ਤਿਰੂਵਨੰਤਪੁਰਮ, 27 ਜੂਨ
ਅਬੂ ਜਿੰਦਾਲ ਦੀ ਗ੍ਰਿਫਤਾਰੀ ਤੇ ਪੁੱਛ-ਪੜਤਾਲ ਮਗਰੋਂ ਹੋਏ ਖੁਲਾਸਿਆਂ ਦਾ ਹਵਾਲਾ ਦਿੰਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਇਹ ਸਬੂਤ ਹੁਣ ਸਪਸ਼ਟ ਜ਼ਾਹਰ ਹੋ ਗਿਆ ਹੈ ਕਿ 26/11 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਅਤਿਵਾਦੀਆਂ ਨੂੰ ਪਾਕਿਸਤਾਨ ਦੀ ਸ਼ਹਿ ‘ਤੇ ਸਮਰਥਨ ਹਾਸਲ ਸੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜਦੋਂ ਉਹ ਇਸ ਵੇਲੇ ਸਰਕਾਰ ਦੀ ਹਮਾਇਤ ਪ੍ਰਾਪਤ ਐਕਟਰਾਂ (ਸਟੇਟ ਐਕਟਰਾਂ) ਦੀ ਗੱਲ ਕਰ ਰਹੇ ਹਨ ਤਾਂ ਉਹ ਕਿਸੇ ਵਿਸ਼ੇਸ਼ ਏਜੰਸੀ ਵੱਲ ਉਂਗਲ ਨਹੀਂ ਕਰ ਰਹੇ। ਪਰ ਇਹ ਸਪਸ਼ਟ ਹੈ ਕਿ 26/11 ਦੇ ਕਤਲੇਆਮ ਲਈ ਪਾਕਿ ਸਰਕਾਰ ਜਾਂ ਸਟੇਟ ਐਕਟਰਾਂ ਦੀ ਭੂਮਿਕਾ ਤੇ ਸਮਰਥਨ ਜ਼ਰੂਰ ਸੀ। ਸ੍ਰੀ ਚਿਦੰਬਰਮ ਨੇ ਕਿਹਾ ਕਿ ਇਹ ਸਪਸ਼ਟ ਸਬੂਤ ਸੀ ਕਿ ਪਾਕਿਸਤਾਨ ਦੀ ਸਰਕਾਰੀ ਮਸ਼ੀਨਰੀ 2008 ਦੇ ਮੁੰਬਈ ਹਮਲੇ ਕਰਾਉਣ ‘ਚ ਸ਼ਾਮਲ ਸੀ। ਇਨ੍ਹਾਂ ਹਮਲਿਆਂ ਵਿਚ 166 ਮੌਤਾਂ ਹੋ ਗਈਆਂ ਸਨ। ਮੰਤਰੀ ਨੇ ਕਿਹਾ ਕਿ ਜਿੰਦਾਲ ਨੇ ਸਾਫ ਦੱਸਿਆ ਹੈ ਕਿ ਉਹ 26/11 ਦੇ ਹਮਲਿਆਂ ਵੇਲੇ ਕਰਾਚੀ ‘ਚ ਕਾਇਮ ਕੀਤੇ ਕੰਟਰੋਲ ਰੂਮ ਵਿਚ ਸੀ। ਇਸ ਨਾਲ ਭਾਰਤ ਦੇ ਇਸ ਸ਼ੱਕ ਦੀ ਪੁਸ਼ਟੀ ਹੋਈ ਹੈ ਕਿ ਇਸ ਪਿੱਛੇ ਕੋਈ ਸੰਗਠਿਤ ਯਤਨ ਜ਼ਰੂਰ ਸਨ। ਕੋਈ ਸਟੇਟ ਐਕਟਰ ਇਨ੍ਹਾਂ ਹਮਲਿਆਂ ‘ਚ ਸ਼ਾਮਲ ਸਨ। ਸ੍ਰੀ ਚਿਦੰਬਰਮ ਨੇ ਕਿਹਾ ਕਿ ਗੈਰ ਰਾਜਕੀ ਤੱਤਾਂ ਦੀ ਕਤਲੇਆਮ ‘ਚ ਸ਼ਮੂਲੀਅਤ ਦਾ ਦਾਅਵਾ ਹੁਣ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਸ ਨਾਲ ਬਦਨਾਮੀ ਹੋਈ ਹੈ ਕਿਉਂਕਿ ਉਹ ਲਗਾਤਾਰ ਇਨਕਾਰ ਕਰਦਾ ਆ ਰਿਹਾ ਸੀ ਕਿ 26/11 ਨੂੰ ਅੰਜਾਮ ਦੇਣ ਵਾਲੇ ਅਤਿਵਾਦੀ ਉਨ੍ਹਾਂ ਦੀ ਧਰਤੀ ‘ਤੇ ਬੈਠੇ ਹਨ। ਸੋ ਹੁਣ ਸੰਸਾਰ ਭਾਰਤ ਦੇ ਨਾਲ ਹੈ ਜਦ ਕਿ ਵਾਰ-ਵਾਰ ਇਨਕਾਰ ਕਰਨ ਕਰਕੇ ਪਾਕਿਸਤਾਨ ਦਾ ਅਕਸ ਖਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਇਹ ਦਾਅਵੇ ਕਰਦਾ ਸੀ ਕਿ ਹਮਲਾ ਕਰਨ ਤੇ ਕਰਾਉਣ ਵਾਲੇ ਪਾਕਿਸਤਾਨ ‘ਚ ਨਹੀਂ ਸੀ, ਉਹ ਹੀ ਇਸ ਮੁਲਕ ‘ਚ ਕਿਤੇ ਬੈਠ ਕੇ ਟੈਲੀਫੋਨ ‘ਤੇ ਕਸਾਬ ਤੇ ਨੌਂ ਹੋਰਾਂ ਨੂੰ ਹਦਾਇਤਾਂ ਦੇ ਰਹੇ ਸਨ। ਇਸ ਨਾਲ ਭਾਰਤ ਦੇ 26/11 ਦੇ ਸਾਜ਼ਿਸ਼ੀਆਂ ਨੂੰ ਕਾਬੂ ਕਰਨ ਦੇ ਢੰਗਾਂ ਦੀ ਸ਼ਲਾਘਾ ਹੋਈ ਹੈ ਤੇ ਪਾਕਿਸਤਾਨ ਦੀ ਬਦਨਾਮੀ ਹੋਈ ਹੈ।
