
ਜਲੰਧਰ ਵਿੱਚ ਬੁੱਧਵਾਰ ਨੂੰ ਸਰਬਜੀਤ ਦੀ ਭੈਣ, ਪਤਨੀ ਤੇ ਦੋਵੇਂ ਬੱਚੀਆਂ ਦੁੱਖ ਸਾਂਝਾ ਕਰਦੀਆਂ ਹੋਈਆਂ (ਫੋਟੋ: ਮਲਕੀਅਤ ਸਿੰਘ)
ਸਰਬਜੀਤ ਦਾ ਪਰਿਵਾਰ ਨਿਰਾਸ਼
ਪਾਲ ਸਿੰਘ ਨੌਲੀ
ਜਲੰਧਰ, 27 ਜੂਨ
ਸਰਬਜੀਤ ਦੀ ਰਿਹਾਈ ਨਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਸੁਪਨਾ ਭਾਵੇਂ ਜ਼ਰੂਰ ਟੁੱਟ ਗਿਆ ਹੈ ਪਰ ਉਨ੍ਹਾਂ ਨੇ ਹਾਲੇ ਆਸ ਨਹੀਂ ਛੱਡੀ। ਉਨ੍ਹਾਂ ਨੂੰ ਪਤਾ ਹੈ ਸਰਬਜੀਤ ਇਕ ਦਿਨ ਪਾਕਿਸਤਾਨ ਦੀ ਜੇਲ੍ਹ ‘ਚੋਂ ਰਿਹਾਅ ਹੋ ਕੇ ਆਪਣੇ ਘਰ ਜ਼ਰੂਰ ਆਵੇਗਾ। ਸਰਬਜੀਤ ਦੀ ਰਿਹਾਈ ‘ਚ ਆਈ ਅੜਚਣ ਕਾਰਨ ਉਸ ਦਾ ਪਰਿਵਾਰ ਸਦਮੇ ‘ਚ ਹੈ।
ਇਸ ਮੌਕੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ, ਪਤਨੀ ਸੁਖਪ੍ਰੀਤ ਕੌਰ, ਧੀਆਂ ਪੂਨਮ ਤੇ ਸਵਪਨਦੀਪ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਦੀਆਂ ਖੁਸ਼ੀਆਂ ਨੂੰ ਉਹ ਜ਼ਰੂਰ ਬਰਕਰਾਰ ਰੱਖਣ। ਸਰਬਜੀਤ ਦੀ ਰਿਹਾਈ ਦੀਆਂ ਖਬਰਾਂ ਆਉਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਤੇ ਉਸ ਦੇ ਪਿੰਡ ਵਾਸੀਆਂ ਨੇ ਜਸ਼ਨ ਮਨਾਏ ਸਨ ਪਰ ਇਹ ਖੁਸ਼ੀ ਥੋੜ੍ਹਚਿਰੀ ਰਹੀ ਜਦੋਂ ਪਾਕਿਸਤਾਨ ਤੋਂ ਇਹ ਖਬਰਾਂ ਆਉਣ ਲੱਗ ਪਈਆਂ ਕਿ ਕੋਟ ਲੱਖਪਤ ਜੇਲ੍ਹ ਵਿਚ ਸਰਬਜੀਤ ਨੂੰ ਨਹੀਂ ਸਗੋਂ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਰਿਹਾਅ ਕੀਤਾ ਜਾਵੇਗਾ। ਦਲਬੀਰ ਕੌਰ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਵੀ ਉਨ੍ਹਾਂ ਨੂੰ ਇਹ ਗੱਲ ਦੱਸੀ ਗਈ ਸੀ ਕਿ ਸਰਬਜੀਤ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਨੇ ਰਾਹ ਪੱਧਰਾ ਕਰ ਦਿੱਤਾ ਹੈ ਤੇ ਉਹ ਜਲਦੀ ਹੀ ਰਿਹਾਅ ਹੋ ਕੇ ਆਪਣੇ ਘਰ ਆ ਜਾਵੇਗਾ।
