ਹਰੇਕ ਦੇਸ਼ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਤੇ ਹਰੇਕ ਸੱਭਿਆਚਾਰ ਦੀ ਮਾਲਾ ਦੇ ਮਣਕੇ ਵੀ ਅਲੱਗ-ਅਲੱਗ ਹੁੰਦੇ ਹਨ। ਸਾਡੇ ਪੰਜਾਬ ਵਿੱਚ ਭਾਵੇਂ ਕਿੰਨੇ ਹੀ ਕਿਸਮ ਦੇ ਮਾਲਾ ਦੇ ਮਣਕੇ ਹਨ ਪਰ ਇਨ੍ਹਾਂ ਦਾ ਸੱਭਿਆਚਾਰ, ਰਹਿਣ-ਸਹਿਣ, ਕੰਮ-ਕਾਜ, ਪਾਠ-ਪੂਜਾ ਬਹੁਤ ਹੀ ਮਿਲਦੇ-ਜੁਲਦੇ ਹਨ। ਇੱਕ ਗੁਲਦਸਤੇ ਵਿੱਚ ਹਰ ਰੰਗ ਦੇ ਫੁੱਲ ਦੀ ਆਪਣੀ ਖ਼ੂਬਸੂਰਤੀ ਹੁੰਦੀ ਹੈ ਤੇ ਵਿਆਹ ਸਮੇਂ ਗੀਤਾਂ, ਬੋਲੀਆਂ, ਭੰਗੜੇ ਅਤੇ ਗਿੱਧੇ ਦੀ ਜਿਵੇਂ ਆਪਣੀ ਅਲੱਗ ਪਛਾਣ ਹੈ, ਇਸੇ ਤਰ੍ਹਾਂ ਦੋਹੇ ਵੀ ਆਪਣੀ ਅਲੱਗ ਅਹਿਮੀਅਤ ਰੱਖਦੇ ਹਨ। ਅੱਜ-ਕੱਲ੍ਹ ਸਮਾਜ ਬਹੁਤ ਬਦਲ ਚੁੱਕਿਆ ਹੈ। ਇਸ ਲਈ ਇਸ ਦੇ ਰੰਗ ਅਤੇ ਮਨੋਰੰਜਨ ਦੇ ਢੰਗ ਵੀ ਬਦਲ ਚੁੱਕੇ ਹਨ।
ਪੁਰਾਣੇ ਸਮਿਆਂ ਵਿੱਚ ਵਿਆਹ ਜਾਂ ਕਿਸੇ ਹੋਰ ਖ਼ੁਸ਼ੀ ਮੌਕੇ ਕਾਫ਼ੀ ਦਿਨ ਪਹਿਲਾਂ ਹੀ ਇਕੱਠੇ ਹੋ ਕੇ ਗੀਤ, ਗਾਣੇ ਵਜਾਉਣੇ ਸ਼ੁਰੂ ਹੋ ਜਾਂਦੇ ਸਨ ਪਰ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਹੈ ਕਿ ਪਦਾਰਥਵਾਦੀ ਯੁੱਗ ਵਿੱਚ ਕਿਸੇ ਕੋਲ ਇੰਨਾ ਵੀ ਸਮਾਂ ਨਹੀਂ ਰਿਹਾ ਕਿ ਉਹ ਬਿਨਾਂ ਕਿਸੇ ਫ਼ਿਕਰ ਦੇ ਚਾਰ-ਪੰਜ ਦਿਨ ਮਾਣ ਸਕੇ।
