ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ‘ਵੱਟ ਇਜ਼ ਯੂਅਰ ਰਾਸ਼ੀ’ ਵਿੱਚ 14 ਅਤੇ ‘ਸਾਤ ਖ਼ੂਨ ਮਾਫ਼’ ਵਿੱਚ ਸੱਤ ਕਿਰਦਾਰ ਨਿਭਾਉਣ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਕੁਨਾਲ ਕੋਹਲੀ ਦੀ ਫ਼ਿਲਮ ਤੇਰੀ ਮੇਰੀ ਕਹਾਣੀ ‘ਚ ਤਿੰਨ ਕਿਰਦਾਰ ਨਿਭਾਏ ਹਨ। ਪ੍ਰਿਅੰਕਾ ਦਾ ਕਹਿਣਾ ਹੈ ਕਿ ਉਸ ਨੂੰ ਹਰ ਫ਼ਿਲਮ ਵਿੱਚ ਇੱਕ ਤੋਂ ਵੱਧ ਕਿਰਦਾਰ ਨਿਭਾਉਣ ‘ਚ ਵਧੇਰੇ ਖ਼ੁਸ਼ੀ ਹੁੰਦੀ ਹੈ। ਪ੍ਰਿਅੰਕਾ ਨੇ ਗੱਲਬਾਤ ਦੌਰਾਨ ਆਪਣੇ ਬਾਰੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ:
? ਤੇਰੀ ਮੇਰੀ ਕਹਾਣੀ ਬਾਰੇ ਕੀ ਕਹੋਗੇ।
- ਇਹ ਫ਼ਿਲਮ ਪਿਆਰ ਤੇ ਜ਼ਿੰਦਗੀ ਦਾ ਜਸ਼ਨ ਹੈ। ਮੈਂ ਨਿੱਜੀ ਜ਼ਿੰਦਗੀ ‘ਚ ਬਹੁਤ ਰੁਮਾਂਟਿਕ ਹਾਂ। ਮੇਰਾ ਮੰਨਣਾ ਹੈ ਕਿ ਪਿਆਰ ਸਾਰੇ ਸੰਸਾਰ ਨੂੰ ਆਪਣੇ ਪਿੱਛੇ ਘੁਮਾਉਂਦਾ ਹੈ ਤੇ ਹੁਣ ਤਕ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਬਣੀ ਹੈ।
? ਇਹ ਫ਼ਿਲਮ ਕਿਉਂ ਕੀਤੀ।
- ਜਦੋਂ ਕੁਨਾਲ ਨੇ ਮੇਰੇ ਕੋਲ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਤੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਕਹਾਣੀ ਐਨੀ ਰੌਚਿਕ ਲੱਗੀ ਕਿ ਮੈਂ ਚੁੱਪਚਾਪ ਸੁਣਦੀ ਰਹੀ। ਮੈਂ ਕੁਨਾਲ ਨੂੰ ਪੁੱਛਿਆ ਕਿ ਇਸ ‘ਚ ਮੈਂ ਸਿਰਫ਼ ਤਿੰਨ ਕਿਰਦਾਰ ਨਿਭਾਉਣੇ ਹਨ। ਉਹ ਹੈਰਾਨ ਹੋਇਆ ਕਿਉਂਕਿ ਮੈਨੂੰ ਜ਼ਿਆਦਾ ਕਿਰਦਾਰ ਨਿਭਾਉਣ ‘ਚ ਮਜ਼ਾ ਆਉਂਦਾ ਹੈ। ਇਸ ਫ਼ਿਲਮ ਲਈ ਹਾਮੀ ਭਰਨ ਦਾ ਦੂਜਾ ਕਾਰਨ ਇਹ ਇੱਕ ਰੁਮਾਂਟਿਕ ਫ਼ਿਲਮ ਹੈ।
