ਜਸਵੀਰ ਸਿੰਘ ਉਪੱਲ/ਗੁਰਮਿੰਦਰ ਸਿੰਘ ਗਰੇਵਾਲ
ਫਤਹਿਗੜ੍ਹ ਸਾਹਿਬ/ਖਮਾਣੋਂ, 27 ਜੂਨ
ਜਸਮੀਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੇ ਦੋ ਮਾਸਮੂ ਬੱਚਿਆਂ ਸਮੇਤ ਉਸ ਦੇ ਪਰਿਵਾਰ ਦੇ ਛੇ ਮੈਂਬਰਾਂ ਨੂੰ ਉਸਦਾ ਹੀ ਰਿਸ਼ਤੇਦਾਰ (ਮਾਮੇ ਦਾ ਜਵਾਈ ਖੁਸ਼ਵਿੰਦਰ ਸਿੰਘ ਵਾਸੀ ਪਿੰਡ ਸੁਹਾਵੀ ਥਾਣਾ ਖਮਾਣੋਂ) ਪੈਸਿਆਂ ਦੇ ਲਾਲਚ ਵਿੱਚ ਆ ਕੇ ਨਹਿਰ ਵਿੱਚ ਸੁੱਟ ਕੇ ਮਾਰ ਦੇਵੇਗਾ। ਪਰਿਵਾਰ ਉਸ ‘ਤੇ ਬੇਹੱਦ ਯਕੀਨ ਕਰਦਾ ਸੀ।
ਮੁਲਜ਼ਮ ਖੁਸ਼ਵਿੰਦਰ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਜਸਮੀਨ ਸਮੇਤ ਉਸਦੇ ਪੂਰੇ ਪਰਿਵਾਰ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਦੀ ਸਾਜਿਸ਼ ਨੂੰ ਆਪਣੇ ਵੱਲੋਂ ਤਾਂ ਅੰਜ਼ਾਮ ਦੇ ਦਿੱਤਾ ਪਰ ਜਸਮੀਨ ਕਿਸਮਤ ਨਾਲ ਬਚ ਗਈ ਜਿਸਨੇ ਉਸਦੇ ਇਸ ਕਾਰੇ ਨੂੰ ਨਸ਼ਰ ਕੀਤਾ। ਥਾਣਾ ਬਸੀ ਪਠਾਣਾਂ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਅਤੇ ਚੌਕੀ ਇੰਚਾਰਜ ਰਾਜਵੰਤ ਸਿੰਘ ਨੇ ਜਸਮੀਨ ਦੇ ਬਿਆਨਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਖੁਸ਼ਵਿੰਦਰ ਸਿੰਘ ਨੂੰ 36 ਲੱਖ 70 ਹਜ਼ਾਰ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਜਿਸਦੇ ਲਾਲਚ ‘ਚ ਉਸਨੇ ਇਹ ਸਭ ਕੀਤਾ। ਜਸਮੀਨ ਕੌਰ ਜੋ ਇਸ ਵੇਲੇ ਡੂੰਘੇ ਸਦਮੇ ਵਿੱਚ ਹੈ,ਨੂੰ ਇਹ ਵੀ ਨਹੀਂ ਪਤਾ ਕਿ ਉਸਦੇ ਭਰਾ,ਪਤੀ,ਮਾਂ ਅਤੇ ਦੋ ਛੋਟੇ ਮਾਸੂਮ ਬੱਚੇ ਜ਼ਿੰਦਾ ਹਨ ਜਾਂ ਨਹੀਂ। ਉਸਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਖੁਸ਼ਵਿੰਦਰ ਸਿੰਘ ਨੇ ਉਸਨੂੰ ਅਤੇ ਉਸਦੇ 70 ਸਾਲਾ ਪਿਤਾ ਗੁਰਮੇਲ ਸਿੰਘ,ਜੋ ਪੰਜਾਬ ਪੁਲੀਸ ਦਾ ਸਾਬਕਾ ਕਾਂਸਟੇਬਲ ਹੈ,ਨੂੰ ਬਸੀ ਪਠਾਣਾਂ ਦੇ ਪਿੰਡ ਥਾਬਲਾਂ ਨੇੜੇ ਭਾਖੜਾ ਨਹਿਰ ਵਿੱਚ ਮੱਥਾ ਟੇਕਣ ਦੇ ਬਹਾਨੇ ਲਿਜਾ ਕੇ ਨਹਿਰ ਵਿੱਚ ਧੱਕਾ ਦੇ ਦਿੱਤਾ। ਜ਼ਿਲ੍ਹੇ ਦੇ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪਰਿਵਾਰ ਦੇ ਛੇ ਮੈਂਬਰਾਂ ਨੂੰ ਕਥਿਤ ਤੌਰ ‘ਤੇ ਨਹਿਰ ਵਿੱਚ ਸੁੱਟ ਕੇ ਮਾਰਨ ਵਾਲਾ ਖੁਸ਼ਵਿੰਦਰ ਸਿੰਘ ਇਸ ਵੇਲੇ ਪੁਲੀਸ ਹਿਰਾਸਤ ਵਿੱਚ ਹੈ। ਉਸਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਪਹਿਲਾਂ ਉਹ ਜਸਮੀਨ ਦੇ ਪਿਤਾ ਗੁਰਮੇਲ ਸਿੰਘ,ਉਸ ਦੀ ਮਾਤਾ ਪਰਮਜੀਤ ਕੌਰ (68),ਭਰਾ ਗੁਰਿੰਦਰ ਸਿੰਘ ਬੱਬੂ (30) ਵਾਸੀ ਮੁਕੰਦਪੁਰ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਅਤੇ ਉਸਦੇ ਪਤੀ ਰੁਪਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਭੋਜੇਵਾਲੀ ਜ਼ਿਲ੍ਹਾ ਸੰਗਰੂਰ ਸਾਰਿਆਂ ਨੂੰ ਪਿੰਡ ਮੁਕੰਦਪੁਰ ਲੁਧਿਆਣਾ ਤੋਂ 25 ਅਤੇ 26 ਜੂਨ ਦੀ ਵਿਚਕਾਰਲੀ ਰਾਤ ਢਾਈ ਵਜੇ ਇਹ ਕਹਿ ਕੇ ਘਰੋਂ ਆਪਣੀ ਕਾਰ ਵਿੱਚ ਬਿਠਾ ਕੇ ਭਾਖੜਾ ਨਹਿਰ ਵੱਲ ਲੈ ਗਿਆ ਕਿ ਖਮਾਣੋਂ ਨੇੜੇ ਇੱਕ ਬਾਬੇ ਨਾਲ ਉਸ ਨੇ ਗੱਲ ਕੀਤੀ ਹੈ ਜੋ ਉਸ ਦੇ ਭਰਾ ਗੁਰਿੰਦਰ ਸਿੰਘ ਬੱਬੂ ਦੀ ਸ਼ਰਾਬ ਛੁਡਵਾ ਦੇਵੇਗਾ। ਰਸਤੇ ਵਿੱਚ ਰਾੜਾ ਸਾਹਿਬ ਵਿਖੇ ਜਸਮੀਨ ਦਾ ਪਿਤਾ ਗੁਰਮੇਲ ਸਿੰਘ ਕਾਰ ਵਿਚੋਂ ਮੱਥਾ ਟੇਕਣ ਲਈ ਉੱਤਰ ਗਿਆ। ਖੁਸ਼ਵਿੰਦਰ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਪ੍ਰਸ਼ਾਦ ਖਵਾਇਆ ਅਤੇ ਫਿਰ ਉਨ੍ਹਾਂ ਨੂੰ ਪ੍ਰਸ਼ਾਦ ਭਾਖੜਾ ਨਹਿਰ ਵਿੱਚ ਸੁੱਟ ਕੇ ਮੱਥਾ ਟੇਕਣ ਲਈ ਕਹਿੰਦਾ ਰਿਹਾ। ਉਸ ਨੇ ਭਾਖੜਾ ਨਹਿਰ ਦੇ ਕਈ ਪੁਲਾਂ ‘ਤੇ ਉਨ੍ਹਾਂ ਤੋਂ ਮੱਥਾ ਟਿਕਵਾਇਆ ਅਤੇ ਫਿਰ ਬਸੀ ਪਠਾਣਾਂ ਨੇੜੇ ਪੈਂਦੇ ਖਾਲਸਪੁਰ ਨੇੜੇ ਲੈ ਆਇਆ ਅਤੇ ਕਿਹਾ ਕਿ ਇੱਥੇ ਆਖਰੀ ਵਾਰ ਮੱਥਾ ਟੇਕਣਾ ਹੈ। ਫਿਰ ਉਸ ਨੇ ਖਾਲਸਪੁਰ ਨੇੜੇ ਪਰਮਜੀਤ ਕੌਰ,ਗੁਰਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਦਿਤਾ ਤੇ ਸਾਢੇ 11 ਵਜੇ ਦੇ ਕਰੀਬ ਫਿਰ ਮੁਕੰਦਪੁਰ ਪਹੁੰਚ ਗਿਆ। ਉਸ ਨੇ ਜਸਮੀਨ ਨੂੰ ਕਿਹਾ ਕਿ ਉਹ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਖਮਾਣੋਂ ਬਾਬੇ ਕੋਲ ਛੱਡ ਆਇਆ ਹੈ ਅਤੇ ਹੁਣ ਉਨ੍ਹਾਂ ਨੂੰ ਵੀ ਬੱਚਿਆਂ ਸਮੇਤ ਬਾਬੇ ਕੋਲ ਜਾਣਾ ਪਵੇਗਾ। ਉਦੋਂ ਤੱਕ ਜਸਮੀਨ ਦਾ ਪਿਤਾ ਗੁਰਮੇਲ ਸਿੰਘ ਰਾੜਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਘਰ ਪਰਤ ਆਇਆ ਸੀ। ਖੁਸ਼ਵਿੰਦਰ ਸਿੰਘ ਨੇ ਜਸਮੀਨ ਤੇ ਗੁਰਮੇਲ ਸਿੰਘ ਸਮੇਤ ਉਸਦੀ 6 ਸਾਲਾ ਬੇਟੀ ਪ੍ਰਭਸਿਮਰਨ ਕੌਰ ਅਤੇ ਪੁੱਤਰ ਜਸਕੀਰਤ ਸਿੰਘ(7) ਨੂੰ ਲੈ ਕੇ ਤੁਰ ਪਿਆ ਅਤੇ ਰਸਤੇ ਵਿੱਚ ਉਸ ਨੇ ਗੁਰਮੇਲ ਸਿੰਘ ਨੂੰ ਕਿਹਾ ਕਿ ਬਾਬੇ ਨੇ ਉਸ ਨੂੰ ਦੱਸਿਆ ਹੈ ਕਿ ਉਸਦਾ ਪੁੱਤਰ ਗੁਰਿੰਦਰ ਸਿੰਘ ਬੱਬੂ ਤਾਂ ਹੀ ਸ਼ਰਾਬ ਛੱਡੇਗਾ ਜੇ ਕੋਈ ਉਨ੍ਹਾਂ ਦੇ ਖੂਨ ਦੇ ਰਿਸ਼ਤੇ ਵਾਲਾ ਵਿਅਕਤੀ ਸ਼ਰਾਬ ਪੀ ਲਵੇਗਾ। ਗੁਰਮੇਲ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਅੰਮ੍ਰਿਤ ਛਕਿਆ ਹੋਇਆ ਹੈ। ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਉਸਦਾ ਪੁੱਤਰ ਸ਼ਰਾਬ ਛੱਡ ਦੇਵੇਗਾ ਅਤੇ ਉਹ ਸਾਰੇ ਪਰਿਵਾਰ ਨੂੰ ਵਿਦੇਸ਼ ਭੇਜ ਦੇਵੇਗੇ ਅਤੇ ਫਿਰ ਉਹ ਅੰਮ੍ਰਿਤ ਦੁਬਾਰਾ ਛੱਕ ਲੈਣ। ਇਥੇ ਦੱਸਣਯੋਗ ਹੈ ਕਿ ਖੁਸ਼ਵਿੰਦਰ ਸਿੰਘ ਨੇ ਇਸ ਪਰਿਵਾਰ ਤੋਂ 2 ਲੱਖ ਰੁਪਏ ਵਿਦੇਸ਼ ਭੇਜਣ ਲਈ ਪਹਿਲਾਂ ਹੀ ਠੱਗ ਲਏ ਸਨ। ਰਸਤੇ ਵਿਚ ਉਹ ਗੁਰਮੇਲ ਸਿੰਘ ਨੂੰ ਸ਼ਰਾਬ ਪਿਲਾਉਂਦਾ ਰਿਹਾ ਅਤੇ ਸ਼ਾਮ ਦੇ ਸਾਢੇ 9 ਵਜੇ ਦੇ ਕਰੀਬ ਖਾਲਸਪੁਰ ਵੱਲ ਭਾਖੜਾ ਨਹਿਰ ਉਤੇ ਲੈ ਆਇਆ। ਉਥੇ ਉਸ ਨੇ ਸ਼ਰਾਬੀ ਹੋਏ ਜਸਮੀਨ ਦੇ ਪਿਤਾ ਗੁਰਮੇਲ ਸਿੰਘ ਨੂੰ ਨਹਿਰ ਉਤੇ ਖੜਾ ਕੇ ਕਿਹਾ ਕਿ ਇੱਥੇ ਉਨਾਂ ਨੂੰ ਮੱਥਾ ਟਿਕਾਉਣਾ ਹੈ ਅਤੇ ਬਾਬੇ ਵੱਲੋਂ ਦਿੱਤਾ ਹੋਇਆ ਪ੍ਰਸ਼ਾਦ ਜਲ ਪ੍ਰਵਾਹ ਕਰਨਾ ਹੈ। ਖੁਸ਼ਵਿੰਦਰ ਸਿੰਘ ਨੇ ਜਸਮੀਨ ਨੂੰ ਕਿਹਾ ਕਿ ਉਹ ਵੀ ਆਪਣੀ ਚੁੰਨੀ ਸਿਰ ਉਤੇ ਲੈ ਕੇ ਅਤੇ ਅੱਧੀ ਚੁੰਨੀ ਬਾਬੇ ਅਨੁਸਾਰ ਹੱਥਾਂ ਉਤੇ ਲਪੇਟ ਕੇ ਪ੍ਰਸ਼ਾਦ ਜਲ ਪ੍ਰਵਾਹ ਕਰੇ। ਜਿਉਂ ਹੀ ਜਸਮੀਨ ਪ੍ਰਸ਼ਾਦ ਜਲ ਪ੍ਰਵਾਹ ਕਰਨ ਲੱਗੀ ਤਾਂ ਖੁਸ਼ਵਿੰਦਰ ਨੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਫਿਰ ਉਸ ਨੇ ਜਸਮੀਨ ਦੇ ਪਿਤਾ ਨੂੰ ਵੀ ਧੱਕਾ ਮਾਰ ਕੇ ਨਹਿਰ ਵਿੱਚ ਸੁੱਟਾ ਦਿੱਤਾ ਤੇ ਕਾਰ ਵਿੱਚ ਬੈਠੇ ਜਸਕੀਰਤ ਸਿੰਘ ਤੇ ਪ੍ਰਭਸਿਮਰਨ ਕੌਰ ਨੂੰ ਨਹਿਰ ਵਿੱਚ ਸੁੱਟ ਕੇ ਉਥੋਂ ਸਿੱਧਾ ਮੁਕੰਦਪੁਰ ਚਲਾ ਗਿਆ ਤੇ ਪਰਿਵਾਰ ਵੱਲੋਂ ਵੇਚੀ ਹੋਈ ਜ਼ਮੀਨ ਦੇ ਘਰ ਪਏ 36 ਲੱਖ 70 ਹਜ਼ਾਰ ਰੁਪਏ ਲੈ ਕੇ ਆਪਣੇ ਘਰ ਆ ਗਿਆ। ਜਿਉਂ ਹੀ ਉਸਨੇ ਜਸਮੀਨ ਨੂੰ ਧੱਕਾ ਦਿੱਤਾ ਤਾਂ ਉਸਦਾ ਨਹਿਰ ਵਿੱਚ ਲੱਗੀਆਂ ਲੋਹੇ ਦੇ ਸਰੀਏ ਦੀਆਂ ਪੌੜੀਆਂ ਨੂੰ ਹੱਥ ਪੈ ਗਿਆ ਅਤੇ ਉਹ ਕੁੱਝ ਸਮੇਂ ਬਾਅਦ ਨਹਿਰ ਵਿੱਚੋਂ ਨਿਕਲ ਕੇ ਖਤਾਨਾ ਵਿੱਚ ਲੁੱਕ ਕੇ ਬੈਠੀ ਰਹੀ ਅਤੇ ਫਿਰ ਉਹ ਨਹਿਰ ਦੇ ਬੇਲਦਾਰਾਂ ਕੋਲ ਪਹੁੰਚੀ ਜਿਥੋਂ ਉਹ ਪੁਲੀਸ ਤੱਕ ਪਹੁੰਚੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਖੁਸ਼ਵਿੰਦਰ ਸਿੰਘ ਵਿਰੁੱਧ ਥਾਣਾ ਬਸੀ ਪਠਾਣਾਂ ਵਿੱਚ ਧਾਰਾ 302,201,307 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।