* ਰੇਲ ਰਾਜ ਮੰਤਰੀ ਮੁਨੀਅੱਪਾ ਵੱਲੋਂ ਨਵੇਂ ਰੇਲ ਲਿੰਕ ਦਾ ਉਦਘਾਟਨ
* ਲੁਧਿਆਣਾ-ਚੰਡੀਗੜ੍ਹ ਰੇਲ ਲਿੰਕ ਦੇ ਕੰਮ ‘ਚ ਤੇਜ਼ੀ ਲਿਆਉਣ ਦਾ ਭਰੋਸਾ
ਪੱਤਰ ਪ੍ਰੇਰਕ
ਅਬੋਹਰ, 16 ਜੁਲਾਈ
ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ ਦੇ ਸਰਹੱਦੀ ਖੇਤਰਾਂ ਦਾ ਰੇਲਵੇ ਸੰਪਰਕ ਜੋੜਨ ਲਈ ਅਬੋਹਰ-ਫਾਜ਼ਿਲਕਾ ਰੇਲ ਲਿੰਕ ਦੇਸ਼ ਤੇ ਇਨ੍ਹਾਂ ਸੂਬਿਆਂ ਨੂੰ ਹੋਰ ਤਰੱਕੀ ਦੇਣ ਵਿੱਚ ਸਹਾਈ ਹੋਵੇਗਾ। ਕੇਂਦਰੀ ਰਾਜ ਮੰਤਰੀ ਕੇ ਐਚ ਮੁਨਿਅੱਪਾ ਨੇ ਅੱਜ ਇਹ ਗੱਲ 225 ਕਰੋੜ ਦੀ ਲਾਗਤ ਨਾਲ 10 ਸਾਲਾਂ ਵਿੱਚ ਤਿਆਰ ਹੋਈ ਅਬੋਹਰ-ਫਾਜ਼ਿਲਕਾ ਰੇਲਵੇ ਲਾਈਨ ਅਤੇ ਨਵੀਂ ਯਾਤਰੀ ਗੱਡੀ ਦਾ ਉਦਘਾਟਨ ਕਰਦਿਆਂ ਅਬੋਹਰ ਰੇਲਵੇ ਸਟੇਸ਼ਨ ‘ਤੇ ਜੁੜੇ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨਵੇਂ ਲਿੰਕ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਫਾਜ਼ਿਲਕਾ-ਕਰਾਚੀ ਰਵਾਇਤੀ ਰੇਲ ਲਿੰਕ ਮੁੜ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਕਿ ਦੋਵੇਂ ਦੇਸ਼ਾਂ ਵਿਚਕਾਰ ਜਨਤਕ ਰਾਬਤਾ ਅਤੇ ਦੁਵੱਲਾ ਵਪਾਰ ਹੋਰ ਵਧ-ਫੁੱਲ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਰਹੱਦੀ ਸੂਬਿਆਂ ਨੂੰ ਦੱਖਣੀ ਰਾਜਾਂ ਨਾਲ ਜੋੜਨ ਦੀ ਗੱਲ ਚੱਲ ਰਹੀ ਹੈ, ਜਿਸ ਵਿੱਚ ਆਂਧਰਾ, ਕਰਨਾਟਕਾ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਨਾਲ ਰੇਲ ਸੰਪਰਕ ਹੋ ਜਾਣ ‘ਤੇ ਰੇਲਵੇ ਢੋਆ-ਢੁਆਈ ਦੀਆਂ ਵਧੇਰੇ ਸਹੂਲਤਾਂ ਪ੍ਰਾਪਤ ਹੋਣ ਕਾਰਨ ਦੇਸ਼ ਹੋਰ ਤਰੱਕੀ ਦੇ ਰਾਹ ਤੁਰੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਪਸੀ ਭਾਈਚਾਰੇ ਤੇ ਵਪਾਰ ਵਧਾਉਣ ਦੀ ਗੱਲ ਚੱਲ ਰਹੀ ਹੈ ਜਿਸ ਤੋਂ ਸੰਭਾਵਨਾਵਾਂ ਬਣਦੀਆਂ ਹਨ ਕਿ ਦੇਸ਼ਾਂ ਦਾ ਆਪਸੀ ਰੇਲਵੇ ਸੰਪਰਕ ਬਣਨ ‘ਤੇ ਮੰਤਰੀਆਂ ਦੇ ਪੱਧਰ ਤੱਕ ਭਵਿੱਖ ਵਿੱਚ ਗੱਲਬਾਤ ਤੁਰੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਲੁਧਿਆਣਾ-ਚੰਡੀਗੜ੍ਹ ਰੇਲ ਲਿੰਕ ‘ਤੇ ਕਾਰਜ ਤੇਜ਼ ਕੀਤਾ ਜਾਵੇਗਾ।

