ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਜੂਨ
ਕੌਮੀ ਜਮਹੂਰੀ ਗਠਜੋੜ ਰਾਸ਼ਟਰਪਤੀ ਦੀ ਚੋਣ ਦੇ ਮੁੱਦੇ ’ਤੇ ਬਿਖਰ ਗਿਆ ਹੈ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੀ.ਏ.ਸੰਗਮਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲ ਜਨਤਾ ਦਲ (ਯੂ) ਨੇ ਕਾਂਗਰਸੀ ਉਮੀਦਵਾਰ ਪ੍ਰਣਬ ਮੁਖਰਜੀ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਕਾਂਗਰਸੀ ਉਮੀਦਵਾਰ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕੌਮੀ ਜਮਹੂਰੀ ਗਠਜੋੜ ਵਿੱਚ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਤੇ ਗਠਜੋੜ ਦੀਆਂ ਦੋ ਭਾਈਵਾਲ ਪਾਰਟੀਆਂ,ਸ਼ਿਵ ਸੈਨਾ ਤੇ ਜਨਤਾ ਦਲ(ਯੂ) ਨੇ ਕਾਂਗਰਸੀ ਉਮੀਦਵਾਰ ਨੂੰ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ ਪਰ ਕੌਮੀ ਜਮਹੂਰੀ ਗਠਜੋੜ ਆਪਣੇ ਫ਼ੈਸਲੇ ’ਤੇ ਬਰਕਰਾਰ ਹੈ। ਸੰਗਮਾ ਨੇ ਭਾਜਪਾ ਦੀ ਹਮਾਇਤ ਦਾ ਸਵਾਗਤ ਕਰਦਿਆਂ ਹੋਰ ਰਾਜਨੀਤਕ ਪਾਰਟੀਆਂ ਨੂੰ ਵੀ ਮੱਦਦ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਵੀ ਹਮਾਇਤ ਬਾਰੇ ਗੱਲਬਾਤ ਕਰਨਗੇ। ਇਸ ਦੌਰਾਨ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਉਹ ਪ੍ਰਣਬ ਮੁਖਰਜੀ ਦੀ ਹਮਾਇਤ ਦੇ ਫ਼ੈਸਲੇ ’ਤੇ ਕਾਇਮ ਹੈ। ਤ੍ਰਿਣਾਮੂਲ ਕਾਂਗਰਸ ਅਜੇ ਖਾਮੋਸ਼ ਹੈ।
ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਵਿੱਚ ਆਗੂ ਸੁਸ਼ਮਾ ਸਵਰਾਜ ਅਤੇ ਭਾਜਪਾ ਦੇ ਰਾਜ ਸਭਾ ਵਿੱਚ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਦੇ ਮੁੱਦੇ ਨੂੰ ਲੈ ਕੇ ਕੌਮੀ ਜਮਹੂਰੀ ਗਠਜੋੜ ਦੀਆਂ ਦੋ ਮੀਟਿੰਗਾਂ ਹੋਈਆਂ ਸਨ ਪਰ ਉਮੀਦਵਾਰ ਬਾਰੇ ਸਹਿਮਤੀ ਨਹੀਂ ਹੋ ਸਕੀ ਕਿਉਂਕਿ ਸ਼ਿਵ ਸੈਨਾ ਅਤੇ ਜਨਤਾ ਦਲ ਯੂ ਨੇ ਉਮੀਦਵਾਰ ਖੜਾ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਤੇ ਕੇਵਲ ਉਮੀਦਵਾਰ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਸੀ। ਸੰਗਮਾ ਦੀ ਹਮਾਇਤ ਕਰਨ ਤੋਂ ਪਹਿਲਾਂ ਕੌਮੀ ਜਮਹੂਰੀ ਗਠਜੋੜ ਦੇ ਵੱਖ ਵੱਖ ਮੁੱਖ ਮੰਤਰੀਆਂ ਨਾਲ ਵੀ ਚਰਚਾ ਕੀਤੀ ਗਈ ਹੈ। ਸੰਗਮਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਕਰਕੇ ਪਾਰਟੀ ਸ਼ਿਵ ਸੈਨਾ ਨੂੰ ਆਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨ ਲਈ ਕਹੇਗੀ। ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਚੋਣ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਜਾਂਚ ਏਜੰਸੀਆਂ ਦੀ ਵਰਤੋਂ ਕੀਤੀ ਹੈ,ਇਸ ਕਰਕੇ ਵੀ ਭਾਜਪਾ ਕਾਂਗਰਸ ਉਮੀਦਵਾਰ ਦੀ ਹਮਾਇਤ ਕਰਨ ਦੇ ਹੱਕ ਵਿੱਚ ਨਹੀਂਸੀ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਨਿੱਜੀ ਗੱਲਬਾਤ ਵਿੱਚ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਮੀਦਵਾਰ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਗੱਲਬਾਤ ਕਰ ਲੈਂਦੀ ਤਾਂ ਪਾਰਟੀ ਕਾਂਗਰਸ ਉਮੀਦਵਾਰ ਦੀ ਹਮਾਇਤ ਕਰ ਸਕਦੀ ਸੀ। ਇਸ ਲਈ ਉਪ ਰਾਸ਼ਟਰਪਤੀ ਦਾ ਅਹੁਦਾ ਦੇਣ ਵਰਗੀ ਵੀ ਸ਼ਰਤ ਨਹੀਂ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵਾਂ ਵੱਡੀਆਂ ਪਾਰਟੀਆਂ ਵਿਚਾਲੇ ਕੋਈ ਸਿਧਾਂਤਕ ਵਿਰੋਧ ਨਹੀਂ ਹੈ। ਇਕ ਹੋਰ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਕੌਮੀ ਜਮਹੂਰੀ ਗਠਜੋੜ ਵਿੱਚ ਰਾਸ਼ਟਰਪਤੀ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਮਤਭੇਦ ਹੋ ਚੁੱਕੇ ਹਨ ਤੇ ਪਿਛਲੀ ਚੋਣ ਵਿੱਚ ਵੀ ਸ਼ਿਵ ਸੈਨਾ ਨੇ ਐਨ ਡੀ ਏ ਦੇ ਉਮੀਦਵਾਰ ਦੀ ਥਾਂ ਯੂ ਪੀ ਏ ਦੀ ਉਮੀਦਵਾਰ ਪ੍ਰਤਿਭਾ ਦੇਵੀ ਪਾਟਿਲ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਪਾਰਟੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਹੋਰ ਪਾਰਟੀਆਂ ਨਾਲ ਗੱਲਬਾਤ ਕਰਕੇ ਸੰਗਮਾ ਦੇ ਹੱਕ ਵਿੱਚ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕਰੇਗੀ।
