ਨਵੀਂ ਦਿੱਲੀ, 21 ਜੂਨ
ਆਲ ਇੰਡੀਆ ਟੈਨਿਸ ਐਸੋਸੀਏਸ਼ਨ ਨੇ ਮਹੇਸ਼ ਭੂਪਤੀ ਤੇ ਰੋਹਨ ਬੋਪੰਨਾ ਦੇ ਦਬਾਅ ਅੱਗੇ ਝੁਕਦਿਆਂ ਆਪਣੇ ਚੋਟੀ ਦੇ ਖਿਡਾਰੀ ਲਿਏਂਡਰ ਪੇਸ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰਕੇ ਲੰਡਨ ਓਲੰਪਿਕ ਦੇ ਪੁਰਸ਼ ਟੈਨਿਸ ਡਬਲਜ਼ ਵਰਗ ਵਿਚ ਦੋ ਭਾਰਤੀ ਟੀਮਾਂ ਉਤਾਰਨ ਦਾ ਫੈਸਲਾ ਕੀਤਾ ਹੈ। ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਖੰਨਾ ਨੇ ਲੰਡਨ ਓਲੰਪਿਕ ਲਈ ਖਿਡਾਰੀਆਂ ਦੇ ਨਾਂ ਭੇਜਣ ਦੀ ਅੰਤਿਮ ਤਰੀਕ ਨੂੰ ਇਹ ਐਲਾਨ ਕਰਕੇ ਪਿਛਲੇ ਕਈ ਦਿਨ ਤੋਂ ਚਲੇ ਆ ਰਹੇ ਭੰਬਲਭੂਸੇ ਨੂੰ ਖਤਮ ਕਰ ਦਿੱਤਾ। ਪਰ ਅਜੇ ਤਕ ਪੇਸ ਨੇ ਏ ਆਈ ਟੀ ਏ ਦੇ ਇਸ ਫੈਸਲੇ ਸਬੰਧੀ ਆਪਣੀ ਸਹਿਮਤੀ ਨਹੀਂ ਦਿੱਤੀ।
ਸ੍ਰੀ ਖੰਨਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਡਨ ਓਲੰਪਿਕ ਵਿਚ ਵਿਸ਼ਨੂੰ ਵਰਸਨ ਤੇ ਲਿਏਂਡਰ ਪੇਸ ਇਕ ਟੀਮ ਦੇ ਰੂਪ ਵਿਚ ਤੇ ਦੂਜੀ ਟੀਮ ਵਿਚ ਮਹੇਸ਼ ਭੂਪਤੀ ਤੇ ਰੋਹਨ ਬੋਪੰਨਾ ਜੋੜੀ ਮੈਦਾਨ ‘ਚ ਉਤਰੇਗੀ। ਏ ਆਈ ਟੀ ਏ ਦੀ ਚੋਣ ਕਮੇਟੀ ਨੇ ਪਹਿਲਾਂ ਲਿਏਂਡਰ ਪੇਸ ਨਾਲ ਮਹੇਸ਼ ਭੂਪਤੀ ਨੂੰ ਉਤਾਰਨ ਦਾ ਫੈਸਲਾ ਲਿਆ ਸੀ ਪਰ ਭੂਪਤੀ ਨੇ ਇਸ ਫੈਸਲੇ ਦਾ ਵਿਰੋਧ ਕਰਕੇ ਪੇਸ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਬੋਪੰਨਾ ਨੇ ਵੀ ਪੇਸ ਨਾਲ ਜੋੜੀ ਬਣਾਉਣ ਤੋਂ ਨਾਂਹ ਕਰ ਦਿੱਤੀ ਸੀ।