ਵਿਆਹ ਸਮੇਂ ਅੱਜ ਵੀ ਬੋਲੀਆਂ ਪਾਈਆਂ ਜਾਂਦੀਆਂ ਹਨ ਤੇ ਗੀਤ ਗਾਏ ਜਾਂਦੇ ਹਨ। ਭਾਵੇਂ ਗਿੱਧੇ ਵਿੱਚ ਬੋਲੀਆਂ ਦੀ ਜਗ੍ਹਾ ਡੈੱਕ ਜਾਂ ਡੀ ਜੇ ਨੇ ਲੈ ਲਈ ਹੈ ਅਤੇ ਲੰਮੀਆਂ ਹੇਕਾਂ ਵਾਲੇ ਗੀਤ ਵੀ ਬਹੁਤ ਘੱਟ ਗਾਏ ਜਾਂਦੇ ਹਨ, ਫਿਰ ਵੀ ਥੋੜ੍ਹਾ ਬਹੁਤਾ ਅਜਿਹਾ ਪ੍ਰੋਗਰਾਮ ਚਲਦਾ ਹੀ ਰਹਿੰਦਾ ਹੈ। ਜੇ ਗੱਲ ਦੋਹਿਆਂ ਦੀ ਕਰੀਏ ਤਾਂ ਇਹ ਖ਼ਤਮ ਹੋਣ ਦੇ ਕਿਨਾਰੇ ’ਤੇ ਖੜ੍ਹੇ ਹਨ। ਦੋਹਾ ਕੇਵਲ ਇੱਕ ਔਰਤ ਜਾਂ ਮਰਦ ਦਾ ਨਾਂ ਲੈ ਕੇ ਹੀ ਗਾਇਆ ਜਾਂਦਾ ਹੈ। ਅੱਜ-ਕੱਲ੍ਹ ਕਿਸੇ ਵਿੱਚ ਵੀ ਇੰਨੀ ਸਹਿਣਸ਼ਕਤੀ ਨਹੀਂ ਕਿ ਕਿਸੇ ਵਿਅਕਤੀ ਜਾਂ ਰਿਸ਼ਤੇ ਦਾ ਨਾਂ ਲੈ ਕਿਸੇ ਨੂੰ ਦੋਹੇ ਨਾਲ ਸੰਬੋਧਨ ਕੀਤਾ ਜਾਵੇ। ਮੇਰਾ ਖ਼ਿਆਲ ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਦੋਹਾ ਲਾਉਣਾ ਹੀ ਨਹੀਂ ਆਉਂਦਾ। ਪੁਰਾਣੇ ਸਮਿਆਂ ਵਿੱਚ ਤਾਂ ਮਰਦ ਵੀ ਦੋਹਾ ਲਾ ਲੈਂਦੇ ਸਨ। ਇਸ ਤਰ੍ਹਾਂ ਅਲੱਗ-ਅਲੱਗ ਵਿਹਾਰਾਂ ’ਤੇ ਅਲੱਗ-ਅਲੱਗ ਦੋਹੇ ਲਗਾਏ ਜਾਂਦੇ ਸਨ।
ਵਿਆਹ ਤੋਂ ਪਹਿਲੇ ਦਿਨ ਕੁੜੀ ਵਾਲੇ ਮੁੰਡੇ ਦੇ ਪਿੰਡ ਮੁੰਡੇ ਨੂੰ ਸ਼ਗਨ ਪਾਉਣ ਲਈ ਆਉਂਦੇ ਹਨ। ਜਦੋਂ ਭਰਾ ਚੌਂਕੀ ’ਤੇ ਬੈਠਦਾ ਹੈ ਤਾਂ ਭੈਣ ਦੋਹਾ ਲਾਉਂਦੀ ਹੈ:
ਡੱਬੀ ਵੀ ਮੇਰੀ ਕੱਚ ਦੀ ਵੀਰਾ,
ਵਿੱਚ ਰੁਪਏ ਵੇ ਪੰਜ,
ਹੋਰਾਂ ਦੇ ਮੱਥੇ ਤਿਉੜੀਆਂ,
ਮੇਰੇ ਵੀਰ ਦੇ ਮੱਥੇ,
ਵੇ ਅੰਤੋਂ ਪਿਆਰਿਆ ਚੰਦ।
ਇਸ ਸਮੇਂ ਇੱਕ ਹੋਰ ਦੋਹਾ ਬਹੁਤ ਪ੍ਰਚਲਤ ਸੀ ਜਿਵੇਂ:
ਡੱਬੀ ਵੀ ਮੇਰੀ ਕੱਚ ਦੀ ਵੀਰਾ,
ਵਿੱਚ ਸਰੋ੍ਹਂ ਦਾ ਵੇ ਸਾਗ,
ਹੋਰਾਂ ਦੇ ਮੱਥੇ ਤਿਉੜੀਆਂ,
ਮੇਰੇ ਵੀਰ ਦੇ ਮੱਥੇ,
ਵੇ ਅੱਜ ਦਿਨ ਸ਼ਗਨਾਂ ਦੇ ਭਾਗ।
ਇਸੇ ਤਰ੍ਹਾਂ ਦੋ ਚਾਰ ਦੋਹੇ ਹੋਰ ਲੱਗਦੇ ਹਨ। ਇੰਨੇ ਨੂੰ ਸ਼ਗਨ ਦੀ ਰਸਮ ਪੂਰੀ ਹੋ ਜਾਂਦੀ ਹੈ। ਸ਼ਾਮ ਵੇਲੇ ਜਾਗੋ ਦਾ ਪ੍ਰੋਗਰਾਮ ਨਾਨਕਿਆਂ ਵੱਲੋਂ ਕੀਤਾ ਜਾਂਦਾ ਹੈ। ਫਿਰ ਦੂਜਾ ਦਿਨ ਆਉਂਦਾ ਹੈ। ਸਭ ਤੋਂ ਪਹਿਲਾਂ ਮੁੰਡੇ ਜਾਂ ਕੁੜੀ ਦੀ ਨਹਾਈ-ਧੋਈ ਹੁੰਦੀ ਹੈ। ਬੜੇ ਸ਼ਗਨਾਂ ਸਮੇਤ ਪਹਿਲਾਂ ਵਟਣਾ ਤਿਆਰ ਕੀਤਾ ਜਾਂਦਾ ਹੈ। ਉਸ ਵਟਣੇ ਨੂੰ ਸਾਰੀਆਂ ਭੂਆ, ਮਾਸੀਆਂ, ਮਾਮੀਆਂ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਮੂੰਹ ਅਤੇ ਹੱਥਾਂ-ਪੈਰਾਂ ’ਤੇ ਪੰਜ-ਪੰਜ ਵਾਰੀ ਲਾਉਂਦੀਆਂ ਹਨ। ਇਹ ਕਿਰਿਆ ਸੱਤ ਜਾਂ ਨੌਂ ਵਾਰ ਦੁਹਰਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਕ ਕਾਂਸੀ ਦੋ ਕੌਲ ਵਿੱਚ ਦਹੀਂ, ਤੇਲ ਅਤੇ ਹਲਦੀ ਪਾਈ ਜਾਂਦੀ ਹੈ। ਇਹ ਕੰਮ ਰਾਣੀ (ਨੈਣ) ਦਾ ਹੁੰਦਾ ਹੈ। ਪਹਿਲਾਂ-ਪਹਿਲਾਂ ਉਸ ਨੂੰ ਦਸ-ਦਸ ਰੁਪਏ ਫੜਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਕੁੜੀ ਜਾਂ ਮੁੰਡੇ ਦੀ ਨਹਾਈ ਤੋਂ ਬਾਅਦ ਫੁਲਕਾਰੀ ਉੱਤੇ ਦਿੱਤੀ ਜਾਂਦੀ ਹੈ ਅਤੇ ਗੀਤ ਰਾਹੀਂ ਮਾਮੇ ਨੂੰ ਸੱਦਿਆ ਜਾਂਦਾ ਹੈ ਕਿਉਂਕਿ ਮਾਮੇ ਨੇ ਹੀ ਭਾਣਜੇ ਜਾਂ ਭਾਣਜੀ ਨੂੰ ਚੌਂਕੀ ਤੋਂ ਉਤਾਰਨਾ ਹੁੰਦਾ ਹੈ। ਇਸ ਸਮੇਂ ਗੀਤ ਗਾਇਆ ਜਾਂਦਾ ਹੈ:
ਸਾਡੀ ਫੁੱਲਾਂ ਭਰੀ ਚੰਗੇਰ,
ਇੱਕ ਫੁੱਲ ਤੋੜੀਂਦਾ,
ਸਾਨੂੰ ਇਸ ਸਮੇਂ ਦੇ ਨਾਲ,
ਮਾਮਾ ਲੋੜੀਂਦਾ।