ਅਬੋਹਰ ਵਿਖੇ ਰੇਲ ਨੂੰ ਹਰੀ ਝੰਡੀ ਦਿਖਾ ਰਹੇ ਰੇਲ ਮੰਤਰੀ ਕੇ. ਐਸ. ਮੁਨਿਅੱਪਾ। ਤਸਵੀਰ ਵਿੱਚ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਗੁਰਤੇਜ ਸਿੰਘ ਤੇ ਰਾਣਾ ਗੁਰਜੀਤ ਸਿੰਘ (ਫੋਟੋ: ਪਵਨ ਸ਼ਰਮਾ)
ਰੇਲ ਗੱਡੀ ਦੇ ਉਦਘਾਟਨ ਮੌਕੇ ਕੀਤੇ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਸੁਨੀਲ ਕੁਮਾਰ ਜਾਖੜ ਨੇ ਅਬੋਹਰ-ਫਾਜ਼ਿਲਕਾ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਸੰਘਰਸ਼ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਇਹ ਤੋਹਫ਼ਾ 60 ਸਾਲਾਂ ਬਾਅਦ ਲੋਕਾਂ ਨੂੰ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਰਹੱਦੀ ਖੇਤਰ ਦੇ ਲੋਕਾਂ ਲਈ ਜੰਮੂ ਤਵੀ, ਸ੍ਰੀਗੰਗਾਨਗਰ ਰੇਲ ਗੱਡੀ ਸ਼ੁਰੂ ਕੀਤੀ ਜਾਵੇ ਤਾਂ ਕਿ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਵਾਲੇ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਸ੍ਰੀ ਜਾਖੜ ਨੇ ਸ੍ਰੀਗੰਗਾਨਗਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਗੱਡੀ ਜੋ ਹਫਤੇ ਵਿੱਚ ਇਕ ਦਿਨ ਚੱਲਦੀ ਹੈ, ਨੂੰ ਹਫਤੇ ਵਿੱਚ ਤਿੰਨ ਦਿਨ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਬੋਹਰ ਹਿੰਦੂਮਲ ਕੋਟ ਰਾਹੀਂ ਪਾਕਿਸਤਾਨ ਨਾਲ ਇਹ ਲਾਈਨ ਜੁੜ ਸਕਦੀ ਹੈ, ਜੋ ਹਿੰਦੂਮਲ ਕੋਟ ਤੋਂ ਕੇਵਲ 5 ਕਿਲੋਮੀਟਰ ਦੂਰ ਮਕਲੌਡ ਗੰਜ ਰੇਲਵੇ ਸਟੇਸ਼ਨ ਹੈ ਅਤੇ ਪਾਕਿ ਬੰਦਰਗਾਹ ਕਰਾਚੀ ਤੱਕ ਸਭ ਤੋਂ ਛੋਟਾ ਰੇਲਵੇ ਮਾਰਗ ਬਣਦਾ ਹੈ। ਇਸ ਲਈ ਪਾਕਿ ਨਾਲ ਰੇਲ ਮਾਰਗ ਤੇ ਟਰੇਡ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਨਾਲ ਆਰਥਿਕ ਵਿਕਾਸ ਦੇ ਰਾਹ ਖੁੱਲ੍ਹਣਗੇ ਅਤੇ ਅਬੋਹਰ ਇਕ ਬਿਹਤਰ ਖੁਸ਼ਕ ਬੰਦਰਗਾਹ ਬਣ ਸਕਦਾ ਹੈ। ਉਨ੍ਹਾਂ ਅਬੋਹਰ ਤੋਂ ਰੇਲਵੇ ਰਾਹੀਂ ਇਕ ਏ ਸੀ ਬੋਗੀ ਲਾਉਣ ਦੀ ਮੰਗ ਵੀ ਕੀਤੀ ਤਾਂ ਕਿ ਅਬੋਹਰ ਦੇ ਕਿੰਨੂ ਵਰਗੇ ਫਲਾਂ ਨੂੰ ਦੂਰ-ਦੁਰਾਡੇ ਮੰਡੀਆਂ ਵਿੱਚ ਭੇਜਿਆ ਜਾ ਸਕੇ। ਸ੍ਰੀ ਜਾਖੜ ਨੇ ਇਹ ਮੰਗ ਪੱਤਰ ਵੱਖਰੇ ਤੌਰ ‘ਤੇ ਆਪਣੇ ਘਰ ਕੇਂਦਰੀ ਮੰਤਰੀ ਨੂੰ ਸੌਂਪਿਆ। ਰਾਣਾ ਗੁਰਮੀਤ ਸਿੰਘ ਸੋਢੀ ਨੇ ਰੋਡੇ ਫਾਟਕਾਂ ਦੀ ਚਰਚਾ ਕੀਤੀ। ਪੰਜਾਬ ਦੇ ਮੰਤਰੀ ਸੁਰਜੀਤ ਜਿਆਣੀ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸੀ ਆਗੂ ਜਗਮੀਤ ਬਰਾੜ, ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਕਟਾਰੀਆ, ਸਾਬਕਾ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਿਣਵਾ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ, ਬਹੁਤ ਸਾਰੇ ਕੌਂਸਲ ਮੈਂਬਰ ਵਿਮਲ ਠੱਠਈ, ਸੰਜੀਵ ਚਾਤਰ, ਯੂਥ ਕਾਂਗਰਸੀ ਆਗੂ ਸੰਦੀਪ ਜਾਖੜ, ਪਿੰਡਾਂ ਦੇ ਪੰਚ, ਸਰਪੰਚ ਮੌਜੂਦ ਸਨ। ਇਸ ਮੌਕੇ ਰਾਮਨਗਰ ਵਾਸੀਆਂ ਵੱਲੋਂ ਆਪਣੀ ਬਸਤੀ ਲਈ ਰੇਲਵੇ ਲਾਈਨਾਂ ਤੋਂ ਰਸਤੇ ਦੀ ਮੰਗ ਦਾ ਪੱਤਰ ਸੁਨੀਲ ਜਾਖੜ ਰਾਹੀਂ ਦਿੱਤਾ ਗਿਆ, ਜਦੋਂਕਿ ਮੰਡੀ ਲਾਧੂਕਾ ਦੇ ਲੋਕਾਂ ਦਾ ਇਕ ਵਫ਼ਦ ਵੀ ਮੰਤਰੀ ਨੂੰ ਮਿਲਿਆ।
ਟ੍ਰਿਬਿਊਨ ਨਿਊਜ਼ ਸਰਵਿਸ
ਅਬੋਹਰ, 16 ਜੁਲਾਈ
ਰੇਲ ਰਾਜ ਮੰਤਰੀ ਕੇ.ਐਚ. ਮੁਨਿਅੱਪਾ ਨੇ ਅੱਜ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਾਦੀ ਵਿਚਕਾਰ 288 ਕਿਲੋਮੀਟਰ ਲੰਮੇ ਰੇਲ ਲਿੰਕ ਨੂੰ 2017 ਤਕ ਪੂਰਾ ਕਰਨ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭੂਗੋਲਿਕ ਅਨਿਸ਼ਚਤਾਈਆਂ ਕਾਰਨ ਇਸ ਪ੍ਰਾਜੈਕਟ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਕ ਨਗੀਨਾ ਹੋਵੇਗਾ ਕਿਉਂਕਿ ਇਸ ਵਿਚ ਦੁਨੀਆ ਦੇ ਸਭ ਤੋਂ ਉੱਚੇ ਪੁਲਾਂ ਅਤੇ ਸਭ ਤੋਂ ਲੰਮੀਆਂ ਸੁਰੰਗਾਂ ਦਾ ਨਿਰਮਾਣ ਕੀਤਾ ਜਾਵੇਗਾ। ਪੀਰ ਪੰਜਾਲ ਪਹਾੜੀ ਖੇਤਰ ਵਿਚ 11 ਕਿਲੋਮੀਟਰ ਲੰਮੀ ਸੁਰੰਗ ਖੋਦੀ ਜਾ ਰਹੀ ਹੈ। ਉਨ੍ਹਾਂ ਇਸ ਨੂੰ ਭਾਰਤੀ ਰੇਲਵੇ ਦਾ ਸਭ ਤੋਂ ਮੁਸ਼ਕਲ ਪ੍ਰਾਜੈਕਟ ਦੱਸਦਿਆਂ ਕਿਹਾ ਕਿ ਇਹ ਚੀਨ ਵੱਲੋਂ ਤਿੱਬਤ ਨਾਲ ਰੇਲ ਲਿੰਕ ਕਾਇਮ ਕਰਨ ਤੋਂ ਵੱਧ ਔਖਾ ਕੰਮ ਹੈ।