ਦਲਬੀਰ ਕੌਰ ਨੇ ਕਿਹਾ ”ਮੈਨੂੰ ਪੱਕਾ ਯਕੀਨ ਹੈ ਕਿ ਪਾਕਿਸਤਾਨ ਦੇ ਬਹੁਤ ਰਹਿਮਦਿਲ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਕੱਟੜਪੰਥੀਆਂ ਦੇ ਦਬਾਅ ਹੇਠ ਆ ਕੇ ਸਰਬਜੀਤ ਦੀ ਰਿਹਾਈ ਨਹੀਂ ਰੋਕਣਗੇ।” ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚ ਸਬੰਧ ਬੜੇ ਸੁਖਾਵੇਂ ਹਨ ਪਰ ਉਨ੍ਹਾਂ ਇਹ ਦੋਸ਼ ਜ਼ਰੂਰ ਲਾਇਆ ਕਿ ਪਾਕਿਸਤਾਨ ਦੀਆਂ ਕੁਝ ਅੰਦਰੂਨੀ ਸ਼ਕਤੀਆਂ ਤੇ ਕੱਟੜਪੰਥੀ ਸਰਬਜੀਤ ਦੀ ਰਿਹਾਈ ਰੋਕਣ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਇਸ ਗੱਲ ਤੋਂ ਲੱਗਦਾ ਹੈ ਕਿ ਸਰਬਜੀਤ ਦੀ ਰਿਹਾਈ ਦੀ ਖਬਰ ਆਉਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੂੰ ਸਪੱਸ਼ਟੀਕਰਨ ਦੇਣ ‘ਤੇ 6 ਘੰਟੇ ਦਾ ਸਮਾਂ ਕਿਵੇਂ ਲੱਗ ਗਿਆ।
ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੂੰ ਰਿਹਾਅ ਕੀਤੇ ਜਾਣ ਦਾ ਵੀ ਉਨ੍ਹਾਂ ਦਾ ਪਰਿਵਾਰ ਸਵਾਗਤ ਕਰਦਾ ਹੈ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਦੀ ਜੇਲ੍ਹ ‘ਚੋਂ ਕੋਈ ਭਾਰਤੀ ਤਾਂ ਛੁੱਟ ਕੇ ਵਾਪਸ ਆਪਣੇ ਦੇਸ਼ ਆ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਕ ਦਿਨ ਸਰਬਜੀਤ ਵੀ ਰਿਹਾਅ ਹੋ ਕੇ ਜ਼ਰੂਰ ਆਵੇਗਾ ਕਿਉਂਕਿ ਉਨ੍ਹਾਂ ਦੇ ਪਰਿਵਾਰ ਨਾਲ ਸਾਰਾ ਦੇਸ਼ ਤੇ ਮੀਡੀਆ ਖੜ੍ਹਾ ਹੈ।
ਪਾਕਿਸਤਾਨ ‘ਚ ਸਰਬਜੀਤ ਦੇ ਕੇਸ ਦੀ ਪੈਰਵਾਈ ਕਰ ਰਹੇ ਉਸ ਦੇ ਵਕੀਲ ਨੇ ਮੰਗਲਵਾਰ ਦੀ ਸ਼ਾਮ ਨੂੰ ਦੱਸਿਆ ਸੀ ਕਿ ਪਾਕਿਸਤਾਨ ਦੇ ਕੁਝ ਅਧਿਕਾਰੀਆਂ ਨੇ ਉਸ ਨੂੰ ਜਾਣਕਾਰੀ ਦਿੱਤੀ ਹੈ ਕਿ ਸਰਬਜੀਤ ਨੂੰ ਜਲਦੀ ਹੀ ਰਿਹਾਅ ਕੀਤਾ ਜਾ ਰਿਹਾ ਹੈ। ਦਲਬੀਰ ਕੌਰ ਨੇ ਕਿਹਾ ਕਿ ਉਹ ਜਲਦੀ ਹੀ ਪਾਕਿਸਤਾਨ ਜਾ ਕੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਸਰਬਜੀਤ ਦੀ ਰਿਹਾਈ ਲਈ ਉਥੇ ਯਤਨਸ਼ੀਲ ਰਹੇ ਅਨਸਾਰ ਬਰਨੀ ਨੂੰ ਵੀ ਮਿਲਣਗੇ। ਉਨ੍ਹਾਂ ਦੱਸਿਆ ਕਿ ਉਹ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮਿਲਣ ਵਾਸਤੇ ਉਨ੍ਹਾਂ ਦੇ ਦਫਤਰਾਂ ‘ਚੋਂ ਸਮਾਂ ਮੰਗਣਗੇ। ਦਲਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਯੂ.ਪੀ.