ਇਸ ਤਰ੍ਹਾਂ ਕੁੜੀ ਜਾਂ ਮੁੰਡੇ ਨੂੰ ਮਾਮਾ ਚੌਂਕੀ ਤੋਂ ਚੁੱਕ ਕੇ ਮੰਜੇ ਉਪਰ ਲੈ ਜਾਂਦਾ ਹੈ ਅਤੇ ਸ਼ਗਨ ਵੀ ਦਿੰਦਾ ਹੈ। ਤਿਆਰੀ ਪਿੱਛੋਂ ਫਿਰ ਸਿਹਰਿਆਂ ਦੀ ਅਹਿਮ ਰਸਮ ਹੁੰਦੀ ਹੈ। ਮੁੰਡੇ ਦੀ ਭਰਜਾਈ ਸੁਰਮਾ ਪਾਉਣ ਦੀ ਰਸਮ ਕਰਦੀ ਹੈ। ਪਹਿਲਾਂ-ਪਹਿਲ ਭਰਜਾਈ ਦੋਹਾ ਲਾਉਂਦੀ ਸੀ ਤਾਂ ਸਿਰਫ਼ ਪੰਜ ਰੁਪਏ ਦੀ ਹੀ ਮੰਗ ਕਰਦੀ ਸੀ। ਅੱਜ-ਕੱਲ੍ਹ ਮਹਿੰਗਾਈ ਨੂੰ ਦੇਖਦੇ ਹੋਏ ਭਰਜਾਈ ਨੇ ਵੀ ਮੰਗ ਵਧਾ ਦਿੱਤੀ ਹੈ।
ਪਹਿਲੀ ਸਿਲਾਈ ਰਸ ਭਰੀ ਦਿਓਰਾ,
ਦੂਜੀ ਖੰਡੇ ਦੀ ਵੇ ਧਾਰ
ਤੀਜੀ ਸਿਲਾਈ ਤਾਂ ਪਾਵਾਂ,
ਜੇ ਗਲ ਨੂੰ ਪਾਵੇਂ ਵੇ,
ਅੱਜ ਦਿਨ ਸ਼ਗਨਾਂ ਦੇ ਹਾਰ।
ਇਸ ਪਿੱਛੋਂ ਬਰਾਤ ਚੜ੍ਹਨ ਦੀ ਤਿਆਰੀ ਹੋ ਜਾਂਦੀ ਹੈ। ਭੈਣ ਦੋਹੇ ਦੇ ਰੂਪ ਵਿੱਚ ਆਪਣੇ ਭਰਾ ਨੂੰ ਕਹਿੰਦੀ ਹੈ:
ਕਿਉਂ ਖੜ੍ਹਾ ਵੀਰਾ ਕਿਉਂ ਖੜ੍ਹਾ,
ਕਿਉਂ ਖੜ੍ਹਾ ਵੇ ਦਿਲਗੀਰ,
ਗੱਡਾ ਦੇਣਗੇ ਦਾਜ ਦਾ,
ਤੇਰੇ ਮਗਰ ਲਾਉਣਗੇ,
ਵੇ ਅੰਤੋਂ ਪਿਆਰਿਆ ਹੀਰ।
ਤਿਆਰ ਹੋਇਆ ਭਰਾ, ਭੈਣ ਨੂੰ ਇੰਨਾ ਸੋਹਣਾ ਲੱਗਦਾ ਹੈ ਤੇ ਉਹ ਸੋਚਦੀ ਹੈ ਕਿ ਭਰਾ ਦੀਆਂ ਸਾਲੀਆਂ ਅਤੇ ਹੋਣ ਵਾਲੀ ਨਾਰ ਨੂੰ ਕਿੰਨਾ ਚਾਅ ਚੜ੍ਹੇਗਾ। ਉਸ ਦੇ ਮੂੰਹ ’ਤੇ ਆਪ ਮੁਹਾਰੇ ਇਹ ਸ਼ਬਦ ਆ ਜਾਂਦੇ ਹਨ।
ਜੁੱਤੀ ਵੀ ਤੇਰੀ ਮੈਂ ਕੱਢਾਂ ਵੀਰਾ,
ਸੁੱਚੀ ਜਰੀ ਦੇ ਵੇ ਨਾਲ
ਲੁਕ ਲੁਕ ਵੇਖਣ ਸਾਲੀਆਂ,
ਕੋਈ ਝੁਕ ਝੁਕ ਵੇਖੇ ਵੇ ਵੀਰ ਸੁਲੱਖਣਿਆਂ ਨਾਰ।