ਇਸੇ ਦੌਰਾਨ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਲਈ ਕਾਂਗਰਸ ਉਮੀਦਵਾਰ ਪ੍ਰਣਬ ਮੁਖਰਜੀ ਨੂੰ ਵੋਟ ਪਾਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਦੇ ਮੁੱਦੇ ’ਤੇ ਕੌਮੀ ਜਮਹੂਰੀ ਗਠਜੋੜ ਵਿੱਚ ਸਹਿਮਤੀ ਬਣਾਉਣ ਦੇ ਯਤਨ ਕੀਤੇ ਸਨ ਤੇ ਪਹਿਲਾਂ ਅਬਦੁਲ ਕਲਾਮ ਦੇ ਉਮੀਦਵਾਰ ਬਣਨ ਦੀ ਸੰਭਾਵਨਾ ਸੀ ਪਰ ਉਹ ਮੈਦਾਨ ਵਿੱਚੋਂ ਬਾਹਰ ਹੋ ਗਏ ਹਨ ਤੇ ਇਸ ਕਰਕੇ ਪਾਰਟੀ ਨੇ ਬਿਹਤਰ ਉਮੀਦਵਾਰ ਨੂੰ ਹਮਾਇਤ ਦਾ ਫ਼ੈਸਲਾ ਕੀਤਾ ਹੈ ਪਰ ਇਸ ਹਮਾਇਤ ਦਾ ਭਾਵ ਕਾਂਗਰਸ ਪਾਰਟੀ ਦੀ ਹਮਾਇਤ ਨਹੀਂ ਹੈ। ਭਾਂਵੇ ਉਨ੍ਹਾਂ ਦੀ ਪਾਰਟੀ ਨੇ ਗਠਜੋੜ ਤੋਂ ਵੱਖਰਾ ਸਟੈਂਡ ਲਿਆ ਹੈ ਪਰ ਕੌਮੀ ਜਮਹੂਰੀ ਗਠਜੋੜ ਅਜੇ ਵੀ ਕਾਇਮ ਹੈ। ਭਾਜਪਾ,ਸ਼੍ਰੋਮਣੀ ਅਕਾਲੀ ਦਲ,ਬੀਜੂ ਜਨਤਾ ਦਲ ਅਤੇ ਅੰਨਾ ਡੀ ਐਮ ਕੇ ਦੀ ਹਮਾਇਤ ਪ੍ਰਾਪਤ ਉਮੀਦਵਾਰ ਪੀ ਏ ਸੰਗਮਾ ਨੇ ਭਾਜਪਾ ਦੀ ਹਮਾਇਤ ਦਾ ਧੰਨਵਾਦ ਕਰਦਿਆਂ ਹੋਰ ਪਾਰਟੀਆਂ ਨੂੰ ਹਮਾਇਤ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੀ ਧੀ ਅਤੇ ਕੇਂਦਰੀ ਮੰਤਰੀ ਅਗਾਥਾ ਸੰਗਮਾ ਬਾਰੇ ਕਿਹਾ ਕਿ ਉਹ ਕਾਫੀ ਸਿਆਣੀ ਆਗੂ ਹੈ ਤੇ ਉਹ ਖੁਦ ਫ਼ੈਸਲਾ ਕਰਨ ਦੇ ਸਮਰੱਥ ਹੈ।
ਪ੍ਰਣਬ ਮੁਖਰਜੀ: ਤ੍ਰਿਣਮੂਲ ਕਾਂਗਰਸ ਨੂੰ ਛੱਡ ਯੂ.ਪੀ.ਏ. ਦੀਆਂ ਵੋਟਾਂ 36.67 ਫੀਸਦੀ (ਇਨ੍ਹਾਂ ’ਚ ਕਾਂਗਰਸ ਦੀਆਂ 30.3 ਫੀਸਦੀ ਵੋਟਾਂ ਸ਼ਾਮਲ ਹਨ) ਸਮਾਜਵਾਦੀ ਪਾਰਟੀ 6.3 ਫੀਸਦੀ, ਬਸਪਾ 4 ਫੀਸਦੀ, ਜਨਤਾ ਦਲ (ਯੂ) 3.80 ਫੀਸਦੀ, ਸ਼ਿਵ ਸੈਨਾ 1.7 ਫੀਸਦੀ। ਸੀ.ਪੀ.ਐਮ. 3.3 ਫੀਸਦੀ ਤੇ ਫਾਰਵਰਡ ਬਲਾਕ 0.4 ਫੀਸਦੀ, ਸੀ.ਪੀ.ਆਈ. (0.8 ਫੀਸਦੀ) ਤੇ ਆਰ.ਐਸ.ਪੀ. (0.3 ਫੀਸਦੀ) ਵੋਟਾਂ ਵੇਲੇ ਗੈਰ-ਹਾਜ਼ਰ ਰਹਿਣਗੇ।
ਕੁੱਲ ਪ੍ਰਤੀਸ਼ਤ-56.17 (ਸਪਸ਼ਟ ਬਹੁਮਤ)
ਸੰਗਮਾ:ਭਾਜਪਾ 21.2 ਫੀਸਦੀ, ਸ਼੍ਰੋਮਣੀ ਅਕਾਲੀ ਦਲ 1.1 ਫੀਸਦੀ, ਅੰਨਾ ਡੀ.ਐਮ.ਕੇ. 3.3 ਫੀਸਦੀ, ਬੀਜੂ ਜਨਤਾ ਦਲ 2.8 ਫੀਸਦੀ, ਜੇ ਤ੍ਰਿਣਮੂਲ ਕਾਂਗਰਸ (4.4 ਫੀਸਦੀ) ਦੀ ਹਮਾਇਤ ਮਿਲ ਜਾਵੇ ਤਾਂ ਸਥਿਤੀ ਫਿਰ ਵੀ ਬਹੁਤ ਕਮਜ਼ੋਰ ਨਜ਼ਰ ਆਉਂਦੀ ਹੈ।:
ਕੁੱਲ ਪ੍ਰਤੀਸ਼ਤ: 31.7