ਏ. ਦੇ ਉਮੀਦਵਾਰ ਪ੍ਰਣਬ ਮੁਖਰਜੀ ਵੀ ਕਾਫੀ ਸਹਾਈ ਹੋਣਗੇ ਕਿਉਂਕਿ ਵਿਦੇਸ਼ ਮੰਤਰੀ ਹੁੰਦਿਆਂ ਪ੍ਰਣਬ ਮੁਖਰਜੀ ਨੇ ਸਰਬਜੀਤ ਦੇ ਮਾਮਲੇ ‘ਚ ਉਨ੍ਹਾਂ ਦੀ ਕਾਫੀ ਸਹਾਇਤਾ ਕੀਤੀ ਹੈ। ਸਰਬਜੀਤ ਦੀ ਅਜਮਲ ਕਸਾਬ ਨਾਲ ਤੁਲਨਾ ਕੀਤੇ ਜਾਣ ‘ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਦਲਬੀਰ ਕੌਰ ਨੇ ਕਿਹਾ ਕਿ ਅਜਮਲ ਕਸਾਬ ਦੀਆਂ ਅਤਿਵਾਦੀ ਕਾਰਵਾਈਆਂ ਨੂੰ ਕੈਮਰੇ ਰਾਹੀਂ ਕੈਦ ਕੀਤਾ ਹੋਇਆ ਹੈ ਜਦਕਿ ਸਰਬਜੀਤ ਵਿਰੁੱਧ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ।
ਸੁਰਜੀਤ ਦੇ ਅੱਜ ਘਰ ਆਉਣ ਦੀ ਆਸਦਲਜੀਤ ਸਿੰਘ ਗਿੱਲ/ਭੁਪਿੰਦਰ
ਤਲਵੰਡੀ ਭਾਈ/ਮੁੱਦਕੀ, 27 ਜੂਨ
ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਜ਼ਾ ਕੱਟ ਰਹੇ ਸੁਰਜੀਤ ਸਿੰਘ ਦੀ ਰਿਹਾਈ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੇ ਪਿੰਡ ਫਿੱਡੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਰਿਸ਼ਤੇਦਾਰ ਤੇ ਸਬੰਧੀ ਸੁਰਜੀਤ ਸਿੰਘ ਦੇ ਘਰ ਵਧਾਈਆਂ ਦੇਣ ਲਈ ਪੁੱਜ ਰਹੇ ਹਨ।
ਸੁਰਜੀਤ ਸਿੰਘ ਦੀ ਰਿਹਾਈ ਦੀ ਖ਼ਬਰ ਮਿਲਣ ਪਿੱਛੋਂ ਉਸ ਦੇ ਘਰ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਖੁਸ਼ੀ ਵਿੱਚ ਭੰਗੜੇ ਪਾਏ ਜਾ ਰਹੇ ਹਨ ਅਤੇ ਘਰ ਆਉਣ ਵਾਲਿਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਇਸ ਮੌਕੇ ਸੁਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਜੋ ਗਲਤੀ ਨਾਲ 1981 ਵਿੱਚ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ,ਨੂੰ ਗੈਰਕਾਨੂੰਨੀ ਢੰਗ ਨਾਲ ਦੇਸ਼ ‘ਚ ਦਾਖਲ ਹੋਣ ਦੇ ਦੋਸ਼ ਵਿੱਚ ਪਹਿਲਾਂ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਜੋ ਬਾਅਦ ‘ਚ ਉਮਰ ਕੈਦ ‘ਚ ਤਬਦੀਲ ਕਰ ਦਿੱਤੀ ਗਈ ਸੀ। ਉਸ ਵੇਲੇ ਤੋਂ ਹੀ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਸਜ਼ਾ-ਯਾਫਤਾ ਸੀ ਤੇ ਸਜ਼ਾ ਪੂਰੀ ਹੋਣ ਤੋਂ ਪੰਜ ਸਾਲ ਬਾਅਦ ਵੀ ਉਸ ਨੂੰ ਪਾਕਿਸਤਾਨ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ ਸੀ। ਅੱਜ ਲੰਮੀ ਉਡੀਕ ਤੋਂ ਬਾਅਦ ਸੁਰਜੀਤ ਸਿੰਘ ਦੀ ਰਿਹਾਈ ਬਾਰੇ ਮਿਲੀ ਖ਼ਬਰ ਨਾਲ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਸੁਰਜੀਤ ਸਿੰਘ ਵੱਲੋਂ ਭਾਂਵੇ ਆਪਣੀ ਜਵਾਨੀ ਦੇ ਦਿਨ ਪਾਕਿਸਤਾਨ ਦੀ ਜੇਲ੍ਹ ਵਿਚ ਕੱਟੇ ਗਏ ਹਨ,ਪਰ ਉਸ ਦੇ ਮਿੱਤਰਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦਾ ਯਾਰ ਹੁਣ ਬੁਢਾਪੇ ਦੇ ਦਿਨ ਤਾਂ ਉਨ੍ਹਾਂ ਨਾਲ ਮਾਣੇਗਾ। ਇਸ ਮੌਕੇ ਸੁਰਜੀਤ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਵੱਲੋਂ ਆਪਣੇ ਬਚਪਨ ਦੇ ਦਿਨ ਬਾਪ ਦੇ ਪਿਆਰ ਤੋਂ ਬਿਨਾਂ ਗੁਜ਼ਾਰੇ ਗਏ ਅਤੇ ਉਸਦਾ ਵਿਆਹ ਵੀ ਉਸਦੇ ਬਾਪ ਦੀ ਗੈਰਮੌਜੂਦਗੀ ‘ਚ ਹੋਇਆ ਸੀ ਪਰ ਹੁਣ ਉਸ ਦੇ ਪਿਤਾ ਦੇ ਆ ਜਾਣ ‘ਤੇ ਉਸ ਦੇ ਘਰ ਖੁਸ਼ੀਆਂ ਪਰਤਣਗੀਆਂ ਅਤੇ ਉਹ ਵੀ ਆਪਣੇ ਬਾਪ ਦਾ ਪਿਆਰ ਮਾਣ ਸਕੇਗਾ। ਇਸ ਮੌਕੇ ਸੁਰਜੀਤ ਸਿੰਘ ਦੀ ਪਤਨੀ ਹਰਬੰਸ ਕੌਰ ਨੇ ਦੱਸਿਆ ਕਿ ਲੰਬੀ ਜ਼ਿੰਦਗੀ ਦੁੱਖ ‘ਚ ਗੁਜ਼ਾਰਨ ਤੋਂ ਬਾਅਦ ਹੁਣ ਉਹ ਆਪਣੇ ਪਤੀ ਨਾਲ ਜ਼ਿੰਦਗੀ ਦੇ ਪਲ ਸਾਂਝੇ ਕਰ ਸਕੇਗੀ। ਉਸਨੇ ਦੱਸਿਆ ਕਿ ਸੁਰਜੀਤ ਦੇ ਘਰੋਂ ਚਲੇ ਜਾਣ ਤੋਂ ਬਾਅਦ ਸਦਮੇ ‘ਚ ਉਸਦਾ ਪੁੱਤਰ ਜਸਵਿੰਦਰ ਸਿੰਘ ਤੇ ਭਰਾ ਨਾਇਬ ਸਿੰਘ ਵੀ ਇਸ ਦੁਨੀਆਂ ਤੋਂ ਚਲੇ ਗਏ। 20 ਸਾਲ ਤੱਕ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸੁਰਜੀਤ ਜ਼ਿੰਦਾ ਹੈ ਜਾਂ ਮਰ ਗਿਆ ਹੈ। ਫਿਰ ਅਚਾਨਕ 2005 ‘ਚ ਜ਼ੀਰੇ ਨੇੜਲੇ ਪਿੰਡ ਮਨਸੂਰਵਾਲਾ ਦਾ ਗੁਰਜੀਤ ਸਿੰਘ ਪਾਕਿਸਤਾਨ ਦੀ ਜੇਲ੍ਹ ‘ਚੋਂ ਰਿਹਾਅ ਹੋ ਕੇ ਆਇਆ ਤੇ ਉਸਨੇ ਉਨ੍ਹਾਂ ਨੂੰ ਸੁਰਜੀਤ ਦੇ ਉਥੇ ਜੇਲ੍ਹ ‘ਚ ਬੰਦ ਹੋਣ ਬਾਰੇ ਦੱਸਿਆ।