ਇਸ ਤੋਂ ਪਿੱਛੋਂ ਮੁੰਡੇ ਵਾਲੇ ਜੰਝ ਲੈ ਕੇ ਕੁੜੀ ਦੇ ਘਰ ਪਹੁੰਚਦੇ ਹਨ। ਸ਼ਾਮ ਹੁੰਦਿਆਂ ਬਰਾਤ ਆਪਣੇ ਪਿੰਡ ਵਾਪਸ ਆ ਜਾਂਦੀ ਹੈ। ਭੈਣ ਨੂੰ ਜੋੜੀ ਦੇਖ ਕੇ ਬੜਾ ਚਾਅ ਚੜ੍ਹਦਾ ਹੈ। ਇਸ ਲਈ ਉਹ ਕਹਿੰਦੀ ਹੈ:
ਗਾਗਰ ਲਿਆਵਾਂ ਮਾਂਜ ਕੇ ਵੀਰਾ,
ਠੰਢਾ ਪਾਣੀ ਵੇ ਪੀ,
ਤੁਹਾਡੀ ਜੋੜੀ ਦੇਖ ਕੇ,
ਮੇਰਾ ਸ਼ੀਤਲ ਹੋ ਗਿਆ,
ਵੇ ਅੱਜ ਦਿਨ ਰੰਗਲੇ ਜੀਅ।
ਥੋੜ੍ਹੀ ਉਡੀਕ ਕਰਨ ਪਿੱਛੋਂ ਜੋੜੀ ਗੱਡੀ ਵਿੱਚੋਂ ਉਤਰਦੀ ਹੈ। ਉਸ ਦੇ ਉਤਰਦੇ-ਉਤਰਦੇ ਇੱਕ ਦੋਹਾ ਫਿਰ ਕਿਸੇ ਨਾ ਕਿਸੇ ਪਾਸਿਓਂ ਆਉਂਦਾ ਹੈ।
ਉਤਰ ਭਾਬੋ ਡੋਲੀਓਂ,
ਦੇਖ ਸਹੁਰੇ ਦਾ ਨੀਂ ਬਾਰ,
ਕੰਧਾਂ ਚਿੱਟਮ ਚਿੱਟੀਆਂ,
ਕੋਈ ਹਾਥੀ ਝੂਲਦੇ,
ਨੀਂ ਅੰਤੋਂ ਪਿਆਰੀਏ ਬਾਰ।
ਨਵੀਂ ਆਈ ਵਹੁਟੀ ਨੂੰ ਵੀ ਸਹੁਰਾ ਘਰ ਦੇਖਣ ਦਾ ਬੜਾ ਚਾਅ ਹੁੰਦਾ ਹੈ ਕਿਉਂਕਿ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਹੋਣੀ ਹੁੰਦੀ ਹੈ। ਫਿਰ ਮੂੰਹ ਮਿੱਠਾ ਕਰਾਉਣ ਭਾਵ ਪਿਆਲਾ ਦੇਣ ਦੀ ਰਸਮ ਹੁੰਦੀ ਹੈ। ਮਾਮੀ ਨਵੀਂ ਵਹੁਟੀ ਨੂੰ ਕਹਿੰਦੀ ਹੈ:
ਪਿਆਲਾ ਵੀ ਤੇਰੀ ਸੱਸ ਦੇਵੇ,
ਪਿਆਲੇ ਦਾ ਕਰੀਂ ਨੀਂ ਖਿਆਲ।
ਪੈਰਾਂ ਹੇਠ ਨਾ ਦੱਬ ਲਵੀਂ,
ਕੋਈ ਲੋਕੀ ਕਰੂ ਨੀਂ,
ਅੱਜ ਦਿਨ ਰੰਗਲੇ ਵਿਚਾਰ।
ਫਿਰ ਦੂਜੇ ਦਿਨ ਇੱਕ-ਦੂਜੇ ਨੂੰ ਮਖੌਲ ਸ਼ੁਰੂ ਹੋ ਜਾਂਦੇ ਹਨ। ਇਹ ਮਖੌਲ ਦੋਹਿਆਂ ਰਾਹੀਂ ਕੀਤੇ ਜਾਂਦੇ ਹਨ। ਜਿਵੇਂ ਨਣਦ ਆਪਣੀ ਭਰਜਾਈ ਨੂੰ ਆਪਣੇ ਪਿਆਰ ਦਾ ਸੰਦੇਸ਼ ਦਿੰਦੀ ਹੋਈ ਕਹਿੰਦੀ ਹੈ:
ਤੇਰਾ ਮੇਰਾ ਇੱਕ ਮਨ ਭਾਬੋ,
