ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਸਬਜੀਆਂ ਦੀ ਵਿਕਰੀ ਦਾ ਪ੍ਰਬੰਧ ਆਪ ਕਰੋ

Posted On June - 22 - 2012

ਤੁਹਾਡੇ ਬਹੁ-ਗਿਣਤੀ ਵਿਚ ਆਉਂਦੇ ਫੋਨ ਇਹ ਸੰਕੇਤ ਦਿੰਦੇ ਹਨ ਕਿ ਤੁਸੀਂ ਇਸ ਕਾਲਮ ਨੂੰ ਉਤਸੁਕਤਾ ਅਤੇ ਸੰਜੀਦਗੀ ਨਾਲ ਪੜ੍ਹਦੇ ਹੋ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਤੁਸੀਂ ਖੇਤੀ ਵਿਚ ਤਬਦੀਲੀ ਲਈ ਗੰਭੀਰ ਹੋ। ਪਿਛਲੇ ਮਹੀਨੇ ਅਸੀਂ ਲਿਖਿਆ ਸੀ ਕਿ ਕਣਕ-ਝੋਨੇ ਦੇ ਫਸਲ ਚੱਕਰ ਵਿਚ ਕੁਝ ਤਬਦੀਲੀ ਕਰਕੇ ਇਸ ਵਿਚ ਕੁਝ ਨਵੀਆਂ ਫਸਲਾਂ ਤੇ ਪਸ਼ੂ ਪਾਲਣ ਅਪਣਾਵੋ। ਇਹ ਪੜ੍ਹ ਕੇ ਤੁਸੀਂ ਬਹੁਤ ਸਾਰੇ ਗਿਲੇ-ਸ਼ਿਕਵੇ ਸਾਂਝੇ ਕੀਤੇ ਹਨ। ਸਾਰਿਆਂ ਬਾਰੇ ਲਿਖਣਾ ਤਾਂ ਕਠਿਨ ਹੈ ਪਰ ਨਮੂਨੇ ਦੇ ਤੌਰ ਉਤੇ ਕੁਝ ਸ਼ਿਕਵੇ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ। ਡੇਰਾਬਸੀ ਲਾਗਲੇ ਪਿੰਡ ਤੋਂ ਇਕ ਕਿਸਾਨ ਨੂੰ ਗਿਲਾ ਸੀ ਕਿ ਤੁਸੀਂ ਸਬਜ਼ੀਆਂ ਦੀ ਕਾਸ਼ਤ ਬਾਰੇ ਲਿਖਦੇ ਹੋ। ਮੈਂ ਇਸ ਵਾਰ ਨੌਂ ਏਕੜ ਆਲੂ ਲਗਾਏ ਸਨ। ਇਹ 150 ਰੁਪਏ ਦੇ ਕੁਇੰਟਲ ਵੇਚਣੇ ਪਏ, ਖਰਚ ਵੀ ਪੂਰਾ ਨਹੀਂ ਹੋ ਸਕਿਆ। ਮੋਰਿੰਡਾ ਤੋਂ ਇਕ ਕਿਸਾਨ ਦਾ ਆਖਣਾ ਸੀ ਕਿ ਚਾਰ ਮਹੀਨੇ ਹੋ ਗਏ ਗੰਨਾ ਮਿੱਲ ਉਤੇ ਸੁੱਟਿਆਂ ਹੁਣ ਤੀਕ ਪੈਸੇ ਨਹੀਂ ਮਿਲੇ। ਬਠਿੰਡੇ ਤੋਂ ਕਿਸਾਨਾਂ ਦਾ ਗਿਲਾ ਸੀ ਕਿ ਤੁਸੀਂ ਆਖਦੇ ਹੋ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ ਪਰ ਸਰਕਾਰ ਨੇ ਤਾਂ ਨਹਿਰੀ ਪਾਣੀ ਹੀ ਬੰਦ ਕਰ ਦਿੱਤਾ। ਇਹ ਮਈ ਦੇ ਪਹਿਲੇ ਹਫਤੇ ਛੱਡਿਆ ਜਾਵੇਗਾ। ਬਿਜਲੀ ਕੇਵਲ ਦੋ ਘੰਟੇ ਲਈ ਆ ਰਹੀ ਹੈ। ਭਾਰਤ ਸਰਕਾਰ ਦੇ ਦਾਲ ਮਿਸ਼ਨ ਵੱਲੋਂ ਮੂੰਗੀ ਬੀਜਣ ਲਈ ਆਖਿਆ ਜਾ ਰਿਹਾ ਹੈ ਪਰ ਪਾਣੀ ਤੋਂ ਬਗੈਰ ਅਜੇਹਾ ਕਿਵੇਂ ਹੋ ਸਕਦਾ ਹੈ। ਤੁਹਾਡੀਆਂ ਸ਼ਿਕਾਇਤਾਂ ਵਾਜਬ ਹਨ। ਸਰਕਾਰ ਦਾ ਵੀ ਇਸ ਵਿਚ ਕਸੂਰ ਹੈ ਪਰ ਤੁਹਾਨੂੰ ਹਰੇਕ ਕਾਰਜ ਲਈ ਸਰਕਾਰ ਉਤੇ ਨਿਰਭਰ ਨਹੀਂ ਹੋਣਾ ਚਾਹੀਦਾ। ਪੈਦਾਵਾਰ ਦੀ ਵਿਕਰੀ ਦਾ ਪ੍ਰਬੰਧ ਆਪ ਕਰਨਾ ਚਾਹੀਦਾ ਹੈ। ਕਣਕ-ਝੋਨੇ ਦਾ ਫਸਲ ਚੱਕਰ ਅਸੀਂ ਇਸੇ ਕਰਕੇ ਨਹੀਂ ਬਦਲਦੇ ਕਿਉਂਕਿ ਪੈਦਾਵਾਰ ਸਰਕਾਰ ਨੇ ਜ਼ਰੂਰ ਹੀ ਖਰੀਦ ਲੈਣੀ ਹੈ। ਸਬਜ਼ੀਆਂ ਦੀ ਵਿਕਰੀ ਦਾ ਆਪ ਪ੍ਰਬੰਧ ਕਰਨਾ ਪਵੇਗਾ। ਇਕੋ ਸਬਜ਼ੀ ਹੇਠ ਸਾਰਾ ਰਕਬਾ ਨਾ ਬੀਜੋ। ਕੁਝ ਆਪਣੇ ਆਪ ਨੂੰ ਸੰਗਠਿਤ ਕਰੋ। ਜਦੋਂ ਆਲੂ ਦੋ ਰੁਪਏ ਕਿਲੋ ਹੋਏ ਸਨ, ਉਦੋਂ ਮੰਡੀਆਂ ਦਾ ਘੇਰਾਓ ਕਰਨਾ ਚਾਹੀਦਾ ਸੀ। ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਆਲੂ ਬਾਹਰੋਂ ਮੰਗਵਾਉਣ ਦੀ ਥਾਂ ਬਾਹਰ ਭੇਜਣੇ ਚਾਹੀਦੇ ਹਨ। ਜਿਵੇਂ ਝੋਨੇ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਵੇਂ ਹੀ ਨਰਮੇ ਦੀ ਬਿਜਾਈ ਲਈ ਵੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬਹੁਤੀਆਂ ਸਰਕਾਰੀ ਮਿੱਲਾਂ ਗੰਨਾ ਨਾ ਮਿਲਣ ਕਰਕੇ ਬੰਦ ਪਈਆਂ ਹਨ। ਕਿਸਾਨਾਂ ਨੂੰ ਗੰਨਾ ਬੀਜਣ ਲਈ ਉਤਸ਼ਾਹਤ ਕਰਕੇ ਤੇ ਪੂਰਾ ਮੁੱਲ ਦੇ ਕੇ ਹੀ ਕੀਤਾ ਜਾ ਸਕਦਾ ਹੈ।ਡਾ. ਰਣਜੀਤ ਸਿੰਘ