ਗ੍ਰਹਿ ਮੰਤਰੀ ਨੇ ਦੱਸਿਆ ਕਿ ਭਾਰਤੀ ਸੁਰੱਖਿਆ ਏਜੰਸੀਆਂ ਸਾਲ ਤੋਂ ਲਸ਼ਕਰ-ਇ-ਤੋਇਬਾ ਦੇ ਜਿੰਦਾਲ ਦਾ ਪਿੱਛਾ ਕਰ ਰਹੀਆਂ ਸਨ ਤੇ ਉਸ ਬਾਰੇ ਸਾਰੀ ਜਾਣਕਾਰੀ ਕਾਫੀ ਗੁਪਤ ਰੱਖੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਸਾਡੇ ਕੋਲ ਉਸ ਬਾਰੇ ਜਾਣਕਾਰੀ ਸੀ ਕਿ ਉਹ ਕੌਣ ਹੈ ਕਿਉਂਕਿ ਅਬੂ ਜਿੰਦਾਲ ਉਸ ਦਾ ਫਰਜ਼ੀ ਨਾਮ ਸੀ। ਸੋ ਪਹਿਲਾਂ ਏਜੰਸੀਆਂ ਨੂੰ ਉਸ ਦੀ ਅਸਲੀ ਸ਼ਨਾਖਤ ਕਰਨੀ ਪਈ। ਸਾਲ ਪਹਿਲਾਂ ਉਸ ਦੀ ਪਛਾਣ ਹੋ ਗਈ ਸੀ, ਪਰ ਇਹ ਗੱਲ ਭੇਤ ਰੱਖੀ ਹੋਈ ਸੀ। ਗ੍ਰਹਿ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰਹਿਮਾਨ ਮਲਿਕ ਤੋਂ ਇਕ ਪੱਤਰ ਮਿਲਿਆ ਸੀ, ਜਿਸ ‘ਚ ਜਿੰਦਾਲ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਵਾਜਬ ਸਮੇਂ ‘ਤੇ ਇਹ ਜਾਣਕਾਰੀ ਸਾਂਝੀ ਕਰੇਗਾ ਪਰ ਉਹ ਪਾਕਿਸਤਾਨ ਨੂੰ ਜ਼ੋਰ ਦੇ ਕੇ ਕਹਿਣਗੇ ਕਿ ਉਹ ਭਾਰਤ ਵੱਲੋਂ ਦਿੱਤੀ ਗਈ ਸੂਚੀ ਵਾਲੇ ਵਿਅਕਤੀਆਂ ਦੀ ਆਵਾਜ਼ ਦੇ ਸੈਂਪਲ ਪਹਿਲਾਂ ਦੇਵੇ। ਹੁਣ ਦੇਖਣਾ ਹੈ ਕਿ ਪਾਕਿਸਤਾਨ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਾਂਚ ਦੇ ਵੇਰਵੇ ਬਹੁਤੇ ਨਹੀਂ ਦਸ ਸਕਦੇ। ਦਾਊਦ ਇਬਰਾਹਿਮ ਬਾਰੇ ਪੁੱਛੇ ਜਾਣ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਉਹ ਵੀ ਪਾਕਿਸਤਾਨ ‘ਚ ਹੈ, ਹਾਲਾਂਕਿ ਇਸਲਾਮਾਬਾਦ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਫ ਮੁਕਰਦਾ ਆ ਰਿਹਾ ਹੈ ਕਿ ਦਾਊਦ ਉੱਥੇ ਨਹੀਂ ਹੈ, ਪਰ ਭਾਰਤ ਅਨੁਸਾਰ ਉਹ ਪਾਕਿਸਤਾਨ ‘ਚ ਹੀ ਹੈ।
ਉਨ੍ਹਾਂ ਕਿਹਾ ਕਿ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਸਾਰੇ ਉਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਲਈ ਭਾਰਤ, ਪਾਕਿਸਤਾਨ ‘ਤੇ ਦਬਾਅ ਬਣਾਈ ਰੱਖੇਗਾ, ਜਿਨ੍ਹਾਂ ਨੇ ਉੱਥੇ ਸ਼ਰਨ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਜਿੰਦਾਲ ਦੀ ਗ੍ਰਿਫਤਾਰੀ ਤੇ ਪਾਕਿਸਤਾਨ ਜੇਲ੍ਹ ‘ਚੋਂ ਸੁਰਜੀਤ ਸਿੰਘ ਦੀ ਰਿਹਾਈ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ।
-ਪੀ.ਟੀ.ਆਈ.