? ਕਮੀਨੇ ਤੋਂ ਬਾਅਦ ਇੱਕ ਵਾਰ ਫਿਰ ਸ਼ਾਹਿਦ ਨਾਲ ਕੰਮ ਕਰਕੇ ਕਿੰਜ ਲੱਗਿਆ।
- ਮੈਨੂੰ ਸ਼ਾਹਿਦ ਨਾਲ ਕੰਮ ਕਰਕੇ ਬਹੁਤ ਖ਼ੁਸ਼ੀ ਹੋਈ ਤੇ ਮੈਂ ਅੱਗੇ ਵੀ ਸ਼ਾਹਿਦ ਨਾਲ ਕੰਮ ਕਰਨਾ ਪਸੰਦ ਕਰਾਂਗੀ। ਸ਼ਾਹਿਦ ਨੂੰ ਲੈ ਕੇ ਜੋ ਵੀ ਗੱਲਾਂ ਛਪਦੀਆਂ ਰਹੀਆਂ ਹਨ, ਉਹ ਸਭ ਮੀਡੀਆ ਦੀ ਦਿਮਾਗੀ ਉਪਜ ਹਨ।
? ਤੁਹਾਡੇ ਲਈ ਪਿਆਰ ਤੋਂ ਕੀ ਭਾਵ ਹੈ।
- ਮੇਰੇ ਲਈ ਪਿਆਰ ਫੁੱਲ ਜਾਂ ਚਾਕਲੇਟ ਤੋਂ ਕਈ ਗੁਣਾਂ ਜ਼ਿਆਦਾ ਮਾਅਨੇ ਰੱਖਦਾ ਹੈ। ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇਹ ਗੱਲ ਉਸ ਨੂੰ ਹਰ ਦਿਨ ਨਵੇਂ ਢੰਗ ਨਾਲ ਕਹਿ ਸਕਦੇ ਹੋ।
? ਫ਼ਿਲਮ ਕ੍ਰਿਸ਼-3 ਬਾਰੇ ਕੀ ਕਹੋਗੇ।
-ਫਿਲਹਾਲ ਕੁਝ ਨਹੀਂ ਕਹਿ ਸਕਦੀ। ਸਹੀ ਸਮਾਂ ਆਉਣ ਦਿਓ, ਜ਼ਰੂਰ ਦੱਸਾਂਗੀ। ਹਾਲੇ ਇਹੀ ਕਹਿ ਸਕਦੀ ਹਾਂ ਕਿ ਬਹੁਤ ਹੀ ਬਿਹਤਰੀਨ ਫ਼ਿਲਮ ਬਣ ਰਹੀ ਹੈ।
? ਕਿਸਮਤ ‘ਚ ਯਕੀਨ ਰੱਖਦੋ ਹੋ।
- ਮੈਂ ਕਿਸਮਤ ‘ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਹਾਂ। ਕਿਸਮਤ ਦੀ ਹੀ ਖੇਡ ਹੈ ਕਿ ਮੈਂ ਇੱਥੇ ਇੱਕ ਕਲਾਕਾਰ ਦੇ ਰੂਪ ਵਿੱਚ ਲੋਕਾਂ ਦੇ ਦਿਲਾਂ ‘ਚ ਵਸੀ ਹੋਈ ਹਾਂ, ਨਹੀਂ ਤਾਂ ਬਰੇਲੀ ਜਿਹੇ ਛੋਟੇ ਸ਼ਹਿਰ ਦੀ ਮੱਧਵਰਗੀ ਪਰਿਵਾਰ ਨਾਲ ਸਬੰਧਤ ਕੁੜੀ ਇੱਥੋਂ ਤਕ ਕਿਵੇਂ ਪਹੁੰਚ ਸਕਦੀ ਸੀ? ਸਿਰਫ਼ 17 ਸਾਲ ਦੀ ਉਮਰ ਤੇ ਬਾਰ੍ਹਵੀਂ ਤਕ ਦੀ ਪੜ੍ਹਾਈ ਪੂਰੀ ਹੁੰਦੇ ‘ਮਿਸ ਵਰਲਡ’ ਦਾ ਖਿਤਾਬ ਹਾਸਲ ਕਰਨਾ ਕਿਸਮਤ ਹੀ ਕਹੀ ਜਾ ਸਕਦੀ ਹੈ। ਅੱਜ ਮੈਂ ਜਿੱਥੇ ਵੀ ਹਾਂ, ਇੱਥੋਂ ਤਕ ਪਹੁੰਚਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਤਕਦੀਰ ‘ਚ ਲਿਖੇ ਨੂੰ ਕੌਣ ਮਿਟਾ ਸਕਦਾ ਹੈ। ਐਨਾ ਜ਼ਰੂਰ ਹੈ ਕਿ ਮੈਂ ਹਮੇਸ਼ਾਂ ਹਰ ਕੰਮ ਲਗਨ ਨਾਲ ਕਰਦੀ ਹਾਂ। ਮੁੰਬਈ ਮਹਾਂਨਗਰ ਖਾਸਕਰ ਬਾਲੀਵੁੱਡ ਵਿੱਚ ਮੇਰੀ ਕੋਈ ਜਾਣ-ਪਛਾਣ ਨਹੀਂ ਸੀ ਪਰ ਮੈਨੂੰ ਕੰਮ ਮਿਲਦਾ ਗਿਆ ਤੇ ਮੈਂ ਕਰਦੀ ਚਲੀ ਗਈ।
? ਕਦੇ ਰਿਐਲਿਟੀ ਸ਼ੋਅ ਬਿੱਗਬੌਸ ਦਾ ਹਿੱਸਾ ਬਣਨਾ ਚਾਹੋਗੇ।
- ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਮੈਨੂੰ ਇਸ ਸ਼ੋਅ ਦਾ ਹਿੱਸਾ ਬਣਨ ਲਈ ਮੋਟੀ ਰਕਮ ਵੀ ਦਿੱਤੀ ਜਾਵੇ ਤਾਂ ਵੀ ਨਹੀਂ ਕਿਉਂਕਿ ਸੌਣ ਸਮੇਂ, ਚੱਲਦੇ-ਫਿਰਦੇ, ਖਾਂਦੇ-ਪੀਂਦੇ ਹਰ ਵਕਤ ਕੈਮਰਾ ਮੇਰੇ ‘ਤੇ ਹੋਵੇ, ਇਹ ਮੈਂ ਕਦੇ ਨਹੀਂ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਬਿੱਗਬੌਸ ਦੇ ਘਰ ‘ਚ ਆਸ਼ੂਤੋਸ਼ ਗੋਵਾਰੀਕਰ, ਸਾਜਿਦ ਖ਼ਾਨ, ਰਾਖੀ ਸਾਵੰਤ, ਮੀਕਾ ਸਿੰਘ ਤੇ ਰੇਖਾ ਨੂੰ ਰੱਖਿਆ ਜਾਵੇ। ਰੇਖਾ ਨੂੰ ਲੈ ਕੇ ਬਹੁਤ ਸਾਰੇ ਭੇਦ ਬਣੇ ਹੋਏ ਹਨ ਤੇ ਮੇਰੀ ਵੀ ਇੱਛਾ ਹੈ ਕਿ ਰੇਖਾ ਦਿਨ ਭਰ ਕੀ ਕਰਦੀ ਹੈ, ਇਹ ਜਾਨਣ ਨੂੰ ਮਿਲੇ। ਇਸ ਤੋਂ ਇਲਾਵਾ ਮੈਂ ਚਾਹੁੰਦੀ ਹਾਂ ਕਿ ਦਲੇਰ ਮਹਿੰਦੀ ਤੇ ਸ਼ਸ਼ੀ ਥਰੂਰ ਦੇ ਨਾਲ ਕਰਨ ਜੌਹਰ ਨੂੰ ਵੀ ਬਿੱਗਬੌਸ ‘ਚ ਜਗ੍ਹਾ ਮਿਲੇ।