ਇਸ ਦੌਰਾਨ ਬੁੱਧਵਾਰ ਨੂੰ ਪੇਸ ਨੇ ਇਹ ਧਮਕੀ ਦਿੱਤੀ ਸੀ ਕਿ ਜੇ ਕਿਸੇ ਜੂਨੀਅਰ ਖਿਡਾਰੀ ਨਾਲ ਉਸ ਦੀ ਜੋੜੀ ਬਣਾਈ ਜਾਂਦੀ ਹੈ ਤਾਂ ਉਹ ਲੰਡਨ ਓਲੰਪਿਕ ਵਿਚ ਨਹੀਂ ਖੇਡੇਗਾ। ਇਸ ਦੌਰਾਨ ਓਲੰਪਿਕ ਲਈ ਨਾਂ ਭੇਜਣ ਦੀ ਅੰਤਿਮ ਤਰੀਕ ਨੂੰ ਐਸੋਸੀਏਸ਼ਨ ਨੂੰ ਆਪਣਾ ਫੈਸਲਾ ਬਦਲਣਾ ਪਿਆ। ਐਸੋਸੀਏਸ਼ਨ ਨੇ ਦੋ ਪੁਰਸ਼ ਜੋੜੀਆਂ ਉਤਾਰਨ ਦੇ ਨਾਲ ਮਿਕਸਡ ਡਬਲਜ਼ ਲਈ ਲਿਏਂਡਰ ਪੇਸ ਤੇ ਸਾਨੀਆ ਮਿਰਜ਼ਾ ਦੀ ਜੋੜੀ ਦਾ ਐਲਾਨ ਕੀਤਾ ਗਿਆ ਹਾਲਾਂਕਿ ਹੁਣੇ-ਹੁਣੇ ਖਤਮ ਹੋਈ ਫਰੈਂਚ ਓਪਨ ਵਿਚ ਮਹੇਸ਼ ਭੂਪਤੀ ਤੇ ਸਾਨੀਆ ਮਿਰਜ਼ਾ ਦੀ ਜੋੜੀ ਨੇ ਖ਼ਿਤਾਬ ਜਿੱਤਿਆ ਹੈ। ਸ੍ਰੀ ਖੰਨਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਦੋ ਟੀਮਾਂ ਭੇਜਣ ਤੋਂ ਇਲਾਵਾ ਕੋਈ ਚਾਰਾ ਨਹੀਂ। ਇਸ ਗੱਲ ਵਿਚ ਕੋਈ ਦੋ ਰਾਇ ਨਹੀਂ ਕਿ ਲਿਏਂਡਰ ਪੇਸ ਨੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਅੱਗੇ ਰੱਖਿਆ ਹੈ। ਐਸੋਸੀਏਸ਼ਨ ਬਿਲਕੁਲ ਨਹੀਂ ਚਾਹੁੰਦੀ ਕਿ ਪੇਸ ਦੇ ਹਿੱਤ ਨੂੰ ਜਾਂ ਕਿਸੇ ਹੋਰ ਖਿਡਾਰੀ ਦੇ ਹਿੱਤ ਨੂੰ ਨੁਕਸਾਨ ਪੁੱਜੇ।
ਸ੍ਰੀ ਖੰਨਾ ਨੇ ਕਿਹਾ, ”ਐਸੋਸੀਏਸ਼ਨ ਬੇਨਤੀ ਕਰਦੀ ਹੈ ਕਿ ਪੇਸ, ਭੂਪਤੀ ਤੇ ਬੋਪੰਨਾ ਨਾਲ ਆਪਣੇ ਗਿਲੇ-ਸ਼ਿਕਵਿਆਂ ਨੂੰ ਭੁੱਲ ਜਾਵੇ। ਉਹ ਬੋਪੰਨਾ ਤੇ ਵਿਸ਼ਨੂੰ ਨੂੰ ਉਨ੍ਹਾਂ ਦੀ ਪਹਿਲੀ ਓਲੰਪਿਕ ਵਿਚ ਕਾਮਯਾਬ ਹੋਣ ਲਈ ਸਹਾਇਤਾ ਕਰੇ।”
ਸ੍ਰੀ ਖੰਨਾ ਨੇ ਕਿਹਾ ਕਿ ਪੇਸ ਤੋਂ ਬਿਨਾਂ ਓਲੰਪਿਕ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਾਨੂੰ ਲੱਗਦਾ ਹੈ ਕਿ ਪੇਸ ਨੂੰ ਕਿਸੇ ਜੂਨੀਅਰ ਖਿਡਾਰੀ ਨਾਲ ਉਤਾਰਨ ਦਾ ਫੈਸਲਾ ਬੇਹੱਦ ਔਖਾ ਹੈ ਤੇ ਆਸ ਹੈ ਕਿ ਪੇਸ ਰਾਸ਼ਟਰ ਹਿੱਤ ਵਿਚ ਇਸ ਨੂੰ ਸਵੀਕਾਰ ਕਰ ਲਵੇਗਾ। ਉਨ੍ਹਾਂ ਦੱਸਿਆ ਕਿ ਸਾਨੀਆ ਮਿਰਜ਼ਾ ਲਈ ਵਾਈਲਡ ਕਾਰਡ ਐਂਟਰੀ ਲਈ ਅਪੀਲ ਕੀਤੀ ਜਾ ਚੁੱਕੀ ਹੈ। ਉਹ ਲਿਏਂਡਰ ਪੇਸ ਨਾਲ ਮਿਕਸਡ ਡਬਲਜ਼ ਖੇਡੇਗੀ। ਦੋਵਾਂ ਦੀ ਮਿਕਸਡ ਦਰਜਾਬੰਦੀ 19ਵੀਂ ਬਣਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਓਲੰਪਿਕ ਵਿਚ ਸਿੱਧਾ ਦਾਖਲਾ ਮਿਲ ਜਾਵੇਗਾ।
ਦੂਜੇ ਪਾਸੇ ਭੂਪਤੀ ਨੂੰ ਐਸੋਸੀਏਸ਼ਨ ਦੇ ਫੈਸਲੇ ਨਾਲ ਆਪਣੀ ਜਿੱਤ ਦਾ ਅਹਿਸਾਸ ਤਾਂ ਹੋ ਸਕਦਾ ਹੈ ਪਰ ਇਸ ਨਾਲ ਉਹ ਇਕ ਮੁਕਾਬਲਾ ਬਿਨਾਂ ਖੇਡੇ ਹੀ ਹਾਰ ਗਿਆ ਹੈ। ਡਬਲਜ਼ ਵਿਚ ਉਸ ਦੀ ਸਾਨੀਆ ਮਿਰਜ਼ਾ ਨਾਲ ਡਬਲ ਜੋੜੀ ਟੁੱਟ ਗਈ ਹੈ। ਇਸ ਤਰ੍ਹਾਂ ਭੂਪਤੀ ਨੂੰ ਵੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਤੇ ਜੇ ਭੂਪਤੀ ਤੇ ਸਾਨੀਆ ਦੀ ਜੋੜੀ ਖੇਡਦੀ ਤਾਂ ਭਾਰਤ ਲਈ ਇਕ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਮਿਲ ਸਕਦਾ ਸੀ।
ਇਸ ਦੌਰਾਨ ਵਿਸ਼ਵ ਦੇ 207ਵੇਂ ਨੰਬਰ ਦੇ ਖਿਡਾਰੀ ਵਿਸ਼ਨੂੰ ਵਰਧਨ ਨੇ ਆਪਣੀ ਚੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਨੂੰ ਹੁਣ ਲੰਡਨ ਓਲੰਪਿਕ ਵਿਚ ਖੇਡਣ ਦੀ ਉਡੀਕ ਬਾਕੀ ਹੈ। ਵਿਸ਼ਨੂੰ ਨੇ ਕਿਹਾ, ”ਮੇਰੇ ਲਈ ਇਹ ਸੁਪਨਾ ਸੱਚ ਹੋਣ ਵਰਗੀ ਗੱਲ ਹੈ।
