ਪੰਨੇ: 88, ਕੀਮਤ: 120 ਰੁਪਏ
ਪ੍ਰਕਾਸ਼ਕ: ਲਾਹੌਰ ਬੁੱਕਸ ਲੁਧਿਆਣਾ।
ਰਘਬੀਰ ਸਿੰਘ ਭਰਤ ਬਹੁ-ਵਿਧਾਵੀ ਲੇਖਕ ਹੈ। ਹੱਥਲੀ ਪੁਸਤਕ ‘ਮੇਰਾ ਜੀਵਨ ਸਫਰ’ ਉਸ ਦੀਆਂ ਜੀਵਨ ਯਾਦਾਂ ਦੇ ਰੱਦਿਆਂ ’ਤੇ ਉਸਰੀ ਉਸ ਦੀ ਸਵੈ-ਜੀਵਨੀ ਮੂਲਕ ਰਚਨਾ ਹੈ। ਇਸ ਵਿਚ ਭਰਤ ਆਪਣੀ ਬੰਸਾਵਲੀ, ਕਿੱਤਿਆਂ ਦੇ ਸਿਰਨਾਵੇਂ, ਤੰਗੀਆਂ-ਤੁਰਸ਼ੀਆਂ ਭਰਪੂਰ ਰਹੇ ਜੀਵਨ, ਜੀਵਨ ’ਚ ਕੀਤੀ ਮਿਹਨਤ, ਸਾਹਿਤ ਦਾ ਰਸਤਾ ਚੁਣਨਾ, ਵਿਹਲੇ ਸਮੇਂ ਦਾ ਸਦਉਪਯੋਗ , ਅਧੂਰੇ ਚਾਵਾਂ ਦੇ ਜੀਵਨ ਪੰਧ ਦਾ ਇਹ ਲੰਮੇਰਾ ਸਫ਼ਰ ਪਿੱਛਲਝਾਤਾਂ ਦੀਆਂ ਯਾਦਾਂ, ਘਟਨਾਵਾਂ ਰਾਹੀਂ ਅਤੀਤ ਤੇ ਵਰਤਮਾਨ ਦੇ ਤੁਲਨਾਤਮਿਕ ਅਧਿਐਨ ਦੇ ਸੁਮੇਲ ਪੱਖੋਂ ਸਹਿਜ ਤੌਰ ’ਤੇ ਅਭਿਵਿਅਕਤ ਕਰਦਾ ਹੈ।
ਪੰਜਾਬ ਦੇ ਇਤਿਹਾਸ ਅਤੇ ਭੂਗੋਲਿਕ ਖਿੱਤਿਆਂ ਦੀ ਸਾਹਿਤਕਾਰੀ ਦੇ ਮਿਸ਼ਰਣ ਨਾਲ ਪੁਸਤਕ ਅੰਦਰ ਦਿੱਤੀ ਗਈ ਜਾਣਕਾਰੀ ਅਰਥ ਭਰਪੂਰ ਹੈ। ਸਾਹਿਤ ਦੇ ਇਸ ਸਿਰੜੀ ਕਾਮੇ ਦੀ ਲਗਨ, ਮਿਹਨਤ ਨਾਲ ਹਰ ਖੇਤਰ ’ਚ ਪਾਲਿਆ ਮੋਹ ਇਸ ਦੀ ਸਾਧਾਰਨਤਾ ਵਿਚੋਂ ਅਸਾਧਾਰਨਤਾ ਦੀ ਲੋਅ ਦਾ ਪ੍ਰਗਟਾਵਾ ਬਣਦਾ ਹੈ।
ਪੁਸਤਕ ਅੰਦਰ ਬਿਨਾਂ ਕਿਸੇ ਉਚੇਚ ਦੇ ਵਰਤੀ ਗਈ ਸੌਖੀ ਤੇ ਸਰਲ ਭਾਸ਼ਾ, ਜੀਵਨ ਸੱਚ ਦਾ ਬੇਬਾਕਤਾ ਨਾਲ ਕੀਤਾ ਪ੍ਰਗਟਾਵਾ, ਗਲਪ ਵਰਗੀ ਕਲਾਤਮਿਕਤਾ ਦੀ ਪੁੱਠ ਇਸ ਦੇ ਪੜ੍ਹਨ ਪੱਖੋਂ ਦਿਲਚਸਪੀ ਅੰਦਰ ਵਾਧਾ ਕਰਦੀ ਹੈ।
ਅਸੰਭਵ ਨੂੰ ਸੰਭਵ ਵਿਚ ਬਿਆਨ ਕਰਦਿਆਂ ਇਸ ਸਵੈ-ਜੀਵਨੀ ਦਾ ਭਾਵਪੂਰਤ ਜੀਵਨ ਉਦੇਸ਼ ਮੁਸ਼ਕਲ ਪੈਂਡਿਆਂ ਨੂੰ ਜਿੱਤਾਂ ਅੰਦਰ ਦਰਜ ਕਰਵਾਉਣ ਦੀ ਟੋਹ ਲਾਉਂਦਾ ਹੈ। ਆਸ ਹੈ ਕਿ ਸਾਹਿਤ ਕਾਮਿਆਂ ਦੀਆਂ ਸਵੈ-ਜੀਵਨੀਆਂ ਇਹ ਸਵੈ-ਜੀਵਨੀ ਵੀ ਆਪਣਾ ਸਥਾਨ ਅਰਜਿਤ ਕਰੇਗੀ।