ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਇਤਿਹਾਸ ਦੇ ਸਰੋਵਰ ਵਿੱਚੋਂ ਨਿਕਲਿਆ ਪਿੰਡ ਨਲਵੀ

Posted On July - 6 - 2012

ਨਲਵੀ ਪਿੰਡ ਦਾ ਸਕੂਲ

ਮੇਰੇ ਪਿੰਡ ਦੀਆਂ ਸੰਦਲੀ ਪੈੜਾਂ

ਜਸਵੰਤ ਸਿੰਘ ਕੰਬੋਜ

ਬੁੱਧ ਭੂਮੀ ਹਰਿਆਣਾ ਨੂੰ ਗੌਰਵ ਪ੍ਰਾਪਤ ਹੈ ਕਿ ਤੱਤਕਾਲੀ ਸ਼ਾਸਕ ਹਰਸ਼ ਵਰਧਨ (606-647 ਈ.) ਦੇ ਸਮੇਂ ਚੀਨੀ ਯਾਤਰੂ ਹਿਊਨਸਾਂਗ ਥਾਨੇਸਰ ਆਇਆ ਸੀ। ਇਹ ਯਾਤਰੂ ਥਾਨੇਸਰ ਤੋਂ ਬਾਅਦ ਕੈਥਲ, ਪਿਹੋਵਾ ਅਤੇ ਇੱਥੋਂ ਟੋਪਰਾ ਪਿੰਡ (ਜਿੱਥੇ ਅਸ਼ੋਕ ਦਾ ਸਤੰਭ ਅਤੇ ਮੀਨਾਰ ਸੀ) ਦੇਖਣ ਜਾਂਦਾ ਹੋਇਆ, ਜਿਸ ਮਾਰਗ ਤੋਂ ਲੰਘਿਆ ਸੀ ‘ਸ਼ਾਹੀ ਮਾਰਗ’ ਕਰਕੇ ਪ੍ਰਸਿੱਧ ਸੀ। ਲੰਡਨ ਯੂਨੀਵਰਸਿਟੀ ਦੇ ਫ਼ਿਲਾਸਫ਼ਰ ਥਾਮਸ ਵਾਟਸ ਨੇ ਇਸ ਇਤਿਹਾਸਕ ਖੋਜ ਦਾ ਪ੍ਰਗਟਾਵਾ ਆਪਣੀ ਪੁਸਤਕ ‘ਹਿਊਨਸਾਂਗ ਦੀ ਭਾਰਤ ਯਾਤਰਾ’ ਭਾਗ ਦੋ ਵਿੱਚ ਕੀਤਾ ਹੈ। ਇਸ ਸ਼ਾਹੀ ਮਾਰਗ, ਜਿੱਥੇ ਵਰਤਮਾਨ ਸ਼ਾਹਬਾਦ-ਇਸਮਾਈਲਾਬਾਦ ਪੱਕੀ ਸੜਕ ਬਣੀ ਹੋਈ ਹੈ, ਨਲਵੀ ਪਿੰਡ ਵਸਿਆ ਹੋਇਆ ਹੈ।
ਪੰਜਾਬ ਵਿੱਚ ਸਿੱਖ ਮਿਸਲਾਂ ਦੀ ਬਣਤਰ ਅਤੇ ਉਨ੍ਹਾਂ ਦੀ ਟੁੱਟ-ਭੱਜ ਸਮੇਂ ਸ਼ਾਹਬਾਦ ਮਾਰਕੰਡਾ ਵਿਖੇ ਨਿਸ਼ਾਨਵਾਲੀ ਮਿਸਲ ਦੇ ਆਗੂ ਲਾਲ ਸਿੰਘ ਅਤੇ ਹਿੰਮਤ ਸਿੰਘ ਨੇ 1763 ਈ. ਨੂੰ ਆਪਣੀ ਰਿਆਸਤ ਕਾਇਮ ਕੀਤੀ। ਇਸ ਹੀ ਮਿਸਲ ਦੇ ਆਕੀ ਹੋਏ ਧੜੇ ਨੇ ਸਰਦਾਰ ਗੁਰਬਖ਼ਸ਼ ਸਿੰਘ ਦੀ ਕਮਾਨ ਹੇਠ ਇਸਮਾਈਲਾਬਾਦ ’ਤੇ ਕਬਜ਼ਾ ਕਰ ਲਿਆ। ਨਿਸ਼ਾਨਵਾਲੀ ਮਿਸਲ ਦੇ ਦੋਵਾਂ ਧੜਿਆਂ ਦੇ ਆਪਸੀ ਵੈਰ-ਵਿਰੋਧ, ਖਿੱਚੋਤਾਣ ਕਾਰਨ ਨਲਵੀ ਪਿੰਡ ਚੱਕੀ ਦੇ ਦੋ ਪੁੜਾਂ ਵਿਚਾਲੇ ਕਣਕ ਦੇ ਦਾਣਿਆਂ ਵਾਂਗੂ ਪਿਸਦਾ ਰਿਹਾ। ਸ਼ਾਹੀ ਮਾਰਗ ਦਾ ਪ੍ਰਮੁੱਖ ਪਿੰਡ ਹੋਣ ਕਰਕੇ ਇਹ ਪਿੰਡ ਕਦੇ ਸ਼ਾਹਬਾਦੀ ਧੜੇ ਅਧੀਨ ਅਤੇ ਕਦੇ ਇਸਮਾਈਲਾਬਾਦੀ ਧੜੇ ਅਧੀਨ ਆਉਂਦਾ ਰਿਹਾ।
ਸਮੇਂ ਦੇ ਫੇਰ ਨਾਲ ਨਲਵੀ ਦੇ ਦਿਨ ਵੀ ਫਿਰੇ। ਸਾਲ 1808 ਈ. ਦੀ 23 ਜੂਨ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਕਰਮ ਸਿੰਘ ਨੂੰ ਕਿਲ੍ਹੇਦਾਰ ਨਾਮਜ਼ਦ ਕਰਕੇ ਨਿਸ਼ਾਨਵਾਲੀ ਮਿਸਲ ਦੇ ਤੱਤਕਾਲੀ ਹਾਕਮ ਮੇਹਰ ਸਿੰਘ ਤੋਂ ਸ਼ਾਹਬਾਦ ਅਤੇ ਮਹਾਰਾਣੀ ਦਯਾ ਕੌਰ (ਵਿਧਵਾ ਸ. ਗੁਰਬਖ਼ਸ਼ ਸਿੰਘ) ਤੋਂ ਇਸਮਾਈਲਾਬਾਦ ਖੋਹ ਕੇ ਲਾਹੌਰ ਦਰਬਾਰ ਅਧੀਨ ਕਰ ਲਏ। ਇਸ ਤਰ੍ਹਾਂ ਨਲਵੀ ਵੀ ਲਾਹੌਰ ਦਰਬਾਰ ਦਾ ਇਕ ਅੰਗ ਬਣ ਗਿਆ। ਪਰ ਅੰਗਰੇਜ਼ਾਂ ਦੇ ਦਖ਼ਲ ਦੇਣ ’ਤੇ ਮਹਾਰਾਜਾ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ਅਤੇ ਨਲਵੀ ਦਾ ਰੇੜਕਾ ਜਿਉਂ ਦਾ ਤਿਉਂ ਹੀ ਰਿਹਾ। ਜੂਨ 24 ਨੂੰ ਸ਼ਾਹਬਾਦ ਤੋਂ ਲਖਨੌਰ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ) ਜਾਂਦੇ ਹੋਏ ਮਹਾਰਾਜਾ ਨਲਵੀ ਪਿੰਡ ਠਹਿਰੇ ਸਨ। ਇਸ ਵਕਤ ਸਿੱਖ ਰਾਜ ਦੇ ਜਰਨੈਲ ਹਰੀ ਸਿੰਘ ਨਲਵਾ ਵੀ ਉਨ੍ਹਾਂ ਦੇ ਨਾਲ ਸਨ। ਮਹਾਰਾਜੇ ਨੇ ਆਪਣੇ ਜਰਨੈਲ ਦੇ ਹੱਥੋਂ ਪਿੰਡ ਦੇ ਦੱਖਣ ਵਾਲੇ ਪਾਸੇ ਪੱਕੇ ਸਰੋਵਰ ਦੀ ਨੀਂਹ ਰਖਵਾਈ, ਜੋ ਕਿ 5 ਫਰਵਰੀ 2009 