ਫਿਦਾਈਨ ਵੱਲੋਂ ਜਨਾਜ਼ੇ ’ਚ ਧਮਾਕਾ, 20 ਹਲਾਕ !    ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਪੰਚਾਇਤਾਂ ਦਾ ਰਾਖਵਾਂਕਰਨ ਸ਼ੱਕ ਦੇ ਘੇਰੇ ’ਚ !    ਚੰਡੀਗੜ੍ਹ ਤੋਂ ਦਾਅਵਾ ਛੱਡਣਾ ਪੰਜਾਬ ਦੇ ਹਿਤਾਂ ਦੀ ਅਣਦੇਖੀ: ਬਰਨਾਲਾ !    ਡਿੱਗੀ ਵਿੱਚ ਨਹਾਉਂਦੇ ਜੌੜੇ ਭਰਾਵਾਂ ਸਣੇ ਚਾਰ ਬੱਚਿਆਂ ਦੀ ਮੌਤ !    ਸਨਅਤੀ ਪਲਾਟ ਮਾਲਕਾਂ ਨੂੰ ਸਰਕਾਰ ਵੱਲੋਂ ਰਾਹਤ !    ਪੰਜਾਬ ਵਿੱਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ !    ਸਿਨੇਮਾ ਮਾਲਕਾਂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ !    ਮੰਦੇ ਦੀ ਵਾਪਸੀ, ਸੈਂਸੈਕਸ 103 ਅੰਕ ਕਮਜ਼ੋਰ !    ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਨ ਦੇ ਟਰੱਕ ਅਤੇ ਡਾਕਟਰੀ ਸਹਾਇਤਾ ਰਵਾਨਾ !    ਅਹਿਮਦੀਨੇਜਾਦ, ਰੂਹਾਨੀ ਨੂੰ ਮਿਲੇ !    