ਦੂਜੇ ਪਾਸੇ ਪੇਸ ਦੇ ਪਿਤਾ ਡਾ. ਵੇਸ ਪੇਸ ਨੇ ਕਿਹਾ ਕਿ ਏ ਆਈ ਟੀ ਏ ਦਾ ਫਾਰਮੂਲਾ ਸ਼ਾਇਦ ਪੇਸ ਨੂੰ ਮਨਜ਼ੂਰ ਨਾ ਹੋਵੇ। ਪੇਸ ਨੇ ਇਸ ਮਾਮਲੇ ‘ਤੇ ਅਜੇ ਤਕ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ।
ਇਸ ਦੌਰਾਨ ਸ੍ਰੀ ਖੰਨਾ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਤਾਕੀਦ ਕੀਤੀ ਪਰ ਇਸ ਦੇ ਨਾਲ ਹੀ ਕਿਹਾ ਕਿ ਭੂਪਤੀ ਤੇ ਬੋਪੰਨਾ ਵਿਰੁੱਧ ਕੋਈ ਕਾਰਵਾਈ ਨਹੀਂ ਹੋਵੇਗੀ।
-ਪੀ.ਟੀ.ਆਈ.
ਨਵੀਂ ਦਿੱਲੀ, 21 ਜੂਨ
ਲੰਡਨ ਓਲੰਪਿਕ ਲਈ ਲਿਏਂਡਰ ਪੇਸ ਨੂੰ ਵਿਸ਼ਨੂੰ ਵਰਧਨ ਨਾਲ ਜੋੜੀ ਬਣਾਉਣ ਲਈ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਪ੍ਰੇਰਿਆ। ਜ਼ਿਕਰਯੋਗ ਹੈ ਕਿ ਸ੍ਰੀ ਐਸ ਐਮ ਕ੍ਰਿਸ਼ਨਾ ਉਮਰ ਭਰ ਲਈ ਐਸੋਸੀਏਸ਼ਨ ਦੇ ਆਨਰੇਰੀ ਪ੍ਰਧਾਨ ਹਨ। ਸ੍ਰੀ ਕ੍ਰਿਸ਼ਨਾ ਨੇ ਵੀਰਵਾਰ ਸਵੇਰੇ ਲਿਏਂਡਰ ਪੇਸ ਨੂੰ ਫੋਨ ਕਰਕੇ ਮਨਾਇਆ। ਉਨ੍ਹਾਂ ਲਿਏਂਡਰ ਨੂੰ ਕਿਹਾ ਕਿ ਉਸ ਨੂੰ ਦੇਸ਼ ਦੇ ਲਈ ਕੁਝ ਕੁਰਬਾਨੀ ਕਰਨ ਦੀ ਲੋੜ ਹੈ। ਐਸੋਸੀਏਸ਼ਨ ਆਸ ਕਰਦੀ ਹੈ ਕਿ ਉਹ ਵਿਸ਼ਨੂੰ ਵਰਧਨ ਨੂੰ ਆਪਣੀ ਪਹਿਲੀ ਓਲੰਪਿਕ ਖੇਡਣ ਦਾ ਮੌਕਾ ਦੇਵੇਗਾ।
ਭਾਰਤੀ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਖੰਨਾ ਨੇ ਇਸ ਔਖੀ ਘੜੀ ਸ੍ਰੀ ਕ੍ਰਿਸ਼ਨਾ ਵੱਲੋਂ ਕੀਤੇ ਮਾਰਗ ਦਰਸ਼ਨ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਸ੍ਰੀ ਕ੍ਰਿਸ਼ਨਾ ਖ਼ੁਦ ਟੈਨਿਸ ਖਿਡਾਰੀ ਰਹੇ ਹਨ ਤੇ ਉਹ ਖਿਡਾਰੀ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ।
-ਪੀ.ਟੀ.ਆਈ.