ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੂਨ
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੂਬੇ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਭਾਵ ’ਤੇ ਫ਼ਿਕਰ ਜ਼ਾਹਰ ਕੀਤਾ। ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਰਾਜਸਥਾਨ ਤੋਂ ਭੁੱਕੀ ਅਤੇ ਅਫ਼ੀਮ ਦੀ ਸਮਗਲਿੰਗ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਸਰਕਾਰ ਨੂੰ ਗੁਆਂਢੀ ਸੂਬੇ ਵਿੱਚ ਨਸ਼ਿਆਂ ਦੇ ਠੇਕੇ ਬੰਦ ਕਰਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਮੁੱਖ ਮੰਤਰੀ ਕਿਹਾ ਕਿ ਰਾਜਸਥਾਨ ਸਰਕਾਰ ਤੱਕ ਸਾਂਝੇ ਤੌਰ ’ਤੇ ਪਹੁੰਚ ਕਰਕੇ ਇਸ ਮਾਮਲੇ ਦਾ ਹੱਲ ਕੱਢਿਆ ਜਾਵੇਗਾ। ਵਿਧਾਇਕ ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਪੁਲੀਸ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕੰਮ ਵਧ ਫੁੱਲ ਰਿਹਾ ਹੈ। ਵਿਧਾਇਕ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਨਸ਼ਾ ਛੁਡਾਊ ਕੇਂਦਰਾਂ ਅਤੇ ਸਰਕਾਰ ਵੱਲੋਂ ਚੁੱਕੇ ਜਾਂਦੇ ਹੋਰ ਕਦਮਾਂ ਦਾ ਵੇਰਵਾ ਸਦਨ ਨੂੰ ਦਿੱਤਾ ਗਿਆ।
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੰਨਿਆ ਕਿ ਸਕੂਲਾਂ ਵਿੱਚ ਮਿੱਡ ਡੇਅ ਮੀਲ ਸਕੀਮ ਅਧੀਨ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੂੰ ਤਨਖਾਹ ਦੇਣ ਵਿੱਚ ਦੇਰੀ ਹੋ ਜਾਂਦੀ ਹੈ। ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਖਾਣਾ ਬਨਾਉਣ ਵਾਲੀਆਂ ਬੀਬੀਆਂ ਨੂੰ 1200 ਰੁਪਏ ਮਹੀਨਾ ਪ੍ਰਤੀ ਵਿਅਕਤੀ ਵੇਤਨ ਦਿੱਤਾ ਜਾਂਦਾ ਹੈ। ਵਿਰੋਧੀ ਧਿਰ ਦੇ ਮੈਂਬਰ ਨੇ ਕਿਹਾ ਕਿ ਸਕੂਲਾਂ ਵਿੱਚ ਖਾਣਾ ਬਨਾਉਣ ਵਾਲੀਆਂ ਔਰਤਾਂ ਦੀ ਸਾਰੀ ਦਿਹਾੜੀ ਸਕੂਲਾਂ ਵਿੱਚ ਲੰਘ ਜਾਂਦੀ ਹੈ ਤੇ ਉਨ੍ਹਾਂ ਨੂੰ ਤਨਖਾਹ ਡੀ.ਸੀ. ਰੇਟ ਮੁਤਾਬਕ ਵੀ ਨਹੀਂ ਦਿੱਤੀ ਜਾਂਦੀ। ਸਿੱਖਿਆ ਮੰਤਰੀ ਨੇ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਦਾ ਕੋਈ ਭਰੋਸਾ ਨਹੀਂ ਦਿੱਤਾ ਸਗੋਂ ਕਿਹਾ ਕਿ ਰਾਜ ਸਰਕਾਰ ਤਾਂ ਪਹਿਲਾਂ ਹੀ ਵਿਤੋਂ ਵੱਧ ਹਿੱਸਾ ਪਾ ਰਹੀ ਹੈ। ਉਨ੍ਹਾਂ ਸਦਨ ਨੂੰ ਇਹ ਵੀ ਦੱਸਿਆ ਕਿ ਜਨਰਲ ਮੈਨੇਜਰ ਨੂੰ 21500 ਰੁਪਏ ਪ੍ਰਤੀ ਮਹੀਨਾ,ਮੈਨੇਜਰ ਨੂੰ 16500, ਸਹਾਇਕ ਬਲਾਕ ਮੈਨੇਜਰ ਨੂੰ 7500, ਲੇਖਾਕਾਰ ਨੂੰ 11500 ਤੇ ਡਾਟਾ ਐਂਟਰੀ ਆਪਰੇਟਰ ਨੂੰ ਡੀ.ਸੀ. ਰੇਟ ਮੁਤਾਬਕ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਸਿਰਫ਼ ਕੁੱਕ ਨੂੰ ਹੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਦਿਹਾਤੀ ਖੇਤਰ ਵਿੱਚ 50 ਹਜ਼ਾਰ ਵਿਅਕਤੀਗਤ ਪਖ਼ਾਨਿਆਂ ਦੀ ਉਸਾਰੀ ਪੰਚਾਇਤਾਂ ਰਾਹੀਂ ਤੇ 30690 ਪਖਾਨਿਆਂ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਰਾਹੀਂ ਕੀਤੀ ਜਾ ਰਹੀ ਹੈ। ਪਖਾਨਿਆਂ ਦੀ ਉਸਾਰੀ ਦਾ ਕੰਮ ਤਕਰੀਬਨ ਸਾਢੇ ਤਿੰਨ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਦਨ ਨੂੰ ਦੱਸਿਆ ਕਿ ਸਾਲ 2011-12 ਦੌਰਾਨ ਖੰਡ ਮਿੱਲਾਂ ਵੱਲੋਂ 141.43 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਤੇ ਕਿਸਾਨਾਂ ਨੂੰ ਅਦਾ ਕੀਤੀ ਜਾਣ ਵਾਲੀ ਕੁੱਲ ਰਾਸ਼ੀ 321.75 ਕਰੋੜ ਰੁਪਏ ਵਿੱਚੋਂ 228.64 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਤੇ 93.11 ਕਰੋੜ ਰੁਪਏ ਦਾ ਭੁਗਤਾਨ ਕਰਨਾ ਬਾਕੀ ਹੈ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਗੰਨੇ ਹੇਠ ਰਕਬਾ ਘਟਣ ’ਤੇ ਫ਼ਿਕਰ ਪ੍ਰਗਟਾਇਆ ਤੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਖੰਡ ਮਿੱਲਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਗੰਨੇ ਦੀ ਅਦਾਇਗੀ ਸਰਕਾਰ ਨੇ ਆਪਣੇ ਕੋਲੋਂ ਕੀਤੀ ਹੈ।
ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਭਗਤ ਚੁੰਨੀ ਲਾਲ ਨੇ ਦੱਸਿਆ ਕਿ ਮਾਲੇਰਕੋਟਲਾ ਵਿੱਚ ਕੂੜੇ ਦੇ ਡੰਪਿੰਗ ਗਰਾਉਂਡ ਨੂੰ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਮਦੋਟ ਨਗਰ ਪੰਚਾਇਤ ਨੂੰ ਮਿਉਂਸੀਪਲ ਕਮੇਟੀ ਦਾ ਦਰਜਾ ਦੇਣ ਦੀ ਕੋਈ ਤਜਵੀਜ਼ ਨਹੀਂ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚਮਕੌਰ ਸਾਹਿਬ ਦੇ ਥੀਮ ਪਾਰਕ ਦਾ ਕੰਮ ਜਲਦੀ ਸ਼ੁਰੂ ਕਰਾਉਣ ਦਾ ਭਰੋਸਾ ਦਿੱਤਾ। ਸਮਾਜਿਕ ਸੁਰੱਖਿਆ ਵਿਭਾਗ ਦੇ ਮੰਤਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਸਰਦੂਲਗੜ੍ਹ ਤਹਿਸੀਲ ਵਿੱਚ 25350 ਪੈਨਸ਼ਨਰਾਂ ਨੂੰ ਜਨਵਰੀ ਮਹੀਨੇ ਤੱਕ ਦੀ ਹੀ ਪੈਨਸ਼ਨ ਦਿੱਤੀ ਗਈ ਹੈ ਤੇ ਬਾਕੀ ਮਹੀਨਿਆਂ ਦੀ ਪੈਨਸ਼ਨ ਜਲਦੀ ਹੀ ਦਿੱਤੀ ਜਾ ਰਹੀ ਹੈ।