ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿਰੋਧੀ ਧਿਰ ਨੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਸਨਮਾਨ ਦੇਣ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਕੀਤਾ। ਹਾਕਮ ਤੇ ਵਿਰੋਧੀ ਧਿਰ ਦਰਮਿਆਨ ਸਦਨ ਵਿੱਚ ਤਿੱਖੀਆਂ ਝੜਪਾਂ ਹੋਈਆਂ। ਕਾਗਰਸ ਨੇ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਅਤੇ ਗਰਮ ਦਲੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਤਾਂ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹੀ ਦੋਸ਼ ਵਿਰੋਧੀ ਧਿਰ ’ਤੇ ਲਾਉਂਦਿਆਂ ਖ਼ਬਰਦਾਰ ਕੀਤਾ ਕਿ ਪੰਜਾਬ ਦੀ ਸ਼ਾਂਤੀ ਨਾਲ ਖੇਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਦੋਵੇਂ ਧਿਰਾਂ ਪੌਣਾ ਘੰਟਾ ਇਸੇ ਮੁੱਦੇ ’ਤੇ ਮਿਹਣੋ-ਮਿਹਣੀ ਹੁੰਦੀਆਂ ਰਹੀਆਂ। ਸਪੀਕਰ ਨੂੰ ਵੀ ਕਈ ਵਾਰੀ ਮਾਮਲੇ ’ਚ ਦਖ਼ਲ ਦੇਣਾ ਪਿਆ। ਕਾਂਗਰਸ ਦੇ ਸਾਰੇ ਮੈਂਬਰ ਸਰਕਾਰ ਵਿਰੁੱਧ ਨਾਅਰੇ ਮਾਰਦੇ ਹੋਏ ਸਦਨ ਦੇ ਵਿਚਕਾਰ ਆ ਬੈਠੇ ਜਿਸ ਕਾਰਨ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਸਦਨ ਦੀ ਕਾਰਵਾਈ ਪੌਣੇ ਘੰਟੇ ਲਈ ਮੁਲਤਵੀ ਕਰਨੀ ਪਈ। ਸਦਨ ਮੁੜ ਜੁੜਨ ’ਤੇ ਵੀ ਸ਼ੋਰ-ਸ਼ਰਾਬਾ ਜਾਰੀ ਰਿਹਾ ਤਾਂ ਅਖੀਰ ਸਪੀਕਰ ਨੇ ਸਦਨ ਸੋਮਵਾਰ ਤੱਕ ਉਠਾ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਨੇ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਬਾਦਲ ਦੇ ਧਰਮ ਨਿਰਪੱਖ ਚਿਹਰੇ ਨੂੰ ਲੋਕ ਸ਼ੱਕ ਦੀ ਨਿਗ੍ਹਾ ਨਾਲ ਦੇਖਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਸਮੇਂ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ‘‘ਸਰਕਾਰ ਦਾ ਕੋਈ ਧਰਮ ਨਹੀਂ ਹੁੰਦਾ ਤੇ ਮੁੱਖ ਮੰਤਰੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਹਲ਼ਫ ਲੈਂਦਾ ਹੈ ਪਰ ਇੱਥੇ ਧਰਮ ਨਿਰਪੱਖ ਚਿਹਰੇ ’ਤੇ ਲੋਕਾਂ ਦਾ ਭਰੋਸਾ ਉਠਦਾ ਜਾ ਰਿਹਾ ਹੈ।’’
ਵਿਰੋਧੀ ਧਿਰ ਦੇ ਨੇਤਾ ਨੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਯਾਦਗਾਰ ਕਾਇਮ ਕਰਨ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦੇਣ ਪਿੱਛੇ ਅਕਾਲੀਆਂ ਦੀ ਤਾਂ ਮਜਬੂਰੀ ਹੋ ਸਕਦੀ ਹੈ ਪਰ ਭਾਜਪਾ ਦੇ ਆਗੂ ਕਿਉਂ ਕੁਰਸੀਆਂ ਨਾਲ ਚਿੰਬੜੇ ਪਏ ਹਨ। ਅਜਿਹੀਆਂ ਤਿੱਖੀਆਂ ਟਿੱਪਣੀਆਂ ’ਤੇ ਭਾਜਪਾ ਦੇ ਮਦਨ ਮੋਹਨ ਮਿੱਤਲ ਵੀ ਭੜਕ ਪਏ ਤੇ ਉਨ੍ਹਾਂ ਕਾਂਗਰਸ ’ਤੇ ਅਤਿਵਾਦ ਨੂੰ ਸਦਾ ਸ਼ਹਿ ਦੇਣ ਦੇ ਦੋਸ਼ ਲਗਾਏ। ਸ੍ਰੀ ਮਿੱਤਲ ਨੇ ਰਾਜੋਆਣਾ ਦੇ ਮੁੱਦੇ ’ਤੇ ਇਹ ਤਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਾਤਲਾਂ ਨੂੰ ਸ਼ਹੀਦ ਨਹੀਂ ਮੰਨਦੀ ਪਰ ਦੋਹਾਂ ਘਟਨਾਵਾਂ ਦੇ ਵਿਰੋਧ ਜਾਂ ਨਿੰਦਾ ਵਾਲੇ ਮੁੱਦੇ ਤੋਂ ਟਾਲਾ ਵੱਟ ਲਿਆ। ਵਿਰੋਧੀ ਧਿਰ ਨੇ ਮੁੱਖ ਮੰਤਰੀ ’ਤੇ ਦੋਗਲੀ ਬੋਲੀ ਬੋਲਣ ਦੇ ਦੋਸ਼ ਵੀ ਲਗਾਏ। ਕਾਂਗਰਸ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ਤੋਂ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਵੱਖ ਕਰਨਾ ਹਾਸੋਹੀਣਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸ੍ਰੀ ਬਾਦਲ ਦੀ ‘ਇਜਾਜ਼ਤ’ ਤੋਂ ਬਿਨਾਂ ਕੋਈ ਫੈਸਲਾ ਨਹੀਂ ਲੈ ਸਕਦੇ। ਵਿਰੋਧੀ ਧਿਰ ਜਦੋਂ ਇਸ ਮੁੱਦੇ ’ਤੇ ਬੋਲ ਰਹੀ ਸੀ ਤਾਂ ਸਰਕਾਰੀ ਧਿਰ ਦੇ ਕਈ ਮੈਂਬਰਾਂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ ਨੇ ਟੋਕਾ-ਟਾਕੀ ਕੀਤੀ ਜਿਸ ਨੂੰ ਸਦਨ ਦੇ ਨੇਤਾ ਸ੍ਰੀ ਬਾਦਲ ਨੇ ਰੋਕ ਦਿੱਤਾ। ਮੁੱਖ ਮੰਤਰੀ ਨੇ ਕਾਂਗਰਸੀਆਂ ’ਤੇ ਵਿਅੰਗ ਕੱਸਦਿਆਂ ਕਿਹਾ ‘‘ਇਹ (ਕਾਂਗਰਸੀ) ਫੋਕੇ ਪਟਾਕੇ ਨੇ ਇਨ੍ਹਾਂ ਨੂੰ ਬੋਲ ਲੈਣ ਦਿਉ, ਇਨ੍ਹਾਂ ਦਾ ਤਾਂ ਮਸਲਾ ਪਹਿਲਾਂ ਹੀ ਮੁੱਕਿਆ ਪਿਐ।’’ ਇਸ ਸਮੇਂ ਦੌਰਾਨ ਹੀ ਮੁੱਖ ਮੰਤਰੀ ਨੇ ਸਦਨ ਵਿੱਚ ਬਿਆਨ ਦਿੱਤਾ ਤੇ ਦਾਅਵਾ ਕੀਤਾ ਕਿ ਦਰਬਾਰ ਸਾਹਿਬ ਵਿੱਚ ਯਾਦਗਾਰ ਵਜੋਂ ਸਿਰਫ਼ ਗੁਰਦੁਆਰੇ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਕਿ ਗਲਤ ਨਹੀਂ। ਉਨ੍ਹਾਂ ਸਾਕਾ ਨੀਲਾ ਤਾਰਾ ਨੂੰ ਬੇਹੱਦ ‘ਦੁਖਦਾਈ ਤੇ ਘਿਨਾਉਣੀ’ ਘਟਨਾ ਵੀ ਕਰਾਰ ਦਿੱਤਾ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਵੀ ਵਿਰੋਧੀ ਧਿਰ ਦੀ ਤਸੱਲੀ ਨਾ ਹੋਈ ਤੇ ਸ੍ਰੀ ਜਾਖੜ, ਕੇਵਲ ਢਿੱਲੋਂ, ਸੁੱਖੀ ਰੰਧਾਵਾ ਤੇ ਹੋਰਨਾਂ ਦੀ ਅਗਵਾਈ ਹੇਠ ਸਾਰੇ ਮੈਂਬਰ ਸਦਨ ਦੇ ਵਿਚਕਾਰ ਆ ਗਏ। ਜ਼ਬਰਦਸਤ ਨਾਅਰੇਬਾਜ਼ੀ ਦੇ ਚਲਦਿਆਂ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ 1 ਵਜੇ ਦੁਪਹਿਰੇ ਮੁੜ ਸ਼ੁਰੂ ਹੋਈ ਤਾਂ ਸ੍ਰੀ ਬਾਦਲ ਸਦਨ ਵਿੱਚ ਨਹੀਂ ਆਏ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਫਿਰ ਟਕਰਾਅ ਦਾ ਮਾਹੌਲ ਬਣ ਗਿਆ।
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਗੈਰ ਹਾਜ਼ਰ ਰਹੇ। ਸਦਨ ਵਿੱਚ ਅੱਜ ਹੋਈਆਂ ਕਾਰਵਾਈਆਂ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਦੀ ਗੈਰਹਾਜ਼ਰੀ ਕਾਰਨ ਕਾਂਗਰਸੀਆਂ ’ਚ ਤਾਲਮੇਲ ਦੀ ਭਾਰੀ ਕਮੀ ਦੇਖੀ ਗਈ।