ਜਦੋਂ ਤੋਂ ਸਿੰਚਾਈ ਸਹੂਲਤਾਂ ਵਿਚ ਵਾਧਾ ਹੋਇਆ ਹੈ। ਉਦੋਂ ਤੋਂ ਹੀ ਜੂਨ ਵੀ ਕਿਸਾਨਾਂ ਲਈ ਰੁਝੇਵਿਆਂ ਭਰਿਆ ਮਹੀਨਾ ਹੋ ਗਿਆ ਹੈ। ਗਰਮੀ ਵੀ ਆਪਣੇ ਸਿਖਰ ’ਤੇ ਹੁੰਦੀ ਹੈ। ਪਿੰਡਾਂ ਵਿਚ ਵਿਆਹ ਵੀ ਇਸੇ ਮਹੀਨੇ ਹੁੰਦੇ ਹਨ। ਹਾੜ੍ਹੀ ਦੀ ਬਹੁਤੀ ਵੱਟਕ ਸਮਾਜਿਕ ਸਮਾਗਮਾਂ ਉਤੇ ਹੀ ਖਰਚ ਹੋ ਜਾਂਦੀ ਹੈ। ਸਾਡੇ ਸਮਾਜ ਵਿਚ ਫੋਕੀ ਸ਼ਾਨ ਅਤੇ ਵਿਖਾਵੇ ਵੱਲ ਬਹੁਤਾ ਧਿਆਨ ਦਿੱਤਾ ਜਾਣ ਲੱਗ ਪਿਆ ਹੈ। ਅਸੀਂ ਚਾਦਰ ਵੇਖ ਪੈਰ ਪਸਾਰਨ ਵਾਲਾ ਮੁਹਾਵਰਾ ਭੁੱਲ ਰਹੇ ਹਾਂ। ਹਾੜ੍ਹੀ ਦੀ ਸਾਰੀ ਵਟਕ ਤਾਂ ਵਿਆਹਾਂ ਉਤੇ ਖਰਚ ਹੁੰਦੀ ਹੈ। ਬਹੁਤੀ ਵੇਰ ਕਿਸਾਨ ਕਰਜ਼ਾ ਲੈਂਦੇ ਹਨ। ਫੋਕੀ ਸ਼ਾਨ ਲਈ ਲਏ ਕਰਜ਼ੇ ਨੂੰ ਮੋੜਨਾ ਔਖਾ ਹੋ ਜਾਂਦਾ ਹੈ। ਪੰਜਾਬ ਵਿਚ ਕਿਸਾਨਾਂ ਦੀ ਬਹੁ-ਗਿਣਤੀ ਕਰਜ਼ਾਈ ਹੈ। ਜਦੋਂ ਇਹ ਕਰਜ਼ਾ ਮੋੜਨਾ ਵਸੋਂ ਬਾਹਰ ਹੋ ਜਾਂਦਾ ਹੈ ਤਾਂ ਕਈ ਵਾਰ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਵਿਆਹਾਂ ਅਤੇ ਦੂਜੇ ਸਮਾਗਮਾਂ ਉਤੇ ਫਜ਼ੂਲ-ਖਰਚੀ ਨੂੰ ਰੋਕਣ ਦੀ ਲੋੜ ਹੈ। ਅਸਲ ਵਿਚ ਪਿੰਡਾਂ ਦੀਆਂ ਪੰਚਾਇਤਾਂ ਜਾਂ ਧਾਰਮਿਕ ਆਗੂਆਂ ਨੂੰ ਇਸ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ ਹੈ। ਜਦੋਂ ਸਿੰਚਾਈ ਸਹੂਲਤਾਂ ਵਿਚ ਵਾਧਾ ਨਹੀਂ ਸੀ ਹੋਇਆ ਉਦੋਂ ਤੀਕ ਜੂਨ ਦਾ ਮਹੀਨਾ ਕਿਸਾਨ ਲਈ ਵਿਹਲ ਦਾ ਸਮਾਂ ਹੁੰਦਾ ਸੀ ਪਰ ਸਿੰਚਾਈ ਸਹੂਲਤਾਂ ਵਿਚ ਹੋਏ ਵਾਧੇ ਨਾਲ ਸਾਉਣੀ ਦੀਆਂ ਸਾਰੀਆਂ ਫਸਲਾਂ ਦੀ ਬਿਜਾਈ ਇਸੇ ਮਹੀਨੇ ਸ਼ੁਰੂ ਹੋ ਜਾਂਦੀ ਹੈ। ਹੁਣ ਪਹਿਲਾਂ ਵਾਂਗ ਕਿਸਾਨ ਬਾਰਸ਼ ਦੀ ਉਡੀਕ ਨਹੀਂ ਕਰਦਾ। ਪੰਜਾਬ ਵਿਚ ਜਦੋਂ ਤੋਂ ਝੋਨਾ ਸਾਉਣੀ ਦੀ ਮੁੱਖ ਫਸਲ ਬਣਿਆ ਹੈ ਉਦੋਂ ਤੋਂ ਇਸ ਮਹੀਨੇ ਰੁਝੇਵਿਆਂ ਵਿਚ ਵਾਧਾ ਹੋ ਗਿਆ ਹੈ। ਸੂਬੇ ਵਿਚ ਪਾਣੀ ਦੀ ਵਧ ਰਹੀ ਘਾਟ ਨੂੰ ਵੇਖਦਿਆਂ ਹੋਇਆਂ ਅਗੇਤਾ ਝੋਨਾ ਨਹੀਂ ਲਗਾਉਣਾ ਚਾਹੀਦਾ। ਸਰਕਾਰੀ ਕਾਨੂੰਨ ਅਨੁਸਾਰ ਝੋਨੇ ਦੀ ਲੁਆਈ 10 ਜੂਨ ਪਿਛੋਂ ਹੀ ਕੀਤੀ ਜਾ ਸਕਦੀ ਹੈ। ਇਸ ਕਾਨੂੰਨ ਦੀ ਪਾਲਣਾ ਕਰਨਾ ਸਾਰੇ  ਕਿਸਾਨਾਂ ਦਾ ਧਰਮ ਹੈ। ਅਸਲ ਵਿਚ ਝੋਨੇ ਦੀ ਲੁਆਈ ਹਾੜ ਦੀ ਸੰਗਰਾਂਦ ਨੂੰ ਹੀ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਸਿੱਧੀ ਬਿਜਾਈ ਕਰ ਲਈ ਜਾਵੇ ਤਾਂ ਪਾਣੀ ਦੀ ਹੋਰ ਵੀ ਬੱਚਤ ਹੋ ਸਕਦੀ ਹੈ।
ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਛੇ ਟਨ ਰੂੜੀ, ਮੁਰਗੀਆਂ ਦੀ ਖਾਦ ਜਾਂ ਪ੍ਰੈਸਮੱਡ ਪ੍ਰਤੀ ਏਕੜ ਜ਼ਰੂਰ ਪਾਵੋ। ਜੇਕਰ ਹੋ ਸਕੇ ਤਾਂ ਖੇਤਾਂ ਨੂੰ ਲੇਜਰ ਵਾਲੇ ਕਰਾਹੇ ਨਾਲ ਪੱਧਰਾ ਕਰ ਲੈਣਾ ਹੈ। ਪਨੀਰੀ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਕੱਦੂ ਕਰਨਾ ਚਾਹੀਦਾ ਹੈ। ਪਨੀਰੀ ਜਦੋਂ ਇਕ ਮਹੀਨੇ ਦੀ ਹੋ ਜਾਵੇ ਉਦੋਂ ਹੀ ਪੁਟ ਕੇ ਲਗਾਉਣੀ ਚਾਹੀਦੀ ਹੈ। ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਜ਼ਰੂਰ ਲਗਾਉ ਤਾਂ ਜੋ ਪਨੀਰੀ ਜੜ੍ਹਾਂ ਸਮੇਤ ਆਸਾਨੀ ਨਾਲ ਪੁੱਟੀ ਜਾ ਸਕੇ। ਖੇਤ ਵਿਚ ਲਗਾਉਣ ਤੋਂ ਪਹਿਲਾਂ ਜੜ੍ਹਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਪਨੀਰੀ ਕਤਾਰਾਂ ਵਿਚ ਲਗਾਵੋ ਅਤੇ ਇਕ ਥਾਂ ਦੋ ਬੂਟੇ ਲਗਾਵੋ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 20 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫਾਸਲਾ ਰੱਖੋ। ਬੂਟੇ ਗਾਰੇ ਵਿਚ ਸਿੱਧੇ ਗੱਡੋ। ਪਨੀਰੀ ਨੂੰ ਬਿਨਾਂ ਕੱਦੂ ਕੀਤਿਆਂ ਵੱਟਾਂ ਉਤੇ ਵੀ ਲਗਾਇਆ ਜਾ ਸਕਦਾ ਹੈ। ਖਾਲੀਆਂ ਵਿਚ ਪਾਣੀ ਭਰ ਕੇ 9 ਸੈਂਟੀਮੀਟਰ ਦੇ ਫਾਸਲੇ ਉਤੇ ਬੂਟੇ ਲਗਾਵੋ। ਖਿਆਲ ਰੱਖੋ ਕਿ ਇਕ ਵਰਗ ਮੀਟਰ ਥਾਂ ਵਿਚ 33 ਬੂਟੇ ਜ਼ਰੂਰ ਲਗਾਏ ਜਾਣ। ਲੁਆਈ ਤੋਂ ਪੰਦਰਾਂ ਦਿਨਾਂ ਤੀਕ ਦਿਨ ਵਿਚ ਇਕ ਵਾਰ ਪਾਣੀ ਵੱਟਾਂ ਉਤੋਂ ਲੰਘਾ ਦੇਵੋ। ਮੁੜ ਪਾਣੀ ਖਾਲ੍ਹਾਂ ਵਿਚ ਖੜਾ ਰੱਖੋ। ਇਹ ਵੀ ਸਿੱਧ ਹੋ ਗਿਆ ਹੈ ਕਿ ਝੋਨੇ ਦੀ ਬਿਜਾਈ ਦੂਜੀਆਂ ਫਸਲਾਂ ਵਾਂਗ ਵੀ ਕੀਤੀ ਜਾ ਸਕਦੀ ਹੈ। ਹਲਕੀਆਂ ਜ਼ਮੀਨਾਂ ਵਿਚ ਸਿੱਧੀ ਬਿਜਾਈ ਨਾ ਕੀਤੀ ਜਾਵੇ। ਇਹ ਬਿਜਾਈ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਖੇਤ ਨੂੰ ਤਿਆਰ ਕਰਨ ਸਮੇਂ ਨਦੀਨਾਂ ਨੂੰ ਉੱਗ ਲੈਣ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ ਵਹਾਈ ਨਾਲ ਉਹ ਨਸ਼ਟ ਹੋ ਸਕਣ। ਇਕ ਏਕੜ ਵਿਚ 10 ਕਿਲੋ ਬੀਜ ਪ੍ਰਤੀ ਏਕੜ ਪਾਵੋ। ਸਿੱਧੀ ਬਿਜਾਈ ਵੀ 10 ਜੂਨ ਤੋਂ ਹੀ ਸ਼ੁਰੂ ਕੀਤੀ ਜਾਵੇ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫਾਸਲਾ 20 ਸੈਂ. ਮੀਟਰ ਰੱਖੋ। ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ। ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਜ਼ਰੂਰ ਕਰੋ। ਪਹਿਲੀ ਗੋਡੀ 15 ਦਿਨਾਂ ’ਤੇ ਦੂਜੀ ਗੋਡੀ 30 ਦਿਨਾਂ ਪਿਛੋਂ ਕਰੋ। ਇਹ ਗੋਡੀ ਪੈਡੀ ਵੀਡਰ ਨਾਲ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਪੁਟਾਈ ਹੱਥਾਂ ਨਾਲ ਵੀ ਹੋ ਸਕਦੀ ਹੈ। ਪਨੀਰੀ ਲਗਾਉਣ ਪਿਛੋਂ ਦੋ ਹਫਤਿਆਂ ਤੀਕ ਖੇਤ ਵਿਚ ਪਾਣੀ ਖੜਾ ਰੱਖਣਾ ਜ਼ਰੂਰੀ ਹੈ।
ਕਣਕ ਝੋਨੇ ਦੇ ਫਸਲ ਚੱਕਰ ਤੋਂ ਪਹਿਲਾਂ ਕਿਸਾਨ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਤਰ੍ਹਾਂ ਦੀ ਫਸਲ ਬੀਜਦਾ ਸੀ। ਗੰਨਾ, ਮੱਕੀ, ਦਾਲਾਂ, ਤੇਲ ਬੀਜ ਆਦਿ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਸਨ। ਘਰ ਵਿਚ ਮੰਜੇ, ਪੀਹੜੇ ਬਣਾਉਣ ਲਈ ਰੱਸੀਆਂ ਦੀ ਲੋੜ ਪੈਂਦੀ ਸੀ। ਰਸੀਆਂ ਵਟਣ ਲਈ ਕੁਝ ਰਕਬੇ ਵਿਚ ਸਣ ਵੀ ਬੀਜੀ ਜਾਂਦੀ ਸੀ। ਜੇਕਰ ਹੋ ਸਕੇ ਤਾਂ ਕੁਝ ਰਕਬੇ ਵਿਚ ਸਣ ਦੀ ਬਿਜਾਈ ਕਰੋ। ਪੰਜਾਬ ਵਿਚ ਕਾਸ਼ਤ ਲਈ ਪੀ.ਏ.ਯੂ. 1691, ਨਰਿੰਦਰ ਸਨਈ-1 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਸਣ ਨੂੰ ਹਰੀ ਖਾਦ ਲਈ ਵੀ ਵਰਤਿਆ ਜਾਂਦਾ ਹੈ। ਇਕ ਏਕੜ ਵਿਚ ਦਸ ਕਿਲੋ ਬੀਜ ਪਾਵੋ ਤੇ ਇਸੇ ਮਹੀਨੇ ਬਿਜਾਈ ਪੂਰੀ ਕਰੋ। ਬਿਜਾਈ ਸਮੇਂ ਕਤਾਰਾਂ ਵਿਚਕਾਰ ਫਾਸਲਾ 22.5 ਸੈਂਟੀਮੀਟਰ ਰੱਖੋ। ਬੀਜ ਨੂੰ ਭਿਉਂਕੇ ਬੀਜਣਾ ਚਾਹੀਦਾ ਹੈ। ਇਕ ਏਕੜ ਵਿਚ 100 ਕਿਲੋ ਸੁਪਰਫਾਸਫੇਟ ਪਾਵੋ। ਨਦੀਨਾਂ ਦੀ ਰੋਕਥਾਮ ਲਈ ਇਕ ਮਹੀਨੇ ਪਿਛੋਂ ਗੋਡੀ ਕਰੋ। ਸਣ ਦੇ ਦਾਣੇ ਅਗਲੀ ਫਸਲ ਲਈ ਬੀਜ ਬਣਦੇ ਹਨ। ਛਿਟੀਆਂ ਦਾ ਛਿਲਕਾ ਰਸੀਆਂ ਵੱਟਣ ਲਈ ਵਰਤਿਆ ਜਾਂਦਾ ਹੈ ਅਤੇ ਛਿਟੀਆਂ ਨੂੰ ਬਾਲਣ ਲਈ ਵਰਤਿਆ ਜਾ ਸਕਦਾ ਹੈ।
ਸਬਜ਼ੀਆਂ: ਸਾਡੇ ਕਹਿਣ ’ਤੇ ਤੁਸੀਂ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ। ਹੁਣ ਇਹ ਫਲ ਦੇ ਰਹੀਆਂ ਹਨ। ਸਬਜ਼ੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਮੇਂ ਸਿਰ ਪਾਣੀ ਜ਼ਰੂਰ ਦੇਵੋ। ਪਾਣੀ ਅਤੇ ਸਬਜ਼ੀ ਦੀ ਤੁੜਾਈ ਸਵੇਰੇ ਜਾਂ ਸ਼ਾਮ ਨੂੰ ਕਰੋ। ਰੋਜ਼ ਸਾਫ-ਸੁਥਰੀ ਸਬਜ਼ੀ ਮੰਡੀ ਵਿਚ ਲੈ ਕੇ ਜਾਵੋ। ਘਰ ਦਾ ਰੋਜ਼ ਦਾ ਖਰਚਾ ਇਸ ਤੋਂ ਪੂਰਾ ਕਰੋ। ਖਰਬੂਜੇ ਅਤੇ ਤਰਬੂਜ ਵੀ ਤਿਆਰ ਹਨ। ਇਨ੍ਹਾਂ ਦੀ ਤੁੜਾਈ ਫਲ ਦੇ ਪਕਣ ਉਤੇ ਹੀ ਕਰੋ। ਕੱਚੇ ਤੋੜੇ ਫਲ ਦਾ ਪੂਰਾ ਮੁੱਲ ਪ੍ਰਾਪਤ ਨਹੀਂ ਕਰ ਸਕਦੇ। ਬਸੰਤ ਰੁੱਤ ਵਿਚ ਜਿਹੜੇ ਨਵੇਂ ਬੂਟੇ ਲਗਾਏ ਹਨ। ਉਨ੍ਹਾਂ ਦੀ ਦੇਖਭਾਲ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਪਸ਼ੂਆਂ ਨੂੰ ਵੀ ਗਰਮੀ ਤੋਂ ਬਚਾਅ ਕੇ ਰੱਖੋ। ਉਨ੍ਹਾਂ ਨੂੰ ਦੁਪਹਿਰ ਨੂੰ ਛਾਵੇਂ ਬੰਨ੍ਹੋ। ਦੋਗਲੀਆਂ ਗਾਵਾਂ ਲਈ ਤਾਂ ਪੱਖੇ ਵੀ ਲਗਾਵੋ। ਤਾਜ਼ਾ ਪਾਣੀ ਪੀਣ ਲਈ ਦੇਵੋ। ਹਰੇ ਚਾਰੇ ਦੀ ਵਰਤੋਂ ਜ਼ਰੂਰ ਕਰੋ। ਮਿੱਸੀ ਖੇਤੀ ਹੀ ਕਿਸਾਨ ਨੂੰ ਰਾਹਤ ਦੇ ਸਕਦੀ ਹੈ।
* ਸੰਪਰਕ: 94170-87328


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 42 °CWidespread Dust
    Chandigarh, India 42 °CSunny
    Ludhiana,India 42 °CSunny
    Dehradun,India 35 °CHaze

ਕ੍ਰਿਕਟ

Powered by : Mediology Software Pvt Ltd.