਰਤ ਛੇਤਰੀ ਲਈ ਬੜਾ ਭਾਗਾਂਵਾਲਾ ਸਾਬਤ ਹੋਇਆ। ਉਸ ਨੇ ਬੀਤੀ ਫਰਵਰੀ ਦੌਰਾਨ ਪ੍ਰੀ-ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਜਿੱਤ ਕੇ ਇੱਕ ਪਾਸੇ ਆਪਣੀ ਯੋਗ ਕਪਤਾਨੀ ਦਾ ਸਬੂਤ ਦਿੱਤਾ, ਗੋਲਡ ਮੈਡਲ ਜਿੱਤਿਆ ਅਤੇ ਦੂਜੇ ਪਾਸੇ ਭਾਰਤੀ ਹਾਕੀ ਟੀਮ ਨੂੰ ਲੰਡਨ ਓਲੰਪਿਕਸ ਵਿੱਚ ਪ੍ਰਵੇਸ਼ ਕਰਨ ਦੀ ਯੋਗਤਾ ਪ੍ਰਦਾਨ ਕੀਤੀ। ਬੀਤੀ 3 ਜੂਨ ਨੂੰ ਭਰਤ ਛੇਤਰੀ ਦੀ ਅਗਵਾਈ ਹੇਠ ਭਾਰਤ ਨੇ ਇਪੋਹ ਵਿਖੇ ਅਜ਼ਲਾਨ ਸ਼ਾਹ ਹਾਕੀ ਕੱਪ ਦੌਰਾਨ ਇੰਗਲੈਂਡ ਨੂੰ 3-1 ਗੋਲਾਂ ’ਤੇ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ।
30ਵੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ 16 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਭਰਤ ਛੇਤਰੀ ਕਰਨਗੇ। ਟੀਮ ਇਸ ਪ੍ਰਕਾਰ ਹੈ: ਗੋਲ ਕੀਪਰਜ਼: ਭਰਤ ਛੇਤਰੀ (ਕਪਤਾਨ) ਅਤੇ ਪੀ.ਆਰ. ਸ੍ਰੀਜੇਸ਼। ਡਿਫੈਂਡਰਜ਼: ਵੀ.ਆਰ. ਰਘੂਨਾਥ, ਇਗਨੇਸ ਟਿਰਕੀ, ਸੰਦੀਪ ਸਿੰਘ। ਮਿਡਫੀਲਡਰਜ਼: ਸਰਦਾਰ ਸਿੰਘ (ਉਪ-ਕਪਤਾਨ), ਗੁਰਬਾਜ਼ ਸਿੰਘ, ਬਰਿੰਦਰ ਲਾਕੜਾ, ਮਨਪ੍ਰੀਤ ਸਿੰਘ। ਫਾਰਵਰਡਜ਼: ਐਸ.ਵੀ. ਸੁਨੀਲ, ਗੁਰਵਿੰਦਰ ਸਿੰਘ ਚੰਦੀ, ਸ਼ਿਵੇਂਦਰ ਸਿੰਘ, ਦਾਨਿਸ਼ ਮੁਜਤਬਾ, ਤੁਸ਼ਾਰ ਖਾਂਡੇਕਰ, ਧਰਮਵੀਰ ਸਿੰਘ ਅਤੇ ਐਸ.ਕੇ. ਉਥੱਪਾ।
2012-ਲੰਡਨ ਓਲੰਪਿਕ ਭਾਰਤੀ ਹਾਕੀ ਮੈਚਾਂ ਦਾ ਵੇਰਵਾ:
30 ਜੁਲਾਈ: ਭਾਰਤ ਬਨਾਮ ਨੀਦਰਲੈਂਡ
1 ਅਗਸਤ: ਭਾਰਤ ਬਨਾਮ ਨਿਊਜ਼ੀਲੈਂਡ
3 ਅਗਸਤ: ਭਾਰਤ ਬਨਾਮ ਜਰਮਨੀ
4 ਅਗਸਤ: ਭਾਰਤ ਬਨਾਮ ਦੱਖਣੀ ਕੋਰੀਆ
7 ਅਗਸਤ: ਭਾਰਤ ਬਨਾਮ ਬੈਲਜੀਅਮ
ਭਾਰਤੀ ਟੀਮ ਯੂਰਪ ਵਿੱਚ ਫਰਾਂਸ, ਸਪੇਨ, ਦੱਖਣੀ ਅਫਰੀਕਾ ਅਤੇ ਬਰਤਾਨੀਆ ਦੀਆਂ ਟੀਮਾਂ ਵਿਰੁੱਧ 8 ਟੈਸਟ ਮੈਚ ਅਤੇ ਤਿੰਨ ਦੇਸ਼ੀ ਟੂਰਨਾਮੈਂਟ ਖੇਡਦੀ ਹੋਈ 19 ਜੁਲਾਈ ਨੂੰ ਲੰਡਨ ਪਹੁੰਚੇਗੀ।