? ਕੋਈ ਸਮਾਂ ਸੀ ਜਦੋਂ ਫ਼ਿਲਮਾਂ ‘ਚ ਹੀਰੋਇਨ ਦਾ ਕੰਮ ਦਰੱਖਤਾਂ ਦੇ ਆਲੇ-ਦੁਆਲੇ ਨੱਚਣ-ਗਾਉਣ ਤਕ ਸੀਮਤ ਸੀ ਪਰ ਹੁਣ ਇਸ ਤਰ੍ਹਾਂ ਦਾ ਕੁਝ ਵੀ ਪਰਦੇ ‘ਤੇ ਨਜ਼ਰ ਨਹੀਂ ਆ ਰਿਹਾ। ਕੀ ਕਹੋਗੇ।
- ਸਿਨੇਮਾ ਸਮਾਜ ਦੀ ਤਸਵੀਰ ਹੈ। ਅੱਜ ਦਾ ਸਿਨੇਮਾ ਅੱਜ ਦੇ ਸਮਾਜ, ਨੌਜਵਾਨ ਪੀੜ੍ਹੀ ਨੂੰ ਧਿਆਨ ‘ਚ ਰੱਖ ਕੇ ਕੰਮ ਕਰ ਰਿਹਾ ਹੈ। ਦੇਸ਼ ਦੀ ਅਬਾਦੀ ਦਾ 60 ਫ਼ੀਸਦੀ ਹਿੱਸਾ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਹੁਣ ਕੁੜੀਆਂ ਵੀ ਆਜ਼ਾਦ ਹਨ ਤੇ ਹਰ ਖੇਤਰ ਵਿੱਚ ਖੱਲ੍ਹ ਕੇ ਵਿਚਰ ਰਹੀਆਂ ਹਨ। ਅਜਿਹੇ ਹਾਲਾਤ ਦੇ ਮੱਦੇਨਜ਼ਰ ਹੀਰੋਇਨਾਂ ਭਾਵ ਔਰਤਾਂ ਲਈ ਖਾਸ ਕਿਰਦਾਰ ਲਿਖੇ ਜਾ ਰਹੇ ਹਨ। ਇਨ੍ਹਾਂ ਦੀ ਸ਼ੁਰੂਆਤ ਮੇਰੀ ਅਦਾਕਾਰੀ ਨਾਲ ਸਜੀ ਫ਼ਿਲਮ ਫੈਸ਼ਨ ਤੋਂ ਹੋਈ ਸੀ। ਸੱਚ ਕਹਿੰਦੀ ਹਾਂ, ਅੱਜ ਦੀ ਤਾਰੀਖ ‘ਚ ਜੋ ਫ਼ਿਲਮਾਂ ਬਣ ਰਹੀਆਂ ਹਨ ਉਹ 10 ਸਾਲ ਪਹਿਲਾਂ ਬਣਾਈਆਂ ਹੀ ਨਹੀਂ ਜਾ ਸਕਦੀਆਂ ਸਨ।
? ਸਿਨੇਮਾ ‘ਚ ਆ ਰਹੇ ਬਦਲਾਅ ਨੂੰ ਦੇਖਦੇ ਹੋਏ ਤੁਹਾਨੂੰ ਲੱਗਦਾ ਹੈ ਕਿ ਭਵਿੱਖ ‘ਚ ਸਿਨੇਮਾ ਔਰਤ ‘ਤੇ ਕੇਂਦਰਤ ਹੋਵੇਗਾ।
- ਨਹੀਂ, ਇਹ ਸੰਭਵ ਨਹੀਂ। ਭਾਰਤ ਮਰਦ ਪ੍ਰਧਾਨ ਮੁਲਕ ਹੈ, ਇਸ ਲਈ ਸਿਨੇਮਾ ਵੀ ਹਮੇਸ਼ਾਂ ਹੀਰੋ ‘ਤੇ ਕੇਂਦਰਤ ਰਹੇਗਾ।
-ਸ਼ਾਂਤੀ ਸਵਰੂਪ ਤ੍ਰਿਪਾਠੀ