ਫ਼ਿਰੋਜ਼ਪੁਰ,(ਪੱਤਰ ਪ੍ਰੇਰਕ) : ਪਾਕਿਸਤਾਨ ਦੀ ਜੇਲ੍ਹ ਕੋਟ ਲੱਖਪਤ ਰਾਏ ਤੋਂ ਸੁਰਜੀਤ ਸਿੰਘ ਦੀ ਰਿਹਾਈ ਦੇ ਆਦੇਸ਼ਾਂ ਨੇ ਫ਼ਿਰੋਜ਼ਪੁਰ ਦੇ ਪਿੰਡ ਫਿੱਡੇ ਦੇ ਇਸ ਪਰਿਵਾਰ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪਾਕਿਸਤਾਨ ਦੇ ਵਕੀਲ ਨੇ ਦੱਸਿਆ ਕਿ ਸੁਰਜੀਤ ਸਿੰਘ ਨੂੰ ਭਲਕੇ ਅਟਾਰੀ ਬਾਰਡਰ ਰਾਹੀਂ ਭਾਰਤ ਭੇਜਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਮੁਤਾਬਕ ਸੁਰਜੀਤ ਸਿੰਘ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਪਿੰਡ ਦੇ ਵੱਡੀ ਗਿਣਤੀ ਲੋਕ ਵਾਹਗਾ-ਅਟਾਰੀ ਬਾਰਡਰ ਤੋਂ ਲੈਣ ਲਈ ਜਾਣਗੇ। ਸੁਰਜੀਤ ਸਿੰਘ ਦੇ ਸਵਾਗਤ ਲਈ ਉਸਦੇ ਘਰ ਨੂੰ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸੁਰਜੀਤ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਾਂਵੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਅਹਿਮ ਪਲ ਬਾਪ ਦੇ ਪਿਆਰ ਤੋਂ ਬਿਨਾਂ ਗੁਜ਼ਾਰੇ ਹਨ ਪਰ ਅੱਜ ਉਨ੍ਹਾਂ ਦੀ ਰਿਹਾਈ ਮੌਕੇ ਉਹ ਇਸ ਖੁਸ਼ੀ ਨੂੰ ਸਾਰਿਆਂ ਨਾਲ ਮਿਲ ਕੇ ਮਨਾਉਣਗੇ।
ਨਵੀਂ ਦਿੱਲੀ , 27 ਜੂਨ
ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਅੱਜ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।
ਸ੍ਰੀ ਕ੍ਰਿਸ਼ਨਾ ਨੇ ਪਾਕਿਸਤਾਨ ਨੂੰ ਸਰਬਜੀਤ ਸਿੰਘ ਦਾ ਕੇਸ ਵੀ ਮਾਨਵੀ ਆਧਾਰ ‘ਤੇ ਵਿਚਾਰਨ ਦੀ ਬੇਨਤੀ ਕੀਤੀ ਹੈ, ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਾਕਿ ਜੇਲ੍ਹ ‘ਚ ਹੈ।
-ਪੀ.ਟੀ.ਆਈ.
ਇਸਲਾਮਾਬਾਦ 27 ਜੂਨ
ਸਰਬਜੀਤ ਦੀ ਰਿਹਾਈ ਦੇ ਐਲਾਨ ਮਗਰੋਂ ਇਸ ਤੋਂ ਪਿੱਛੇ ਹਟਣ ਦੇ ਪਾਕਿਸਤਾਨ ਦੇ ਕੂਹਣੀ ਮੋੜ ਬਾਰੇ ਕਈ ਸਵਾਲ ਖੜ੍ਹੇ ਹੋ ਗਏ ਹਨ। ਕੀ ਇਹ ਮੂਲਵਾਦੀ ਤਾਕਤਾਂ ਦੇ ਦਬਾਅ ਹੇਠ ਬਦਲਿਆ ਗਿਆ ਫੈਸਲਾ ਸੀ ਜਾਂ ਪਛਾਣ ਦਾ ਭੁਲੇਖਾ ਲੱਗਣ ਦਾ ਮਾਮਲਾ ਸੀ।ਸਰਬਜੀਤ ਸਿੰਘ ਦੀ ਰਿਹਾਈ ਦੀ ਖ਼ਬਰ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ‘ਚ ਟੀ ਵੀ ਚੈਨਲਾਂ ‘ਤੇ ਜ਼ੋਰ ਸ਼ੋਰ ਨਾਲ ਦਿਖਾਈ ਗਈ ਸੀ। ਦੋਵਾਂ ਦੇਸ਼ਾਂ ਦਾ ਮੀਡੀਆ ਪਾਕਿ ਦੇ ਸਟੈਂਡ ਬਦਲਣ ਤੇ ਹੈਰਾਨ ਹੈ।
-ਪੀ.ਟੀ.ਆਈ.