ਤੱਕ ਕਾਇਮ ਰਹੀ। ਇਸ ਸਾਲ ਸਰੋਵਰ ਦੀ ਸਫ਼ਾਈ ਹੋਣ ਕਰਕੇ ਨਾਨਕਸ਼ਾਹੀ ਇੱਟਾਂ ਦੀ ਇਹ ਨੀਂਹ ਤੋੜ ਦਿੱਤੀ ਗਈ। ਇਸ ਦੇ ਬਾਵਜੂਦ ਸਰੋਵਰ ਦੀਆਂ ਕੁਝ ਤਿੰਨ-ਤਿੰਨ ਫੁੱਟ (ਇਕ-ਇਕ ਗਜ਼) ਚੌੜੀਆਂ ਨੀਂਹਾਂ ਬਲਰਾਮ ਸਿੰਘ, ਵੱਸਣ ਸਿੰਘ ਅਤੇ ਕੈਪਟਨ (ਰਿਟਾ.) ਅਜੀਤ ਸਿੰਘ ਦੇ ਘਰਾਂ ਨੂੰ ਜਾਂਦੀਆਂ ਕਾਇਮ ਹਨ।
ਸੋ ਉਪਰੋਕਤ ਸਰੋਵਰ ਦੀ ਇਤਿਹਾਸਕ ਘਟਨਾ ਕਰਕੇ ਕੁਝ ਲੋਕ ਨਲਵੀ ਨੂੰ ਹਰੀ ਸਿੰਘ ਨਲੂਆ ਦਾ ਵਸਾਇਆ ਹੋਇਆ ਪਿੰਡ ਮੰਨਦੇ ਹਨ, ਜੋ ਕਿ ਇਤਿਹਾਸਕ ਪੱਖੋਂ ਠੀਕ ਨਹੀਂ, ਕਿਉਂਕਿ ਪਿੰਡ ਦਾ ਇਤਿਹਾਸ ਲਗਪਗ 600 ਸਾਲ ਪੁਰਾਣਾ ਹੈ, ਜਦੋਂਕਿ ਸਰੋਵਰ 204 ਸਾਲ ਪਹਿਲਾਂ ਹੋਂਦ ਵਿੱਚ ਆਇਆ। ਅੰਗਰੇਜ਼ ਕਾਲ ’ਚ ਅੰਬਾਲਾ ਦੇ ਐਕਸਟਰਾ ਅਸਿਸਟੈਂਟ ਅਤੇ ਪੰਜਾਬ ਬੰਦੋਬਸਤ ਦੇ ਉੱਚ ਅਧਿਕਾਰੀ ਰਾਏ ਸਾਹਿਬ ਕਾਲੀ ਰਾਏ ਨਾਂ ਦੇ ਇਤਿਹਾਸਕਾਰ ਨੇ ਆਪਣੀ ਪੁਸਤਕ ‘ਪੰਜਾਬ ਦੀ ਸੈਰ’ (1842-46) ਵਿੱਚ ਉਲੇਖ ਕੀਤਾ ਹੈ ਕਿ ਮੱਕੇ ਵਿੱਚ ਮਘੇਸ਼ਵਰ ਨਾਂ ਦਾ ਰਾਜਾ ਸੀ। ਸਮਾਂ ਪਾ ਕੇ ਉਸ ਦੇ ਵਿਰੋਧੀ ਹਜ਼ਰਤ ਅਲੀ ਨੇ ਉਸ ਨੂੰ ਮੱਕੇ ਤੋਂ ਕੱਢ ਦਿੱਤਾ। ਇੱਥੋਂ ਚੱਲ ਕੇ ਉਹ ਸਾਥੀਆਂ ਸਮੇਤ ਬਠਿੰਡਾ ਅਤੇ ਬਾਅਦ ’ਚ ਪਟਿਆਲਾ, ਦੇਉਰਾਣਾ (ਮਹਿੰਦੀ ਕਾ ਅਜਰਾਣਾ), ਸ਼ਾਹਬਾਦ, ਯਾਰਾ, ਇੰਦਰੀ, ਥਾਨੇਸਰ, ਸੰਢੋਰਾ ਅਤੇ ਵਰਤਮਾਨ ਨਲਵੀ ਦੇ ਇਲਾਕਿਆਂ ’ਚ ਆਬਾਦ ਹੋਏ। ਇਹ ਲੋਕ ਮਹਿੰਦੀ ਦੀ ਖੇਤੀ ਕਰਦੇ ਸਨ, ਇਸ ਕਰਕੇ ਮੇਘ ਜਾਂ ਮਘ ਅਖਵਾਏ। ਕਿਹਾ ਜਾਂਦਾ ਹੈ ਕਿ ਇਨ੍ਹਾਂ ਮਘਾਂ ਦਾ ਕੋਈ ਵੱਡਾ-ਵਡੇਰਾ ‘ਨਵਲੂ’ ਸੀ, ਜਿਸ ਦੇ ਨਾਂ ’ਤੇ ਪਿੰਡ ਦਾ ਨਾਂ ਨਲਵੀ ਪਿਆ, ਮੰਨਿਆ ਜਾਂਦਾ ਹੈ।
ਉਕਤ ਰਾਏ ਕਾਲੀ ਰਾਏ ਨੇ ਆਇਨੇ ਅਕਬਰੀ ਦੇ ਹਵਾਲੇ ਨਾਲ ਨਲਵੀ ਪਿੰਡ ਨੂੰ ਇੰਦਰੀ (ਲਾਡਵੇ) ਪਰਗਣੇ ਦਾ ਪਿੰਡ ਦਰਸਾਇਆ ਹੈ। ਇਸ ਕਾਲੀ ਰਾਏ ਨੇ ਹੀ ਪੰਜਾਬ ਬੰਦੋਬਸਤ (1842-46) ਦੇ ਸਮੇਂ ਨਲਵੀ ਪਿੰਡ ਨੂੰ ਸ਼ਾਹਬਾਦ ਨਾਲ ਜੋੜ ਦਿੱਤਾ। ਸੋ ਪ੍ਰਤੱਖ ਹੈ ਕਿ ਇਹ ਪਿੰਡ ਕਦੇ ਰਾਜਾ ਅਜੀਤ ਸਿੰਘ (ਸਿੱਖ ਐਂਗਲੋ ਪਹਿਲੇ ਯੁੱਧ ਦਾ ਮਰਜੀਵੜਾ) ਦੇ ਲਾਡਵਾ ਰਾਜ ਦਾ ਹਿੱਸਾ ਰਿਹਾ ਹੋਵੇਗਾ। ਜੋ ਵੀ ਹੋਵੇ, ਨਲਵੀ ਇਕ ਇਤਿਹਾਸਕ ਪਿੰਡ ਹੈ।
ਪਿੰਡ ਦੀਆਂ ਚਾਰ ਪੱਟੀਆਂ ਵਿੱਚ ਚਾਰ ਇਤਿਹਾਸਕ ਮਸਜਿਦਾਂ ਸਨ। ਇਨ੍ਹਾਂ ਵਿੱਚੋਂ ਇਕ ਦਾ ਇਮਾਮ ਘੁੜਾਮ/ਠਸਕਾ ਮੀਰਾ ਜੀ ਦੇ ਭੀਖਣ ਸ਼ਾਹ (ਮੀਰ) ਦੇ ਪਰਿਵਾਰ ਵਿੱਚੋਂ ਸੀ। ਦਿੱਲੀ ਦੀ ਜਾਮਾ ਮਸਜਿਦ ਦੇ ਨਕਸ਼ੇ ’ਤੇ ਬਣੀਆਂ ਇਹ ਮਸਜਿਦਾਂ 1980-82 ਦੌਰਾਨ ਨੇਸਤੋਨਾਬੂਦ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਹੀ ਪਿੰਡ ਦੇ ਹਾਕਮ (ਤੱਤਕਾਲੀ ਡੀ ਸੀ ਕਰਨਾਲ) ਦੀ ਕਰੋੜਾਂ ਦੀ ਕੋਠੀ ਵੀ 1952-53 ਦੇ ਲਾਗੇ-ਚਾਗੇ ਢਹਿੰਦੀ ਮੈਂ ਆਪ ਵੀ ਵੇਖੀ। ਪਿੰਡ ਦਾ ਬਹੁਤ ਕੀਮਤੀ ਇਤਿਹਾਸ ਪੈਰਾਂ ਹੇਠ ਰੋਲ਼ ਦਿੱਤਾ ਗਿਆ। ਕਾਸ਼ ਕਿ ਮੋਰ, ਤੋਤੇ, ਘੁੱਗੀਆਂ, ਕਾਂਵਾਂ, ਚਿੜੀਆਂ, ਸ਼ੇਰਾਂ, ਹਾਥੀਆਂ, ਵੇਲ-ਬੂਟਿਆਂ ਨਾਲ     ਸ਼ਿੰਗਾਰੀ ਚਿੱਤਰਕਾਰੀ/ ਕਾਰੀਗਰੀ ਦਾ ਮੁੱਲ ਪਾਇਆ ਜਾਂਦਾ ਤਾਂ ਕਾਰੂ ਬਾਦਸ਼ਾਹ ਦਾ ਖ਼ਜ਼ਾਨਾ ਵੀ ਪੂਰਾ ਨਾ ਪੈਂਦਾ। ਕਾਸ਼! ਅਬਦੁਰ     ਰਹਿਮਾਨ ਵੱਲੋਂ ਭੇਟ ਕੀਤੀ ਗਈ ਵਿਰਾਸਤ ਸਾਂਭੀ ਗਈ ਹੁੰਦੀ।
ਪਿੰਡ ਦਾ ਬਟਵਾਰਾ: ਮਾਰਕੰਡਾ ਅਤੇ ਟਾਂਗਰੀ ਨਦੀ ਦੇ ਹੜ੍ਹਾਂ ਤੋਂ ਬਚਾਉਣ ਵਾਸਤੇ 1952-53 ’ਚ ਪਿੰਡ ਦੇ ਪਹਾੜ ਵਾਲੇ ਪਾਸੇ ਬੜਾ ਮਜ਼ਬੂਤ ਬੰਨ੍ਹ ਬਣਾਇਆ ਗਿਆ। ਬੰਨ੍ਹ ਦੇ ਪਾਰਲੇ ਪਾਸੇ ਦੇ ਰਾਏਮਾਜਰਾ, ਜੀਜਪੁਰ, ਸੁਲਖਣੀ ਅਤੇ ਰਾਏਪੁਰ ਇਤਿਆਦਿ ਪਿੰਡ ਦੇ ਲਾਂਘੇ ਵਾਸਤੇ ਇਕ ਪੁਲ (ਚਿੱਤਰ ਦੇਖੋ) ਬਣਾਈ ਗਈ, ਪਰ ਇਹ ਬੰਨ੍ਹ ਕਾਮਯਾਬ ਨਾ ਹੋਇਆ, ਕਿਉਂਕਿ ਬੰਨ੍ਹ ਦੇ ਪਾਰਲੇ ਪਾਸੇ ਦੀ ਫਸਲ ਡੁੱਬ ਜਾਂਦੀ ਹੈ ਅਤੇ ਇੱਧਰਲੀ ਫਸਲ ਬੰਨ੍ਹ ਦੇ ਟੁੱਟਣ ਕਰਕੇ ਰੁੜ੍ਹ ਜਾਂਦੀ ਰਹੀ ਹੈ। ਬੰਨ੍ਹ ਬਣਨ ਵਾਲੇ ਸਾਲ ਹੀ ਸੈਣੀ ਬਰਾਦਰੀ ਦੇ ਲਗਪਗ 250 ਪਰਿਵਾਰ (ਜਿਨ੍ਹਾਂ ਦੀ ਜ਼ਮੀਨ ਬੰਨ੍ਹ ਦੇ ਪਾਰਲੇ ਪਾਸੇ ਸੀ) ਨਲਵੀ ਨੂੰ ਅਲਵਿਦਾ ਕਹਿ ਗਏ। ਇਨ੍ਹਾਂ ਦਾ ਵਸਾਇਆ ਹੋਇਆ ਨਵਾਂ ਪਿੰਡ ਛੋਟੀ ਨਲਵੀ ਜਾਂ ਛੰਨਾਂ ਸੈਣਿਓਂ ਕੀ ਬਸਤੀ ਸਾਲ-ਛਿਮਾਹੀ ਹੜ੍ਹਾਂ ’ਚ ਗੋਤੇ ਖਾਂਦੀ ਰਹਿੰਦੀ ਹੈ।
ਪਿੰਡ ਦੀ ਪੰਚਾਇਤ ਦਾ ਲੇਖਾ-ਜੋਖਾ: ਪਿੰਡ ਦੇ ਧਨਭਾਗ ਹਨ ਕਿ ਪਿੰਡ ਦੀ ਵਾਗਡੋਰ ਨੌਜਵਾਨ ਪੀੜ੍ਹੀ ਦੇ ਹੱਥ ਆਈ ਹੈ। ਉੱਚ ਸਿੱਖਿਆ ਪ੍ਰਾਪਤ ਸਰਪੰਚ ਗੁਰਬਖ਼ਸ਼ ਸਿੰਘ, ਪੰਚ ਸ਼ਿੰਗਾਰਾ ਸਿੰਘ, ਗੁਰਨਾਮ ਸਿੰਘ, ਰਮੇਸ਼ ਸਿੰਘ, ਬਲਵੰਤ ਸਿੰਘ, ਵਿਮਲਾ ਦੇਵੀ, ਕ੍ਰਿਸ਼ਨਾ ਦੇਵੀ, ਜਸਵੰਤ ਕੌਰ, ਸੋਨੀਆ ਰਾਣੀ, ਸੁਸ਼ਮਾ ਦੇਵੀ ਸਣੇ ਸਾਰੇ ਦੇ ਸਾਰੇ ਪੰਚਾਇਤ ਮੈਂਬਰ 35-40 ਸਾਲ ਦੀ ਉਮਰ ਦੇ ਲਾਗੇ-ਚਾਗੇ ਦੇ ਹਨ। ਸਾਲ 2010-11 ’ਚ ਪਿੰਡ ਦੀ ਸਰਕਾਰੀ ਗਰਾਂਟ 25 ਲੱਖ ਮਨਜ਼ੂਰ ਹੋਈ, ਪਰ ਭੁਗਤਾਨ ਕੇਵਲ ਸਾਢੇ 12 ਲੱਖ ਹੀ ਕੀਤਾ ਗਿਆ। ਅੱਧੀ ਗਰਾਂਟ ਕਿਉਂ ਅਤੇ ਕਿਸ ਨੇ ਰੋਕ ਲਈ, ਪੰਚਾਇਤ ਅਤੇ ਪਿੰਡ ਵਾਸੀ ਜਾਣਨਾ ਚਾਹੁੰਦੇ ਹਨ। ਇਸ ਦੇ ਬਾਵਜੂਦ ਇਸ ਦੌਰਾਨ ਦਸ ਨਲਕੇ ਲਗਵਾਏ ਗਏ, ਹਾਲਾਂਕਿ ਜਲਘਰ ਦਾ ਪਹਿਲਾਂ ਹੀ ਪ੍ਰਬੰਧ ਹੈ। ਗੰਦੇ ਪਾਣੀ ਦੀ ਨਿਕਾਸੀ ਹਿੱਤ ਨਾਲੀਆਂ ਅਤੇ ਗਲੀਆਂ, ਖ਼ਾਸਕਰ ਇਤਿਹਾਸਕ ਸਰੋਵਰ ਵਾਲੀ ਗਲੀ ਪੱਕੀ ਕੀਤੀ ਗਈ। ਪਿੰਡ ਦੀ ਧਰਮਸ਼ਾਲਾ ਦੀ ਚਾਰਦੀਵਾਰੀ ਹੋ ਚੁੱਕੀ ਹੈ, ਜਦੋਂਕਿ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਹੈ। ਚਾਰ ਸਫ਼ਾਈ ਕਰਮਚਾਰੀ ਸਵੇਰ-ਸ਼ਾਮ ਪਿੰਡ ਨੂੰ ਚਾਂਦੀ ਵਰਗਾ ਚਮਕਾਉਣ ਅਤੇ ਇਸ ਨੂੰ ਜੈਪੁਰ ਬਣਾਉਣ ਦੀ ਡਿਊਟੀ ਨਿਭਾਉਂਦੇ ਹਨ। ਪਰ, ਅਫ਼ਸੋਸ ਕਿ ਪਿੰਡ ਦੀ ਮੰਡੀਰ ਠੇਕਿਆਂ ਅਤੇ ਰੇਹੜੀਆਂ ’ਤੇ ਖਲੋ ਕੇ ਗੰਦ ਪਾਉਣੋਂ ਬਾਜ਼ ਨਹੀਂ ਆਉਂਦੀ। ਪੰਚਾਇਤ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।
ਪਿੰਡ ਦੇ ਮਾਣਮੱਤੇ: ਪਿੰਡ ਵਿੱਚ ਪੜ੍ਹਾਈ ਦਾ ਚੰਗਾ ਪ੍ਰਬੰਧ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਸ ਸਮੇਂ ਲਗਪਗ 900 ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿੰਡ ਨੇ ਚੰਗੇ ਅਧਿਆਪਕ, ਫ਼ੌਜੀ, ਵਕੀਲ, ਪੁਲੀਸ ਮੁਲਾਜ਼ਮ ਆਦਿ ਪੈਦਾ ਕੀਤੇ ਹਨ। ਪਿੰਡ ਨੂੰ ਮਾਣ ਹੈ ਕਿ ਸਰਦਾਰ ਦੀਦਾਰ ਸਿੰਘ ਦੇ ਰੂਪ ’ਚ ਪੰਥਕ ਲੀਡਰ ਅਤੇ ਇਨ੍ਹਾਂ ਦੇ ਸਪੁੱਤਰ ਪਰਮਿੰਦਰਪਾਲ ਸਿੰਘ ਐਡੀਸ਼ਨਲ ਸੈਸ਼ਨ ਜੱਜ ਦੀ ਪਦਵੀ ਤੱਕ ਪਹੁੰਚੇ ਹਨ।
ਪਿੰਡ ਵਾਸੀਆਂ ਦਾ ਜੀਵਨ ਪੱਧਰ: ਲਗਪਗ 7800 ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਜ਼ਮੀਨ ਉਪਜਾਊ ਹੈ। ਬਹੁਤ ਡੂੰਘੇ ਅਤੇ ਬੜੀ ਵੱਡੀ ਲਾਗਤ ਦੇ ਟਿਊਬਵੈੱਲ, ਹਰ ਕਿਸਾਨ ਪਰਿਵਾਰ ਦਾ ਆਪਣਾ ਹੈ। ਇਸ ਤੋਂ ਇਲਾਵਾ ਦਾਦੂਪੁਰ-ਨਲਵੀ ਨਹਿਰ ਵੀ ਕਾਗ਼ਜ਼ਾਂ ’ਚ ਚਿਰਾਂ ਦੀ ਸਿੰਜਾਈ ਕਰ ਰਹੀ ਹੈ। ਪਾਣੀ ਚੰਗਾ ਹੋਣ ਕਰਕੇ ਕਣਕ, ਝੋਨਾ, ਆਲੂ ਅਤੇ ਸੂਰਜਮੁਖੀ ਖੂਬ ਹੁੰਦਾ ਹੈ। ਇਸ ਸਮੇਂ ਪਿੰਡ ਦੀ ਲਗਪਗ 2500 ਏਕੜ ਵਾਹੀਯੋਗ ਜ਼ਮੀਨ ’ਚ ਲਗਪਗ 1200 ਏਕੜ ਸੂਰਜਮੁਖੀ ਦੀ ਫਸਲ ਲਹਿਲਹਾ ਰਹੀ ਹੈ। ਪਿੰਡ ਵਿੱਚ ਲਗਪਗ 400 ਟਰੈਕਟਰ ਹਨ। ਲੋਕ ਮਿਹਨਤੀ ਹਨ, ਇਸ ਦੇ ਬਾਵਜੂਦ ਜ਼ਿਆਦਾਤਰ (ਲਗਪਗ 80 ਫੀਸਦ) ਕਿਸਾਨ ਕਰਜ਼ੇ ਦੀ ਮਾਰ ਹੇਠ ਹਨ।
ਇਸ ਲੇਖ ਦੇ ਲੇਖਕ ਨੇ ਪਿੰਡ ਨੂੰ ਹਰਿਆਣਾ ਭਰ ਦੇ ਪੇਂਡੂ ਇਲਾਕੇ ਦੀ ਸਭ ਤੋਂ ਵੱਡੀ ਲਾਇਬਰੇਰੀ ਦਿੱਤੀ ਹੈ। ਇਸ ਪੱਖੋਂ ਨਲਵੀ ਇਕ ਆਦਰਸ਼ ਪਿੰਡ ਕਹਾਉਂਦਾ ਹੈ।

ਸੰਪਰਕ: 094669-38792


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 31 °CClear
    Ludhiana,India 31 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.