ਲੋਕਾਂ ਭਾਵੇਂ ਨੀਂ ਦੋ,
ਕੰਡਾ ਧਰ ਕੇ ਵੇਖ ਲੈ,
ਕੋਈ ਰਤਾ ਫ਼ਰਕ ਨਾ,
ਨੀਂ ਅੱਜ ਦਿਨ ਰੰਗਲੇ ਹੋ।
ਜਦੋਂ ਨਣਦ ਭਰਜਾਈ ਦਾ ਇੰਨਾ ਮੋਹ ਕਰਦੀ ਹੈ ਤਾਂ ਭਰਜਾਈ ਉਸ ਤੋਂ ਵੀ ਦੁੱਗਣਾ ਮੋਹ ਨਣਦ ਲਈ ਰੱਖਦੀ ਹੋਈ ਕਹਿੰਦੀ ਹੈ:
ਤੇਰੀ ਬੋਲੀ ਮੈਨੂੰ ਮਿੱਠੀ ਲੱਗੇ ਨਣਦੇ,
ਜਿਉਂ ਸਰਬਤ ਦੀ ਨੀਂ ਘੁੱਟ,
ਇੱਕ ਭਰੇਂਦੀ ਦੋ ਭਰਾਂ,
ਮੇਰੇ ਟੁੱਟਣ ਸਰੀਰੋ,
ਨੀਂ ਅੰਤੋ ਪਿਆਰੀਏ ਦੁੱਖ।
ਕਈ ਵਾਰ ਭਰਜਾਈ ਇਸ ਤਰ੍ਹਾਂ ਵੀ ਜਵਾਬ ਦਿੰਦੀ ਹੈ:
ਤੇਰੀ ਬੋਲੀ ਮੈਂ ਲਿਖ ਧਰਾਂ ਨਣਦੇ,
ਸੱਜੇ ਕੌਲੇ ਦੇ ਨੀਂ ਨਾਲ,
ਆਉਂਦੀ ਜਾਂਦੀ ਵੇਖ ਲਾਂ,
ਮੈਂ ਬੜੇ ਚਾਵਾਂ ਦੇ,
ਨੀਂ ਅੰਤੋਂ ਪਿਆਰੀਏ ਨਾਲ।
ਨਣਦ-ਭਰਜਾਈ ਦੇ ਮਖੌਲ ਨਾਲ ਕਈ ਵਾਰ ਸ਼ਰੀਕੇ ਕਬੀਲੇ ਦੀਆਂ ਚਾਚੀਆਂ, ਤਾਈਆਂ, ਦਰਾਣੀਆਂ, ਜਠਾਣੀਆਂ ਵੀ ਮਖੌਲ ਕਰਦੀਆਂ ਹਨ। ਜਿਵੇਂ ਰੋਟੀ ਖਾਣ ਸਮੇਂ ਕਹਿੰਦੀਆਂ ਹਨ:
ਘਰ ਬਿਗਾਨਾ ਢਿੱਡ ਆਪਣਾ ਸੰਤੋ,
ਸੰਭਲ ਸੰਭਲ ਨੀਂ ਖਾਹ,
ਜੇ ਤੈਨੂੰ ਹੈਜਾ ਹੋ ਗਿਆ,
ਸਾਨੂੰ ਡਾਕਟਰ ਪਊ,
ਗੁੱਸਾ ਨਹੀਂ ਕਰਨਾ ਮੰਗਾ।
ਇਸੇ ਤਰ੍ਹਾਂ ਹੱਸਦੇ-ਖੇਡਦੇ, ਨੱਚਦੇ-ਟੱਪਦੇ, ਭੰਗੜੇ, ਗਿੱਧੇ ਪਾਉਂਦੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਜਾਂਦੀਆਂ ਹਨ। ਵਿਆਹ ਵਿੱਚ ਰਸਮਾਂ ਤਾਂ ਭਾਵੇਂ ਅੱਜ ਵੀ ਸਾਰੀਆਂ ਪੂਰੀਆਂ ਹੁੰਦੀਆਂ ਹਨ ਪਰ ਜਿਹੜੇ ਰੰਗ ਪਹਿਲਾਂ ਬੱਝਦੇ ਸਨ ਉਹ ਹੁਣ ਕਿਧਰੇ ਵੀ ਦਿਖਾਈ ਨਹੀਂ ਦਿੰਦੇ।