ਐਨ ਡੀ ਏ ਵੱਲੋਂ ਜਸਵੰਤ ਸਿੰਘ ਮੈਦਾਨ ‘ਚ

Posted On July - 16 - 2012

ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ,16 ਜੁਲਾਈ
ਕੌਮੀ ਜਮਹੂਰੀ ਗੱਠਜੋੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਜਸਵੰਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕੌਮੀ ਜਮਹੂਰੀ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਵਿਚ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਉਮੀਦਵਾਰ ਦੇ ਮੁਕਾਬਲੇ ਜ਼ਿਆਦਾ ਤਾਲਮੇਲ ਦਿਖਾਇਆ ਹੈ ਤੇ ਭਾਈਵਾਲ ਪਾਰਟੀਆਂ ਨੇ ਉਪ ਰਾਸ਼ਟਰਪਤੀ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਦੀ ਚੋਣ ਵਿਚ ਜਨਤਾ ਦਲ (ਯੂਨਾਈਟਿਡ) ਅਤੇ ਸ਼ਿਵ ਸੈਨਾ ਨੇ ਜਨਤਕ ਤੌਰ ‘ਤੇ ਯੂ ਪੀ ਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇ ਪ੍ਰਣਬ ਮੁਖਰਜੀ ਦੇ ਮੁੰਬਈ ਵਿਚ ਪਹੁੰਚਣ ‘ਤੇ ਸੁਆਗਤ ਵੀ ਕੀਤਾ ਤੇ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਹੈ। ਕੌਮੀ ਜਮਹੂਰੀ ਗੱਠਜੋੜ ਲਈ ਉਮੀਦਵਾਰ ਦਾ ਫੈਸਲਾ ਕਰਨ ਲਈ ਅੱਜ ਸਵੇਰੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਿਵਾਸ ਸਥਾਨ ਵਿਚ ਮੀਟਿੰਗ ਹੋਈ ਤੇ ਲਗਪਗ ਪੰਦਰਾਂ ਮਿੰਟ ਵਿਚ ਹੀ ਫੈਸਲਾ ਕਰ ਲਿਆ ਗਿਆ।  ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਵਿਚ ਆਗੂ ਸੁਸਮਾ ਸਵਰਾਜ ਨੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੀ ਪੇਸ਼ਕਸ਼ ਦੋ ਦਿਨ ਪਹਿਲਾਂ ਕੀਤੀ ਸੀ ਪਰ ਸ੍ਰੀ ਯਾਦਵ ਨੇ ਚੋਣ ਲੜਨ ਤੋਂ ਜੁਆਬ ਦੇ ਦਿੱਤਾ ਸੀ। ਇਸ ਕਰਕੇ ਮੀਟਿੰਗ ਵਿਚ ਹੋਰ ਕੋਈ ਨਾਂ ਹੀ ਨਹੀਂ ਸੀ। ਇਸ ਲਈ ਕੌਮੀ ਜਮਹੂਰੀ ਗੱਠਜੋੜ ਦੇ ਐਕਟਿੰਗ ਚੇਅਰਮੇੈਨ ਲਾਲ ਕ੍ਰਿਸ਼ਨ ਅਡਵਾਨੀ ਨੇ ਮੀਟਿੰਗ ਤੋਂ ਕੁਝ ਮਿੰਟ ਬਾਅਦ ਹੀ ਉਮੀਦਵਾਰ ਬਾਰੇ ਫੈਸਲੇ ਦੀ ਜਾਣਕਾਰੀ ਦਿੱਤੀ।
ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੌਮੀ ਜਮਹੂਰੀ ਗੱਠਜੋੜ ਦਾ ਹਿੱਸਾ ਹੈ ਤੇ ਰਾਸ਼ਟਰਪਤੀ ਦੇ ਅਹੁਦੇ ਲਈ ਪ੍ਰਣਬ ਮੁਖਰਜੀ ਨੂੰ ਹਮਾਇਤ ਦੇਣ ਦਾ ਫੈਸਲਾ ਇਕ ਖਾਸ ਮਾਮਲਾ ਹੈ।
ਉਨ੍ਹਾਂ ਕਿਹਾ ਕਿ  ਪ੍ਰਣਬ ਮੁਖਰਜੀ ਨੂੰ ਇਸ ਕਰਕੇ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਦੇਸ਼ ਨੂੰ ਬਿਹਤਰ ਢੰਗ ਨਾਲ ਜਾਣਦੇ ਹਨ ਪਰ ਇਸ ਦਾ ਇਹ ਭਾਵ ਨਹੀਂ ਹੈ ਕਿ ਪਾਰਟੀ ਨੇ ਕਾਂਗਰਸ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਜਨਤਾ ਦਲ ਦੇ ਨੇਤਾ ਨੇ ਮੀਟਿੰਗ ਵਿਚ ਭਾਜਪਾ ਦੀ ਰਾਜ ਸਭਾ ਮੈਂਬਰ ਨਜਮਾ ਹੈਪਤੁਲਾ ਦਾ ਨਾਂ ਪੇਸ਼ ਕੀਤਾ ਸੀ ਪਰ ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ। ਪਰ ਇਸ ਮੁੱਦੇ ‘ਤੇ ਭਾਜਪਾ ਕੌਮੀ ਜਮਹੂਰੀ ਗੱਠਜੋੜ ਵਿਚ ਸ਼ਿਵ ਸੈਨਾ ਨੂੰ ਬਣਾਈ ਰੱਖਣਾ ਚਾਹੁੰਦੀ ਹੈ ਤੇ ਇਸ ਕਰਕੇ ਉਹ ਅਜਿਹੇ ਕਿਸੇ ਉਮੀਦਵਾਰ ਦਾ ਨਾਂ ਪੇਸ਼ ਕਰਨਾ ਨਹੀਂ ਸੀ ਚਾਹੁੰਦੀ ਜਿਸ ਨਾਲ ਸ਼ਿਵ ਸੈਨਾ ਨੂੰ ਗੱਠਜੋੜ ਤੋਂ ਬਾਹਰ ਜਾਣ ਦਾ ਕੋਈ ਮੌਕਾ ਮਿਲਦਾ।
ਇਸ ਲਈ ਭਾਰਤੀ ਜਨਤਾ ਪਾਰਟੀ ਨੇ ਹੰਢੇ ਵਰਤੇ ਸਿਆਸਤਦਾਨ ਜਸਵੰਤ ਸਿੰਘ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਜਿਸ ਨੂੰ ਕੁਝ ਸਾਲ ਪਹਿਲਾਂ ਪਾਰਟੀ ਨੇ ਪਾਕਿਸਤਾਨ ਦੇ ਸਰਬਰਾਹ ਜਿਨਾਹ ਬਾਰੇ ਵਾਦ-ਵਿਵਾਦ ਵਾਲੀ ਪੁਸਤਕ ਲਿਖਣ ਕਰਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।  ਕੌਮੀ ਜਮਹੂਰੀ ਗੱਠਜੋੜ ਦੀ ਮੀਟਿੰਗ ਵਿਚ ਸਭ ਤੋਂ ਪਹਿਲਾਂ ਜਨਤਾ ਦਲ (ਯੂ) ਦੇ ਆਗੂ ਸ਼ਰਦ ਯਾਦਵ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਪਹੁੰਚੇ। ਉਸ ਤੋਂ ਕੁਝ ਮਿੰਟਾਂ ਬਾਅਦ ਸ਼ਿਵ ਸੈਨਾ ਦੇ ਆਗੂ ਸੰਜੇ ਰੌਤ ਪਹੁੰਚੇ। ਇਸ ਤਰ੍ਹਾਂ ਕੁਝ ਮਿੰਟਾਂ ਵਿਚ ਹੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਾ ਫੈਸਲਾ ਹੋ ਗਿਆ।  ਵਰਣਨਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਤ੍ਰਿਣਮੂਲ ਕਾਂਗਰਸ ਕੋਲੋਂ ਯੂ ਪੀ ਏ ਤੋਂ ਪਿਛਾਂਹ ਹਟਣ ਦੀ ਆਸ ਸੀ ਪਰ ਇਹ ਆਸ ਉਸ ਵੇਲੇ ਮੱਧਮ ਪੈ ਗਈ ਜਦੋਂ ਪਾਰਟੀ ਦਾ ਆਗੂ ਤੇ ਰੇਲਵੇ ਮੰਤਰੀ ਮੁਕੁਲ ਰਾਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਯੂ ਪੀ ਏ ਦੀ 14 ਜੁਲਾਈ ਨੂੰ ਸੱਦੀ ਮੀਟਿੰਗ ਵਿਚ ਪਹੁੰਚ ਗਏ। ਐਨ ਡੀ ਏ ਨੂੰ ਆਸ ਸੀ ਕਿ ਸ਼ਾਇਦ ਮਮਤਾ ਬੈਨਰਜੀ ਉਪ ਰਾਸ਼ਟਰਪਤੀ ਲਈ ਕਿਸੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰ ਦੇਵੇ ਪਰ ਦੋਵੇਂ ਗੱਲਾਂ ਨਹੀਂ ਬਣੀਆਂ ਜਿਸ ਕਾਰਨ ਐਨ ਡੀ ਏ ਨੇ ਆਪਣਾ ਉਮੀਦਵਾਰ ਹੀ ਖੜ੍ਹਾ ਕਰਨਾ ਬਿਹਤਰ ਸਮਝਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾ ਰਾਸ਼ਟਰਪਤੀ ਦੇ ਅਹੁਦੇ ਲਈ ਤੇ ਨਾ ਹੀ ਉਪ ਰਾਸ਼ਟਰਪਤੀ ਲਈ ਵੋਟਾਂ ਪਾਉਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਦੀ ਚੋਣ ਲਈ 19 ਜੁਲਾਈ ਨੂੰ ਵੋਟਾਂ ਪੈਣੀਆਂ ਹਨ।  ਇਸੇ ਦੌਰਾਨ ਬੀਜੂ ਜਨਤਾ ਦਲ ਦੇ ਮੁਖੀ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉਪ ਰਾਸ਼ਟਰਪਤੀ ਵਾਸਤੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਕਰਨ ਦਾ ਫੈਸਲਾ ਨਹੀਂ ਕੀਤਾ ਹੈ। ਸ੍ਰੀ ਪਟਨਾਇਕ ਅਨੁਸਾਰ ਇਸ ਮਾਮਲੇ ਬਾਰੇ ਫੈਸਲਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਮਗਰੋਂ ਹੀ ਲਿਆ ਜਾਵੇਗਾ।

ਸੀ.ਪੀ.ਐਮ. ਤੇ ਫਾਰਵਰਡ ਬਲਾਕ ਵੱਲੋਂ ਅੰਸਾਰੀ ਦੀ ਹਮਾਇਤ

ਨਵੀਂ ਦਿੱਲੀ, 16 ਜੁਲਾਈ
ਸੀ.ਪੀ.ਆਈ. (ਐਮ) ਅਤੇ ਫਾਰਵਰਡ ਬਲਾਕ ਨੇ ਅੱਜ ਉਪ-ਰਾਸ਼ਟਰਪਤੀ ਦੀ ਚੋਣ ਲਈ ਸ੍ਰੀ ਹਾਮਿਦ ਅੰਸਾਰੀ ਦੀ ਹਮਾਇਤ ਦਾ ਐਲਾਨ ਕੀਤਾ ਜਦਕਿ ਉਨ੍ਹਾਂ ਦੇ ਇਕ ਖੱਬੇ ਭਿਆਲ ਆਰ.ਐਸ.ਪੀ. ਨੇ ਵੋਟਾਂ ਸਮੇਂ ਗੈਰ-ਹਾਜ਼ਰ ਰਹਿਣ ਦਾ ਫੈਸਲਾ ਕੀਤਾ ਹੈ।
ਸੀ.ਪੀ.ਆਈ. ਦੇ ਕੌਮੀ ਸਕੱਤਰ ਡੀ.ਰਾਜਾ ਨੇ ਕਿਹਾ ਕਿ ਪਾਰਟੀ ਬੁੱਧਵਾਰ ਨੂੰ ਕੇਂਦਰੀ ਸਕੱਤਰੇਤ ਦੀ ਮੀਟਿੰਗ ‘ਚ ਫੈਸਲਾ ਕਰੇਗੀ। ਫਾਰਵਰਡ ਬਲਾਕ ਦੇ ਜੀ. ਦੇਵਰਾਜਨ ਨੇ ਕਿਹਾ, ”ਡਾ.ਅੰਸਾਰੀ ਪਿਛਲੀ ਵਾਰ ਸਾਡੇ ਉਮੀਦਵਾਰ ਸਨ। ਪੰਜ ਸਾਲਾਂ ਦੌਰਾਨ ਉਹ ਕਿਸੇ ਵਿਵਾਦ ‘ਚ ਨਹੀਂ ਪਏ।”

  -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)
  • ਮੌਸਮ

    Delhi, India 30 °CHaze
    Chandigarh, India 32 °CClear
    Ludhiana,India 32 °CClear
    Dehradun,India 27 °CHaze

ਕ੍ਰਿਕਟ

Powered by : Mediology Software Pvt Ltd.