ਪੱਤਰ ਪ੍ਰੇਰਕ
ਬਹਾਦਰਗੜ੍ਹ,27 ਜੂਨ
ਫੈਡਰਲ ਮੁਗਲ ਗੋਇਟਜ਼ੇ ਇੰਡੀਆਂ ਵਰਕਰਜ਼ ਯੂਨੀਅਨ ਆਜ਼ਾਦ (ਕੱਚੇ ਮੁਲਾਜ਼ਮਾਂ) ਅਤੇ ਫੈਕਟਰੀ ਮੈਨੇਜਨਮੈਂਟ ਵਿਚਕਾਰ ਅੱਜ ਹੋਈ ਮੀਟਿੰਗ ਬੇਸਿੱਟਾ ਰਹੀ। ਮਜ਼ਦੂਰ ਯੂਨੀਅਨ ਅਤੇ ਫੈਕਟਰੀ ਮੈਨੇਜਮੈਂਟ ਦੀ ਮੀਟਿੰਗ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਕਾਨਫਰੰਸ ਰੂਮ ਵਿਚ ਹੋਈ ਜਿਸ ਵਿਚ ਮਜ਼ਦੂਰ ਯੂਨੀਅਨ ਦੇ ਤਿੰਨ ਮੈਂਬਰਾਂ ਲਖਵਿੰਦਰ ਸਿੰਘ, ਗੁਰਬਾਜ਼ ਸਿੰਘ, ਲਲਿਤ ਕੁਮਾਰ ਸਮੇਤ ਯੂਨੀਅਨ ਦਾ ਸਾਥ ਦੇ ਰਹੀ ਜਥੇਬੰਦੀ ਲੋਕ ਲਹਿਰ ਦੇ ਦੋ ਮੈਂਬਰ ਪਿਰਮਲ ਸਿੰਘ, ਰੁਪਿੰਦਰ ਸਿੰਘ ਰੋਗਲਾ, ਫੈਕਟਰੀ ਮੈਨੇਜਮੈਂਟ ਦੇ ਤਿੰਨ ਮੈਂਬਰਾਂ ਐਚ.ਆਰ. ਮੈਨੇਜਰ ਵੀ.ਕੇ. ਮਲਹੋਤਰਾ, ਸੁਰਿੰਦਰ ਸਿੰਘ, ਸ੍ਰੀ ਮਰਵਾਹਾ, ਨਾਲ ਫੈਕਟਰੀ ਦੇ ਪੱਕੇ ਮੁਲਾਜ਼ਮਾਂ ਦੀ ਯੂਨੀਅਨ ਦੇ ਦੋ ਮੈਂਬਰ ਮਸਤਾਨ ਸਿੰਘ, ਨਾਜਰ ਸਿੰਘ ਸਿੱਧੂ ਅਤੇ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ, ਐਸ.ਡੀ.ਐਮ. ਪਟਿਆਲਾ, ਅਸਿਸਟੈਂਟ ਲੈਬਰ ਕਮਿਸ਼ਨਰ ਅਤੇ ਐਸ.ਪੀ.ਸਿਟੀ ਸ਼ਾਮਿਲ ਹੋਏ। ਮੀਟਿੰਗ ਵਿਚ ਦੋਵੇਂ ਧਿਰਾਂ ਵੱਲੋਂ ਆਪਣੀ-ਆਪਣੀ ਜ਼ਿੱਦ ‘ਤੇ ਅੜੇ ਰਹਿਣ ਕਾਰਨ ਗੱਲ ਸਿਰੇ ਨਾ ਲੱਗੀ, ਜਿਸ ਕਾਰਨ ਕਾਮਿਆਂ ਨੇ ਵਾਪਿਸ ਬਹਾਦਰਗੜ੍ਹ ਆ ਕੇ ਐਸਕੌਰਟ ਫੈਕਟਰੀ ਦੇ ਗੇਟ ਮੂਹਰੇ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ। ਧਰਨੇ ਵਿਚ ਕੱਚੇ ਵਰਕਰਾਂ ਦੇ ਪਰਿਵਾਰ ਦੀਆਂ ਔਰਤਾਂ ਤੋਂ ਇਲਾਵਾ ਉਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਹੱਥਾਂ ਵਿਚ ਮੈਨੇਜਮੈਂਟ ਖਿਲਾਫ ਲਿਖੇ ਸਲੋਗਨਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ,ਵੀ ਸ਼ਾਮਿਲ ਹੋਏ। ਜਿਵੇਂ ਹੀ ਪਟਿਆਲਾ ਡੀ.ਸੀ.ਦਫਤਰ ਮੀਟਿੰਗ ਲਈ ਗਈ ਮਜ਼ਦੂਰਾਂ ਦੀ ਟੀਮ ਨੇ ਫੋਨ ਉਪਰ ਬਹਾਦਰਗੜ੍ਹ ਦੇ ਸਟੇਡੀਅਮ ਵਿਖੇ ਧਰਨੇ ਉਪਰ ਬੈਠੇ ਆਪਣੇ ਸਾਥੀਆਂ ਨੂੰ ਮੀਟਿੰਗ ਦਾ ਕੋਈ ਸਾਰਥਕ ਨਤੀਜਾ ਨਾ ਨਿਕਲਣ ਬਾਰੇ ਦੱਸਿਆ ਤਾਂ ਮਜ਼ਦੂਰ ਕਾਮਿਆਂ ਨੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਔਰਤਾਂ ਨੇ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਟੀਮ ਦੇ ਪਟਿਆਲਾ ਤੋਂ ਵਾਪਿਸ ਆਉਂਦੇ ਹੀ ਕਾਮਿਆਂ ਨੇ ਸਟੇਡੀਅਮ ਤੋਂ ਇਕ ਰੋਸ ਰੈਲੀ ਕੱਢੀ ਜੋ ਇਥੋਂ ਦੇ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਫੈਕਟਰੀ ਗੇਟ ਉਪਰ ਸਮਾਪਤ ਹੋਈ। ਫੈਕਟਰੀ ਕਾਮਿਆਂ ਦਾ ਸਾਥ ਦੇ ਰਹੀ ਲੋਕ ਲਹਿਰ ਦੇ ਆਗੂ ਕਰਨਵੀਰ ਸ਼ੈਂਟੀ ਥਮਣ ਨੇ ਦੰਸਿਆ ਕਿ ਫੈਕਟਰੀ ਮੈਨੇਜਮੈਂਟ ਮਜ਼ਦੂਰਾਂ ਦੀਆਂ ਜਾਇਜ਼ ਮੰਗਾ ਮੰਨਣ ਨੂੰ ਤਿਆਰ ਨਹੀਂ ਸਗੋਂ ਟਾਲਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੋ ਵਾਰ ਪਹਿਲਾਂ ਮੀਟਿੰਗ ਰੱਖ ਕੇ ਮੁਲਤਵੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਪੰਜਾਬ ਪੱਧਰ ਦਾ ਸੰਘਰਸ਼ ਬਣਾਇਆ ਜਾਵੇਗਾ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਦੀ ਵੀ ਸਹਾਇਤਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕ ਸਾਥੀ ਆਪਣੀਆਂ ਹੱਕੀ ਮੰਗਾਂ ਸਬੰਧੀ ਮਰਨ ਵਰਤ ਉਪਰ ਬੈਠ ਰਿਹਾ ਹੈ।